October 9, 2026

Justice News

ਅਵਾਮ ਦੀ ਆਵਾਜ਼

ਕੈਬਨਿਟ ਮੰਤਰੀ ਮੁੰਡੀਆਂ ਨੇ ‘ਮੇਰਾ ਘਰ, ਮੇਰੇ ਨਾਮ’ ਸਕੀਮ ਤਹਿਤ ਪਿੰਡ ਲਾਟੋ ਦਾਣਾ ਦੇ 60 ਪਰਿਵਾਰਾਂ ਨੂੰ ਪ੍ਰਾਪਰਟੀ ਕਾਰਡ ਸੌਂਪੇ*ਲਾਲ ਲਕੀਰ ਅੰਦਰ ਰਹਿੰਦੇ ਯੋਗ ਪਰਿਵਾਰਾਂ ਨੂੰ ਮਿਲੀ ਘਰਾਂ ਦੀ ਮਾਲਕੀ ਦੀ ਦਸਤਾਵੇਜ਼ੀ ਪਛਾਣ: ਹਰਦੀਪ ਸਿੰਘ ਮੁੰਡੀਆਂ* 

ਸਾਹਨੇਵਾਲ (ਲੁਧਿਆਣਾ),
: (ਵਿਜੇ ਭਾਂਬਰੀ)-
ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਹਰਦੀਪ ਸਿੰਘ ਮੁੰਡੀਆਂ ਨੇ ਅੱਜ ਵਿਧਾਨ ਸਭਾ ਹਲਕਾ ਸਾਹਨੇਵਾਲ ਦੇ ਪਿੰਡ ਲਾਟੋ ਦਾਣਾ ਵਿਖੇ ‘ਮੇਰਾ ਘਰ, ਮੇਰੇ ਨਾਮ’ ਸਕੀਮ ਤਹਿਤ 60 ਪਰਿਵਾਰਾਂ ਨੂੰ ਪ੍ਰਾਪਰਟੀ ਕਾਰਡ ਸੌਂਪਦਿਆਂ ਕਿਹਾ ਕਿ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੋਕਾਂ ਦੇ ਘਰਾਂ ਨਾਲ ਜੁੜੇ ਹੱਕਾਂ ਨੂੰ ਮਜ਼ਬੂਤ ਕਰਨ ਲਈ ਵਚਨਬੱਧ ਹੈ।
ਕੈਬਨਿਟ ਮੰਤਰੀ ਸ੍ਰੀ ਹਰਦੀਪ ਸਿੰਘ ਮੁੰਡੀਆਂ ਨੇ ਕਿਹਾ ਜਿਨ੍ਹਾਂ ਘਰਾਂ ਵਿੱਚ ਪਰਿਵਾਰਾਂ ਦੀਆਂ ਕਈ ਪੀੜ੍ਹੀਆਂ ਵਸਦੀਆਂ ਆਈਆਂ ਹਨ, ਉਨ੍ਹਾਂ ਘਰਾਂ ਦੀ ਮਾਲਕੀ ਦੀ ਦਸਤਾਵੇਜ਼ੀ ਪਛਾਣ ਮਿਲਣਾ ਪਰਿਵਾਰਾਂ ਲਈ ਭਰੋਸੇ ਅਤੇ ਤਸੱਲੀ ਦਾ ਅਹਿਮ ਪਲ ਹੈ।
ਉਹਨਾਂ ਨੇ ਕਿਹਾ ਕਿ ਆਪਣਾ ਘਰ ਸਿਰਫ਼ ਇੱਟਾਂ ਅਤੇ ਕੰਧਾਂ ਦੀ ਉਸਾਰੀ ਨਹੀਂ ਹੁੰਦਾ, ਸਗੋਂ ਇਸ ਨਾਲ ਪਰਿਵਾਰ ਦੀ ਮਿਹਨਤ, ਯਾਦਾਂ ਅਤੇ ਆਉਣ ਵਾਲੀਆਂ ਪੀੜ੍ਹੀਆਂ ਦਾ ਭਵਿੱਖ ਜੁੜਿਆ ਹੁੰਦਾ ਹੈ। ਉਨ੍ਹਾਂ ਕਿਹਾ ਕਿ ਲਾਲ ਲਕੀਰ ਅੰਦਰ ਆਪਣੇ ਘਰਾਂ ਵਿੱਚ ਲੰਮੇ ਸਮੇਂ ਤੋਂ ਰਹਿ ਰਹੇ ਪਰਿਵਾਰਾਂ ਨੂੰ ਮਾਲਕੀ ਸਬੰਧੀ ਦਸਤਾਵੇਜ਼ ਮਿਲਣ ਨਾਲ ਉਨ੍ਹਾਂ ਦੇ ਮਨ ਵਿੱਚ ਆਪਣੇ ਘਰ ਪ੍ਰਤੀ ਭਰੋਸਾ ਹੋਰ ਮਜ਼ਬੂਤ ਹੁੰਦਾ ਹੈ।
ਸ੍ਰੀ ਮੁੰਡੀਆਂ ਨੇ ਕਿਹਾ, “ਜਿਸ ਘਰ ਵਿੱਚ ਕਿਸੇ ਪਰਿਵਾਰ ਦੇ ਬਜ਼ੁਰਗਾਂ ਨੇ ਆਪਣੀ ਜ਼ਿੰਦਗੀ ਬਿਤਾਈ ਹੋਵੇ ਅਤੇ ਜਿੱਥੇ ਅੱਜ ਉਸ ਦੇ ਬੱਚੇ ਆਪਣਾ ਭਵਿੱਖ ਸਵਾਰ ਰਹੇ ਹੋਣ, ਉਸ ਘਰ ਦੀ ਮਾਲਕੀ ਦਾ ਦਸਤਾਵੇਜ਼ ਮਿਲਣਾ ਬਹੁਤ ਮਹੱਤਵ ਰੱਖਦਾ ਹੈ। ਅੱਜ ਲਾਟੋ ਦਾਣਾ ਦੇ 60 ਪਰਿਵਾਰਾਂ ਨੂੰ ਪ੍ਰਾਪਰਟੀ ਕਾਰਡ ਸੌਂਪ ਕੇ ਉਨ੍ਹਾਂ ਦੇ ਆਪਣੇ ਘਰ ਨਾਲ ਜੁੜੇ ਭਰੋਸੇ ਅਤੇ ਸਨਮਾਨ ਨੂੰ ਹੋਰ ਮਜ਼ਬੂਤੀ ਦਿੱਤੀ ਗਈ ਹੈ।”
ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਕਈ ਪਰਿਵਾਰ ਪੀੜ੍ਹੀਆਂ ਤੋਂ ਆਪਣੇ ਘਰਾਂ ਵਿੱਚ ਰਹਿੰਦੇ ਆਏ ਹਨ, ਪਰ ਮਾਲਕੀ ਸਬੰਧੀ ਰਸਮੀ ਰਿਕਾਰਡ ਦੀ ਘਾਟ ਉਨ੍ਹਾਂ ਲਈ ਮੁਸ਼ਕਲਾਂ ਦਾ ਕਾਰਨ ਬਣਦੀ ਰਹੀ ਹੈ। ‘ਮੇਰਾ ਘਰ, ਮੇਰੇ ਨਾਮ’ ਸਕੀਮ ਅਜਿਹੇ ਯੋਗ ਪਰਿਵਾਰਾਂ ਨੂੰ ਉਨ੍ਹਾਂ ਦੇ ਘਰਾਂ ਦੀ ਮਾਲਕੀ ਦੀ ਦਸਤਾਵੇਜ਼ੀ ਪਛਾਣ ਮੁਹੱਈਆ ਕਰਵਾਉਣ ਦਾ ਅਹਿਮ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਘਰ ਅਤੇ ਉਸ ਦੀ ਮਾਲਕੀ ਸਬੰਧੀ ਵੇਰਵੇ ਸਪੱਸ਼ਟ ਹੋਣ ਨਾਲ ਪਰਿਵਾਰਾਂ ਨੂੰ ਆਪਣੇ ਘਰ ਦੀ ਸੰਭਾਲ, ਸੁਧਾਰ ਅਤੇ ਭਵਿੱਖ ਦੀ ਯੋਜਨਾਬੰਦੀ ਲਈ ਵਧੇਰੇ ਭਰੋਸਾ ਮਿਲਦਾ ਹੈ।
ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਲੋਕ-ਭਲਾਈ ਪਹਿਲਕਦਮੀਆਂ ਦਾ ਅਸਲ ਮਕਸਦ ਲੋਕਾਂ ਦੀ ਜ਼ਿੰਦਗੀ ਵਿੱਚ ਸਹੂਲਤ ਅਤੇ ਤਸੱਲੀ ਲਿਆਉਣਾ ਹੈ। ਉਨ੍ਹਾਂ ਕਿਹਾ ਕਿ ਹਲਕਾ ਸਾਹਨੇਵਾਲ ਦੇ ਲੋਕਾਂ ਦੀਆਂ ਲੋੜਾਂ ਅਤੇ ਮੁਸ਼ਕਲਾਂ ਦੇ ਹੱਲ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਯੋਗ ਲਾਭਪਾਤਰੀਆਂ ਤੱਕ ਸਰਕਾਰੀ ਸਕੀਮਾਂ ਦਾ ਲਾਭ ਪਹੁੰਚਾਉਣ ਨੂੰ ਤਰਜੀਹ ਦਿੱਤੀ ਜਾ ਰਹੀ ਹੈ।
ਸ੍ਰੀ ਮੁੰਡੀਆਂ ਨੇ ਲਾਭਪਾਤਰੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪ੍ਰਾਪਰਟੀ ਕਾਰਡ ਸੰਭਾਲ ਕੇ ਰੱਖਣ ਅਤੇ ਇਨ੍ਹਾਂ ਵਿੱਚ ਦਰਜ ਨਾਮ ਤੇ ਜਾਇਦਾਦ ਸਬੰਧੀ ਵੇਰਵਿਆਂ ਦੀ ਜਾਂਚ ਕਰਨ। ਕਿਸੇ ਵੇਰਵੇ ਵਿੱਚ ਗ਼ਲਤੀ ਹੋਣ ਦੀ ਸੂਰਤ ਵਿੱਚ ਸਬੰਧਤ ਅਧਿਕਾਰੀਆਂ ਨਾਲ ਸੰਪਰਕ ਕੀਤਾ ਜਾਵੇ, ਤਾਂ ਜੋ ਨਿਯਮਾਂ ਅਨੁਸਾਰ ਰਿਕਾਰਡ ਦੀ ਦਰੁਸਤੀ ਕਰਵਾਈ ਜਾ ਸਕੇ।
ਉਨ੍ਹਾਂ ਕਿਹਾ ਕਿ ਹਲਕੇ ਦੇ ਬਾਕੀ ਲਾਭਪਾਤਰੀਆਂ ਨੂੰ ਵੀ ਜਲਦੀ ਪ੍ਰਾਪਰਟੀ ਕਾਰਡ ਸੌਂਪੇ ਜਾਣਗੇ। ਸ੍ਰੀ ਮੁੰਡੀਆਂ ਨੇ ਕਿਹਾ, “ਸਾਡਾ ਉਦੇਸ਼ ਹੈ ਕਿ ਹਰ ਯੋਗ ਪਰਿਵਾਰ ਨੂੰ ਆਪਣੇ ਘਰ ਦੀ ਮਾਲਕੀ ਸਬੰਧੀ ਸਪੱਸ਼ਟ ਰਿਕਾਰਡ ਮਿਲੇ ਅਤੇ ਉਹ ਆਪਣੇ ਪਰਿਵਾਰ ਦੇ ਭਵਿੱਖ ਦੀ ਯੋਜਨਾ ਹੋਰ ਭਰੋਸੇ ਨਾਲ ਬਣਾ ਸਕੇ।”
ਇਸ ਮੌਕੇ ਮਾਲ ਵਿਭਾਗ ਦੇ ਅਧਿਕਾਰੀਆਂ ਤੋਂ ਇਲਾਵਾ ਪਿੰਡ ਲਾਟੋ ਦਾਣਾ ਦੀ ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

Leave a Reply

Your email address will not be published. Required fields are marked *

Copyright © All rights reserved. | Newsphere by AF themes.