ਮੁੱਖ ਮੰਤਰੀ ਦੀ ਫੇਰੀ ਦੌਰਾਨ ਸਖ਼ਤ ਪਹਿਰੇ ਦੇ ਬਾਵਜੂਦ ਮਾਛੀਵਾੜਾ ’ਚ 3 ਦਿਨਾਂ ਅੰਦਰ 2 ਨੌਜਵਾਨਾਂ ਦੀ ਨਸ਼ੇ ਨਾਲ ਮੌਤ ਬੇਹੱਦ ਸ਼ਰਮਨਾਕ: ਗਗਨਦੀਪ ਸੰਨੀ ਕੈਂਥ
ਪਿਤਾ ਤੋਂ 500 ਰੁਪਏ ਲੈ ਕੇ ਮੌਤ ਦਾ ਸਾਮਾਨ ਖ਼ਰੀਦਣ ਲਈ ਮਜਬੂਰ ਹੋਏ ਪੁੱਤ; ‘ਆਪ’ ਰਾਜ ’ਚ ਨਸ਼ਾ ਤਸਕਰ ਪੂਰੀ ਤਰ੍ਹਾਂ ਬੇਖ਼ੌਫ਼: ਭਾਜਪਾ
ਮਾਛੀਵਾੜਾ / ਲੁਧਿਆਣਾ
(ਜਸਟਿਸ ਨਿਊਜ਼ )
ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਗਗਨਦੀਪ ਸੰਨੀ ਕੈਂਥ ਨੇ ਮਾਛੀਵਾੜਾ ਸਾਹਿਬ ਵਿਖੇ ਮਹਿਜ਼ ਤਿੰਨ ਦਿਨਾਂ ਦੇ ਅੰਦਰ ਨਸ਼ੇ ਦੀ ਓਵਰਡੋਜ਼ ਕਾਰਨ ਦੋ ਨੌਜਵਾਨਾਂ ਦੀ ਹੋਈ ਦਰਦਨਾਕ ਮੌਤ ’ਤੇ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਸੰਨੀ ਕੈਂਥ ਨੇ ਕਿਹਾ ਕਿ ਸਭ ਤੋਂ ਸ਼ਰਮਨਾਕ ਪਹਿਲੂ ਇਹ ਹੈ ਕਿ ਮੁੱਖ ਮੰਤਰੀ ਦੀ ਇਲਾਕੇ ਵਿੱਚ ਫੇਰੀ ਕਾਰਨ ਪਿਛਲੇ ਤਿੰਨ ਦਿਨਾਂ ਤੋਂ ਪੁਲਿਸ ਵੱਲੋਂ ਚੱਪੇ-ਚੱਪੇ ’ਤੇ ਸਖ਼ਤ ਪਹਿਰਾ ਅਤੇ ਗਸ਼ਤ ਦਾ ਦਾਅਵਾ ਕੀਤਾ ਜਾ ਰਿਹਾ ਸੀ, ਪਰ ਇਸ ਸੁਰੱਖਿਆ ਘੇਰੇ ਦੇ ਬਾਵਜੂਦ ਨਸ਼ਾ ਤਸਕਰ ਸ਼ਰੇਆਮ ਨੌਜਵਾਨਾਂ ਨੂੰ ਮੌਤ ਵੰਡ ਰਹੇ ਹਨ ਅਤੇ ਪ੍ਰਸ਼ਾਸਨ ਮੂਕ ਦਰਸ਼ਕ ਬਣਿਆ ਹੋਇਆ ਹੈ।
ਦੁਬਈ ਤੋਂ ਪਰਤੇ ਗਗਨਦੀਪ ਮਗਰੋਂ ਭੁਪਿੰਦਰ ਦੀ ਜਾਨ ਗਈ; 500 ਰੁਪਏ ’ਚ ਵਿਕਿਆ ਮੌਤ ਦਾ ਸਾਮਾਨ-
ਸੰਨੀ ਕੈਂਥ ਨੇ ਵੇਰਵੇ ਦਿੰਦਿਆਂ ਦੱਸਿਆ ਕਿ ਦੋ ਦਿਨ ਪਹਿਲਾਂ ਇੰਦਰਾ ਕਾਲੋਨੀ ਦੇ ਵਾਸੀ ਅਤੇ ਦੁਬਈ ਤੋਂ ਰੋਜ਼ੀ-ਰੋਟੀ ਕਮਾ ਕੇ ਪਰਤੇ ਨੌਜਵਾਨ ਗਗਨਦੀਪ ਸਿੰਘ ਦੀ ਨਸ਼ੇ ਦੇ ਓਵਰਡੋਜ਼ ਨਾਲ ਜਾਨ ਚਲੀ ਗਈ ਸੀ। ਅਜੇ ਉਸ ਪਰਿਵਾਰ ਦੇ ਹੰਝੂ ਵੀ ਨਹੀਂ ਸੁੱਕੇ ਸਨ ਕਿ ਮਾਛੀਵਾੜਾ-ਨੂਰਪੁਰ ਰੋਡ ’ਤੇ ਫੈਕਟਰੀ ਵਰਕਰ ਭੁਪਿੰਦਰ ਸਿੰਘ ਦੀ ਲਾਸ਼ ਕੱਚੇ ਰਸਤੇ ਤੋਂ ਨਸ਼ੇ ਦੇ ਟੀਕੇ ਸਮੇਤ ਬਰਾਮਦ ਹੋਈ। ਉਨ੍ਹਾਂ ਕਿਹਾ ਕਿ ਮ੍ਰਿਤਕ ਭੁਪਿੰਦਰ ਦੇ ਬੇਵੱਸ ਪਿਤਾ ਅਮਰਦੀਪ ਸਿੰਘ ਦਾ ਇਹ ਬਿਆਨ ਕਿ ਉਨ੍ਹਾਂ ਦਾ ਪੁੱਤਰ ਖਾਣ-ਪੀਣ ਦੇ ਬਹਾਨੇ 500 ਰੁਪਏ ਲੈ ਕੇ ਗਿਆ ਸੀ ਅਤੇ ਉਸੇ ਰਕਮ ਨਾਲ ਨਸ਼ੇ ਦਾ ਟੀਕਾ ਖ਼ਰੀਦ ਕੇ ਮੌਤ ਦੇ ਮੂੰਹ ਜਾ ਪਿਆ, ਪੰਜਾਬ ਦੇ ਹਰ ਸੰਵੇਦਨਸ਼ੀਲ ਨਾਗਰਿਕ ਦਾ ਦਿਲ ਦਹਿਲਾ ਦੇਣ ਵਾਲਾ ਹੈ। ਮੁੱਖ ਮੰਤਰੀ ਦੀ ਸੁਰੱਖਿਆ ਲਈ ਤਾਂ ਸੈਂਕੜੇ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਜਾ ਸਕਦੇ ਹਨ, ਪਰ ਪੰਜਾਬ ਦੀ ਜਵਾਨੀ ਨੂੰ ਨਸ਼ੇ ਦੀ ਦਲਦਲ ਵਿੱਚੋਂ ਕੱਢਣ ਲਈ ਸਰਕਾਰ ਕੋਲ ਕੋਈ ਠੋਸ ਨੀਤੀ ਜਾਂ ਇੱਛਾ ਸ਼ਕਤੀ ਨਹੀਂ ਹੈ।
ਛੋਟੇ ਮੁਲਜ਼ਮਾਂ ਦੀ ਖ਼ਾਨਾਪੂਰਤੀ ਬੰਦ ਹੋਵੇ; ਵੱਡੇ ਨਸ਼ਾ ਤਸਕਰਾਂ ’ਤੇ ਕਤਲ ਦੇ ਕੇਸ ਦਰਜ ਕਰਕੇ ਜੇਲ੍ਹੀਂ ਡੱਕਿਆ ਜਾਵੇ-
ਜ਼ਿਲ੍ਹਾ ਪ੍ਰਧਾਨ ਨੇ ਮੰਗ ਕੀਤੀ ਕਿ ਨਸ਼ੇ ਦੀ ਸਪਲਾਈ ਚੇਨ ਤੋੜਨ ਲਈ ਸਿਰਫ਼ ਛੋਟੇ-ਮੋਟੇ ਮੁਲਜ਼ਮਾਂ ਨੂੰ ਫੜ ਕੇ ਖ਼ਾਨਾਪੂਰਤੀ ਕਰਨ ਦਾ ਸਿਲਸਿਲਾ ਤੁਰੰਤ ਬੰਦ ਹੋਣਾ ਚਾਹੀਦਾ ਹੈ। ਉਨ੍ਹਾਂ ਪੀੜਤ ਪਰਿਵਾਰ ਦੀ ਮੰਗ ਦੀ ਪੁਰਜ਼ੋਰ ਹਮਾਇਤ ਕਰਦਿਆਂ ਕਿਹਾ ਕਿ ਇਲਾਕੇ ਵਿੱਚ ਜ਼ਹਿਰ ਸਪਲਾਈ ਕਰਨ ਵਾਲੇ ਮੁੱਖ ਨਸ਼ਾ ਤਸਕਰਾਂ ਦੀ ਤਹਿ ਤੱਕ ਜਾਂਚ ਕੀਤੀ ਜਾਵੇ ਅਤੇ ਉਨ੍ਹਾਂ ਖ਼ਿਲਾਫ਼ ਸਿੱਧਾ ਕਤਲ ਦਾ ਮੁਕੱਦਮਾ ਦਰਜ ਕਰਕੇ ਸਖ਼ਤ ਸਜ਼ਾਵਾਂ ਯਕੀਨੀ ਬਣਾਈਆਂ ਜਾਣ। ਗਗਨਦੀਪ ਸੰਨੀ ਕੈਂਥ ਨੇ ਚੇਤਾਵਨੀ ਦਿੱਤੀ ਕਿ ਜੇਕਰ ਮਾਛੀਵਾੜਾ ਅਤੇ ਸਮੁੱਚੇ ਲੁਧਿਆਣਾ ਦਿਹਾਤੀ ਹਲਕੇ ਵਿੱਚ ਨਸ਼ਾ ਤਸਕਰਾਂ ਖ਼ਿਲਾਫ਼ ਫ਼ੈਸਲਾਕੁੰਨ ਕਾਰਵਾਈ ਨਾ ਕੀਤੀ ਗਈ, ਤਾਂ ਭਾਰਤੀ ਜਨਤਾ ਪਾਰਟੀ ਲੋਕਾਂ ਨੂੰ ਨਾਲ ਲੈ ਕੇ ਸੜਕਾਂ ’ਤੇ ਉਤਰੇਗੀ ਅਤੇ ਸਰਕਾਰ ਦੀ ਨਾਕਾਮੀ ਖ਼ਿਲਾਫ਼ ਤਿੱਖਾ ਲੋਕ-ਸੰਘਰਸ਼ ਵਿੱਢੇਗੀ।