ਪੰਜਾਬੀਆਂ ਨੂੰ ਉੱਡਦਾ ਪੰਜਾਬ ਨਹੀਂ, ਉੱਭਰਦਾ ਪੰਜਾਬ ਚਾਹੀਦਾ: ਨਿਤਿਨ ਨਬੀਨ-‘ਆਪ’ ਦਾ ਯੁੱਧ ਨਸ਼ੇ ਵਿਰੁੱਧ ਨਹੀਂ ਸੀ, ਬਲਕਿ ਨਸ਼ਾ ਮਾਫ਼ੀਆ ਨਾਲ ਸਾਂਝ ਸੀ: ਨਿਤਿਨ ਨਬੀਨ
ਸਤੰਬਰ ( ਜਸਟਿਸ ਨਿਊਜ਼ )
ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਸ੍ਰੀ ਨਿਤਿਨ ਨਬੀਨ ਨੇ ਅੱਜ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਸੰਕਲਪ ਦੀ ਪੂਰਤੀ ਲਈ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੀ ਅਗਵਾਈ ਹੇਠ ਏਕਤਾ ਸਥਲ, ਮਾਧੋਪੁਰ, ਪਠਾਨਕੋਟ ਤੋਂ ਸ਼ੁਰੂ ਕੀਤੀ ਗਈ ਪਹਿਲੀ ਨਸ਼ਾ ਮੁਕਤ ਪੰਜਾਬ ਯਾਤਰਾ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ‘‘ਭਾਜਪਾ ਦਾ ਨਾਅਰਾ, ਨਸ਼ਾ ਮੁਕਾਉਣਾ ਸਾਰਾ’’ ਦੇ ਸੰਕਲਪ ਨਾਲ ਸ਼ੁਰੂ ਹੋਈ ਨਸ਼ਾ ਮੁਕਤ ਯਾਤਰਾ 30 ਸਤੰਬਰ ਨੂੰ ਜਲੰਧਰ ਵਿਖੇ ਸਮਾਪਤ ਹੋਵੇਗੀ। ਇਸ ਮੌਕੇ ਸ੍ਰੀ ਨਿਤਿਨ ਨਬੀਨ ਨੇ ਜਿੱਥੇ ਨਸ਼ਿਆਂ ਖ਼ਿਲਾਫ਼ ਫ਼ੈਸਲਾਕੁਨ ਲੜਾਈ ਲੜਨ ਦਾ ਸੱਦਾ ਦਿੱਤਾ, ਉੱਥੇ ਕੌਮੀ ਉਪ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਅਤੇ ਸਾਬਕਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਨਸ਼ਿਆਂ ਖ਼ਿਲਾਫ਼ ਲੜਾਈ ਨੂੰ ਲੋਕ ਅੰਦੋਲਨ ਬਣਾਉਣ ਦੀ ਗੱਲ ਕਹੀ।
ਇਸ ਤੋਂ ਪਹਿਲਾਂ ਸ੍ਰੀ ਨਿਤਿਨ ਨਬੀਨ ਅਤੇ ਕੇਵਲ ਸਿੰਘ ਢਿੱਲੋਂ ਸਮੇਤ ਭਾਜਪਾ ਆਗੂਆਂ ਨੇ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦੀ ਯਾਦਗਾਰ ਏਕਤਾ ਸਥਲ ਵਿਖੇ ਸ਼ਰਧਾਂਜਲੀ ਭੇਟ ਕੀਤੀ ਅਤੇ ਕੌਮੀ ਪ੍ਰਧਾਨ ਵੱਲੋਂ ਅੰਬ ਦਾ ਬੂਟਾ ਲਾਇਆ ਗਿਆ। ਉਪਰੰਤ ਉਨ੍ਹਾਂ ਨੇ ਨਸ਼ਾ ਪੀੜਤ ਦਰਜਨਾਂ ਪਰਿਵਾਰਾਂ ਨਾਲ ਮੁਲਾਕਾਤ ਕਰਦਿਆਂ ਉਨ੍ਹਾਂ ਦੀ ਦਰਦਭਰੀ ਵਿਥਿਆ ਸੁਣੀ। ਇਸ ਦੌਰਾਨ ਉਹ ਭਾਵੁਕ ਹੁੰਦੇ ਨਜ਼ਰ ਆਏ। ਪੀੜਤ ਪਰਿਵਾਰਾਂ ਦੀਆਂ ਔਰਤਾਂ ਦੀ ਇਹੀ ਪੁਕਾਰ ਰਹੀ ਕਿ ਪੰਜਾਬ ਨੂੰ ਬਚਾ ਸਕਦੇ ਹੋ ਤਾਂ ਬਚਾ ਲਓ। ਨੂਰ ਮਹਿਲ ਤੋਂ ਆਈ ਔਰਤ ਨੇ ਕਿਹਾ ਕਿ ਮੇਰੇ ਤਿੰਨ ਪੁੱਤਰਾਂ ਵਿੱਚੋਂ ਦੋ ਨਸ਼ੇ ਕਾਰਨ ਮਰ ਚੁੱਕੇ ਹਨ ਤੇ ਤੀਜਾ ਮੌਤ ਦੀ ਕਗਾਰ ’ਤੇ ਹੈ। ਪਤੀ ਦੀ ਸਿਹਤ ਠੀਕ ਨਹੀਂ ਰਹਿੰਦੀ। ਉਨ੍ਹਾਂ ਸਵਾਲ ਕੀਤਾ ਕਿ ਬੱਚੇ ਮਰ ਰਹੇ ਹਨ ਤਾਂ ਧੀਆਂ ਤੇ ਕੁੜੀਆਂ ਕਿੱਥੇ ਜਾਣ? ਪੀੜਤ ਪਰਿਵਾਰਾਂ ਨੇ ਗੁਹਾਰ ਲਗਾਈ ਕਿ ਸਾਨੂੰ ਮੁਫ਼ਤ ਦੀਆਂ ਸਹੂਲਤਾਂ ਨਹੀਂ, ਪਰ ਨਸ਼ਾ ਜ਼ਰੂਰ ਖ਼ਤਮ ਹੋਣਾ ਚਾਹੀਦਾ ਹੈ। ਇਸ ਮੌਕੇ ਭਾਜਪਾ ਪ੍ਰਧਾਨ ਨੇ ਉਨ੍ਹਾਂ ਨਾਲ ਖੜ੍ਹੇ ਹੋਣ ਅਤੇ ਸਮੱਸਿਆ ਨੂੰ ਹਰ ਹਾਲ ਵਿੱਚ ਜੜ੍ਹੋਂ ਪੁੱਟਣ ਦਾ ਭਰੋਸਾ ਦਿੱਤਾ।
ਯਾਤਰਾ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਨ ਤੋਂ ਪਹਿਲਾਂ ਮੰਚ ਉੱਤੇ ਕੇਸਰੀ ਦਸਤਾਰ ਸਜਾ ਕੇ ਆਏ ਨਿਤਿਨ ਨਬੀਨ ਨੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬੀਆਂ ਨੂੰ ਉੱਡਦਾ ਪੰਜਾਬ ਨਹੀਂ, ਉੱਭਰਦਾ ਪੰਜਾਬ ਚਾਹੀਦਾ ਹੈ। ਜਿਨ੍ਹਾਂ ਲੋਕਾਂ ਨੇ ਸੱਤਾ ਦੇ ਦਮ ’ਤੇ ਭ੍ਰਿਸ਼ਟਾਚਾਰ ਅਤੇ ਅਮਨ-ਕਾਨੂੰਨ ਦੀ ਹਾਲਤ ਨੂੰ ਖ਼ਰਾਬ ਕਰਕੇ ਪੰਜਾਬ ਨੂੰ ਨਸ਼ੇ ਨਾਲ ਬਰਬਾਦ ਕੀਤਾ, ਉਨ੍ਹਾਂ ਖ਼ਿਲਾਫ਼ ਫ਼ੈਸਲਾਕੁਨ ਲੜਾਈ ਕਰਨ ਦਾ ਸਮਾਂ ਆ ਗਿਆ ਹੈ।
ਨਸ਼ਿਆਂ ਖ਼ਿਲਾਫ਼ ਲੜਾਈ ਦਾ ਮੂਲ ਮੰਤਰ
ਭਾਰਤੀ ਜਨਤਾ ਪਾਰਟੀ ਦੇ ਨਸ਼ੇ ਖ਼ਿਲਾਫ਼ ਲੜਾਈ ਦਾ ਮੂਲ-ਮੰਤਰ ਸਾਂਝਾ ਕਰਦਿਆਂ ਨਿਤਿਨ ਨਬੀਨ ਨੇ ਕਿਹਾ ਕਿ ਨਸ਼ਾ ਤਸਕਰਾਂ ’ਤੇ ਵਾਰ, ਨਸ਼ਾ ਸਪਲਾਈ ਨੈੱਟਵਰਕ ਨੂੰ ਤੋੜਨਾ, ਡਰੱਗ ਮਨੀ ਨੂੰ ਜ਼ਬਤ ਕਰਨਾ, ਨਸ਼ੇ ਦੇ ਸ਼ਿਕਾਰ ਲੋਕਾਂ ਦਾ ਪੁਨਰਵਾਸ ਕਰਨਾ ਅਤੇ ਸਮਾਜ ਦੇ ਸਹਿਯੋਗ ਨਾਲ ਨਸ਼ੇ ਖ਼ਿਲਾਫ਼ ਲੜਾਈ ਨੂੰ ਅੱਗੇ ਤੋਰਿਆ ਜਾਵੇਗਾ। ਉਨ੍ਹਾਂ ਕਿਹਾ ਕਿ ਅੱਜ ਦਾ ਦਿਨ ਬਹੁਤ ਖਾਸ ਹੈ। ਮੈਂ ਪੰਜਾਬ ਦੇ ਘਰ-ਘਰ ਦੀ ਪੀੜਾ ਨਾਲ ਜੁੜਨ ਆਇਆ ਹਾਂ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਧਰਤੀ ਪਟਨਾ ਤੋਂ ਹਰ ਪੰਜਾਬੀ ਤੱਕ ਨਸ਼ਾ ਮੁਕਤੀ ਦਾ ਸੁਨੇਹਾ ਦੇਣ ਆਇਆ ਹਾਂ।
ਭਾਜਪਾ ਦਾ ਟਰੈਕ ਰਿਕਾਰਡ
ਨਿਤਿਨ ਨਬੀਨ ਨੇ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦੀ ਮਿਸਾਲ ਦਿੰਦਿਆਂ ਕਿਹਾ ਕਿ ਦੇਸ਼ ਵਿੱਚ ਭਾਜਪਾ ਜੋ ਸੰਕਲਪ ਲੈਂਦੀ ਹੈ, ਉਸ ਨੂੰ ਪੂਰਾ ਕਰਦੀ ਹੈ। ਧਾਰਾ 370 ਨੂੰ ਹਟਾਉਣ ਦੇ ਸੰਕਲਪ ਨੂੰ ਪੂਰਾ ਕਰਨ ਲਈ ਲੰਬਾ ਸੰਘਰਸ਼ ਕੀਤਾ, ਅੱਤਵਾਦ ਅਤੇ ਨਕਸਲਵਾਦ ਨੂੰ ਖ਼ਤਮ ਕੀਤਾ। ਹੁਣ ਭਾਜਪਾ ਨੇ 2 ਅਗਸਤ ਨੂੰ ਦੇਸ਼ ਵਿੱਚ ਨਸ਼ੇ ਨੂੰ ਖ਼ਤਮ ਕਰਨ ਦਾ ਸੰਕਲਪ ਲਿਆ ਹੈ। ਮੈਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਸੰਦੇਸ਼ ਲੈ ਕੇ ਪੰਜਾਬ ਦੀ ਧਰਤੀ ਤੋਂ ਇਸ ਦੀ ਸ਼ੁਰੂਆਤ ਕਰਨ ਲਈ ਆਇਆ ਹਾਂ। ਇਹ ਭਾਜਪਾ ਦਾ ਟਰੈਕ ਰਿਕਾਰਡ ਹੈ, ਇਸ ਲਈ ਨਸ਼ੇ ਨੂੰ ਖ਼ਤਮ ਵੀ ਅਸੀਂ ਹੀ ਕਰਾਂਗੇ।
ਉਨ੍ਹਾਂ ਕਿਹਾ ਕਿ ਨਸ਼ਾ ਪੰਜਾਬ ਦੀ ਪਛਾਣ ਜਾਂ ਤਾਕਤ ਨਹੀਂ ਹੋ ਸਕਦਾ। ਪੰਜਾਬ ਦੀ ਪਛਾਣ ਇਸ ਦੀ ਸੰਸਕ੍ਰਿਤੀ, ਵਿਰਾਸਤ, ਪਰੰਪਰਾ, ਵਿਚਾਰ ਤੇ ਨੌਜਵਾਨੀ ਹੋਣੀ ਚਾਹੀਦੀ ਹੈ। ਪੰਜਾਬ ਦੀ ਪਛਾਣ ਗੁਰੂਆਂ ਦੀ ਬਾਣੀ, ਕਿਸਾਨਾਂ ਦੇ ਪਸੀਨੇ ਤੇ ਖਿਡਾਰੀਆਂ ਦੇ ਜਜ਼ਬੇ ਤੋਂ ਹੁੰਦੀ ਸੀ। ਪੰਜਾਬ ਦੇ ਲੋਕ ਨਸ਼ਿਆਂ ਦੇ ਖ਼ਿਲਾਫ਼ ਖ਼ੁਦ ਲੜਾਈ ਲੜਨਗੇ।
ਨਸ਼ੇ ਨੂੰ ਸੱਤਾ ਦੀ ਚਾਬੀ ਸਮਝਿਆ
ਨਿਤਿਨ ਨਬੀਨ ਨੇ ਕਿਹਾ ਕਿ ਸੂਬੇ ’ਚ ਸੱਤਾ ਵਿੱਚ ਬੈਠੇ ਲੋਕਾਂ ਨੇ ਪੰਜਾਬ ਦੀ ਪਛਾਣ ਨੂੰ ਬਦਲਣ ਦਾ ਕੰਮ ਕੀਤਾ, ਸਾਡੀਆਂ ਪੀੜ੍ਹੀਆਂ ਨੂੰ ਖ਼ਤਮ ਕਰਨ ਦਾ ਕੰਮ ਕੀਤਾ। ਪੰਜਾਬ ਦੀ ‘ਆਪ’ ਸਰਕਾਰ ਨੇ ਨਸ਼ੇ ਖ਼ਿਲਾਫ਼ ਲੜਾਈ ਨੂੰ ਸੱਤਾ ਦੀ ਚਾਬੀ ਸਮਝਿਆ, ਲੋਕਾਂ ਦਾ ਦਰਦ ਨਹੀਂ ਮੰਨਿਆ।
ਨਿਤਿਨ ਨਬੀਨ ਨੇ ਕਿਹਾ ਕਿ ਸੂਬੇ ਦੀਆਂ ਚਾਰੋਂ ਦਿਸ਼ਾਵਾਂ ਤੋਂ ਨਸ਼ਾ ਮੁਕਤ ਯਾਤਰਾਵਾਂ ਕੱਢੀਆਂ ਜਾ ਰਹੀਆਂ ਹਨ। ਇਨ੍ਹਾਂ ਯਾਤਰਾਵਾਂ ਦੌਰਾਨ ਪੰਜਾਬ ਦੇ ਲੋਕਾਂ ਨੂੰ ਨਸ਼ਾ ਮੁਕਤ ਅਭਿਆਨ ਨਾਲ ਜੋੜਿਆ ਜਾਵੇਗਾ ਅਤੇ ਉਨ੍ਹਾਂ ਨਾਲ ਸੰਵਾਦ ਵੀ ਕੀਤਾ ਜਾਵੇਗਾ। ਸਮਾਜ ਸੇਵੀ ਸੰਸਥਾਵਾਂ ਨੂੰ ਵੀ ਨਾਲ ਜੋੜਿਆ ਜਾਵੇਗਾ।
ਸੱਤਾ ਵਿੱਚ ਬੈਠੇ ਲੋਕਾਂ ਨੇ ਨਸ਼ਾ ਪੀੜਤ ਪਰਿਵਾਰਾਂ ਦੇ ਦਰਦ ਅਤੇ ਪੀੜਾ ਨੂੰ ਸਮਝਣ ਦੀ ਥਾਂ ਪੰਜਾਬ ਦੀ ‘ਆਪ’ ਸਰਕਾਰ ਨਸ਼ੇ ਖ਼ਿਲਾਫ਼ ਬੋਲਣ ਵਾਲੇ ਲੋਕਾਂ ਦੀ ਆਵਾਜ਼ ਬੰਦ ਕਰਨਾ ਚਾਹੁੰਦੀ ਹੈ, ਪਰ ਸਰਕਾਰ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਪੰਜਾਬ ਦੀ ਆਵਾਜ਼ ਨੂੰ ਬੰਦ ਨਹੀਂ ਕੀਤਾ ਜਾ ਸਕੇਗਾ।
ਨਸ਼ੇ ਵਿਰੁੱਧ ਆਵਾਜ਼ ਉਠਾਉਣ ਵਾਲਾ ਦਲਿਤ ਭਰਾ ਸਰਕਾਰ ਦੀ ਜ਼ਿਆਦਤੀ ਕਾਰਨ ਖ਼ੁਦਕੁਸ਼ੀ ਕਰਨ ਲਈ ਮਜਬੂਰ ਹੋਇਆ। ਪੀੜਤ ਪਰਿਵਾਰ ਨੂੰ ਮਿਲਣ ਜਾ ਰਹੇ ਭਾਜਪਾ ਆਗੂਆਂ ਅਤੇ ਵਰਕਰਾਂ ਨੂੰ ਆਮ ਆਦਮੀ ਪਾਰਟੀ ਦੇ ਵਰਕਰਾਂ ਦੁਆਰਾ ਰੋਕਿਆ ਗਿਆ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਨਸ਼ੇ ਦੇ ਨੈੱਟਵਰਕ ਨੂੰ ਤੋੜਨ ਦੀ ਬਜਾਏ ਨਸ਼ਾ ਪੀੜਤ ਪਰਿਵਾਰਾਂ ਦੇ ਮਨੋਬਲ ਨੂੰ ਤੋੜਨ ਦਾ ਕੰਮ ਕੀਤਾ।
ਦੋ ਸਾਲਾਂ ’ਚ ਨਸ਼ੇ ਦੀ ਜੜ੍ਹ ਮੁਕਾ ਦਿਆਂਗੇ: ਕੇਵਲ ਢਿੱਲੋਂ
ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਮੰਚ ਤੋਂ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦਾ ਇਹ ਇਕੱਠ ਕੋਈ ਸਿਆਸੀ ਰੈਲੀ ਨਹੀਂ ਹੈ, ਬਲਕਿ ਅਸੀਂ ਮਾਵਾਂ-ਭੈਣਾਂ ਦੇ ਦੁੱਖ ਵੰਡਾਉਣ ਆਏ ਹਾਂ। ਉਨ੍ਹਾਂ ਕਿਹਾ ਕਿ ਇਹ ਲੋਕ ਅੰਦੋਲਨ ਹੈ, ਜਿਸ ਤਹਿਤ ਅਸੀਂ 117 ਹਲਕਿਆਂ ਵਿੱਚ ਘਰ-ਘਰ ਜਾਵਾਂਗੇ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਸੰਕਲਪ ਮੁਤਾਬਕ ਅਗਲੇ ਦੋ ਸਾਲਾਂ ਵਿੱਚ ਨਸ਼ੇ ਨੂੰ ਜੜ੍ਹੋਂ ਮੁਕਾਵਾਂਗੇ।
ਪੰਜਾਬ ਦੇ ਲੋਕਾਂ ਨੂੰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਨਸ਼ਾ ਮੁਕਤ ਪੰਜਾਬ ਯਾਤਰਾਵਾਂ ਵਿੱਚ ਸ਼ਮੂਲੀਅਤ ਕਰਨ ਦਾ ਸੱਦਾ ਦਿੰਦਿਆਂ ਕੇਵਲ ਢਿੱਲੋਂ ਨੇ ਕਿਹਾ, ਪੰਜਾਬ ਸਰਕਾਰ ਦਾ ਚਿਹਰਾ ਬੇਨਕਾਬ ਹੋ ਚੁੱਕਾ ਹੈ। ਉਹ ਸਾਡੇ ’ਤੇ ਆਂਡੇ ਮਾਰ ਕੇ ਸਾਨੂੰ ਰੋਕ ਨਹੀਂ ਸਕਦੇ, ਇਹ ਜੁਆਕਾਂ ਵਾਲੀਆਂ ਗੱਲਾਂ ਹਨ। ਭਾਜਪਾ ਅਜਿਹੇ ਹਮਲਿਆਂ ਤੋਂ ਡਰਨ ਵਾਲੀ ਨਹੀਂ ਹੈ।
ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਤਿੰਨ ਮਹੀਨਿਆਂ ਵਿੱਚ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਦਾਅਵਾ ਕੀਤਾ ਸੀ, ਪਰ ਹੁਣ ਹਾਲਾਤ ਇਹ ਹਨ ਕਿ ਇੱਥੇ ਪੀਜ਼ੇ ਦੀ ਡਲਿਵਰੀ ਲੇਟ ਹੋ ਸਕਦੀ ਹੈ, ਚਿੱਟੇ ਦੀ ਨਹੀਂ।
ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਮਾਵਾਂ ਤੇ ਭੈਣਾਂ ਪੰਜਾਬ ਸਰਕਾਰ ਤੋਂ ਸਵਾਲ ਪੁੱਛਦੀਆਂ ਹਨ, ‘ਸਾਡੇ ਪੁੱਤ ਤੇ ਭਰਾ ਕਦੋਂ ਮੋੜੋਗੇ?’ ਪਰ ਸਰਕਾਰ ਜਵਾਬ ਦੇਣ ਦੀ ਬਜਾਇ ਨਸ਼ੇ ਖ਼ਿਲਾਫ਼ ਬੋਲਣ ਵਾਲਿਆਂ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਪਰ ਇਹ ਪੰਜਾਬ ਦੀ ਆਵਾਜ਼ ਹੈ, ਇਸ ਨੂੰ ਕੋਈ ਨਹੀਂ ਦਬਾ ਸਕਦਾ।
ਕੇਵਲ ਢਿੱਲੋਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਨੇ ਪੰਜਾਬ ਦਾ ਸਭ ਕੁਝ ਬਰਬਾਦ ਕਰ ਦਿੱਤਾ, ਪੰਜਾਬ ਦਾ ਹਰ ਵਰਗ ਦੁਖੀ ਹੈ। ਪੰਜਾਬ ਦੇ ਲੋਕ ਕਹਿ ਰਹੇ ਹਨ, ਚੋਣ ਜ਼ਾਬਤਾ ਲੱਗਣ ਦਿਓ, ਪਿੰਡ-ਪਿੰਡ ਬੋਰਡ ਲਾ ਦਿਆਂਗੇ ਕਿ ‘ਆਪ’ ਵਾਲੇ ਪਿੰਡਾਂ ਵਿੱਚ ਨਹੀਂ ਵੜ ਸਕਦੇ।
ਪੰਜਾਬ ਬਦਨਾਮ ਹੋ ਰਿਹਾ: ਮਨਪ੍ਰੀਤ ਬਾਦਲ
ਭਾਰਤੀ ਜਨਤਾ ਪਾਰਟੀ ਦੇ ਕੌਮੀ ਉਪ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਅੱਜ ਪੰਜਾਬ ਆਪਣੀ ਪਛਾਣ ਗੁਆਉਂਦਾ ਜਾ ਰਿਹਾ ਹੈ। ਪੰਜਾਬ ਦੀ ਜੋ ਤਸਵੀਰ ਪਹਿਲਾਂ ਹੁੰਦੀ ਸੀ, ਹੁਣ ਉਹ ਤਸਵੀਰ ਨਹੀਂ ਰਹੀ। ਆਏ ਦਿਨ ਨਸ਼ਿਆਂ ਕਾਰਨ ਪੰਜਾਬ ਦੇ ਹਾਲਾਤ ਖ਼ਰਾਬ ਹੁੰਦੇ ਜਾ ਰਹੇ ਹਨ, ਜਿਸ ਕਾਰਨ ਪੰਜਾਬ ਦੇਸ਼ ਭਰ ਵਿੱਚ ਬਦਨਾਮ ਹੋ ਰਿਹਾ ਹੈ।
ਘਰ-ਘਰ ਦੀ ਲੜਾਈ ਹੈ: ਅਸ਼ਵਨੀ ਸ਼ਰਮਾ
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਸ਼ਿਆਮਾ ਪ੍ਰਸਾਦ ਮੁਖਰਜੀ ਨਾਲ ਸਬੰਧਤ ਇਤਿਹਾਸਕ ਸਥਾਨ ਤੋਂ ਯਾਤਰਾ ਸ਼ੁਰੂ ਕਰਕੇ ਭਾਜਪਾ ਨੇ ਨਸ਼ਿਆਂ ਖ਼ਿਲਾਫ਼ ਲੋਕ ਅੰਦੋਲਨ ਸ਼ੁਰੂ ਕੀਤਾ ਹੈ। ਇਸ ਦਾ ਬੈਨਰ ਸਿਆਸੀ ਹੋ ਸਕਦਾ ਹੈ, ਪਰ ਸਮੱਸਿਆ ਘਰ-ਘਰ ਦੀ ਹੈ। ਪੰਜਾਬ ਵਿੱਚ ਯੁੱਧ ਨਸ਼ਿਆਂ ਵਿਰੁੱਧ ਪ੍ਰਚਾਰ ਬਣ ਕੇ ਰਹਿ ਗਿਆ। ਪਰ ਭਾਜਪਾ ਦੇ ਸੰਕਲਪ ਮੁਤਾਬਕ ਦੇਸ਼ ਨੂੰ ਨਸ਼ਿਆਂ ਤੋਂ ਮੁਕਤ ਕਰਨ ਦੀ ਲੜਾਈ ਪੰਜਾਬ ਤੋਂ ਸ਼ੁਰੂ ਹੋਈ ਹੈ।
ਹੋਰ ਕਿਸ-ਕਿਸ ਨੇ ਸੰਬੋਧਨ ਕੀਤਾ
ਸਮਾਗਮ ਨੂੰ ਹੋਰਨਾਂ ਤੋਂ ਇਲਾਵਾ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ, ਸੰਸਦੀ ਕਮੇਟੀ ਮੈਂਬਰ ਇਕਬਾਲ ਸਿੰਘ ਲਾਲਪੁਰਾ, ਸਾਬਕਾ ਲੋਕ ਸਭਾ ਮੈਂਬਰ ਪ੍ਰਨੀਤ ਕੌਰ, ਸਾਬਕਾ ਰਾਜ ਸਭਾ ਮੈਂਬਰ ਸ਼ਵੇਤ ਮਲਿਕ, ਸਾਬਕਾ ਮੰਤਰੀ ਪੰਜਾਬ ਮਨੋਰੰਜਨ ਕਾਲੀਆ, ਮੁਕੇਰੀਆਂ ਤੋਂ ਵਿਧਾਇਕ ਜੰਗੀ ਲਾਲ ਮਹਾਜਨ, ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਦਿਨੇਸ਼ ਬੱਬੂ ਨੇ ਵੀ ਸੰਬੋਧਨ ਕੀਤਾ।
ਕੌਣ-ਕੌਣ ਹਾਜ਼ਰ ਸਨ
ਪੰਜਾਬ ਮਾਮਲਿਆਂ ਦੇ ਇੰਚਾਰਜ ਸਤੀਸ਼ ਪੂਨੀਆ, ਸਹਿ-ਇੰਚਾਰਜ ਸੌਦਾਨ ਸਿੰਘ, ਸਹਿ-ਇੰਚਾਰਜ ਡਾ. ਨਰਿੰਦਰ ਸਿੰਘ ਰੈਣਾ, ਰਾਜ ਸਭਾ ਮੈਂਬਰ ਤਰੁਣ ਚੁੱਘ, ਰਾਜ ਸਭਾ ਮੈਂਬਰ ਬਿਕਰਮਜੀਤ ਸਾਹਨੀ, ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ, ਪੰਜਾਬ ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ, ਪੰਜਾਬ ਭਾਜਪਾ ਦੇ ਜਨਰਲ ਸਕੱਤਰ ਅਨਿਲ ਸਰੀਨ, ਰਾਜ ਸਭਾ ਮੈਂਬਰ ਰਾਘਵ ਚੱਢਾ, ਭਾਜਪਾ ਆਗੂ ਐੱਚ.ਐੱਸ. ਫੂਲਕਾ, ਸਾਬਕਾ ਮੰਤਰੀ ਸੁਰਜੀਤ ਕੁਮਾਰ ਜਿਆਣੀ, ਰਾਕੇਸ਼ ਕੁਮਾਰ ਰਾਠੌਰ, ਕੇ.ਡੀ. ਭੰਡਾਰੀ, ਰਵੀ ਕਰਨ ਸਿੰਘ ਕਾਹਲੋਂ, ਸੂਰਜ ਭਾਰਦਵਾਜ, ਮਾਨਵ ਤਨੇਜਾ, ਪੰਜਾਬ ਭਾਜਪਾ ਮਹਿਲਾ ਵਿੰਗ ਪ੍ਰਧਾਨ ਜੈ ਇੰਦਰ ਕੌਰ, ਅਮਨਜੋਤ ਕੌਰ ਰਾਮੂਵਾਲੀਆ, ਸਾਬਕਾ ਵਿਧਾਇਕ ਅਸ਼ਵਨੀ ਸ਼ੇਖੜੀ, ਸਾਬਕਾ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ, ਸਾਬਕਾ ਮੰਤਰੀ ਸੋਮ ਪ੍ਰਕਾਸ਼, ਸਾਬਕਾ ਲੋਕ ਸਭਾ ਮੈਂਬਰ ਪ੍ਰਨੀਤ ਕੌਰ, ਰਾਣਾ ਗੁਰਮੀਤ ਸਿੰਘ ਸੋਢੀ, ਜ਼ਿਲ੍ਹਾ ਪ੍ਰਧਾਨ ਸੁਰੇਸ਼ ਸ਼ਰਮਾ, ਮੀਨਾ ਤਰਨਾਇਕ, ਠਾਕੁਰ ਦਿਨੇਸ਼ ਸਿੰਘ ਬੱਬੂ, ਸੀਮਾ ਕੁਮਾਰੀ, ਰਕੇਸ਼ ਸ਼ਰਮਾ, ਰਾਜਨ ਮਲਹੋਤਰਾ, ਰਜੇਸ਼ ਹਨੀ, ਪ੍ਰਦੀਪ ਰੈਣਾ, ਪ੍ਰੋ. ਸਰਚਾਂਦ ਸਿੰਘ ਖਿਆਲਾ, ਗੀਤਕਾਰ ਸ਼ੈਗੀ ਬੌਸ, ਬੋਨੀ ਅਜਨਾਲਾ, ਅਜੈਬੀਰਪਾਲ ਸਿੰਘ ਰੰਧਾਵਾ ਸਣੇ ਹੋਰ ਕਈ ਆਗੂ ਹਾਜ਼ਰ ਸਨ।