ਹਰਿਆਣਾ ਨਿਊਜ਼
ਹਰਿਆਣਾ ਵਿੱਚ ਅਧਿਕਾਰੀ ਸਕੂਲਾਂ ਵਿੱਚ ਜਾ ਕੇ ਲੈਣਗੇ ਵਿਦਿਅਕ ਮਾਹੌਲ ਅਤੇ ਬੁਨਿਆਦੀ ਸਹੂਲਤਾਂ ਦਾ ਜਾਇਜ਼ਾ; ਏ.ਸੀ.ਆਰ. ਵਿੱਚ ਦਰਜ ਹੋਣਗੀਆਂ ਸਕੂਲ ਵਿਜ਼ਿਟ ਅਤੇ ਨਿਰੀਖਣ ਰਿਪੋਰਟਾਂ
ਕਲਾਸ-I ਅਤੇ II ਦੇ ਅਧਿਕਾਰੀਆਂ ਦੀ ਏ.ਸੀ.ਆਰ. ਵਿੱਚ ਜੋੜਿਆ ਜਾਵੇਗਾ ਵਿਸ਼ੇਸ਼ ਕਾਲਮ; ਗੋਦ ਲਏ ਗਏ ਸਕੂਲਾਂ ਦਾ ਸਾਲ ਵਿੱਚ ਘੱਟੋ-ਘੱਟ ਤਿੰਨ ਵਾਰ ਕਰਨਾ ਹੋਵੇਗਾ ਦੌਰਾ
ਚੰਡੀਗੜ੍ਹ
( ਜਸਟਿਸ ਨਿਊਜ਼ )
ਹਰਿਆਣਾ ਵਿੱਚ ਸਰਕਾਰੀ ਸਕੂਲਾਂ ਦੀ ਵਿਦਿਅਕ ਗੁਣਵੱਤਾ ਅਤੇ ਕਾਰਜਪ੍ਰਣਾਲੀ ਵਿੱਚ ਸੁਧਾਰ ਲਿਆਉਣ ਲਈ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਜਵਾਬਦੇਹੀ ਯਕੀਨੀ ਬਣਾਈ ਜਾਵੇਗੀ। ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ ਨੇ ਨਿਰਦੇਸ਼ ਦਿੱਤੇ ਹਨ ਕਿ ਕਲਾਸ-I ਅਤੇ II ਦੇ ਅਧਿਕਾਰੀਆਂ ਦੀ ਸਾਲਾਨਾ ਗੁਪਤ ਰਿਪੋਰਟ (ਏ.ਸੀ.ਆਰ.) ਵਿੱਚ ਉਨ੍ਹਾਂ ਵੱਲੋਂ ਗੋਦ ਲਏ ਗਏ ਸਕੂਲਾਂ, ਸਕੂਲਾਂ ਦੇ ਦੌਰਿਆਂ ਅਤੇ ਨਿਰੀਖਣਾਂ ਦਾ ਵੇਰਵਾ ਦਰਜ ਕਰਨ ਲਈ ਇੱਕ ਵਿਸ਼ੇਸ਼ ਕਾਲਮ ਜੋੜਿਆ ਜਾਵੇ। ਇਸ ਲਈ ਅਧਿਕਾਰੀਆਂ ਨੂੰ ਚਾਲੂ ਰਿਪੋਰਟਿੰਗ ਸਾਲ ਤੋਂ ਹੀ ਨਿਰਧਾਰਤ ਫਾਰਮੈਟ ਵਿੱਚ ਲੋੜੀਂਦੀਆਂ ਤਬਦੀਲੀਆਂ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਮੁੱਖ ਸਕੱਤਰ ਅੱਜ ਇੱਥੇ ਵੀਡੀਓ ਕਾਨਫਰੰਸਿੰਗ ਰਾਹੀਂ ਸੀਨੀਅਰ ਅਧਿਕਾਰੀਆਂ ਅਤੇ ਸਾਰੇ ਡਿਪਟੀ ਕਮਿਸ਼ਨਰਾਂ ਨਾਲ ‘ਸਕੂਲ ਅਡਾਪਸ਼ਨ’ ਪਹਿਲਕਦਮੀ ਅਤੇ ਮਾਸਿਕ ਸਕੂਲ ਦੌਰਿਆਂ ਦੀ ਪ੍ਰਗਤੀ ਦੀ ਸਮੀਖਿਆ ਕਰ ਰਹੇ ਸਨ।
ਉਨ੍ਹਾਂ ਕਿਹਾ ਕਿ ਅਧਿਕਾਰੀਆਂ ਵੱਲੋਂ ਸਕੂਲਾਂ ਦਾ ਦੌਰਾ ਸਿਰਫ਼ ਰਸਮੀ ਨਿਰੀਖਣ ਤੱਕ ਸੀਮਤ ਨਹੀਂ ਰਹਿਣਾ ਚਾਹੀਦਾ, ਸਗੋਂ ਉਨ੍ਹਾਂ ਨੂੰ ਵਿਦਿਆਰਥੀਆਂ ਅਤੇ ਅਧਿਆਪਕਾਂ ਨਾਲ ਗੱਲਬਾਤ ਕਰਕੇ ਸਕੂਲਾਂ ਦੇ ਵਿਦਿਅਕ ਮਾਹੌਲ, ਉਪਲਬਧ ਬੁਨਿਆਦੀ ਸਹੂਲਤਾਂ ਅਤੇ ਸਰੋਤਾਂ ਦੀ ਪ੍ਰਭਾਵਸ਼ਾਲੀ ਵਰਤੋਂ ਦਾ ਮੁਲਾਂਕਣ ਕਰਨਾ ਚਾਹੀਦਾ ਹੈ।
ਸ੍ਰੀ ਅਨੁਰਾਗ ਰਸਤੋਗੀ ਨੇ ਨਿਰਦੇਸ਼ ਦਿੱਤੇ ਕਿ ਏ.ਸੀ.ਆਰ. ਵਿੱਚ ਜੋੜੇ ਜਾਣ ਵਾਲੇ ਵਿਸ਼ੇਸ਼ ਕਾਲਮ ਵਿੱਚ ਅਧਿਕਾਰੀ ਵੱਲੋਂ ਗੋਦ ਲਏ ਗਏ ਸਕੂਲ ਦਾ ਨਾਮ, ਉੱਥੇ ਕੀਤੇ ਗਏ ਦੌਰਿਆਂ ਦੀ ਗਿਣਤੀ ਅਤੇ ਨਿਰੀਖਣ ਦੌਰਾਨ ਕੀਤੀ ਗਈ ਸਮੀਖਿਆ ਦਾ ਵੇਰਵਾ ਦਰਜ ਕੀਤਾ ਜਾਵੇ। ਇਸ ਤੋਂ ਇਲਾਵਾ, ਅਧਿਕਾਰੀਆਂ ਨੂੰ ਆਪਣੀ ਸਾਲਾਨਾ ਸਵੈ-ਮੁਲਾਂਕਣ ਰਿਪੋਰਟ ਦੇ ਨਾਲ ਸਕੂਲ ਨਿਰੀਖਣ ਰਿਪੋਰਟ ਵੀ ਨੱਥੀ ਕਰਨੀ ਹੋਵੇਗੀ। ਮੁੱਖ ਸਕੱਤਰ ਨੇ ਇਸ ਸਬੰਧ ਵਿੱਚ ਸਾਰੇ ਪ੍ਰਸ਼ਾਸਨਿਕ ਸਕੱਤਰਾਂ ਅਤੇ ਵਿਭਾਗਾਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਜਾਰੀ ਕਰਨ ਲਈ ਕਿਹਾ।
ਸ੍ਰੀ ਰਸਤੋਗੀ ਨੇ ਕਿਹਾ ਕਿ ਇਸ ਪਹਿਲਕਦਮੀ ਦਾ ਉਦੇਸ਼ ਅਧਿਕਾਰੀਆਂ ਦੀ ਰੈਗੂਲਰ ਭਾਗੀਦਾਰੀ ਰਾਹੀਂ ਸਰਕਾਰੀ ਸਕੂਲਾਂ ਦੀ ਕਾਰਜਪ੍ਰਣਾਲੀ ਨੂੰ ਬਿਹਤਰ ਬਣਾਉਣਾ ਹੈ। ਉਨ੍ਹਾਂ ਅਧਿਕਾਰੀਆਂ ਨੂੰ ਵਿਦਿਆਰਥੀਆਂ ਅਤੇ ਅਧਿਆਪਕਾਂ ਨਾਲ ਗੱਲਬਾਤ ਕਰਨ, ਪੜ੍ਹਾਈ-ਲਿਖਾਈ ਦੀਆਂ ਗਤੀਵਿਧੀਆਂ ਦੀ ਸਥਿਤੀ ਨੂੰ ਸਮਝਣ, ਉਪਲਬਧ ਸਹੂਲਤਾਂ ਦੀ ਵਰਤੋਂ ਦੀ ਸਮੀਖਿਆ ਕਰਨ ਅਤੇ ਸੁਧਾਰ ਦੀ ਲੋੜ ਵਾਲੇ ਖੇਤਰਾਂ ਦੀ ਪਛਾਣ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਇਸ ਪਹਿਲਕਦਮੀ ਦਾ ਅੰਤਿਮ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਹਰੇਕ ਸਕੂਲ ਆਪਣੀ ਪੂਰੀ ਸਮਰੱਥਾ ਅਨੁਸਾਰ ਬਿਹਤਰ ਢੰਗ ਨਾਲ ਕੰਮ ਕਰੇ।
ਮੁੱਖ ਸਕੱਤਰ ਨੇ ਇਹ ਵੀ ਨਿਰਦੇਸ਼ ਦਿੱਤੇ ਕਿ ਸਕੂਲਾਂ ਦਾ ਨਿਰੀਖਣ ਨਿਰਧਾਰਤ ਮਿਆਰੀ ਸੰਚਾਲਨ ਪ੍ਰਕਿਰਿਆ (ਐਸ.ਓ.ਪੀ.) ਅਨੁਸਾਰ ਕੀਤਾ ਜਾਵੇ ਅਤੇ ਨਿਰੀਖਣ ਦੌਰਾਨ ਸਾਹਮਣੇ ਆਏ ਤੱਥਾਂ ਅਤੇ ਸੁਝਾਵਾਂ ਨੂੰ ਢੁਕਵੇਂ ਢੰਗ ਨਾਲ ਦਰਜ ਕੀਤਾ ਜਾਵੇ, ਤਾਂ ਜੋ ਉਨ੍ਹਾਂ ‘ਤੇ ਅੱਗੇ ਲੋੜੀਂਦੀ ਕਾਰਵਾਈ ਕੀਤੀ ਜਾ ਸਕੇ।
ਮੀਟਿੰਗ ਵਿੱਚ ਸਕੂਲ ਸਿੱਖਿਆ ਵਿਭਾਗ ਦੇ ਪ੍ਰਧਾਨ ਸਕੱਤਰ ਸ੍ਰੀ ਵਿਜੇ ਦਹੀਆ ਨੇ ਦੱਸਿਆ ਕਿ ਅਧਿਕਾਰੀਆਂ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਆਪਣੇ ਵੱਲੋਂ ਗੋਦ ਲਏ ਗਏ ਸਕੂਲਾਂ ਦਾ ਸਾਲ ਵਿੱਚ ਘੱਟੋ-ਘੱਟ ਤਿੰਨ ਵਾਰ ਦੌਰਾ ਕਰਨ ਅਤੇ ਨਿਰੀਖਣ ਰਿਪੋਰਟ ਨਿਰਧਾਰਤ ਪੋਰਟਲ ‘ਤੇ ਅਪਲੋਡ ਕਰਨ। ਉਨ੍ਹਾਂ ਕਿਹਾ ਕਿ ਏ.ਸੀ.ਆਰ. ਵਿੱਚ ਨਿਰੀਖਣ ਸਬੰਧੀ ਵੇਰਵਾ ਸ਼ਾਮਲ ਕਰਨ ਨਾਲ ਪ੍ਰਸ਼ਾਸਨਿਕ ਜ਼ਿੰਮੇਵਾਰੀ ਅਤੇ ਸਕੂਲਾਂ ਦੇ ਅਸਲ ਸੁਧਾਰ ਵਿਚਕਾਰ ਬਿਹਤਰ ਤਾਲਮੇਲ ਸਥਾਪਿਤ ਹੋਵੇਗਾ।
ਇਸ ਵਿਵਸਥਾ ਨਾਲ ਸਕੂਲਾਂ ਵਿੱਚ ਉਪਲਬਧ ਸਹੂਲਤਾਂ, ਪੜ੍ਹਾਈ ਦੀ ਵਿਵਸਥਾ ਅਤੇ ਸਰੋਤਾਂ ਦੀ ਵਰਤੋਂ ਦੀ ਨਿਯਮਤ ਨਿਗਰਾਨੀ ਕੀਤੀ ਜਾ ਸਕੇਗੀ। ਇਸ ਦੇ ਨਾਲ ਹੀ ਸਾਹਮਣੇ ਆਉਣ ਵਾਲੀਆਂ ਕਮੀਆਂ ਦੀ ਪਛਾਣ ਕਰਕੇ ਸਮੇਂ ਸਿਰ ਸੁਧਾਰਾਤਮਕ ਕਦਮ ਚੁੱਕਣ ਵਿੱਚ ਵੀ ਮਦਦ ਮਿਲੇਗੀ।
ਪੰਚਾਇਤਾਂ ਅਤੇ ਨਗਰ ਨਿਕਾਏ ਦੇ ਅਧਿਕਾਰਾਂ ਦੇ ਤਬਾਦਲੇ, ਵਿੱਤੀ ਸਥਿਰਤਾ ਅਤੇ ਪ੍ਰਭਾਵੀ ਸੇਵਾ ਪ੍ਰਦਾਨਗੀ ਬਾਰੇ ਦੋ ਰੋਜ਼ਾ ਰਾਸ਼ਟਰੀ ਸਮੇਲਨ ਦਾ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕੀਤਾ ਉਦਘਾਟਨ
ਚੰਡੀਗੜ੍ਹ
(ਜਸਟਿਸ ਨਿਊਜ਼ )
ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਵਿਕਸਿਤ ਭਾਰਤ-2047 ਦੀ ਪਰਿਕਲਪਨਾ ਉਦੋਂ ਹੀ ਸਾਕਾਰ ਹੋਵੇਗੀ, ਜਦੋਂ ਦੇਸ਼ ਦਾ ਹਰ ਪਿੰਡ ਅਤੇ ਸ਼ਹਿਰ ਦਾ ਹਰ ਵਾਰਡ ਆਤਮਨਿਰਭਰ ਅਤੇ ਮਜਬੂਤ ਬਣੇਗਾ। ਪੰਚਾਇਤਾਂ ਅਤੇ ਨਗਰ ਨਿਕਾਏ ਨੂੰ ਸਿਰਫ਼ ਸਰਕਾਰੀ ਬਜਟ ‘ਤੇ ਨਿਰਭਰ ਰਹਿਣ ਦੀ ਬਜਾਏ ਆਪਣੀ ਆਮਦਨ ਦੇ ਨਵੇਂ ਸਰੋਤ ਵਿਕਸਿਤ ਕਰਨੇ ਹੋਣਗੇ। ਇਸ ਲਈ ਸਥਾਨਕ ਸਰੋਤਾਂ ਦੀ ਬਿਹਤਰ ਵਰਤੋਂ, ਵਿੱਤੀ ਪ੍ਰਬੰਧਨ ਅਤੇ ਲੋਕਾਂ ਦੀ ਭਾਗੀਦਾਰੀ ਯਕੀਨੀ ਬਣਾਉਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸਥਾਨਕ ਸਰਕਾਰਾਂ ਨੂੰ ਅਧਿਕਾਰਾਂ, ਸਮਰੱਥਾ ਅਤੇ ਆਪਣੇ ਵਿੱਤੀ ਸਰੋਤਾਂ ਦੇ ਆਧਾਰ ‘ਤੇ ਆਤਮਨਿਰਭਰ ਬਣਾਉਣਾ ਹੀ ਇਸ ਰਾਸ਼ਟਰੀ ਸਮੇਲਨ ਦਾ ਮੁੱਖ ਉਦੇਸ਼ ਹੈ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਸੋਮਵਾਰ ਨੂੰ ਗੁਰੂਗ੍ਰਾਮ ਦੇ ਸੈਕਟਰ-51 ਸਥਿਤ ਗੁਰੂਗ੍ਰਾਮ ਯੂਨੀਵਰਸਿਟੀ ਵਿੱਚ ਸਵਰਨ ਜਯੰਤੀ ਹਰਿਆਣਾ ਵਿੱਤੀ ਪ੍ਰਬੰਧਨ ਸੰਸਥਾਨ (ਐਸ.ਜੇ.ਐਚ.ਆਈ.ਐਫ.ਐਮ.) ਵੱਲੋਂ ਆਯੋਜਿਤ ਦੋ ਰੋਜ਼ਾ ਰਾਸ਼ਟਰੀ ਸਮੇਲਨ ਦੇ ਉਦਘਾਟਨੀ ਸੈਸ਼ਨ ਨੂੰ ਮੁੱਖ ਮਹਿਮਾਨ ਵਜੋਂ ਸੰਬੋਧਿਤ ਕਰ ਰਹੇ ਸਨ। ਮੁੱਖ ਮੰਤਰੀ ਨੇ ਦੀਪ ਜਗਾ ਕੇ ਸਮੇਲਨ ਦਾ ਉਦਘਾਟਨ ਕੀਤਾ। ਪੰਚਾਇਤਾਂ ਅਤੇ ਨਗਰ ਨਿਕਾਏ ਨੂੰ ਅਧਿਕਾਰਾਂ ਦਾ ਤਬਾਦਲਾ, ਵਿੱਤੀ ਸਥਿਰਤਾ ਅਤੇ ਪ੍ਰਭਾਵੀ ਸੇਵਾ ਪ੍ਰਦਾਨਗੀ ਵਰਗੇ ਮਹੱਤਵਪੂਰਨ ਵਿਸ਼ਿਆਂ ‘ਤੇ ਆਯੋਜਿਤ ਇਸ ਸਮੇਲਨ ਵਿੱਚ ਕੇਂਦਰੀ ਊਰਜਾ ਅਤੇ ਆਵਾਸ ਤੇ ਸ਼ਹਿਰੀ ਮਾਮਲੇ ਮੰਤਰੀ ਸ੍ਰੀ ਮਨੋਹਰ ਲਾਲ ਵਿਸ਼ੇਸ਼ ਮਹਿਮਾਨ ਵਜੋਂ ਮੌਜੂਦ ਰਹੇ। ਪ੍ਰੋਗਰਾਮ ਵਿੱਚ ਵਿਕਾਸ ਤੇ ਪੰਚਾਇਤ ਮੰਤਰੀ ਸ੍ਰੀ ਕ੍ਰਿਸ਼ਨ ਲਾਲ ਪੰਵਾਰ ਅਤੇ ਸ਼ਹਿਰੀ ਸਥਾਨਕ ਸਰਕਾਰ ਮੰਤਰੀ ਸ੍ਰੀ ਵਿਪੁਲ ਗੋਇਲ ਦੇ ਨਾਲ-ਨਾਲ ਸਵਰਨ ਜਯੰਤੀ ਹਰਿਆਣਾ ਵਿੱਤੀ ਪ੍ਰਬੰਧਨ ਸੰਸਥਾਨ (ਐਸ.ਜੇ.ਐਚ.ਆਈ.ਐਫ.ਐਮ.) ਦੇ ਡਾਇਰੈਕਟਰ ਜਨਰਲ ਡਾ. ਰਾਜ ਨੇਹਰੂ ਵੀ ਮੌਜੂਦ ਰਹੇ।
ਮੁੱਖ ਮੰਤਰੀ ਨੇ ਕਿਹਾ, ਪਿੰਡ ਵਿਕਾਸ ਦੀ ਆਖਰੀ ਕੜੀ ਨਹੀਂ, ਸਗੋਂ ਵਿਕਾਸ ਦਾ ਕੇਂਦਰ ਹੈ
ਮੁੱਖ ਮੰਤਰੀ ਨੇ ਕਿਹਾ ਕਿ ਸੰਵਿਧਾਨ ਦੇ 73ਵੇਂ ਅਤੇ 74ਵੇਂ ਸੋਧਾਂ ਰਾਹੀਂ ਪੰਚਾਇਤਾਂ ਅਤੇ ਨਗਰ ਨਿਕਾਏ ਨੂੰ ਸੰਵਿਧਾਨਕ ਦਰਜਾ ਦਿੱਤਾ ਗਿਆ ਸੀ, ਪਰ ਹੁਣ ਇਨ੍ਹਾਂ ਨੂੰ ਅਸਲ ਰੂਪ ਵਿੱਚ ਮਜਬੂਤ ਸਥਾਨਕ ਸਰਕਾਰਾਂ ਵਜੋਂ ਵਿਕਸਿਤ ਕਰਨਾ ਸਾਡੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਮਹਾਤਮਾ ਗਾਂਧੀ ਦੇ ਗ੍ਰਾਮ ਸਵਰਾਜ ਦੇ ਸੁਪਨੇ ਨੂੰ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਮੌਜੂਦਾ ਲੋੜਾਂ ਨਾਲ ਜੋੜਨ ਦਾ ਕੰਮ ਕੀਤਾ ਹੈ। ਪਿੰਡ ਵਿਕਾਸ ਦੀ ਆਖਰੀ ਕੜੀ ਨਹੀਂ, ਸਗੋਂ ਵਿਕਾਸ ਦਾ ਕੇਂਦਰ ਹੈ। ਉਨ੍ਹਾਂ ਕਿਹਾ ਕਿ ਗ੍ਰਾਮ ਸਭਾ ਦੀਆਂ ਤਰਜੀਹਾਂ ਹੀ ਪੰਚਾਇਤਾਂ ਦੀ ਕਾਰਜ ਯੋਜਨਾ ਦਾ ਆਧਾਰ ਹੋਣੀਆਂ ਚਾਹੀਦੀਆਂ ਹਨ। ਸਰਪੰਚ ਅਤੇ ਕੌਂਸਲਰ ਲੋਕਤੰਤਰ ਦੀ ਜ਼ਮੀਨੀ ਤਾਕਤ ਹਨ, ਕਿਉਂਕਿ ਉਹ ਸਿੱਧੇ ਤੌਰ ‘ਤੇ ਲੋਕਾਂ ਨਾਲ ਜੁੜੇ ਹੁੰਦੇ ਹਨ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਭ ਤੋਂ ਪਹਿਲਾਂ ਸਮਝਦੇ ਹਨ।
ਪੜ੍ਹੀਆਂ-ਲਿਖੀਆਂ ਪੰਚਾਇਤਾਂ, ਮਹਿਲਾਵਾਂ ਨੂੰ 50 ਫੀਸਦੀ ਰਾਖਵਾਂਕਰਨ ਅਤੇ ਲਾਲ ਡੋਰਾ ਮੁਕਤ ਮੁਹਿੰਮ ਨਾਲ ਹੋਏ ਸੁਧਾਰ
ਮੁੱਖ ਮੰਤਰੀ ਨੇ ਹਰਿਆਣਾ ਵਿੱਚ ਸਾਲ 2014 ਤੋਂ ਪੰਚਾਇਤਾਂ ਨੂੰ ਮਜਬੂਤ ਬਣਾਉਣ ਲਈ ਕੀਤੇ ਗਏ ਸੁਧਾਰਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਾਲ 2015 ਵਿੱਚ ਪੜ੍ਹੀਆਂ-ਲਿਖੀਆਂ ਪੰਚਾਇਤਾਂ ਦੀ ਵਿਵਸਥਾ ਲਾਗੂ ਕੀਤੀ ਗਈ ਅਤੇ ਸਾਲ 2020 ਵਿੱਚ ਪੰਚਾਇਤੀ ਰਾਜ ਸੰਸਥਾਵਾਂ ਵਿੱਚ ਮਹਿਲਾਵਾਂ ਨੂੰ 50 ਫੀਸਦੀ ਰਾਖਵਾਂਕਰਨ ਦਿੱਤਾ ਗਿਆ। ਇਸੇ ਤਰ੍ਹਾਂ ਲਾਲ ਡੋਰਾ ਮੁਕਤ ਮੁਹਿੰਮ ਰਾਹੀਂ ਪਿੰਡਾਂ ਦੇ ਲੋਕਾਂ ਨੂੰ ਉਨ੍ਹਾਂ ਦੀਆਂ ਜਾਇਦਾਦਾਂ ਦਾ ਮਾਲਕੀ ਹੱਕ ਦਿਵਾਇਆ ਗਿਆ, ਜਿਸ ਨੂੰ ਬਾਅਦ ਵਿੱਚ ਕੇਂਦਰ ਸਰਕਾਰ ਨੇ ਪ੍ਰਧਾਨ ਮੰਤਰੀ ਸਵਾਮਿਤਵ ਯੋਜਨਾ ਵਜੋ ਪੂਰੇ ਦੇਸ਼ ਵਿੱਚ ਲਾਗੂ ਕੀਤਾ। ਉਨ੍ਹਾਂ ਕਿਹਾ ਕਿ ਹਰਿਆਣਾ ਵਿੱਚ ਕੀਤੇ ਗਏ ਸੁਧਾਰਾਂ ਦਾ ਉਦੇਸ਼ ਪੰਚਾਇਤਾਂ ਨੂੰ ਆਤਮਨਿਰਭਰ ਬਣਾਉਣਾ ਅਤੇ ਪਿੰਡਾਂ ਦੇ ਲੋਕਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਨਾਲ ਜੋੜਨਾ ਰਿਹਾ ਹੈ।
ਪੰਚਾਇਤਾਂ ਦੀ ਆਮਦਨ ਵਧਾਉਣ ਲਈ ਜਲ ਸੰਭਾਲ ਅਤੇ ਸਥਾਨਕ ਸਰੋਤਾਂ ਦੀ ਬਿਹਤਰ ਵਰਤੋਂ ‘ਤੇ ਦਿੱਤਾ ਜਾਵੇ ਜ਼ੋਰ
ਮੁੱਖ ਮੰਤਰੀ ਨੇ ਕਿਹਾ ਕਿ ਪੰਚਾਇਤਾਂ ਅਤੇ ਨਗਰ ਨਿਕਾਏ ਦੀ ਆਮਦਨ ਵਧਾਉਣ ਲਈ ਜਲ ਸੰਭਾਲ, ਪਾਣੀ ਦੇ ਬਿੱਲਾਂ ਦੀ ਵਸੂਲੀ ਅਤੇ ਸਥਾਨਕ ਸਰੋਤਾਂ ਦੀ ਬਿਹਤਰ ਵਰਤੋਂ ਵਰਗੇ ਵਿਸ਼ਿਆਂ ‘ਤੇ ਗੰਭੀਰਤਾ ਨਾਲ ਵਿਚਾਰ ਕੀਤਾ ਜਾਣਾ ਚਾਹੀਦਾ ਹੈ। ਹਰਿਆਣਾ ਸਰਕਾਰ ਨੇ ਪਿੰਡਾਂ ਵਿੱਚ ਪਾਣੀ ਦੇ ਬਿੱਲਾਂ ਵਜੋ ਜਿੰਨੀ ਰਕਮ ਇਕੱਠੀ ਕੀਤੀ ਜਾਵੇਗੀ, ਓਨੀ ਹੀ ਮੈਚਿੰਗ ਗ੍ਰਾਂਟ ਦੇਣ ਦਾ ਫੈਸਲਾ ਕੀਤਾ ਹੈ, ਤਾਂ ਜੋ ਪੰਚਾਇਤਾਂ ਦੀ ਆਮਦਨ ਵਧ ਸਕੇ। ਉਨ੍ਹਾਂ ਕਿਹਾ ਕਿ ਡਿੱਗਦੇ ਭੂਜਲ ਪੱਧਰ ਅਤੇ ਪਾਣੀ ਦੀ ਕਮੀ ਨੂੰ ਦੇਖਦੇ ਹੋਏ ਹਰੇਕ ਜਨ ਪ੍ਰਤੀਨਿਧੀ ਨੂੰ ਜਲ ਸੰਭਾਲ ਦੀ ਜ਼ਿੰਮੇਵਾਰੀ ਨਿਭਾਉਣੀ ਹੋਵੇਗੀ। ਸਥਾਨਕ ਨਿਕਾਏ ਨੂੰ ਆਪਣੀ ਆਮਦਨ ਦੇ ਨਵੇਂ ਸਰੋਤ ਲੱਭਣ ਦੇ ਨਾਲ-ਨਾਲ ਸ਼ਹਿਰਾਂ ਵਿੱਚ ਸਫ਼ਾਈ, ਪੀਣ ਵਾਲਾ ਪਾਣੀ, ਸੜਕਾਂ, ਸੀਵਰੇਜ ਅਤੇ ਬੁਨਿਆਦੀ ਸਹੂਲਤਾਂ ਨੂੰ ਤਰਜੀਹ ਦੇਣੀ ਚਾਹੀਦੀ ਹੈ।
ਪਿੰਡਾਂ ਅਤੇ ਵਾਰਡਾਂ ਵਿਚਕਾਰ ਸਿਹਤਮੰਦ ਮੁਕਾਬਲੇ ਨੂੰ ਉਤਸ਼ਾਹਿਤ ਕਰਕੇ ਕੀਤਾ ਜਾਵੇਗਾ ਸਨਮਾਨਿਤ
ਮੁੱਖ ਮੰਤਰੀ ਨੇ ਪੰਚਾਇਤਾਂ, ਪਿੰਡਾਂ ਅਤੇ ਵਾਰਡਾਂ ਵਿਚਕਾਰ ਸਿਹਤਮੰਦ ਮੁਕਾਬਲੇ ਨੂੰ ਉਤਸ਼ਾਹਿਤ ਕਰਨ ‘ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਪਿੰਡਾਂ ਅਤੇ ਵਾਰਡਾਂ ਦੇ ਵਿਕਾਸ ਲਈ ਮੁਕਾਬਲੇ ਕਰਵਾਏ ਜਾਣੇ ਚਾਹੀਦੇ ਹਨ ਅਤੇ ਬਿਹਤਰ ਪ੍ਰਦਰਸ਼ਨ ਕਰਨ ਵਾਲੀਆਂ ਪੰਚਾਇਤਾਂ ਅਤੇ ਨਿਕਾਏ ਨੂੰ ਸਨਮਾਨਿਤ ਕੀਤਾ ਜਾਣਾ ਚਾਹੀਦਾ ਹੈ। ਇਸ ਨਾਲ ਜਨ ਪ੍ਰਤੀਨਿਧੀਆਂ ਵਿੱਚ ਆਪਣੇ ਖੇਤਰ ਨੂੰ ਬਿਹਤਰ ਬਣਾਉਣ ਦੀ ਭਾਵਨਾ ਵਿਕਸਿਤ ਹੋਵੇਗੀ। ਉਨ੍ਹਾਂ ਕਿਹਾ ਕਿ ਜਨ ਪ੍ਰਤੀਨਿਧੀ ਸਿਰਫ਼ ਅਹੁਦੇਦਾਰ ਨਹੀਂ, ਸਗੋਂ ਬਦਲਾਅ ਦੇ ਵਾਹਕ ਹਨ। ਉਨ੍ਹਾਂ ਨੂੰ ਲੋਕਾਂ ਦੀਆਂ ਉਮੀਦਾਂ ‘ਤੇ ਖਰਾ ਉਤਰਦਿਆਂ ਆਪਣੀਆਂ ਜ਼ਿੰਮੇਵਾਰੀਆਂ ਪੂਰੀ ਨਿਸ਼ਠਾ ਨਾਲ ਨਿਭਾਉਣੀਆਂ ਚਾਹੀਦੀਆਂ ਹਨ। ਮੁੱਖ ਮੰਤਰੀ ਨੇ ਕਾਨਫਰੰਸ ਵਿੱਚ ਸ਼ਾਮਲ ਪ੍ਰਤੀਨਿਧੀਆਂ ਨੂੰ ਸੱਦਾ ਦਿੱਤਾ ਕਿ ਉਹ ਦੋਵੇਂ ਦਿਨ ਹੋਣ ਵਾਲੇ ਵਿਚਾਰ-ਵਟਾਂਦਰੇ ਵਿੱਚ ਸਰਗਰਮ ਭਾਗੀਦਾਰੀ ਨਿਭਾਉਣ ਅਤੇ ਅਜਿਹੇ ਵਿਹਾਰਕ ਸੁਝਾਅ ਪੇਸ਼ ਕਰਨ, ਜਿਨ੍ਹਾਂ ਨੂੰ ਜ਼ਮੀਨੀ ਪੱਧਰ ‘ਤੇ ਲਾਗੂ ਕਰਕੇ ਪੰਚਾਇਤਾਂ ਅਤੇ ਨਗਰ ਨਿਕਾਏ ਨੂੰ ਆਰਥਿਕ ਤੌਰ ‘ਤੇ ਮਜ਼ਬੂਤ ਬਣਾਇਆ ਜਾ ਸਕੇ।
ਮੁੱਖ ਮੰਤਰੀ ਨੇ ਕਿਹਾ ਕਿ ਏਸ਼ੀਆ ਪਾਵਰ ਇੰਡੈਕਸ ਦੀ ਰਿਪੋਰਟ ਵਿੱਚ ਭਾਰਤ ਨੇ ਵੱਡੀ ਉਪਲਬਧੀ ਹਾਸਲ ਕੀਤੀ ਹੈ। ਇਸ ਰਿਪੋਰਟ ਅਨੁਸਾਰ ਏਸ਼ੀਆ ਦੀਆਂ ਸਭ ਤੋਂ ਸ਼ਕਤੀਸ਼ਾਲੀ ਤਾਕਤਾਂ ਵਿੱਚ ਭਾਰਤ ਤੀਜੇ ਸਥਾਨ ’ਤੇ ਹੈ। ਇਸ ਸੂਚੀ ਵਿੱਚ ਪਹਿਲੇ ਸਥਾਨ ’ਤੇ ਅਮਰੀਕਾ ਅਤੇ ਦੂਜੇ ਸਥਾਨ ’ਤੇ ਚੀਨ ਹੈ।
ਪ੍ਰੋਗਰਾਮ ਵਿੱਚ ਪਟੌਦੀ ਦੀ ਵਿਧਾਇਕਾ ਸ੍ਰੀਮਤੀ ਬਿਮਲਾ ਚੌਧਰੀ, ਸੋਹਨਾ ਦੇ ਵਿਧਾਇਕ ਸ੍ਰੀ ਤੇਜਪਾਲ ਤੰਵਰ, ਗੁਰੂਗ੍ਰਾਮ ਦੇ ਵਿਧਾਇਕ ਸ੍ਰੀ ਮੁਕੇਸ਼ ਸ਼ਰਮਾ, ਵਿੱਤ ਅਤੇ ਯੋਜਨਾ ਵਿਭਾਗ ਦੇ ਏ.ਸੀ.ਐਸ. ਸ੍ਰੀ ਸੁਧੀਰ ਰਾਜਪਾਲ, ਭਾਰਤ ਸਰਕਾਰ ਦੇ 16ਵੇਂ ਵਿੱਤ ਕਮਿਸ਼ਨ ਦੇ ਸਾਬਕਾ ਮੈਂਬਰ ਅਤੇ ਫਲੇਮ ਯੂਨੀਵਰਸਿਟੀ ਵਿੱਚ ਅਰਥ ਸ਼ਾਸਤਰ ਵਿਭਾਗ ਦੇ ਪ੍ਰੋਫੈਸਰ ਅਤੇ ਮੁਖੀ ਪ੍ਰੋ. ਮਨੋਜ ਕੁਮਾਰ ਪਾਂਡਾ, ਗੁਰੂਗ੍ਰਾਮ ਯੂਨੀਵਰਸਿਟੀ ਦੇ ਵੀ.ਸੀ. ਪ੍ਰੋਫੈਸਰ ਸੰਜੇ ਕੌਸ਼ਿਕ, ਪ੍ਰੋਫੈਸਰ ਐਨ.ਕੇ. ਬਿਸ਼ਨੋਈ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਸ੍ਰੀ ਰਾਜੀਵ ਜੇਟਲੀ, ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੁਲਿਸ ਕਮਿਸ਼ਨਰ ਸ਼ਿਵਾਸ ਕਵੀਰਾਜ ਅਤੇ ਡੀ.ਸੀ. ਉੱਤਮ ਸਿੰਘ ਸਮੇਤ ਹਰਿਆਣਾ ਅਤੇ ਦੇਸ਼ ਦੇ ਵੱਖ-ਵੱਖ ਰਾਜਾਂ ਤੋਂ ਆਏ ਪੰਚਾਇਤੀ ਰਾਜ ਸੰਸਥਾਵਾਂ ਅਤੇ ਨਗਰ ਨਿਕਾਏ ਦੇ ਜਨ ਪ੍ਰਤੀਨਿਧੀ ਮੌਜੂਦ ਰਹੇ।
ਸਥਾਨਕ ਸਰਕਾਰਾਂ ਅਤੇ ਪੰਚਾਇਤਾਂ ਜਿੰਨੀਆਂ ਮਜ਼ਬੂਤ ਹੋਣਗੀਆਂ, ਜਨਤਾ ਦੀਆਂ ਉਮੀਦਾਂ ਉਨੀਆਂ ਹੀ ਬਿਹਤਰ ਢੰਗ ਨਾਲ ਪੂਰੀਆਂ ਹੋਣਗੀਆਂ : ਕੇਂਦਰੀ ਮੰਤਰੀ ਸ੍ਰੀ ਮਨੋਹਰ ਲਾਲ
ਚੰਡੀਗੜ੍ਹ
(ਜਸਟਿਸ ਨਿਊਜ਼ )
ਕੇਂਦਰੀ ਊਰਜਾ ਅਤੇ ਆਵਾਸਨ ਅਤੇ ਸ਼ਹਿਰੀ ਮਾਮਲੇ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਸਥਾਨਕ ਸਰਕਾਰਾਂ ਅਤੇ ਪੰਚਾਇਤਾਂ ਜਿੰਨੀਆਂ ਮਜ਼ਬੂਤ ਹੋਣਗੀਆਂ, ਜਨਤਾ ਦੀਆਂ ਉਮੀਦਾਂ ਉਨੀਆਂ ਹੀ ਬਿਹਤਰ ਢੰਗ ਨਾਲ ਪੂਰੀਆਂ ਹੋਣਗੀਆਂ। ਪਿੰਡ ਵਿੱਚ ਸਰਪੰਚ ਅਤੇ ਸ਼ਹਿਰ ਵਿੱਚ ਕੌਂਸਲਰ, ਮੇਅਰ ਅਤੇ ਚੇਅਰਮੈਨ ਸਿੱਧੇ ਤੌਰ ’ਤੇ ਜਨਤਾ ਨਾਲ ਜੁੜੇ ਹੁੰਦੇ ਹਨ ਅਤੇ ਲੋਕਾਂ ਦੀਆਂ ਛੋਟੀਆਂ-ਵੱਡੀਆਂ ਸਮੱਸਿਆਵਾਂ ਦਾ ਹੱਲ ਕਰਨ ਦੀ ਜ਼ਿੰਮੇਵਾਰੀ ਉਨ੍ਹਾਂ ਦੀ ਹੀ ਹੁੰਦੀ ਹੈ। ਅਜਿਹੇ ਵਿੱਚ ਸਥਾਨਕ ਸੰਸਥਾਵਾਂ ਨੂੰ ਲੋੜੀਂਦੇ ਵਿੱਤੀ ਸਰੋਤ, ਅਧਿਕਾਰ ਅਤੇ ਕਰਮਚਾਰੀਆਂ ਦੀ ਉਪਲਬਧਤਾ ਯਕੀਨੀ ਬਣਾਉਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਪੰਚਾਇਤਾਂ ਅਤੇ ਨਗਰ ਨਿਕਾਇਆਂ ਨੂੰ ਸਰਕਾਰੀ ਗ੍ਰਾਂਟਾਂ ’ਤੇ ਨਿਰਭਰ ਰਹਿਣ ਦੇ ਨਾਲ-ਨਾਲ ਆਪਣੀ ਆਮਦਨ ਦੇ ਸਰੋਤ ਵੀ ਵਿਕਸਤ ਕਰਨੇ ਚਾਹੀਦੇ ਹਨ।
ਸ੍ਰੀ ਮਨੋਹਰ ਲਾਲ ਸੋਮਵਾਰ ਨੂੰ ਗੁਰੂਗ੍ਰਾਮ ਦੇ ਸੈਕਟਰ-51 ਸਥਿਤ ਗੁਰੂਗ੍ਰਾਮ ਯੂਨੀਵਰਸਿਟੀ ਵਿੱਚ ਸਵਰਨ ਜਯੰਤੀ ਹਰਿਆਣਾ ਵਿੱਤੀ ਪ੍ਰਬੰਧਨ ਸੰਸਥਾਨ ਵੱਲੋਂ ਪੰਚਾਇਤਾਂ ਅਤੇ ਨਗਰ ਨਿਕਾਇਆਂ ਨੂੰ ਅਧਿਕਾਰਾਂ ਦਾ ਤਬਾਦਲੇ, ਵਿੱਤੀ ਸਥਿਰਤਾ ਅਤੇ ਪ੍ਰਭਾਵੀ ਸੇਵਾ ਪ੍ਰਦਾਨਗੀ ਵਿਸ਼ੇ ’ਤੇ ਕਰਵਾਏ ਗਏ ਦੋ ਰੋਜ਼ਾ ਰਾਸ਼ਟਰੀ ਸੰਮੇਲਨ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਸੰਬੋਧਿਤ ਕਰ ਰਹੇ ਸਨ। ਸੰਮੇਲਨ ਦਾ ਉਦਘਾਟਨ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਦੀਪ ਜਗਾ ਕੇ ਕੀਤਾ। ਪ੍ਰੋਗਰਾਮ ਵਿੱਚ ਹਰਿਆਣਾ ਦੇ ਵਿਕਾਸ ਅਤੇ ਪੰਚਾਇਤ ਮੰਤਰੀ ਸ੍ਰੀ ਕ੍ਰਿਸ਼ਨ ਲਾਲ ਪੰਵਾਰ, ਸ਼ਹਿਰੀ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ੍ਰੀ ਵਿਪੁਲ ਗੋਇਲ ਅਤੇ ਸਵਰਨ ਜਯੰਤੀ ਹਰਿਆਣਾ ਵਿੱਤੀ ਪ੍ਰਬੰਧਨ ਸੰਸਥਾਨ (ਐਸਜੇਐਚਆਈਐਫਐਮ) ਦੇ ਡਾਇਰੈਕਟਰ ਜਨਰਲ ਡਾ. ਰਾਜ ਨੇਹਰੂ ਸਮੇਤ ਹੋਰ ਪਤਵੰਤੇ ਵਿਅਕਤੀ ਮੌਜੂਦ ਰਹੇ।
*ਪੰਚਾਇਤਾਂ ਦੀਆਂ ਜ਼ਮੀਨਾਂ ਅਤੇ ਜਾਇਦਾਦਾਂ ਦੀ ਬਿਹਤਰ ਵਰਤੋਂ ਕਰਕੇ ਆਮਦਨ ਵਧਾਓ*
ਕੇਂਦਰੀ ਮੰਤਰੀ ਨੇ ਕਿਹਾ ਕਿ ਪੰਚਾਇਤਾਂ ਕੋਲ ਉਪਲਬਧ ਜ਼ਮੀਨ, ਇਮਾਰਤਾਂ ਅਤੇ ਛੱਪੜ ਆਮਦਨ ਦੇ ਮਹੱਤਵਪੂਰਨ ਸਰੋਤ ਬਣ ਸਕਦੇ ਹਨ। ਪੰਚਾਇਤ ਦੀ ਜ਼ਮੀਨ ਨੂੰ ਪਾਰਦਰਸ਼ੀ ਢੰਗ ਨਾਲ ਉਚਿਤ ਦਰਾਂ ’ਤੇ ਠੇਕੇ ’ਤੇ ਦੇਣ, ਛੱਪੜਾਂ ਵਿੱਚ ਮੱਛੀ ਪਾਲਣ, ਕਿਰਾਏ ਦੀਆਂ ਇਮਾਰਤਾਂ ਅਤੇ ਮਾਰਕੀਟਾਂ ਵਿਕਸਤ ਕਰਨ ਨਾਲ ਨਿਯਮਤ ਆਮਦਨ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਪੰਚਾਇਤਾਂ ਕੋਲ ਐੱਫ.ਡੀ. ਦੇ ਰੂਪ ਵਿੱਚ ਜਮ੍ਹਾਂ ਰਕਮ ਨੂੰ ਨਿਸ਼ਕਿਰਿਆ ਰੱਖਣ ਦੀ ਬਜਾਏ ਅਜਿਹੀਆਂ ਜਾਇਦਾਦਾਂ ਵਿਕਸਤ ਕਰਨ ਬਾਰੇ ਵਿਚਾਰ ਕਰਨਾ ਚਾਹੀਦਾ ਹੈ, ਜਿਨ੍ਹਾਂ ਤੋਂ ਲੰਬੇ ਸਮੇਂ ਤੱਕ ਆਮਦਨ ਪ੍ਰਾਪਤ ਹੋ ਸਕੇ। ਉਨ੍ਹਾਂ ਨੇ ਜਨ ਪ੍ਰਤੀਨਿਧੀਆਂ ਅਤੇ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਸਥਾਨਕ ਸਰੋਤਾਂ ਦੀ ਬਿਹਤਰ ਵਰਤੋਂ ਕਰਦੇ ਹੋਏ ਪੰਚਾਇਤਾਂ ਅਤੇ ਨਗਰ ਨਿਕਾਇਆਂ ਨੂੰ ਆਰਥਿਕ ਤੌਰ ’ਤੇ ਆਤਮ-ਨਿਰਭਰ ਬਣਾਉਣ ਦੀ ਦਿਸ਼ਾ ਵਿੱਚ ਕੰਮ ਕਰਨ।
ਪਿੰਡਾਂ ਦੀਆਂ ਸਾਂਝੀਆਂ ਜਾਇਦਾਦਾਂ ਦੀ ਸੰਭਾਲ ਲਈ ਪੇਂਡੂ ਮਹੀਨੇ ਵਿੱਚ ਇੱਕ ਦਿਨ ਸ਼੍ਰਮਦਾਨ ਕਰਨ – ਮਨੋਹਰ ਲਾਲ
ਕੇਂਦਰੀ ਮੰਤਰੀ ਸ੍ਰੀ ਮਨੋਹਰ ਲਾਲ ਨੇ ਪਿੰਡਾਂ ਵਿੱਚ ਸਮੂਹਿਕ ਸ਼੍ਰਮਦਾਨ ਦੀ ਪਰੰਪਰਾ ਨੂੰ ਮੁੜ ਸ਼ੁਰੂ ਕਰਨ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਹਰੇਕ ਪਿੰਡ ਵਿੱਚ ਮਹੀਨੇ ਦਾ ਇੱਕ ਦਿਨ ਨਿਰਧਾਰਤ ਕੀਤਾ ਜਾਣਾ ਚਾਹੀਦਾ ਹੈ, ਜਿਸ ਦਿਨ ਪੇਂਡੂ ਇਕੱਠੇ ਹੋ ਕੇ ਸ਼੍ਰਮਦਾਨ ਕਰਨ। ਗ੍ਰਾਮ ਸਭਾ ਪਹਿਲਾਂ ਹੀ ਤੈਅ ਕਰੇ ਕਿ ਉਸ ਦਿਨ ਸਕੂਲ ਦੀ ਮੁਰੰਮਤ, ਕੰਧਾਂ ’ਤੇ ਰੰਗ-ਰੋਗਨ, ਗਲੀਆਂ ਅਤੇ ਫਿਰਨੀ ਦੀ ਸਫ਼ਾਈ, ਛੱਪੜਾਂ ਦੀ ਦੇਖਭਾਲ ਅਤੇ ਪੌਦੇ ਲਗਾਉਣ ਵਰਗੇ ਕਿਹੜੇ ਕੰਮ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਸ਼੍ਰਮਦਾਨ ਨਾਲ ਪਿੰਡ ਦੀਆਂ ਸਾਂਝੀਆਂ ਜਾਇਦਾਦਾਂ ਦਾ ਨਿਰਮਾਣ ਅਤੇ ਰੱਖ-ਰਖਾਅ ਹੋਵੇਗਾ ਅਤੇ ਪੇਂਡੂਆਂ ਵਿੱਚ ਆਪਣੀ ਜਾਇਦਾਦ ਪ੍ਰਤੀ ਅਪਣੱਤ ਅਤੇ ਜ਼ਿੰਮੇਵਾਰੀ ਦੀ ਭਾਵਨਾ ਵੀ ਮਜ਼ਬੂਤ ਹੋਵੇਗੀ।
ਪਿੰਡਾਂ ਦੀਆਂ ਜਾਇਦਾਦਾਂ ਦੀ ਦੇਖਭਾਲ ਲਈ ਕੇਅਰਟੇਕਰ ਦੀ ਵਿਵਸਥਾ ਬਣਾਓ
ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਪਿੰਡਾਂ ਵਿੱਚ ਸਕੂਲਾਂ, ਕਮਿਊਨਿਟੀ ਸੈਂਟਰਾਂ ਅਤੇ ਹੋਰ ਜਨਤਕ ਜਾਇਦਾਦਾਂ ਦੀ ਨਿਯਮਤ ਦੇਖਭਾਲ ਜ਼ਰੂਰੀ ਹੈ। ਇਸ ਲਈ ਹਰੇਕ ਪਿੰਡ ਵਿੱਚ ਕੇਅਰਟੇਕਰ ਦੀ ਵਿਵਸਥਾ ਹੋਣੀ ਚਾਹੀਦੀ ਹੈ। ਉਨ੍ਹਾਂ ਕਰਨਾਲ ਲੋਕ ਸਭਾ ਹਲਕੇ ਦੀ ਉਦਾਹਰਨ ਦਿੰਦਿਆਂ ਦੱਸਿਆ ਕਿ ਉੱਥੇ 15 ਗ੍ਰਾਮ ਕੇਅਰਟੇਕਰ ਨਿਯੁਕਤ ਕੀਤੇ ਗਏ ਹਨ ਅਤੇ ਇੱਕ ਪੋਰਟਲ ਬਣਾਇਆ ਗਿਆ ਹੈ। ਪੇਂਡੂ ਸੜਕ, ਇਮਾਰਤ ਜਾਂ ਹੋਰ ਜਨਤਕ ਜਾਇਦਾਦ ਨੂੰ ਨੁਕਸਾਨ ਹੋਣ ਦੀ ਸੂਰਤ ਵਿੱਚ ਉਸ ਦੀ ਫੋਟੋ ਪੋਰਟਲ ’ਤੇ ਅਪਲੋਡ ਕਰਕੇ ਸਬੰਧਤ ਵਿਭਾਗ ਨੂੰ ਭੇਜ ਸਕਦੇ ਹਨ। ਵਿਭਾਗ ਨੂੰ ਨਿਰਧਾਰਤ ਸਮੇਂ ਅੰਦਰ ਸਮੱਸਿਆ ਦਾ ਹੱਲ ਕਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਪੰਚਾਇਤਾਂ ਨੂੰ ਆਮਦਨ ਵਧਾਉਣ ਦੇ ਨਾਲ-ਨਾਲ ਉਪਲਬਧ ਰਕਮ ਦੀ ਸਹੀ ਵਰਤੋਂ ਅਤੇ ਜਨਤਕ ਜਾਇਦਾਦਾਂ ਦੀ ਸਾਂਭ-ਸੰਭਾਲ ਵੀ ਯਕੀਨੀ ਬਣਾਉਣੀ ਚਾਹੀਦੀ ਹੈ।
ਰੇਵਾੜੀ ਵਿੱਚ ਬਣੇਗਾ 300 ਬਿਸਤਰਿਆਂ ਦਾ ਨਾਗਰਿਕ ਹਸਪਤਾਲ -ਬਵਾਨੀ ਖੇੜਾ ਵਿੱਚ 50 ਬਿਸਤਰਿਆਂ ਵਾਲੇ ਸਿਵਲ ਹਸਪਤਾਲ ਅਤੇ ਕੁਰੂਕਸ਼ੇਤਰ ਵਿੱਚ ਐਲ.ਐਨ.ਜੇ.ਪੀ.- ਆਰਤੀ ਸਿੰਘ ਰਾਓ
ਚੰਡੀਗੜ੍ਹ
( ਜਸਟਿਸ ਨਿਊਜ਼ )
ਹਰਿਆਣਾ ਦੀ ਸਿਹਤ ਮੰਤਰੀ ਆਰਤੀ ਸਿੰਘ ਰਾਓ ਨੇ ਕਿਹਾ ਕਿ ਸੂਬੇ ਵਿੱਚ ਸਿਹਤ ਢਾਂਚੇ ਨੂੰ ਦਿਨ-ਬ-ਦਿਨ ਮਜ਼ਬੂਤ ਕੀਤਾ ਜਾ ਰਿਹਾ ਹੈ। ਇਸੇ ਲੜੀ ਤਹਿਤ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਸਿਵਲ ਹਸਪਤਾਲ ਰੇਵਾੜੀ ਦੇ ਪਰਿਸਰ ਵਿੱਚ 300 ਬਿਸਤਰਿਆਂ ਦਾ ਨਾਗਰਿਕ ਹਸਪਤਾਲ ਬਣਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ। ਇਸ ਇਮਾਰਤ ਦੇ ਨਿਰਮਾਣ ‘ਤੇ ਲਗਭਗ 34828.77 ਲੱਖ ਰੁਪਏ ਦੀ ਲਾਗਤ ਆਉਣ ਦਾ ਅਨੁਮਾਨ ਹੈ।
ਸਿਹਤ ਮੰਤਰੀ ਨੇ ਦੱਸਿਆ ਕਿ ਰੇਵਾੜੀ ਅਤੇ ਆਸ-ਪਾਸ ਦੇ ਜ਼ਿਲ੍ਹਿਆਂ ਵਿੱਚ ਸੈਕੰਡਰੀ ਅਤੇ ਤੀਜੇ ਦਰਜੇ ਦੀਆਂ ਸਿਹਤ ਸੇਵਾਵਾਂ ‘ਤੇ ਵਧਦੇ ਦਬਾਅ ਨੂੰ ਦੇਖਦੇ ਹੋਏ ਮੌਜੂਦਾ ਸਿਵਲ ਹਸਪਤਾਲ ਦੇ ਬੁਨਿਆਦੀ ਢਾਂਚੇ ਨੂੰ ਇੱਕ ਆਧੁਨਿਕ, ਵਿਆਪਕ ਅਤੇ ਵਧੇਰੇ ਸਮਰੱਥਾ ਵਾਲੇ ਹਸਪਤਾਲ ਕੰਪਲੈਕਸ ਵਿੱਚ ਅਪਗ੍ਰੇਡ ਕਰਨ ਦੀ ਲੋੜ ਸੀ। ਇਸੇ ਉਦੇਸ਼ ਨਾਲ ਪ੍ਰਸਤਾਵਿਤ 300 ਬਿਸਤਰਿਆਂ ਵਾਲੇ ਇਸ ਨਵੇਂ ਹਸਪਤਾਲ ਬਲਾਕ ਨੂੰ 2 ਬੇਸਮੈਂਟ, ਗਰਾਊਂਡ ਫਲੋਰ ਅਤੇ ਉੱਪਰ 6 ਮੰਜ਼ਿਲਾਂ ਵਾਲੀ ਫਰੇਮਡ ਆਰ.ਸੀ.ਸੀ. ਬਣਤਰ ਵਜੋਂ ਤਿਆਰ ਕੀਤਾ ਜਾਵੇਗਾ। ਇਹ ਨਵੀਂ ਇਮਾਰਤ ਭਾਰਤੀ ਜਨ ਸਿਹਤ ਮਿਆਰਾਂ (IPHS) ਦੇ ਅਨੁਸਾਰ ਹੋਵੇਗੀ, ਜਿਸ ਵਿੱਚ ਅਤਿ-ਆਧੁਨਿਕ ਡਾਇਗਨੌਸਟਿਕ, ਕਲੀਨਿਕਲ, ਕ੍ਰਿਟੀਕਲ ਕੇਅਰ ਅਤੇ ਸਰਜੀਕਲ ਸਹੂਲਤਾਂ ਉਪਲਬਧ ਕਰਵਾਈਆਂ ਜਾਣਗੀਆਂ, ਜਿਸ ਨਾਲ ਖੇਤਰ ਦੇ ਨਾਗਰਿਕਾਂ ਨੂੰ ਬਿਹਤਰ ਅਤੇ ਸੁਖਾਲੀਆਂ ਮੈਡੀਕਲ ਸੇਵਾਵਾਂ ਮਿਲ ਸਕਣਗੀਆਂ।
ਉਨ੍ਹਾਂ ਅੱਗੇ ਦੱਸਿਆ ਕਿ ਮੁੱਖ ਮੰਤਰੀ ਨੇ ਭਿਵਾਨੀ ਜ਼ਿਲ੍ਹੇ ਦੇ ਬਵਾਨੀ ਖੇੜਾ ਵਿੱਚ 50 ਬਿਸਤਰਿਆਂ ਵਾਲਾ ਸਿਵਲ ਹਸਪਤਾਲ ਬਣਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ, ਜਿਸ ‘ਤੇ 5519.04 ਲੱਖ ਰੁਪਏ ਦੀ ਲਾਗਤ ਆਵੇਗੀ। ਕਿਉਂਕਿ ਬਵਾਨੀ ਖੇੜਾ ਵਿੱਚ ਪਹਿਲਾਂ ਤੋਂ ਚੱਲ ਰਹੇ ਹਸਪਤਾਲ ਦੀ ਇਮਾਰਤ ਦੀ ਹਾਲਤ ਖਸਤਾ ਹੋ ਗਈ ਸੀ, ਅਜਿਹੇ ਵਿੱਚ ਮੌਜੂਦਾ ਲੋੜਾਂ ਨੂੰ ਦੇਖਦੇ ਹੋਏ ਵਧੇਰੇ ਬਿਸਤਰਿਆਂ ਵਾਲੇ ਆਧੁਨਿਕ ਹਸਪਤਾਲ ਲਈ ਮੁੱਖ ਮੰਤਰੀ ਨੇ ਐਲਾਨ ਕੀਤਾ ਸੀ। ਹੁਣ ਉਸ ਐਲਾਨ ਨੂੰ ਅਮਲੀਜਾਮਾ ਪਹਿਨਾਇਆ ਜਾ ਰਿਹਾ ਹੈ।
ਆਰਤੀ ਸਿੰਘ ਰਾਓ ਨੇ ਅੱਗੇ ਜਾਣਕਾਰੀ ਦਿੱਤੀ ਕਿ ਕੁਰੂਕਸ਼ੇਤਰ ਦੇ ਲੋਕਨਾਇਕ ਜੈਪ੍ਰਕਾਸ਼ ਹਸਪਤਾਲ ਵਿੱਚ ਸਿਵਲ ਸਰਜਨ ਦੇ ਦਫ਼ਤਰ ਦੇ ਨਿਰਮਾਣ ਲਈ ਵੀ ਮੁੱਖ ਮੰਤਰੀ ਨੇ 2630.57 ਲੱਖ ਰੁਪਏ ਦੀ ਮਨਜ਼ੂਰੀ ਦੇ ਦਿੱਤੀ ਹੈ।
ਮੁੱਖ ਸਕੱਤਰ ਅਨੁਰਾਗ ਰਸਤੋਗੀ ਨੇ ਦਿੱਤੇ ਨਿਰਦੇਸ਼- ਡਿਪਟੀ ਕਮਿਸ਼ਨਰ ਸੱਤ ਦਿਨਾਂ ਵਿੱਚ ਜ਼ਿਲ੍ਹਾਵਾਰ ਸਥਿਤੀ ਰਿਪੋਰਟ ਅਤੇ ਸਮਾਂਬੱਧ ਕਾਰਜ ਯੋਜਨਾ ਪੇਸ਼ ਕਰਨ
ਚੰਡੀਗੜ੍ਹ,
( ਜਸਟਿਸ ਨਿਊਜ਼ )
– ਹਰਿਆਣਾ ਸਰਕਾਰ ਮਹਿਲਾ ਵਕੀਲਾਂ ਨੂੰ ਬਾਰ ਰੂਮ ਵਿੱਚ ਸੁਰੱਖਿਅਤ ਅਤੇ ਸਨਮਾਨਜਨਕ ਮਾਹੌਲ ਦੇ ਨਾਲ-ਨਾਲ ਬੁਨਿਆਦੀ ਸਹੂਲਤਾਂ ਉਪਲਬਧ ਕਰਵਾਉਣ ਲਈ ਵਚਨਬੱਧ ਹੈ। ਇਸੇ ਦਿਸ਼ਾ ਵਿੱਚ ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ ਨੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਆਪਣੇ-ਆਪਣੇ ਜ਼ਿਲ੍ਹਿਆਂ ਵਿੱਚ ਬਾਰ ਰੂਮ ਵਿੱਚ ਮਹਿਲਾ ਵਕੀਲਾਂ ਲਈ ਵੱਖਰੇ ਪਖਾਨਿਆਂ ਦੀ ਉਪਲਬਧਤਾ ਯਕੀਨੀ ਬਣਾਉਣ। ਇਸ ਦੇ ਨਾਲ ਹੀ, ਇਸ ਸਬੰਧ ਵਿੱਚ ਸੱਤ ਦਿਨਾਂ ਦੇ ਅੰਦਰ ਜ਼ਿਲ੍ਹਾਵਾਰ ਸਥਿਤੀ ਰਿਪੋਰਟ ਅਤੇ ਸਮਾਂਬੱਧ ਕਾਰਜ ਯੋਜਨਾ ਪੇਸ਼ ਕਰਨ।
ਮੁੱਖ ਸਕੱਤਰ ਅੱਜ ਇੱਥੇ ਵੀਡੀਓ ਕਾਨਫਰੰਸਿੰਗ ਰਾਹੀਂ ਸਾਰੇ ਡਿਪਟੀ ਕਮਿਸ਼ਨਰਾਂ ਨਾਲ ਮੀਟਿੰਗ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਹਰੇਕ ਜ਼ਿਲ੍ਹੇ ਵਿੱਚ ਇਹ ਮੁਲਾਂਕਣ ਕੀਤਾ ਜਾਵੇ ਕਿ ਬਾਰ ਰੂਮ ਵਿੱਚ ਮਹਿਲਾ ਵਕੀਲਾਂ ਲਈ ਵੱਖਰੇ ਪਖਾਨੇ ਦੀ ਸਹੂਲਤ ਉਪਲਬਧ ਹੈ ਜਾਂ ਨਹੀਂ। ਜਿਨ੍ਹਾਂ ਥਾਵਾਂ ’ਤੇ ਇਹ ਸਹੂਲਤ ਨਹੀਂ ਹੈ, ਉੱਥੇ ਇਸ ਦੇ ਨਿਰਮਾਣ ਲਈ ਲੋੜੀਂਦੇ ਕਦਮ ਚੁੱਕੇ ਜਾਣ।
ਉਨ੍ਹਾਂ ਡਿਪਟੀ ਕਮਿਸ਼ਨਰਾਂ ਨੂੰ ਨਿਰਦੇਸ਼ ਦਿੱਤੇ ਕਿ ਇਸ ਕੰਮ ਨੂੰ ਤਰਜੀਹ ਦੇ ਆਧਾਰ ’ਤੇ ਲੈਂਦਿਆਂ ਸਬੰਧਤ ਬਾਰ ਐਸੋਸੀਏਸ਼ਨਾਂ ਨਾਲ ਤਾਲਮੇਲ ਸਥਾਪਤ ਕੀਤਾ ਜਾਵੇ ਅਤੇ ਸਹੂਲਤਾਂ ਦੀ ਉਪਲਬਧਤਾ ਯਕੀਨੀ ਬਣਾਉਣ ਲਈ ਠੋਸ ਅਤੇ ਸਮਾਂਬੱਧ ਕਾਰਜ ਯੋਜਨਾ ਤਿਆਰ ਕੀਤੀ ਜਾਵੇ।
ਇਹ ਨਿਰਦੇਸ਼ ਬਾਰ ਰੂਮ ਵਿੱਚ ਮਹਿਲਾ ਵਕੀਲਾਂ ਲਈ ਸਹੂਲਤਾਂ ਨਾਲ ਸਬੰਧਤ ਸੁਪਰੀਮ ਕੋਰਟ ਦੇ ਹੁਕਮਾਂ ਦੇ ਮੱਦੇਨਜ਼ਰ ਜਾਰੀ ਕੀਤੇ ਗਏ ਹਨ।
ਮੱਛੀ ਪਾਲਣ ਅਤੇ ਪੁਨਰਵਾਸ ਮੇਲਾ ਸ੍ਰੀ ਕਪਾਲ ਮੋਚਨ ਆਦਿ ਬਦਰੀ ਵਿੱਚ ਆਯੂਸ਼ ਵਿਭਾਗ ਦੀ ਪ੍ਰਦਰਸ਼ਨੀ ਰਾਹੀਂ ਆਯੁਰਵੈਦਿਕ ਜੀਵਨਸ਼ੈਲੀ ਦਾ ਦਿੱਤਾ ਜਾ ਰਿਹਾ ਹੈ ਸੰਦੇਸ਼
ਰਸੋਈ ਘਰ ਇੱਕ ਆਦਰਸ਼ ਔਸ਼ਧਾਲਾ, ਸੰਤੁਲਿਤ ਖੁਰਾਕ, ਯੋਗ ਅਤੇ ਪ੍ਰਾਣਾਯਾਮ ਨਾਲ ਸਿਹਤਮੰਦ ਜੀਵਨ ਸੰਭਵ
ਚੰਡੀਗੜ੍ਹ
(ਜਸਟਿਸ ਨਿਊਜ਼ )
ਹਰਿਆਣਾ ਦੇ ਜ਼ਿਲ੍ਹਾ ਯਮੁਨਾਨਗਰ ਦੇ ਬਿਲਾਸਪੁਰ ਵਿੱਚ 20 ਤੋਂ 24 ਨਵੰਬਰ ਤੱਕ ਆਯੋਜਿਤ ਮੇਲਾ ਸ੍ਰੀ ਕਪਾਲ ਮੋਚਨ ਆਦਿ ਬਦਰੀ ਵਿੱਚ ਪ੍ਰਸ਼ਾਸਨ ਵੱਲੋਂ ਵੱਖ-ਵੱਖ ਵਿਭਾਗਾਂ ਦੁਆਰਾ ਲਗਾਈ ਗਈ ਪ੍ਰਦਰਸ਼ਨੀ ਸ਼ਰਧਾਲੂਆਂ ਲਈ ਖਿੱਚ ਦਾ ਕੇਂਦਰ ਬਣੀ ਹੋਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਪ੍ਰਦਰਸ਼ਨੀ ਵਿੱਚ ਆਯੂਸ਼ ਵਿਭਾਗ ਵੱਲੋਂ ਵੀ ਸਟਾਲ ਲਗਾਇਆ ਗਿਆ ਹੈ, ਜਿੱਥੇ ਆਉਣ ਵਾਲੇ ਸ਼ਰਧਾਲੂਆਂ ਨੂੰ ਆਯੁਰਵੈਦਿਕ, ਹੋਮਿਓਪੈਥਿਕ, ਯੂਨਾਨੀ ਅਤੇ ਪੰਚਕਰਮ ਇਲਾਜ ਪ੍ਰਣਾਲੀਆਂ ਆਦਿ ਬਾਰੇ ਜਾਣਕਾਰੀ ਦੇ ਕੇ ਸਿਹਤਮੰਦ ਜੀਵਨਸ਼ੈਲੀ ਅਪਣਾਉਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਦੌਰਾਨ ਵਿਸ਼ੇਸ਼ ਤੌਰ ‘ਤੇ ‘‘ਰਸੋਈ ਘਰ ਇੱਕ ਆਦਰਸ਼ ਔਸ਼ਧਾਲਾ’’ ਦੀ ਧਾਰਨਾ ‘ਤੇ ਜ਼ੋਰ ਦਿੰਦਿਆਂ ਦੱਸਿਆ ਜਾ ਰਿਹਾ ਹੈ ਕਿ ਸਾਡੇ ਘਰ ਵਿੱਚ ਉਪਲਬਧ ਪੌਸ਼ਟਿਕ ਖਾਧ ਪਦਾਰਥਾਂ ਦਾ ਸਹੀ ਮਾਤਰਾ ਅਤੇ ਸਹੀ ਸਮੇਂ ‘ਤੇ ਸੇਵਨ ਕਰਨ ਨਾਲ ਸਰੀਰ ਨੂੰ ਸਿਹਤਮੰਦ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਈ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਆਯੁਰਵੈਦਿਕ ਖੁਰਾਕ, ਰਹਿਣ-ਸਹਿਣ ਅਤੇ ਯੋਗ ਦੇ ਸੁਮੇਲ ਨਾਲ ਸਿਹਤਮੰਦ ਸਰੀਰ, ਸਿਹਤਮੰਦ ਮਨ ਅਤੇ ਸਿਹਤਮੰਦ ਸਮਾਜ ਦਾ ਨਿਰਮਾਣ ਸੰਭਵ ਹੈ।
ਉਨ੍ਹਾਂ ਦੱਸਿਆ ਕਿ ਆਯੁਰਵੈਦਿਕ ਖੁਰਾਕ ਵਿੱਚ ਦੁੱਧ, ਦਹੀਂ, ਲੱਸੀ, ਮੂੰਗੀ ਅਤੇ ਮਸਰਾਂ ਦੀ ਦਾਲ, ਦਲੀਆ, ਓਟਸ, ਕਣਕ, ਬਾਜਰਾ, ਹਰੀਆਂ ਪੱਤੇਦਾਰ ਸਬਜ਼ੀਆਂ, ਮੌਸਮੀ ਫਲ, ਸੀਮਤ ਮਾਤਰਾ ਵਿੱਚ ਘਿਓ ਅਤੇ ਸੁੱਕੇ ਮੇਵੇ ਅਤੇ ਨਾਰੀਅਲ ਪਾਣੀ ਵਰਗੇ ਪੌਸ਼ਟਿਕ ਖਾਧ ਪਦਾਰਥਾਂ ਨੂੰ ਸ਼ਾਮਲ ਕਰਨਾ ਲਾਭਦਾਇਕ ਹੈ। ਸੰਤੁਲਿਤ ਆਯੁਰਵੈਦਿਕ ਖੁਰਾਕ ਸਰੀਰ ਨੂੰ ਊਰਜਾ ਪ੍ਰਦਾਨ ਕਰਨ, ਪਾਚਨ ਸ਼ਕਤੀ ਵਿੱਚ ਸੁਧਾਰ ਕਰਨ, ਮਾਨਸਿਕ ਸ਼ਾਂਤੀ ਅਤੇ ਸਕਾਰਾਤਮਕ ਮਨੋਦਸ਼ਾ ਬਣਾਈ ਰੱਖਣ, ਰੋਗਾਂ ਨਾਲ ਲੜਨ ਦੀ ਸਮਰੱਥਾ ਮਜ਼ਬੂਤ ਕਰਨ ਅਤੇ ਵਾਲਾਂ ਤੇ ਹੱਡੀਆਂ ਦੀ ਸਿਹਤ ਲਈ ਸਹਾਇਕ ਹੁੰਦੀ ਹੈ।
ਉਨ੍ਹਾਂ ਆਮ ਜਨਤਾ ਨੂੰ ਯੋਗ ਅਤੇ ਪ੍ਰਾਣਾਯਾਮ ਨੂੰ ਆਪਣੀ ਰੋਜ਼ਾਨਾ ਜੀਵਨਸ਼ੈਲੀ ਵਿੱਚ ਸ਼ਾਮਲ ਕਰਨ ਦੀ ਸਲਾਹ ਦਿੱਤੀ ਹੈ। ਸ਼ਰਧਾਲੂਆਂ ਨੂੰ ਰੋਜ਼ਾਨਾ 30 ਤੋਂ 40 ਮਿੰਟ ਯੋਗ ਆਸਣ ਅਤੇ ਪ੍ਰਾਣਾਯਾਮ ਦਾ ਅਭਿਆਸ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ, ਤਾਂ ਜੋ ਸਰੀਰਕ ਅਤੇ ਮਾਨਸਿਕ ਸਿਹਤ ਬਿਹਤਰ ਬਣੀ ਰਹੇ।
ਜਨਗਣਨਾ 2027 ਪ੍ਰਤੀ ਜਾਗਰੂਕਤਾ ਵਧਾਉਣ ਲਈ ਕਪਾਲ ਮੋਚਨ ਮੇਲੇ ਵਿੱਚ ਲਗਾਇਆ ਗਿਆ ਵਿਸ਼ੇਸ਼ ਸਟਾਲ
ਇਸ ਤੋਂ ਇਲਾਵਾ, ਮੇਲੇ ਵਿੱਚ ਪ੍ਰਸ਼ਾਸਨ ਵੱਲੋਂ ਵੱਖ-ਵੱਖ ਵਿਭਾਗਾਂ ਦੁਆਰਾ ਲਗਾਈ ਗਈ ਪ੍ਰਦਰਸ਼ਨੀ ਵਿੱਚ ਜਨਗਣਨਾ 2027 ਨੂੰ ਲੈ ਕੇ ਵਿਸ਼ੇਸ਼ ਸਟਾਲ ਲਗਾਇਆ ਗਿਆ ਹੈ। ਇਸ ਸਟਾਲ ਰਾਹੀਂ ਸ਼ਰਧਾਲੂਆਂ ਅਤੇ ਆਮ ਲੋਕਾਂ ਨੂੰ ਆਗਾਮੀ ਜਨਗਣਨਾ ਪ੍ਰਕਿਰਿਆ, ਸਵੈ-ਗਣਨਾ, ਜਨਗਣਨਾ ਦੀ ਮਹੱਤਤਾ ਅਤੇ ਇਸ ਵਿੱਚ ਪੁੱਛੇ ਜਾਣ ਵਾਲੇ ਸਵਾਲਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦੇ ਕੇ ਜਾਗਰੂਕ ਕੀਤਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਜਨਗਣਨਾ ਰਾਹੀਂ ਪ੍ਰਾਪਤ ਅੰਕੜੇ ਸਰਕਾਰ ਨੂੰ ਵਿਕਾਸ ਯੋਜਨਾਵਾਂ ਬਣਾਉਣ, ਸਰੋਤਾਂ ਦੀ ਉਚਿਤ ਵੰਡ, ਸਿੱਖਿਆ, ਸਿਹਤ, ਰਿਹਾਇਸ਼, ਰੁਜ਼ਗਾਰ ਅਤੇ ਲੋਕ ਭਲਾਈ ਸਕੀਮਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਵਿੱਚ ਸਹਾਇਤਾ ਪ੍ਰਦਾਨ ਕਰਦੇ ਹਨ। ਸ਼ਰਧਾਲੂਆਂ ਨੂੰ ਦੱਸਿਆ ਜਾ ਰਿਹਾ ਹੈ ਕਿ ਸਵੈ-ਗਣਨਾ ਰਾਹੀਂ ਨਾਗਰਿਕ ਖੁਦ ਆਪਣੀ ਜਾਣਕਾਰੀ ਦਰਜ ਕਰ ਸਕਦੇ ਹਨ ਅਤੇ ਜਨਗਣਨਾ ਪ੍ਰਕਿਰਿਆ ਵਿੱਚ ਸਰਗਰਮ ਭਾਗੀਦਾਰੀ ਨਿਭਾ ਸਕਦੇ ਹਨ।
5 ਨਵੰਬਰ ਨੂੰ ਪੰਚਕੂਲਾ ਜ਼ਿਲ੍ਹੇ ਦੇ ਬਿਜਲੀ ਖਪਤਕਾਰਾਂ ਦੀਆਂ ਬਿਜਲੀ ਸਬੰਧੀ ਸ਼ਿਕਾਇਤਾਂ ਦੀ ਹੋਵੇਗੀ ਸੁਣਵਾਈ
ਚੰਡੀਗੜ੍ਹ
( ਜਸਟਿਸ ਨਿਊਜ਼ )
ਉੱਤਰ ਹਰਿਆਣਾ ਬਿਜਲੀ ਵੰਡ ਨਿਗਮ ਖਪਤਕਾਰਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਉਪਲਬਧ ਕਰਵਾਉਣ ਲਈ ਵਚਨਬੱਧ ਹੈ। ਖਪਤਕਾਰਾਂ ਦੀਆਂ ਸਮੱਸਿਆਵਾਂ ਦੇ ਤੁਰੰਤ ਹੱਲ ਲਈ ਨਿਗਮ ਵੱਲੋਂ ਕਈ ਮਹੱਤਵਾਕਾਂਖੀ ਪ੍ਰੋਗਰਾਮ ਚਲਾਏ ਜਾ ਰਹੇ ਹਨ। ਉੱਤਰ ਹਰਿਆਣਾ ਬਿਜਲੀ ਵੰਡ ਨਿਗਮ ਸਰਕਲ ਫੋਰਮ ਪੰਚਕੂਲਾ ਦੇ ਖਪਤਕਾਰ ਸ਼ਿਕਾਇਤ ਨਿਵਾਰਣ ਮੰਚ ਦੇ ਚੇਅਰਮੈਨ ਅਤੇ ਮੈਂਬਰਾਂ ਵੱਲੋਂ ਮੰਚ ਦੀ ਕਾਰਵਾਈ 25 ਨਵੰਬਰ ਨੂੰ ਅਧੀਕਸ਼ਣ ਇੰਜੀਨੀਅਰ, ਪੰਚਕੂਲਾ ਦੇ ਦਫ਼ਤਰ ਵਿੱਚ ਕੀਤੀ ਜਾਵੇਗੀ। ਇਸ ਦੌਰਾਨ ਸਿਰਫ਼ ਪੰਚਕੂਲਾ ਜ਼ਿਲ੍ਹੇ ਦੇ ਖਪਤਕਾਰਾਂ ਨਾਲ ਸਬੰਧਤ ਸ਼ਿਕਾਇਤਾਂ ਦੀ ਸੁਣਵਾਈ ਕੀਤੀ ਜਾਵੇਗੀ।
ਯੂ.ਐੱਚ.ਬੀ.ਵੀ.ਐੱਨ. ਦੇ ਬੁਲਾਰੇ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੰਚ ਦੇ ਮੈਂਬਰ ਪੰਚਕੂਲਾ ਜ਼ਿਲ੍ਹੇ ਦੇ ਖਪਤਕਾਰਾਂ ਦੀਆਂ ਹਰ ਤਰ੍ਹਾਂ ਦੀਆਂ ਸਮੱਸਿਆਵਾਂ ਦੀ ਸੁਣਵਾਈ ਕਰਨਗੇ, ਜਿਨ੍ਹਾਂ ਵਿੱਚ ਮੁੱਖ ਤੌਰ ‘ਤੇ ਬਿਲਿੰਗ, ਵੋਲਟੇਜ, ਮੀਟਰਿੰਗ ਨਾਲ ਸਬੰਧਤ ਸ਼ਿਕਾਇਤਾਂ, ਬਿਜਲੀ ਕੁਨੈਕਸ਼ਨ ਕੱਟਣ ਅਤੇ ਜੋੜਨ, ਬਿਜਲੀ ਸਪਲਾਈ ਵਿੱਚ ਰੁਕਾਵਟਾਂ, ਕਾਰਜਕੁਸ਼ਲਤਾ, ਸੁਰੱਖਿਆ ਅਤੇ ਹਰਿਆਣਾ ਬਿਜਲੀ ਰੈਗੂਲੇਟਰੀ ਕਮਿਸ਼ਨ ਦੇ ਹੁਕਮਾਂ ਦੀ ਉਲੰਘਣਾ ਆਦਿ ਸ਼ਾਮਲ ਹਨ। ਹਾਲਾਂਕਿ, ਮੰਚ ਵੱਲੋਂ ਬਿਜਲੀ ਐਕਟ ਦੀ ਧਾਰਾ 126 ਅਤੇ ਧਾਰਾ 135 ਤੋਂ 139 ਦੇ ਤਹਿਤ ਬਿਜਲੀ ਚੋਰੀ ਅਤੇ ਬਿਜਲੀ ਦੀ ਅਣਅਧਿਕਾਰਤ ਵਰਤੋਂ ਦੇ ਮਾਮਲਿਆਂ ਵਿੱਚ ਸਜ਼ਾ ਅਤੇ ਜੁਰਮਾਨੇ ਅਤੇ ਧਾਰਾ 161 ਦੇ ਤਹਿਤ ਜਾਂਚ ਅਤੇ ਹਾਦਸਿਆਂ ਨਾਲ ਸਬੰਧਤ ਮਾਮਲਿਆਂ ਦੀ ਸੁਣਵਾਈ ਨਹੀਂ ਕੀਤੀ ਜਾਵੇਗੀ।
ਸੂਬੇ ਵਿੱਚ ਮੱਛੀ ਸੰਭਾਲ ਅਤੇ ਪੁਨਰਵਾਸ ਪ੍ਰੋਗਰਾਮ ਨੂੰ ਦਿੱਤਾ ਜਾ ਰਿਹਾ ਹੈ ਹੁਲਾਰਾ – ਸ੍ਰੀ ਸ਼ਿਆਮ ਸਿੰਘ ਰਾਣਾ
ਚੰਡੀਗੜ੍ਹ
( ਜਸਟਿਸ ਨਿਊਜ਼ )
ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ, ਪਸ਼ੂ ਪਾਲਣ ਅਤੇ ਡੇਅਰੀ ਅਤੇ ਮੱਛੀ ਪਾਲਣ ਮੰਤਰੀ ਸ੍ਰੀ ਸ਼ਿਆਮ ਸਿੰਘ ਰਾਣਾ ਨੇ ਕਿਹਾ ਕਿ ਹੁਣ ਸੂਬਾ ਸਰਕਾਰ ਵੱਲੋਂ ਰਾਜ ਦੇ ਹਰੇਕ ਜ਼ਿਲ੍ਹੇ ਦੀ ਜਲ-ਭਰਾਅ ਵਾਲੀ ਜ਼ਮੀਨ ਅਤੇ ਢੁੱਕਵੇਂ ਜਲ ਸਰੋਤਾਂ ਵਿੱਚ 2-2 ਲੱਖ ਮੱਛੀ ਦੇ ਬੀਜਾਂ ਦਾ ਸੰਚਾਰ ਕੀਤਾ ਜਾਵੇਗਾ।
ਸ੍ਰੀ ਰਾਣਾ ਨੇ ਦੱਸਿਆ ਕਿ ਇਸ ਮੁਹਿੰਮ ਦੀ ਸ਼ੁਰੂਆਤ ਹਾਲ ਹੀ ਵਿੱਚ ਯਮੁਨਾਨਗਰ ਜ਼ਿਲ੍ਹੇ ਦੇ ਪਿੰਡ ਬੁੱਧ ਮਾਜਰਾ ਦੇ ਜਲ ਸਾਗਰ ਤੋਂ ਕੀਤੀ ਗਈ ਹੈ, ਜਦਕਿ ਪਿਛਲੇ ਸਾਲ ਪਿੰਡ ਬੱਲੇਵਾਲਾ ਵਿੱਚ 2 ਲੱਖ ਮੱਛੀ ਦੇ ਬੀਜਾਂ ਦਾ ਸੰਚਾਰ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ “ਮੱਛੀ ਦੇ ਬੀਜਾਂ ਦੇ ਸੰਚਾਰ” ਦੀ ਇਸ ਪਹਿਲਕਦਮੀ ਨਾਲ ਨਾ ਸਿਰਫ਼ ਮੱਛੀ ਉਤਪਾਦਨ ਵਿੱਚ ਵਾਧਾ ਹੋਵੇਗਾ, ਸਗੋਂ ਜਲਜੀਵ ਜੈਵ ਵਿਭਿੰਨਤਾ ਦੀ ਸੰਭਾਲ ਵੀ ਹੋਵੇਗੀ ਅਤੇ ਸਥਾਨਕ ਮਛੇਰਿਆਂ ਤੇ ਉੱਦਮੀਆਂ ਲਈ ਰੋਜ਼ੀ-ਰੋਟੀ ਦੇ ਨਵੇਂ ਮੌਕੇ ਪੈਦਾ ਹੋਣਗੇ।
ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਦਾ ਟੀਚਾ ਜਲ ਸਰੋਤਾਂ ਦੀ ਬਿਹਤਰ ਵਰਤੋਂ ਕਰਦਿਆਂ ਮੱਛੀ ਪਾਲਣ ਖੇਤਰ ਨੂੰ ਆਤਮ-ਨਿਰਭਰ ਬਣਾਉਣਾ ਅਤੇ ਮੱਛੀ ਪਾਲਕਾਂ ਦੀ ਆਮਦਨ ਵਿੱਚ ਵਾਧਾ ਕਰਨਾ ਹੈ। ਹੁਣ ਤੱਕ 49,034 ਏਕੜ ਜਲ ਖੇਤਰ ਨੂੰ ਮੱਛੀ ਪਾਲਣ ਅਧੀਨ ਲਿਆ ਕੇ 1.47 ਲੱਖ ਮੀਟ੍ਰਿਕ ਟਨ ਮੱਛੀ ਦਾ ਉਤਪਾਦਨ ਕੀਤਾ ਜਾ ਚੁੱਕਾ ਹੈ। ਇਸ ਦੇ ਨਾਲ ਹੀ, ਖਾਰੇ ਪਾਣੀ ਤੋਂ ਪ੍ਰਭਾਵਿਤ 4,953 ਏਕੜ ਜਲ ਖੇਤਰ ਨੂੰ ਚਿੱਟੇ ਝੀਂਗਾ ਪਾਲਣ ਅਧੀਨ ਲਿਆਂਦਾ ਗਿਆ ਹੈ।
ਸ੍ਰੀ ਰਾਣਾ ਨੇ ਇਹ ਵੀ ਦੱਸਿਆ ਕਿ ਹੁਣ ਤੱਕ ਲਗਭਗ 4,300 ਟਨ ਸਮਰੱਥਾ ਵਾਲੀ ਕੋਲਡ ਚੇਨ ਅਤੇ 18 ਮੱਛੀ ਫੀਡ ਮਿੱਲਾਂ ਸਥਾਪਤ ਕੀਤੀਆਂ ਜਾ ਚੁੱਕੀਆਂ ਹਨ। ਇਸ ਸਾਲ ਸੂਬੇ ਵਿੱਚ ਤਿੰਨ ਮੋਬਾਈਲ ਜਲ ਜਾਂਚ ਪ੍ਰਯੋਗਸ਼ਾਲਾ ਵੈਨਾਂ ਭੇਜੀਆਂ ਗਈਆਂ ਹਨ, ਜੋ ਕਿਸਾਨਾਂ ਨੂੰ ਉਨ੍ਹਾਂ ਦੇ ਤਲਾਬਾਂ ‘ਤੇ ਹੀ ਮਿੱਟੀ ਅਤੇ ਪਾਣੀ ਦੀ ਜਾਂਚ ਦੀ ਸਹੂਲਤ ਮੁਹੱਈਆ ਕਰਵਾਉਣਗੀਆਂ।
ਉਨ੍ਹਾਂ ਜਾਣਕਾਰੀ ਦਿੱਤੀ ਕਿ ਸਰਕਾਰ ਵੱਲੋਂ ਕਰਨਾਲ ਅਤੇ ਸਿਰਸਾ ਵਿੱਚ ਦੋ ਪ੍ਰੋਸੈਸਿੰਗ ਯੂਨਿਟ ਲਗਾਈਆਂ ਜਾਣਗੀਆਂ ਅਤੇ ਹਿਸਾਰ ਤੇ ਫਰੀਦਾਬਾਦ ਵਿੱਚ ਦੋ ਮੱਛੀ ਮੰਡੀਆਂ ਦਾ ਨਿਰਮਾਣ ਕੀਤਾ ਜਾਵੇਗਾ। ਭਿਵਾਨੀ ਅਤੇ ਸਿਰਸਾ ਜ਼ਿਲ੍ਹਿਆਂ ਵਿੱਚ ਉੱਤਮਤਾ ਕੇਂਦਰ ਸਥਾਪਤ ਕੀਤੇ ਜਾਣਗੇ।
ਸ੍ਰੀ ਸ਼ਿਆਮ ਸਿੰਘ ਰਾਣਾ ਨੇ ਦੱਸਿਆ ਕਿ ਮੱਛੀ ਪਾਲਣ ਵਿਭਾਗ ਦਾ ਯੋਜਨਾ ਬਜਟ ਸਾਲ 2014-15 ਦੇ ਲਗਭਗ 6.99 ਕਰੋੜ ਰੁਪਏ ਤੋਂ ਵਧਾ ਕੇ ਸਾਲ 2026-27 ਵਿੱਚ ਲਗਭਗ 242.40 ਕਰੋੜ ਰੁਪਏ ਕਰ ਦਿੱਤਾ ਗਿਆ ਹੈ, ਜੋ ਸੂਬਾ ਸਰਕਾਰ ਦੀ ਕਿਸਾਨ ਹਿਤੈਸ਼ੀ ਵਚਨਬੱਧਤਾ ਨੂੰ ਦਰਸਾਉਂਦਾ ਹੈ।
ਉਨ੍ਹਾਂ ਸੂਬੇ ਦੇ ਕਿਸਾਨਾਂ ਨੂੰ ਪਾਣੀ ਅਤੇ ਜਲ ਸਰੋਤਾਂ ਦੀ ਸੰਭਾਲ ਦਾ ਸੰਕਲਪ ਲੈਣ ਦਾ ਸੱਦਾ ਦਿੱਤਾ, ਤਾਂ ਜੋ ਹਰਿਆਣਾ ਨੂੰ ਮੱਛੀ ਪਾਲਣ ਦੇ ਖੇਤਰ ਵਿੱਚ ਨਵੀਆਂ ਬੁਲੰਦੀਆਂ ‘ਤੇ ਪਹੁੰਚਾਇਆ ਜਾ ਸਕੇ।