ਈਡੀ ਦੀ 47 ਘੰਟਿਆਂ ਦੀ ਜਾਂਚ ਦੌਰਾਨ ਕੋਈ ਇਤਰਾਜ਼ਯੋਗ ਸਮੱਗਰੀ ਨਹੀਂ ਮਿਲੀ : ਸੁੰਦਰ ਸ਼ਾਮ ਅਰੋੜਾ
ਹੁਸ਼ਿਆਰਪੁਰ
(ਤਰਸੇਮ ਦੀਵਾਨਾ)
ਸਾਬਕਾ ਕੈਬਨਿਟ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਸੁੰਦਰ ਸ਼ਾਮ ਅਰੋੜਾ ਦੀ ਜੋਧਾਮਲ ਰੋਡ ਸਥਿਤ ਰਿਹਾਇਸ਼ ’ਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਕੀਤੀ ਜਾ ਰਹੀ ਜਾਂਚ ਬੀਤੀ ਦੇਰ ਰਾਤ ਮੁਕੰਮਲ ਹੋ ਗਈ। ਲਗਭਗ 47 ਘੰਟਿਆਂ ਤੱਕ ਚੱਲੀ ਇਸ ਕਾਰਵਾਈ ਤੋਂ ਬਾਅਦ ਸੁੰਦਰ ਸ਼ਾਮ ਅਰੋੜਾ ਨੇ ਦਾਅਵਾ ਕੀਤਾ ਕਿ ਜਾਂਚ ਦੌਰਾਨ ਅਧਿਕਾਰੀਆਂ ਨੂੰ ਕੋਈ ਵੀ ਇਤਰਾਜ਼ਯੋਗ ਸਮੱਗਰੀ ਜਾਂ ਨਕਦੀ ਬਰਾਮਦ ਨਹੀਂ ਹੋਈ ਅਤੇ ਨਾ ਹੀ ਜਾਂਚ ਟੀਮ ਉਨ੍ਹਾਂ ਦੀ ਰਿਹਾਇਸ਼ ਤੋਂ ਕੋਈ ਦਸਤਾਵੇਜ਼ ਜਾਂ ਹੋਰ ਸਮੱਗਰੀ ਆਪਣੇ ਨਾਲ ਲੈ ਕੇ ਗਈ। ਬੀਤੀ ਦੇਰ ਰਾਤ ਮੀਡੀਆ ਨਾਲ ਗੱਲਬਾਤ ਕਰਦਿਆਂ ਅਰੋੜਾ ਨੇ ਦੱਸਿਆ ਕਿ ਜਾਂਚ ਦੌਰਾਨ ਈਡੀ ਦੇ ਅਧਿਕਾਰੀਆਂ ਵੱਲੋਂ ਵੱਖ-ਵੱਖ ਰਿਕਾਰਡ ਅਤੇ ਦਸਤਾਵੇਜ਼ਾਂ ਦੀ ਮੰਗ ਕੀਤੀ ਗਈ ਸੀ, ਜੋ ਉਨ੍ਹਾਂ ਵੱਲੋਂ ਮੁਹੱਈਆ ਕਰਵਾ ਦਿੱਤੇ ਗਏ। ਇਨ੍ਹਾਂ ਵਿੱਚ ਵਿਜੀਲੈਂਸ ਵਿਭਾਗ ਅਤੇ ਆਮਦਨ ਕਰ ਵਿਭਾਗ ਵੱਲੋਂ ਪਹਿਲਾਂ ਕੀਤੀਆਂ ਗਈਆਂ ਜਾਂਚਾਂ ਨਾਲ ਸਬੰਧਤ ਰਿਪੋਰਟਾਂ ਅਤੇ ਹੋਰ ਜ਼ਰੂਰੀ ਦਸਤਾਵੇਜ਼ ਵੀ ਸ਼ਾਮਲ ਸਨ।
ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਵੱਖ-ਵੱਖ ਜਾਂਚ ਏਜੰਸੀਆਂ ਵੱਲੋਂ ਉਨ੍ਹਾਂ ਨਾਲ ਸਬੰਧਤ ਮਾਮਲਿਆਂ ਦੀ ਜਾਂਚ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੇ ਅਨੁਸਾਰ ਵਿਜੀਲੈਂਸ ਅਤੇ ਆਮਦਨ ਕਰ ਵਿਭਾਗ ਦੀ ਜਾਂਚ ਦੌਰਾਨ ਵੀ ਕੋਈ ਖ਼ਾਸ ਇਤਰਾਜ਼ਯੋਗ ਤੱਥ ਸਾਹਮਣੇ ਨਹੀਂ ਆਇਆ ਸੀ। ਹੁਣ ਈਡੀ ਵੱਲੋਂ ਵੀ ਲਗਾਤਾਰ ਦੋ ਦਿਨ ਉਨ੍ਹਾਂ ਦੀ ਰਿਹਾਇਸ਼ ’ਤੇ ਜਾਂਚ ਕੀਤੀ ਗਈ, ਜੋ ਬੀਤੀ ਦੇਰ ਰਾਤ ਮੁਕੰਮਲ ਹੋਈ।
ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਉਹ ਕਿਸੇ ਵੀ ਜਾਂਚ ਤੋਂ ਘਬਰਾਉਣ ਵਾਲੇ ਨਹੀਂ ਹਨ ਅਤੇ ਜਾਂਚ ਏਜੰਸੀਆਂ ਵੱਲੋਂ ਪੁੱਛੇ ਜਾਣ ਵਾਲੇ ਹਰ ਸਵਾਲ ਦਾ ਜਵਾਬ ਦੇਣ ਲਈ ਤਿਆਰ ਹਨ। ਉਨ੍ਹਾਂ ਆਪਣੀ ਸਿਆਸੀ ਸਥਿਤੀ ਸਪੱਸ਼ਟ ਕਰਦਿਆਂ ਕਿਹਾ ਕਿ ਉਹ ਕਾਂਗਰਸੀ ਹਨ ਅਤੇ ਕਾਂਗਰਸੀ ਹੀ ਰਹਿਣਗੇ। ਉਨ੍ਹਾਂ ਕਿਹਾ ਕਿ ਕਾਨੂੰਨੀ ਪ੍ਰਕਿਰਿਆ ਵਿੱਚ ਪੂਰਾ ਸਹਿਯੋਗ ਦੇਣਾ ਉਨ੍ਹਾਂ ਦੀ ਜ਼ਿੰਮੇਵਾਰੀ ਹੈ ਅਤੇ ਉਹ ਇਸ ਨੂੰ ਨਿਭਾਉਣ ਲਈ ਵਚਨਬੱਧ ਹਨ।
ਜ਼ਿਕਰਯੋਗ ਹੈ ਕਿ ਈਡੀ ਦੀ ਟੀਮ ਵੱਲੋਂ ਸੁੰਦਰ ਸ਼ਾਮ ਅਰੋੜਾ ਦੀ ਜੋਧਾਮਲ ਰੋਡ ਸਥਿਤ ਰਿਹਾਇਸ਼ ’ਤੇ ਲਗਾਤਾਰ ਦੋ ਦਿਨ ਜਾਂਚ ਅਤੇ ਪੁੱਛਗਿੱਛ ਕੀਤੀ ਗਈ। ਬੀਤੀ ਦੇਰ ਰਾਤ ਕਰੀਬ 47 ਘੰਟਿਆਂ ਬਾਅਦ ਜਾਂਚ ਦੀ ਕਾਰਵਾਈ ਮੁਕੰਮਲ ਹੋਈ। ਇਸ ਤੋਂ ਬਾਅਦ ਅਰੋੜਾ ਨੇ ਮੀਡੀਆ ਸਾਹਮਣੇ ਆਪਣਾ ਪੱਖ ਰੱਖਦਿਆਂ ਜਾਂਚ ਦੌਰਾਨ ਕਿਸੇ ਵੀ ਤਰ੍ਹਾਂ ਦੀ ਬਰਾਮਦਗੀ ਨਾ ਹੋਣ ਦਾ ਦਾਅਵਾ ਕੀਤਾ।
ਫੋਟੋ ਅਜਮੇਰ ਦੀਵਾਨਾ