ਅਕਾਲੀ-ਭਾਜਪਾ ਗੱਠਜੋੜ: ਸਿਆਸੀ ਸਾਂਝ ਤੋਂ ਵਧ ਕੇ ਪੰਜਾਬ ਦੇ ਪੁਨਰ-ਨਿਰਮਾਣ ਦਾ ਨਵਾਂ ਸੰਕਲਪ- – ਪ੍ਰੋ. ਸਰਚਾਂਦ ਸਿੰਘ ਖਿਆਲਾ
ਸ਼੍ਰੋਮਣੀ ਅਕਾਲੀ ਦਲ ਦਾ ਮੁੜ ਐੱਨ.ਡੀ.ਏ. ਦਾ ਹਿੱਸਾ ਬਣਨਾ ਅਤੇ ਅਕਾਲੀ-ਭਾਜਪਾ ਗੱਠਜੋੜ ਦੀ ਪੁਨਰ-ਸਥਾਪਨਾ ਪੰਜਾਬ ਦੀ ਸਿਆਸਤ ਵਿੱਚ ਇੱਕ ਅਹਿਮ ਘਟਨਾਕ੍ਰਮ ਹੈ। ਕੀ ਇਹ ਗੱਠਜੋੜ ਸਿਰਫ਼ ਸੱਤਾ ਹਾਸਲ ਕਰਨ ਦਾ ਸਿਆਸੀ ਸਮਝੌਤਾ ਹੈ ਜਾਂ ਪੰਜਾਬ ਨੂੰ ਸੰਕਟ ਵਿੱਚੋਂ ਕੱਢ ਕੇ ਇਸ ਦੇ ਭਵਿੱਖ ਨੂੰ ਨਵੀਂ ਦਿਸ਼ਾ ਦੇਣ ਦਾ ਸਾਂਝਾ ਸੰਕਲਪ ਵੀ ਬਣ ਸਕਦਾ ਹੈ? ਤਾਂ ਇਸ ਦਾ ਜਵਾਬ ਇਹ ਕਿ ਇਸ ਦੀ ਅਹਿਮੀਅਤ ਚੋਣੀ ਸਮੀਕਰਨਾਂ ਤੋਂ ਕਿਤੇ ਵੱਧ ਹੈ, ਕਿਉਂਕਿ ਇਹ ਪੰਜਾਬ ਦੀ ਸਮਾਜਿਕ ਸਾਂਝ, ਆਰਥਿਕ ਤਰੱਕੀ ਅਤੇ ਪੰਥਕ ਸਰੋਕਾਰਾਂ ਨਾਲ ਵੀ ਜੁੜਿਆ ਹੋਇਆ ਹੈ।
ਅਕਾਲੀ-ਭਾਜਪਾ ਗੱਠਜੋੜ ਦੀਆਂ ਜੜ੍ਹਾਂ 1996 ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਅਤੇ ਸ੍ਰੀ ਅਟਲ ਬਿਹਾਰੀ ਵਾਜਪਾਈ ਦੀ ਅਗਵਾਈ ਹੇਠ ਪਈ ਉਸ ਸਿਆਸੀ ਸਾਂਝ ਵਿੱਚ ਹਨ, ਜਿਸ ਨੇ ਪੰਜਾਬ ਵਿੱਚ ਹਿੰਦੂ-ਸਿੱਖ ਏਕਤਾ ਅਤੇ ਭਾਈਚਾਰਕ ਸਾਂਝ ਨੂੰ ਮਜ਼ਬੂਤੀ ਦਿੱਤੀ। ਇਹ ਰਿਸ਼ਤਾ ਮਹਿਜ਼ ਦੋ ਸਿਆਸੀ ਪਾਰਟੀਆਂ ਦਾ ਗੱਠਜੋੜ ਨਹੀਂ, ਸਗੋਂ ਪੰਜਾਬ ਦੀ ਸਾਂਝੀਵਾਲਤਾ ਅਤੇ ਸਮਾਜਿਕ ਤਾਣੇ-ਬਾਣੇ ਦਾ ਪ੍ਰਤੀਕ ਵੀ ਰਿਹਾ ਹੈ। ਇਸ ਦੀ ਪੁਨਰ-ਸਥਾਪਨਾ ਤੋਂ ਉਮੀਦ ਹੈ ਕਿ ਦੋਵੇਂ ਪਾਰਟੀਆਂ ਪੁਰਾਣੇ ਰਿਸ਼ਤਿਆਂ ਦੀ ਭਾਵਨਾ ਨੂੰ ਨਵੇਂ ਸਮੇਂ ਦੀਆਂ ਚੁਣੌਤੀਆਂ ਅਤੇ ਲੋੜਾਂ ਅਨੁਸਾਰ ਅੱਗੇ ਵਧਾਉਣਗੀਆਂ। ਇਹ ਨਹੁੰ-ਮਾਸ ਦਾ ਰਿਸ਼ਤਾ ਪੰਜਾਬ, ਦੇਸ਼ ਅਤੇ ਸਿੱਖ ਕੌਮ ਦੇ ਹਿੱਤਾਂ ਨਾਲ ਜੁੜਿਆ ਹੋਇਆ ਹੈ।
ਇਸ ਸਾਂਝ ਦੀ ਮੁੜ ਬਹਾਲੀ ਦਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਪਵਿੱਤਰ ਦਿਹਾੜੇ ਨਾਲ ਸੰਜੋਗ ਹੋਣਾ ਇਸ ਨੂੰ ਹੋਰ ਵੀ ਵਿਸ਼ੇਸ਼ ਅਤੇ ਭਾਵਨਾਤਮਕ ਮਹੱਤਵ ਦਿੰਦਾ ਹੈ। ਇਹ ਉਹੀ ਇਤਿਹਾਸਕ ਦਿਹਾੜਾ ਹੈ, ਜਿਸ ਨਾਲ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੇ ਉਦਘਾਟਨ ਦੀ ਯਾਦ ਜੁੜੀ ਹੋਈ ਹੈ। ਇਸੇ ਤਰ੍ਹਾਂ ਕਿਸਾਨੀ ਭਾਵਨਾਵਾਂ ਦਾ ਸਤਿਕਾਰ ਕਰਦਿਆਂ ਤਿੰਨ ਖੇਤੀ ਕਾਨੂੰਨ ਵਾਪਸ ਲੈਣ ਦਾ ਐਲਾਨ ਵੀ ਪੰਜਾਬ ਦੀ ਸਿਆਸੀ ਅਤੇ ਸਮਾਜਿਕ ਯਾਦ ਦਾ ਅਹਿਮ ਹਿੱਸਾ ਹੈ। ਇਸ ਇਤਿਹਾਸਕ ਸੰਜੋਗ ਨੂੰ ਸਿਰਫ਼ ਚੋਣ ਰਣਨੀਤੀ ਵਜੋਂ ਦੇਖਣ ਦੀ ਬਜਾਏ ਗੁਰੂ ਨਾਨਕ ਸਾਹਿਬ ਦੇ ਸਰਬੱਤ ਦੇ ਭਲੇ, ਸਾਂਝੀਵਾਲਤਾ ਅਤੇ ਮਨੁੱਖਤਾ ਦੇ ਸੰਦੇਸ਼ ਅਨੁਸਾਰ ਪੰਜਾਬ ਦੀ ਏਕਤਾ, ਅਮਨ, ਖ਼ੁਸ਼ਹਾਲੀ ਅਤੇ ਵਿਕਾਸ ਲਈ ਸਾਂਝੀ ਜ਼ਿੰਮੇਵਾਰੀ ਵਜੋਂ ਲੈਣਾ ਚਾਹੀਦਾ ਹੈ।
ਪੰਜਾਬ ਅੱਜ ਨਸ਼ਿਆਂ, ਭ੍ਰਿਸ਼ਟਾਚਾਰ, ਗੈਂਗਸਟਰਵਾਦ, ਕਰਜ਼ੇ ਦੇ ਵਧਦੇ ਬੋਝ, ਉਦਯੋਗਿਕ ਖੜੋਤ, ਨਿਵੇਸ਼ ਦੀ ਘਾਟ, ਬੇਰੁਜ਼ਗਾਰੀ ਅਤੇ ਅਮਨ-ਕਾਨੂੰਨ ਦੀ ਮਾੜੀ ਸਥਿਤੀ ਵਰਗੀਆਂ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ। ਅਜਿਹੇ ਸਮੇਂ ਅਕਾਲੀ ਦਲ ਦੇ ਪੇਂਡੂ, ਕਿਸਾਨੀ ਅਤੇ ਪੰਥਕ ਆਧਾਰ ਨੂੰ ਭਾਜਪਾ ਦੇ ਸ਼ਹਿਰੀ, ਵਪਾਰਕ, ਉਦਯੋਗਿਕ ਅਤੇ ਕੌਮੀ ਨੈੱਟਵਰਕ ਨਾਲ ਜੋੜਨਾ ਪੰਜਾਬ ਲਈ ਇੱਕ ਵੱਡੀ ਸੰਭਾਵਨਾ ਬਣ ਸਕਦਾ ਹੈ। ਇਹ ਗੱਠਜੋੜ ਪੰਜਾਬ ਦੀ ਰਾਜਨੀਤੀ ਵਿੱਚ ਇੱਕ ਮਜ਼ਬੂਤ ਸਾਂਝਾ ਬਦਲ ਵੀ ਉਭਾਰ ਸਕਦਾ ਹੈ।
ਕੇਂਦਰ ਵਿੱਚ ਮਜ਼ਬੂਤ ਐੱਨ.ਡੀ.ਏ. ਸਰਕਾਰ ਨਾਲ ਬਿਹਤਰ ਤਾਲਮੇਲ ਰਾਹੀਂ ਸੂਬੇ ਲਈ ਵਿਸ਼ੇਸ਼ ਆਰਥਿਕ ਸਹਾਇਤਾ, ਬੁਨਿਆਦੀ ਢਾਂਚੇ ਦਾ ਵਿਕਾਸ, ਨਵੇਂ ਨਿਵੇਸ਼ ਅਤੇ ਉਦਯੋਗਿਕ ਪੁਨਰ-ਸੁਰਜੀਤੀ ਦੇ ਰਾਹ ਖੁੱਲ੍ਹ ਸਕਦੇ ਹਨ। ਪੰਜਾਬ ਦੀ ਆਰਥਿਕਤਾ ਨੂੰ ਮੁੜ ਪੈਰਾਂ ਸਿਰ ਕਰਨ ਲਈ ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਮੰਡੀ ਗੋਬਿੰਦਗੜ੍ਹ ਅਤੇ ਬਟਾਲਾ ਵਰਗੇ ਉਦਯੋਗਿਕ ਕੇਂਦਰਾਂ ਨੂੰ ਨਵੀਂ ਤਾਕਤ ਦੇਣੀ ਹੋਵੇਗੀ। ਬਿਹਤਰ ਸੜਕਾਂ, ਰੇਲਵੇ ਸੰਪਰਕ, ਮਾਲ ਢੋਆ-ਢੁਆਈ, ਭਰੋਸੇਯੋਗ ਬਿਜਲੀ, ਉਦਯੋਗਿਕ ਨੀਤੀ ਅਤੇ ਕਾਰੋਬਾਰੀ ਸੁਰੱਖਿਆ ਰਾਹੀਂ ਨਿਵੇਸ਼ ਲਈ ਅਨੁਕੂਲ ਮਾਹੌਲ ਬਣਾਇਆ ਜਾ ਸਕਦਾ ਹੈ। ਖੇਤੀ ਆਧਾਰਿਤ ਉਦਯੋਗ, ਫੂਡ ਪ੍ਰੋਸੈਸਿੰਗ, ਤਕਨਾਲੋਜੀ, ਸੈਰ-ਸਪਾਟਾ ਅਤੇ ਨਿਰਮਾਣ ਖੇਤਰ ਪੰਜਾਬ ਦੀ ਆਰਥਿਕਤਾ ਨੂੰ ਨਵੇਂ ਸਿਰੇ ਤੋਂ ਮਜ਼ਬੂਤ ਕਰ ਸਕਦੇ ਹਨ। ਇਸ ਦੇ ਨਾਲ ਸੂਬੇ ਦੇ ਵਧਦੇ ਕਰਜ਼ੇ ਨਾਲ ਨਜਿੱਠਣ ਲਈ ਲੰਮੀ ਮਿਆਦ ਦੀ ਵਿੱਤੀ ਯੋਜਨਾ, ਆਮਦਨ ਦੇ ਨਵੇਂ ਸਰੋਤ ਅਤੇ ਖਰਚਿਆਂ ਦੀਆਂ ਤਰਜੀਹਾਂ ਤੈਅ ਕਰਨਾ ਵੀ ਲਾਜ਼ਮੀ ਹੈ।
2020 ਦੇ ਖੇਤੀ ਅੰਦੋਲਨ ਦੌਰਾਨ ਪੈਦਾ ਹੋਈ ਕੁੜੱਤਣ ਅਤੇ ਬੇਭਰੋਸਗੀ ਨੂੰ ਦੂਰ ਕਰਨਾ ਇਸ ਗੱਠਜੋੜ ਦੀ ਸਭ ਤੋਂ ਵੱਡੀ ਪ੍ਰੀਖਿਆ ਹੋਵੇਗੀ। ਕਿਸਾਨਾਂ ਦਾ ਭਰੋਸਾ ਸਿਰਫ਼ ਬਿਆਨਾਂ ਨਾਲ ਨਹੀਂ, ਸਗੋਂ ਠੋਸ ਨੀਤੀਆਂ ਅਤੇ ਅਮਲੀ ਫ਼ੈਸਲਿਆਂ ਨਾਲ ਜਿੱਤਿਆ ਜਾ ਸਕਦਾ ਹੈ। ਘੱਟੋ-ਘੱਟ ਸਮਰਥਨ ਮੁੱਲ (ਐੱਮ.ਐੱਸ.ਪੀ.) ਬਾਰੇ ਸਪੱਸ਼ਟ ਨੀਤੀ, ਫ਼ਸਲੀ ਵਿਭਿੰਨਤਾ, ਖੇਤੀ ਲਾਗਤਾਂ ਵਿੱਚ ਕਮੀ, ਧਰਤੀ ਹੇਠਲੇ ਪਾਣੀ ਦੀ ਸੰਭਾਲ, ਕਿਸਾਨੀ ਕਰਜ਼ੇ ਅਤੇ ਖੇਤੀ ਆਧਾਰਿਤ ਉਦਯੋਗਾਂ ਨੂੰ ਤਰਜੀਹ ਦੇਣੀ ਹੋਵੇਗੀ। ਕਿਸਾਨ ਨੂੰ ਮਹਿਜ਼ ਅੰਨਦਾਤਾ ਨਹੀਂ, ਸਗੋਂ ਪੰਜਾਬ ਦੀ ਆਰਥਿਕਤਾ ਦਾ ਕੇਂਦਰੀ ਭਾਗੀਦਾਰ ਬਣਾਉਣਾ ਪਵੇਗਾ।
ਸਿੱਖ ਪੰਥਕ ਮਸਲਿਆਂ ਪ੍ਰਤੀ ਸੰਵੇਦਨਸ਼ੀਲਤਾ ਅਤੇ ਸਤਿਕਾਰ ਵੀ ਇਸ ਸਾਂਝ ਦੀ ਭਰੋਸੇਯੋਗਤਾ ਲਈ ਬੇਹੱਦ ਜ਼ਰੂਰੀ ਹਨ। ਬੰਦੀ ਸਿੰਘਾਂ ਦੀ ਰਿਹਾਈ, 1984 ਦੇ ਸਿੱਖ ਕਤਲੇਆਮ ਦੇ ਪੀੜਤਾਂ ਨੂੰ ਇਨਸਾਫ਼, ਸਿੱਖ ਧਾਰਮਿਕ ਸੰਸਥਾਵਾਂ ਦੀ ਮਰਿਆਦਾ ਅਤੇ ਖ਼ੁਦਮੁਖ਼ਤਿਆਰੀ ਅਤੇ ਸਿੱਖ ਇਤਿਹਾਸ ਤੇ ਵਿਰਾਸਤ ਦਾ ਸਤਿਕਾਰ ਅਜਿਹੇ ਮੁੱਦੇ ਹਨ, ਜਿਨ੍ਹਾਂ ਉੱਤੇ ਗੰਭੀਰ ਸੰਵਾਦ ਅਤੇ ਠੋਸ ਕਾਰਵਾਈ ਦੀ ਲੋੜ ਹੈ। ਅਕਾਲੀ ਦਲ ਨੂੰ ਪੰਥਕ ਭਾਵਨਾਵਾਂ ਦੀ ਇਮਾਨਦਾਰ ਨੁਮਾਇੰਦਗੀ ਕਰਨੀ ਹੋਵੇਗੀ ਅਤੇ ਭਾਜਪਾ ਨੂੰ ਇਨ੍ਹਾਂ ਸਰੋਕਾਰਾਂ ਨੂੰ ਸਮਝਦਿਆਂ ਸੰਵਿਧਾਨਕ ਤੇ ਕਾਨੂੰਨੀ ਦਾਇਰੇ ਵਿੱਚ ਹੱਲ ਲਈ ਸਹਿਯੋਗ ਦੇਣਾ ਹੋਵੇਗਾ।
ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਸਿੱਖ ਕੌਮ ਦੀਆਂ ਧਾਰਮਿਕ ਭਾਵਨਾਵਾਂ ਨਾਲ ਜੁੜਿਆ ਬੇਹੱਦ ਸੰਵੇਦਨਸ਼ੀਲ ਮਸਲਾ ਹੈ। ਇਸ ਦੀ ਸ਼ੁਰੂਆਤ ਵਿੱਚ ਕੇਂਦਰ ਸਰਕਾਰ ਦੀ ਭੂਮਿਕਾ ਇਤਿਹਾਸਕ ਰਹੀ ਹੈ। ਸੁਰੱਖਿਆ ਹਾਲਾਤ ਅਨੁਕੂਲ ਹੋਣ ’ਤੇ ਇਸ ਨੂੰ ਮੁੜ ਖੋਲ੍ਹਣ ਲਈ ਯਤਨ ਹੋਣੇ ਚਾਹੀਦੇ ਹਨ, ਪਰ ਰਾਸ਼ਟਰੀ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ ਹੋ ਸਕਦਾ। ਸਰਹੱਦ ਪਾਰੋਂ ਨਸ਼ਿਆਂ, ਹਥਿਆਰਾਂ ਅਤੇ ਅੱਤਵਾਦੀ ਸਰਗਰਮੀਆਂ ਦੀਆਂ ਚੁਣੌਤੀਆਂ ਨੂੰ ਧਿਆਨ ਵਿੱਚ ਰੱਖਦਿਆਂ ਧਾਰਮਿਕ ਭਾਵਨਾਵਾਂ ਅਤੇ ਰਾਸ਼ਟਰੀ ਸੁਰੱਖਿਆ ਦੋਵਾਂ ਨੂੰ ਜ਼ਿੰਮੇਵਾਰੀ ਨਾਲ ਨਾਲ ਲੈ ਕੇ ਚੱਲਣਾ ਹੋਵੇਗਾ।
ਨਸ਼ਿਆਂ ਦਾ ਖ਼ਾਤਮਾ ਇਸ ਗੱਠਜੋੜ ਦੀਆਂ ਸਭ ਤੋਂ ਵੱਡੀਆਂ ਤਰਜੀਹਾਂ ਵਿੱਚ ਹੋਣਾ ਚਾਹੀਦਾ ਹੈ। ਪਿਛਲੇ ਸਮੇਂ ਵਿੱਚ ਵੱਖ-ਵੱਖ ਸਿਆਸੀ ਪਾਰਟੀਆਂ ਨੇ ਨਸ਼ਾ ਮੁਕਤ ਪੰਜਾਬ ਦੇ ਵਾਅਦੇ ਕੀਤੇ। ਆਮ ਆਦਮੀ ਪਾਰਟੀ ਨੇ ਤਿੰਨ ਮਹੀਨਿਆਂ ਵਿੱਚ ਨਸ਼ਾ ਖ਼ਤਮ ਕਰਨ ਦਾ ਦਾਅਵਾ ਕੀਤਾ ਸੀ, ਜਦਕਿ 2017 ਵਿੱਚ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਵੀ ਇਸ ਬੁਰਾਈ ਨੂੰ ਖ਼ਤਮ ਕਰਨ ਦਾ ਵਾਅਦਾ ਕੀਤਾ ਸੀ। ਪਰ ਪੰਜਾਬ ਅਜੇ ਵੀ ਇਸ ਸਮੱਸਿਆ ਨਾਲ ਜੂਝ ਰਿਹਾ ਹੈ। ਹੁਣ ਨਾਅਰਿਆਂ ਦੀ ਬਜਾਏ ਨਸ਼ਾ ਤਸਕਰੀ ਦੇ ਵੱਡੇ ਨੈੱਟਵਰਕ, ਉਨ੍ਹਾਂ ਦੀ ਵਿੱਤੀ ਸਪਲਾਈ, ਕਿਸੇ ਵੀ ਤਰ੍ਹਾਂ ਦੀ ਸਿਆਸੀ ਜਾਂ ਪ੍ਰਸ਼ਾਸਕੀ ਸਰਪ੍ਰਸਤੀ ਅਤੇ ਸਰਹੱਦ ਪਾਰੋਂ ਹੁੰਦੀ ਤਸਕਰੀ ਵਿਰੁੱਧ ਨਿਰਣਾਇਕ ਕਾਰਵਾਈ ਦੀ ਲੋੜ ਹੈ। ਨਸ਼ਾ ਪੀੜਤਾਂ ਦੇ ਇਲਾਜ, ਮੁੜ-ਵਸੇਬੇ ਅਤੇ ਮੁੜ ਸਮਾਜ ਦੀ ਮੁੱਖ ਧਾਰਾ ਨਾਲ ਜੋੜਨ ਦੀ ਵਿਵਸਥਾ ਵੀ ਇਸ ਮੁਹਿੰਮ ਦਾ ਅਹਿਮ ਹਿੱਸਾ ਹੋਣੀ ਚਾਹੀਦੀ ਹੈ
ਇਸ ਦੇ ਨਾਲ ਜਵਾਨੀ ਨੂੰ ਪੰਜਾਬ ਵਿੱਚ ਹੀ ਰੋਜ਼ਗਾਰ ਅਤੇ ਤਰੱਕੀ ਦੇ ਮੌਕੇ ਦੇਣੇ ਹੋਣਗੇ। ਵਿਦੇਸ਼ਾਂ ਵੱਲ ਵਧਦਾ ਪਰਵਾਸ ਅਤੇ ਬੇਰੁਜ਼ਗਾਰੀ ਇਸ ਗੱਲ ਦਾ ਸੰਕੇਤ ਹਨ ਕਿ ਨੌਜਵਾਨਾਂ ਨੂੰ ਆਪਣੇ ਸੂਬੇ ਵਿੱਚ ਬਿਹਤਰ ਭਵਿੱਖ ਦੀ ਉਮੀਦ ਨਹੀਂ ਮਿਲ ਰਹੀ। ਸਿਰਫ਼ ਸਰਕਾਰੀ ਨੌਕਰੀਆਂ ਦੇ ਵਾਅਦਿਆਂ ਨਾਲ ਇਸ ਦਾ ਹੱਲ ਨਹੀਂ ਹੋ ਸਕਦਾ। ਸਰਕਾਰੀ ਸਿੱਖਿਆ ਸੰਸਥਾਵਾਂ ਦੀ ਗੁਣਵੱਤਾ, ਤਕਨੀਕੀ ਅਤੇ ਹੁਨਰ ਆਧਾਰਿਤ ਸਿੱਖਿਆ, ਉਦਯੋਗਿਕ ਸਿਖਲਾਈ, ਸਟਾਰਟਅੱਪ ਅਤੇ ਨਿੱਜੀ ਖੇਤਰ ਵਿੱਚ ਰੁਜ਼ਗਾਰ ਦੇ ਮੌਕੇ ਪੈਦਾ ਕਰਨੇ ਹੋਣਗੇ। ਖੇਡਾਂ ਅਤੇ ਸੱਭਿਆਚਾਰਕ ਸਰਗਰਮੀਆਂ ਰਾਹੀਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਪਿੰਡ ਪੱਧਰ ’ਤੇ ਵੀ ਢੁਕਵਾਂ ਢਾਂਚਾ ਬਣਾਉਣਾ ਪਵੇਗਾ।ਅਮਨ-ਕਾਨੂੰਨ ਦੀ ਸਥਿਤੀ ਵਿੱਚ ਸੁਧਾਰ ਵੀ ਲੋਕਾਂ ਦੀ ਵੱਡੀ ਉਮੀਦ ਹੈ। ਗੈਂਗਸਟਰਵਾਦ, ਫਿਰੌਤੀਆਂ, ਗੋਲੀਬਾਰੀ, ਸੰਗਠਿਤ ਅਪਰਾਧ ਅਤੇ ਸਰਹੱਦ ਪਾਰੋਂ ਨਸ਼ਿਆਂ ਤੇ ਹਥਿਆਰਾਂ ਦੀ ਤਸਕਰੀ ਵਿਰੁੱਧ ਸਖ਼ਤ ਕਾਰਵਾਈ ਦੀ ਲੋੜ ਹੈ। ਕੇਂਦਰੀ ਸੁਰੱਖਿਆ ਏਜੰਸੀਆਂ ਅਤੇ ਪੰਜਾਬ ਪੁਲਿਸ ਵਿਚਕਾਰ ਬਿਹਤਰ ਤਾਲਮੇਲ ਇਸ ਦਿਸ਼ਾ ਵਿੱਚ ਲਾਭਕਾਰੀ ਹੋ ਸਕਦਾ ਹੈ। ਪੁਲਿਸ ਪ੍ਰਣਾਲੀ ਨੂੰ ਸਿਆਸੀ ਦਖ਼ਲ ਤੋਂ ਮੁਕਤ, ਜਵਾਬਦੇਹ ਅਤੇ ਪੇਸ਼ੇਵਰ ਬਣਾਉਣਾ ਵੀ ਲਾਜ਼ਮੀ ਹੈ। ਵਪਾਰੀਆਂ ਨੂੰ ਫਿਰੌਤੀ ਤੋਂ ਮੁਕਤੀ, ਮਹਿਲਾਵਾਂ ਨੂੰ ਸੁਰੱਖਿਆ ਅਤੇ ਆਮ ਨਾਗਰਿਕਾਂ ਨੂੰ ਕਾਨੂੰਨ ਦੇ ਰਾਜ ਦਾ ਭਰੋਸਾ ਮਿਲਣਾ ਚਾਹੀਦਾ ਹੈ।
ਪੰਜਾਬ ਦੀ ਭਾਸ਼ਾ, ਸੱਭਿਆਚਾਰ ਅਤੇ ਧਾਰਮਿਕ ਵਿਰਾਸਤ ਦੀ ਸੰਭਾਲ ਵੀ ਵਿਕਾਸ ਦੀ ਪਰਿਭਾਸ਼ਾ ਦਾ ਅਹਿਮ ਹਿੱਸਾ ਹੋਣੀ ਚਾਹੀਦੀ ਹੈ। ਸ੍ਰੀ ਅੰਮ੍ਰਿਤਸਰ ਸਾਹਿਬ, ਸ੍ਰੀ ਅਨੰਦਪੁਰ ਸਾਹਿਬ, ਫ਼ਤਹਿਗੜ੍ਹ ਸਾਹਿਬ ਅਤੇ ਹੋਰ ਇਤਿਹਾਸਕ ਗੁਰਧਾਮਾਂ ਨੂੰ ਵਿਸ਼ਵ ਪੱਧਰੀ ਧਾਰਮਿਕ ਸੈਰ-ਸਪਾਟੇ ਨਾਲ ਜੋੜਨ ਦੇ ਨਾਲ ਪੰਜਾਬੀ ਭਾਸ਼ਾ ਨੂੰ ਸਿੱਖਿਆ, ਪ੍ਰਸ਼ਾਸਨ ਅਤੇ ਤਕਨਾਲੋਜੀ ਵਿੱਚ ਉਤਸ਼ਾਹਿਤ ਕਰਨਾ ਚਾਹੀਦਾ ਹੈ। ਪੰਜਾਬ ਦੀ ਲੋਕਧਾਰਾ, ਸੂਫ਼ੀ ਪਰੰਪਰਾ, ਗੁਰਮਤਿ ਵਿਰਾਸਤ ਅਤੇ ਕਲਾਵਾਂ ਦੀ ਸੰਭਾਲ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਆਪਣੀਆਂ ਜੜ੍ਹਾਂ ਨਾਲ ਜੋੜੇਗੀ।
ਇਸ ਗੱਠਜੋੜ ਦਾ ਇੱਕ ਅਹਿਮ ਸਮਾਜਿਕ ਪੱਖ ਹਿੰਦੂ-ਸਿੱਖ ਭਾਈਚਾਰਕ ਸਾਂਝ ਦੀ ਮਜ਼ਬੂਤੀ ਹੈ। ਪੰਜਾਬ ਦੀ ਇਤਿਹਾਸਕ ਪਛਾਣ ਸਾਂਝੀ ਵਿਰਾਸਤ, ਆਪਸੀ ਸਤਿਕਾਰ ਅਤੇ ਮਿਲਵਰਤਣ ਨਾਲ ਬਣੀ ਹੈ। ਅਕਾਲੀ-ਭਾਜਪਾ ਸਾਂਝ ਨੂੰ ਇਸ ਵਿਰਾਸਤ ਦਾ ਰਾਜਨੀਤਿਕ ਪ੍ਰਤੀਕ ਬਣਨ ਦੇ ਨਾਲ-ਨਾਲ ਇਸ ਦੀ ਰਾਖੀ ਦੀ ਜ਼ਿੰਮੇਵਾਰੀ ਵੀ ਨਿਭਾਉਣੀ ਚਾਹੀਦੀ ਹੈ। 2020 ਦੇ ਖੇਤੀ ਅੰਦੋਲਨ ਦੌਰਾਨ ਪੈਦਾ ਹੋਈ ਕੁੜੱਤਣ ਅਤੇ ਬੇਭਰੋਸਗੀ ਨੂੰ ਦੂਰ ਕਰਨਾ ਵੀ ਇਸ ਸਾਂਝ ਦੀ ਅਹਿਮ ਕਸੌਟੀ ਹੋਵੇਗੀ। ਧਾਰਮਿਕ ਪਛਾਣਾਂ ਨੂੰ ਟਕਰਾਅ ਦਾ ਵਿਸ਼ਾ ਬਣਾਉਣ ਦੀ ਬਜਾਏ ਵੱਖ-ਵੱਖ ਭਾਈਚਾਰਿਆਂ ਵਿਚਕਾਰ ਭਰੋਸਾ ਵਧਾਉਣਾ ਸਮੇਂ ਦੀ ਲੋੜ ਹੈ। ਪੰਜਾਬ ਦੀ ਅਸਲ ਤਾਕਤ ਇਸ ਦੀ ਸਾਂਝੀਵਾਲਤਾ ਹੈ।ਆਮ ਲੋਕ ਇਸ ਗੱਠਜੋੜ ਤੋਂ ਵੱਡੀਆਂ ਉਮੀਦਾਂ ਰੱਖਣਗੇ। ਕਿਸਾਨ ਨੂੰ ਫ਼ਸਲ ਦਾ ਲਾਹੇਵੰਦ ਮੁੱਲ ਅਤੇ ਕਰਜ਼ੇ ਤੋਂ ਰਾਹਤ, ਨੌਜਵਾਨ ਨੂੰ ਰੁਜ਼ਗਾਰ ਅਤੇ ਨਸ਼ਾ ਮੁਕਤ ਮਾਹੌਲ, ਵਪਾਰੀ ਨੂੰ ਸੁਰੱਖਿਆ, ਉਦਯੋਗਪਤੀ ਨੂੰ ਨਿਵੇਸ਼ ਲਈ ਅਨੁਕੂਲ ਨੀਤੀਆਂ, ਮੁਲਾਜ਼ਮ ਨੂੰ ਸਮੇਂ ਸਿਰ ਤਨਖ਼ਾਹ ਅਤੇ ਬਣਦੇ ਵਿੱਤੀ ਲਾਭ, ਮਹਿਲਾਵਾਂ ਨੂੰ ਸੁਰੱਖਿਆ ਅਤੇ ਆਮ ਪਰਿਵਾਰ ਨੂੰ ਚੰਗੀ ਸਿੱਖਿਆ ਤੇ ਸਿਹਤ ਸਹੂਲਤਾਂ ਚਾਹੀਦੀਆਂ ਹਨ। ਲੋਕਾਂ ਨੂੰ ਸਿਰਫ਼ ਸਰਕਾਰ ਬਦਲਣ ਦੀ ਨਹੀਂ, ਸਗੋਂ ਆਪਣੀ ਜ਼ਿੰਦਗੀ ਵਿੱਚ ਠੋਸ ਸੁਧਾਰ ਦੀ ਉਮੀਦ ਹੋਵੇਗੀ।ਕਿਸੇ ਵੀ ਸਿਆਸੀ ਗੱਠਜੋੜ ਦੀ ਮਜ਼ਬੂਤੀ ਸਿਰਫ਼ ਆਗੂਆਂ ਦੀਆਂ ਮੁਲਾਕਾਤਾਂ ਜਾਂ ਚੋਣ ਸਮਝੌਤਿਆਂ ਨਾਲ ਤੈਅ ਨਹੀਂ ਹੁੰਦੀ। ਇਸ ਲਈ ਸਪੱਸ਼ਟ ਨੀਤੀ, ਆਪਸੀ ਭਰੋਸਾ, ਸੰਗਠਨਾਤਮਕ ਤਾਲਮੇਲ ਅਤੇ ਸਾਂਝੀ ਜਵਾਬਦੇਹੀ ਲਾਜ਼ਮੀ ਹੈ। ਸੀਟਾਂ ਦੀ ਵੰਡ, ਅਗਵਾਈ ਅਤੇ ਚੋਣ ਪ੍ਰਚਾਰ ਵਰਗੇ ਅੰਦਰੂਨੀ ਮਸਲਿਆਂ ਨੂੰ ਪਰਿਪੱਕਤਾ ਅਤੇ ਆਪਸੀ ਸਹਿਮਤੀ ਨਾਲ ਸੁਲਝਾਉਣਾ ਹੋਵੇਗਾ। ਦੋਹਾਂ ਪਾਰਟੀਆਂ ਨੂੰ ਆਪਣੇ-ਆਪਣੇ ਸਮਰਥਕਾਂ ਵਿੱਚ ਭਰੋਸਾ ਪੈਦਾ ਕਰਨ ਦੇ ਨਾਲ ਇੱਕ-ਦੂਜੇ ਦੇ ਵੋਟਰ ਆਧਾਰ ਦਾ ਸਤਿਕਾਰ ਵੀ ਕਰਨਾ ਪਵੇਗਾ।
ਸਭ ਤੋਂ ਅਹਿਮ ਗੱਲ ਇਹ ਹੈ ਕਿ ਪੰਜਾਬ ਦੇ ਲੋਕਾਂ ਸਾਹਮਣੇ ਇੱਕ ਸਮਾਂਬੱਧ ਅਤੇ ਮਾਪਣਯੋਗ ਰੋਡਮੈਪ ਰੱਖਿਆ ਜਾਵੇ, ਜਿਸ ਵਿੱਚ ਨਸ਼ਾ ਮੁਕਤੀ, ਰੋਜ਼ਗਾਰ, ਕਿਸਾਨੀ, ਉਦਯੋਗ, ਸਿੱਖਿਆ, ਸਿਹਤ, ਪੰਥਕ ਸਰੋਕਾਰਾਂ ਅਤੇ ਅਮਨ-ਕਾਨੂੰਨ ਬਾਰੇ ਸਪੱਸ਼ਟ ਟੀਚੇ ਹੋਣ। ਇਨ੍ਹਾਂ ਟੀਚਿਆਂ ਦੀ ਪ੍ਰਾਪਤੀ ਲਈ ਬਜਟ, ਸਮਾਂ-ਸੀਮਾ ਅਤੇ ਜਵਾਬਦੇਹੀ ਵੀ ਤੈਅ ਹੋਵੇ।
ਅਕਾਲੀ-ਭਾਜਪਾ ਗੱਠਜੋੜ ਲਈ ਇਹ ਮੌਕਾ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰਨ ਤੋਂ ਕਿਤੇ ਵੱਧ ਅਹਿਮ ਹੈ। ਇਸ ਨੂੰ 1996 ਦੀ ਸਿਆਸੀ ਸਾਂਝ ਦੀ ਵਿਰਾਸਤ ਨੂੰ 2026 ਦੇ ਪੰਜਾਬ ਦੀਆਂ ਨਵੀਆਂ ਲੋੜਾਂ ਅਨੁਸਾਰ ਢਾਲਣਾ ਹੋਵੇਗਾ। ਇਸ ਦੀ ਸਫ਼ਲਤਾ ਦਾ ਪੈਮਾਨਾ ਸਿਰਫ਼ ਜਿੱਤੀਆਂ ਜਾਣ ਵਾਲੀਆਂ ਸੀਟਾਂ ਜਾਂ ਬਣਨ ਵਾਲੀ ਸਰਕਾਰ ਨਹੀਂ, ਸਗੋਂ ਪੰਜਾਬ ਦੇ ਲੋਕਾਂ ਦਾ ਜਿੱਤਿਆ ਹੋਇਆ ਭਰੋਸਾ ਹੋਣਾ ਚਾਹੀਦਾ ਹੈ।
ਪੰਜਾਬ ਨੂੰ ਅਜਿਹੀ ਸਰਕਾਰ ਦੀ ਲੋੜ ਹੈ ਜੋ ਕਿਸਾਨੀ ਨੂੰ ਬਚਾਵੇ, ਜਵਾਨੀ ਨੂੰ ਸੰਭਾਲੇ, ਵਪਾਰ ਅਤੇ ਉਦਯੋਗ ਨੂੰ ਸੁਰੱਖਿਆ ਦੇਵੇ, ਪੰਥਕ ਸਰੋਕਾਰਾਂ ਦਾ ਸਤਿਕਾਰ ਕਰੇ, ਹਿੰਦੂ-ਸਿੱਖ ਏਕਤਾ ਨੂੰ ਮਜ਼ਬੂਤ ਕਰੇ ਅਤੇ ਸੂਬੇ ਨੂੰ ਕਰਜ਼ੇ, ਨਸ਼ਿਆਂ ਤੇ ਬੇਰੁਜ਼ਗਾਰੀ ਦੇ ਸੰਕਟ ਵਿੱਚੋਂ ਬਾਹਰ ਕੱਢ ਕੇ ਗੈਂਗਸਟਰਵਾਦ ਤੋਂ ਮੁਕਤੀ ਦਿਵਾਏ। ਅਕਾਲੀ-ਭਾਜਪਾ ਗੱਠਜੋੜ ਕੋਲ ਇਹ ਸਭ ਕਰਨ ਦਾ ਇੱਕ ਮਹੱਤਵਪੂਰਨ ਸਿਆਸੀ ਮੌਕਾ ਹੈ। ਹੁਣ ਇਸ ਨੂੰ ਲੋਕਾਂ ਦੇ ਭਰੋਸੇ ਨੂੰ ਠੋਸ ਨਤੀਜਿਆਂ ਵਿੱਚ ਬਦਲਣਾ ਹੋਵੇਗਾ। ਇਹੀ ਇਸ ਗੱਠਜੋੜ ਦੀ ਅਸਲ ਇਤਿਹਾਸਕ ਜ਼ਿੰਮੇਵਾਰੀ ਅਤੇ ਪੰਜਾਬ ਦੇ ਪੁਨਰ-ਨਿਰਮਾਣ ਦਾ ਨਵਾਂ ਸੰਕਲਪ ਹੋਣਾ ਚਾਹੀਦਾ ਹੈ।
ਪ੍ਰੋ. ਸਰਚਾਂਦ ਸਿੰਘ ਖਿਆਲਾ
ਬੁਲਾਰੇ, ਪੰਜਾਬ ਭਾਜਪਾ
9781355522