October 10, 2026

Justice News

ਅਵਾਮ ਦੀ ਆਵਾਜ਼

ਬੀਕੇਯੂ ਰਾਜੇਵਾਲ ਦੇ ਯਤਨਾਂ ਸਦਕਾ ਤਿੰਨ ਸਾਲਾਂ ਬਾਅਦ ਕਿਸਾਨ ਨੂੰ ਵਾਪਸ ਮਿਲੀ ਕੰਬਾਇਨ,ਮੱਧ ਪ੍ਰਦੇਸ਼ ਪ੍ਰਸ਼ਾਸਨ ਨਾਲ ਗੱਲਬਾਤ ਕਰਕੇ ਮਸਲਾ ਸੁਲਝਾਇਆ; ਕਿਸਾਨ ਬਲਜੀਤ ਸਿੰਘ ਨੇ ਜਥੇਬੰਦੀ ਦੇ ਆਗੂਆਂ ਦਾ ਕੀਤਾ ਧੰਨਵਾਦ

ਰਾਏਕੋਟ
(ਗੁਰਭਿੰਦਰ ਗੁਰੀ)
ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਯਤਨਾਂ ਸਦਕਾ ਨੇੜਲੇ ਪਿੰਡ ਗੋਂਦਵਾਲ ਦੇ ਕਿਸਾਨ ਬਲਜੀਤ ਸਿੰਘ ਦੀ ਪਿਛਲੇ ਤਿੰਨ ਸਾਲਾਂ ਤੋਂ ਮੱਧ ਪ੍ਰਦੇਸ਼ ਵਿੱਚ ਇੱਕ ਮਾਮਲੇ ਕਾਰਨ ਫਸੀ ਹੋਈ ਕੰਬਾਇਨ ਨੂੰ ਮੁਕਤ ਕਰਵਾ ਕੇ ਕਿਸਾਨ ਦੇ ਹਵਾਲੇ ਕਰ ਦਿੱਤਾ ਗਿਆ। ਕੰਬਾਇਨ ਵਾਪਸ ਮਿਲਣ ’ਤੇ ਕਿਸਾਨ ਨੇ ਜਥੇਬੰਦੀ ਦੇ ਸਮੂਹ ਅਹੁਦੇਦਾਰਾਂ ਦਾ ਧੰਨਵਾਦ ਕੀਤਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਬੀਕੇਯੂ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਮਨਪ੍ਰੀਤ ਸਿੰਘ ਸਿੱਧੂ ਨੇ ਦੱਸਿਆ ਕਿ ਕਿਸਾਨ ਬਲਜੀਤ ਸਿੰਘ ਦੀ ਕੰਬਾਇਨ ਦਾ ਮਾਮਲਾ ਪਿਛਲੇ ਤਿੰਨ ਸਾਲਾਂ ਤੋਂ ਮੱਧ ਪ੍ਰਦੇਸ਼ ਵਿੱਚ ਚੱਲ ਰਿਹਾ ਸੀ। ਕਿਸਾਨ ਦੀ ਇਸ ਸਮੱਸਿਆ ਨੂੰ ਉਨ੍ਹਾਂ ਵੱਲੋਂ ਜਥੇਬੰਦੀ ਦੇ ਸੂਬਾ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਅਤੇ ਪੰਜਾਬ ਦੇ ਮੀਤ ਪ੍ਰਧਾਨ ਸੁਖਵਿੰਦਰ ਸਿੰਘ ਭੱਟੀਆਂ ਦੇ ਧਿਆਨ ਵਿੱਚ ਲਿਆਂਦਾ ਗਿਆ।ਮਨਪ੍ਰੀਤ ਸਿੰਘ ਸਿੱਧੂ ਨੇ ਦੱਸਿਆ ਕਿ ਮਾਮਲਾ ਧਿਆਨ ਵਿੱਚ ਆਉਣ ਤੋਂ ਬਾਅਦ ਕਿਸਾਨ ਆਗੂਆਂ ਨੇ ਮੱਧ ਪ੍ਰਦੇਸ਼ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਅਤੇ ਲੋੜੀਂਦੇ ਯਤਨਾਂ ਤੋਂ ਬਾਅਦ ਕੰਬਾਇਨ ਨੂੰ ਮੁਕਤ ਕਰਵਾ ਕੇ ਕਿਸਾਨ ਬਲਜੀਤ ਸਿੰਘ ਦੇ ਹਵਾਲੇ ਕਰਵਾਇਆ। ਉਨ੍ਹਾਂ ਕਿਹਾ ਕਿ ਕੰਬਾਇਨ ਕਿਸਾਨ ਦੀ ਰੋਜ਼ੀ-ਰੋਟੀ ਅਤੇ ਖੇਤੀਬਾੜੀ ਦੇ ਕੰਮਾਂ ਨਾਲ ਜੁੜੀ ਹੋਈ ਹੈ, ਇਸ ਲਈ ਇਸ ਮਸਲੇ ਦਾ ਹੱਲ ਹੋਣਾ ਕਿਸਾਨ ਲਈ ਵੱਡੀ ਰਾਹਤ ਹੈ।
ਕੰਬਾਇਨ ਪਿੰਡ ਗੋਂਦਵਾਲ ਪਹੁੰਚਣ ’ਤੇ ਕਿਸਾਨ ਬਲਜੀਤ ਸਿੰਘ ਨੇ ਬੀਕੇਯੂ ਰਾਜੇਵਾਲ ਦੇ ਆਗੂਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਥੇਬੰਦੀ ਦੇ ਯਤਨਾਂ ਨਾਲ ਉਸ ਦੀ ਲੰਮੇ ਸਮੇਂ ਤੋਂ ਚੱਲ ਰਹੀ ਸਮੱਸਿਆ ਦਾ ਹੱਲ ਹੋਇਆ ਹੈ।ਇਸ ਮੌਕੇ ਮਨਦੀਪ ਸਿੰਘ ਰਿੰਕੂ ਜ਼ਿਲ੍ਹਾ ਯੂਥ ਪ੍ਰਧਾਨ, ਰਣਵੀਰ ਸਿੰਘ ਬਲਾਕ ਪ੍ਰਧਾਨ ਮੁੱਲਾਂਪੁਰ, ਸੁਰਜੀਤ ਸਿੰਘ ਬਰਮ੍ਹੀ ਬਲਾਕ ਮੀਤ ਪ੍ਰਧਾਨ, ਬਲਰਾਜ ਸਿੰਘ ਬਾਜੀ ਬਲਾਕ ਯੂਥ ਪ੍ਰਧਾਨ ਰਾਏਕੋਟ, ਗੁਰਦੀਪ ਸਿੰਘ, ਰਣਜੀਤ ਸਿੰਘ, ਹਰਜੀਤ ਸਿੰਘ ਅਤੇ ਸਿਕੰਦਰ ਸਿੰਘ ਇਕਾਈ ਪ੍ਰਧਾਨ, ਕਰਮਜੀਤ ਸਿੰਘ ਸਰਪੰਚ, ਦਲਜੀਤ ਸਿੰਘ ਅਤੇ ਹਰਪ੍ਰੀਤ ਸਿੰਘ ਖ਼ਜ਼ਾਨਚੀ, ਜਗਦੀਪ ਸਿੰਘ ਸਮੇਤ ਹੋਰ ਜਥੇਬੰਦੀ ਦੇ ਮੈਂਬਰ ਹਾਜ਼ਰ ਸਨ।

Leave a Reply

Your email address will not be published. Required fields are marked *

You may have missed

Copyright © All rights reserved. | Newsphere by AF themes.