September 19, 2026

Justice News

ਅਵਾਮ ਦੀ ਆਵਾਜ਼

ਅੰਮ੍ਰਿਤਸਰ ‘ਚ ਬੇਖ਼ੌਫ਼ ਅਪਰਾਧੀਆਂ ਦਾ ਨੰਗਾ ਨਾਚ: ਡਿਊਟੀ ‘ਤੇ ਤਾਇਨਾਤ ਏਐਸਆਈ ਦਾ ਸ਼ਰੇਆਮ ਗੋਲੀ ਮਾਰ ਕੇ ਕਤਲ; ਪੰਜਾਬ ਪੁਲਿਸ ਤੇ ਇੰਟੈਲੀਜੈਂਸ ਦੀ ਨਾਕਾਮੀ ‘ਤੇ ਉੱਠੇ ਗੰਭੀਰ ਸਵਾਲ

ਅੰਮ੍ਰਿਤਸਰ,
(ਰਣਜੀਤ ਸਿੰਘ ਮਸੌਣ):
ਗੁਰੂ ਕੀ ਨਗਰੀ ਅੰਮ੍ਰਿਤਸਰ ਵਿੱਚ ਕਾਨੂੰਨ ਵਿਵਸਥਾ ਦੀਆਂ ਧੱਜੀਆਂ ਉੱਡਦੀਆਂ ਸ਼ਰੇਆਮ ਨਜ਼ਰ ਆ ਰਹੀਆਂ ਹਨ। ਥਾਣਾ ਗੇਟ ਹਕੀਮਾਂ ਅਧੀਨ ਆਉਂਦੀ ਦਾਣਾ ਮੰਡੀ ਵਿਖੇ ਦੇਰ ਰਾਤ ਪੀਸੀਆਰ (PCR) ਨਾਈਟ ਡਿਊਟੀ ‘ਤੇ ਤਾਇਨਾਤ ਪੰਜਾਬ ਪੁਲਿਸ ਦੇ ਏਐੱਸਆਈ ਹਰਜੀਤ ਸਿੰਘ ਦਾ ਅਣਪਛਾਤੇ ਹਮਲਾਵਰਾਂ ਵੱਲੋਂ ਬੇਰਹਿਮੀ ਨਾਲ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਵੀਰਵਾਰ ਰਾਤ ਲਗਭਗ 12:30 ਤੋਂ 2:30 ਵਜੇ ਦੇ ਦਰਮਿਆਨ ਜਦੋਂ ਏਐਸਆਈ ਹਰਜੀਤ ਸਿੰਘ (ਨਿਵਾਸੀ ਜ਼ਿਲ੍ਹਾ ਤਰਨ ਤਾਰਨ) ਮੋਟਰਸਾਈਕਲ ‘ਤੇ ਗਸ਼ਤ ਕਰ ਰਹੇ ਸਨ, ਤਾਂ ਸਕੂਟਰ/ਬਾਈਕ ‘ਤੇ ਆਏ ਦੋ ਸ਼ੱਕੀ ਹਮਲਾਵਰਾਂ ਨੇ ਉਨ੍ਹਾਂ ਦੀ ਧੌਣ ਦੇ ਪਿਛਲੇ ਹਿੱਸੇ ਵਿੱਚ ਬਹੁਤ ਨੇੜਿਓਂ (ਕਲੋਜ਼ ਰੇਂਜ) .30 ਬੋਰ ਦੀ ਗੋਲੀ ਮਾਰ ਦਿੱਤੀ।

 

ਖ਼ੂਨ ਨਾਲ ਲੱਤਪੱਥ ਹੋਏ ਅਧਿਕਾਰੀ ਦੀ ਹਸਪਤਾਲ ‘ਚ ਮੌਤ; ਇਲਾਕੇ ‘ਚ ਫੈਲੀ ਸਨਸਨੀ
 
ਗੋਲੀ ਲੱਗਣ ਨਾਲ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਏਐਸਆਈ ਹਰਜੀਤ ਸਿੰਘ ਨੂੰ ਤੁਰੰਤ ਅੰਮ੍ਰਿਤਸਰ ਦੇ ਅਮਨਦੀਪ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਵਾਰਦਾਤ ਵਾਲੀ ਥਾਂ ਤੋਂ .30 ਬੋਰ ਦਾ ਇੱਕ ਖੋਖਾ ਬਰਾਮਦ ਹੋਇਆ ਹੈ, ਜਿਸ ਨੂੰ ਫੋਰੈਂਸਿਕ ਜਾਂਚ ਲਈ ਭੇਜ ਦਿੱਤਾ ਗਿਆ ਹੈ। ਇਸ ਖ਼ੌਫ਼ਨਾਕ ਵਾਰਦਾਤ ਤੋਂ ਬਾਅਦ ਜਿੱਥੇ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ, ਉੱਥੇ ਹੀ ਸੂਬੇ ਵਿੱਚ ਪੁਲਿਸ ਮੁਲਾਜ਼ਮਾਂ ਦੀ ਆਪਣੀ ਸੁਰੱਖਿਆ ਨੂੰ ਲੈ ਕੇ ਵੱਡੇ ਪ੍ਰਸ਼ਨ ਚਿੰਨ੍ਹ ਖੜ੍ਹੇ ਹੋ ਗਏ ਹਨ।

 

ਪੰਜਾਬ ਪੁਲਿਸ ਅਤੇ ਇੰਟੈਲੀਜੈਂਸ ਦਾ ਵੱਡਾ ਫੇਲਿਅਰ: ਖ਼ਾਕੀ ‘ਤੇ ਬਾਰ-ਬਾਰ ਹਮਲੇ

 
ਸੂਬੇ ਵਿੱਚ ਆਏ ਦਿਨ ਪੁਲਿਸ ਮੁਲਾਜ਼ਮਾਂ ‘ਤੇ ਹੋ ਰਹੇ ਖੂਨੀ ਹਮਲਿਆਂ ਨੇ ਪੰਜਾਬ ਪੁਲਿਸ ਅਤੇ ਗੁਪਤਚਰ ਏਜੰਸੀਆਂ (ਇੰਟੈਲੀਜੈਂਸ) ਦੀ ਕਾਰਜਪ੍ਰਣਾਲੀ ਦੀ ਫੂਕ ਕੱਢ ਕੇ ਰੱਖ ਦਿੱਤੀ ਹੈ। ਇਹ ਪੁਲਿਸ ਪ੍ਰਸ਼ਾਸਨ ਦਾ ਬਹੁਤ ਵੱਡਾ ਫੈਲਿਅਰ (ਨਾਕਾਮੀ) ਹੈ ਕਿ ਇੱਕ ਤੋਂ ਬਾਅਦ ਇੱਕ ਪੁਲਿਸ ਅਧਿਕਾਰੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਤੇ ਪੁਲਿਸ ਪੁਰਾਣੇ ਕੇਸਾਂ ਦੇ ਦੋਸ਼ੀਆਂ ਨੂੰ ਫੜਨ ਵਿੱਚ ਵੀ ਪੂਰੀ ਤਰ੍ਹਾਂ ਅਸਮਰੱਥ ਰਹੀ ਹੈ:

 

  1. ਏਐਸਆਈ ਜੋਗਾ ਸਿੰਘ ਦਾ ਕਤਲ: ਮਜੀਠਾ ਖੇਤਰ ਵਿੱਚ ਕੁਝ ਮਹੀਨੇ ਪਹਿਲਾਂ ਤੜਕਸਾਰ ਡਿਊਟੀ ‘ਤੇ ਆਉਂਦਿਆਂ ਏਐਸਆਈ ਜੋਗਾ ਸਿੰਘ ਦਾ ਸ਼ਰੇਆਮ ਗੋਲੀ ਮਾਰ ਕੇ ਕਤਲ ਕੀਤਾ ਗਿਆ ਸੀ।
  2. ਏਐਸਆਈ ਜਸਵੰਤ ਸਿੰਘ ‘ਤੇ ਕਾਤਲਾਨਾ ਹਮਲਾ: 11 ਸਤੰਬਰ ਦੀ ਰਾਤ ਅਜਨਾਲਾ/ਰਾਜਾਸਾਂਸੀ ਖੇਤਰ ਵਿੱਚ ਏਐਸਆਈ ਜਸਵੰਤ ਸਿੰਘ ‘ਤੇ ਹਮਲਾ ਹੋਇਆ, ਜਿਸ ਵਿੱਚ ਉਹ ਗੰਭੀਰ ਜ਼ਖ਼ਮੀ ਹਾਲਤ ‘ਚ ਖ਼ੁਦ ਬਾਈਕ ਚਲਾ ਕੇ ਥਾਣੇ ਪਹੁੰਚੇ ਸਨ।
  3. ਹੁਣ ਏਐਸਆਈ ਹਰਜੀਤ ਸਿੰਘ ਦੀ ਸ਼ਹਾਦਤ: ਹੁਣ ਦਾਣਾ ਮੰਡੀ ਭਗਤਾ ਵਾਲਾ ਵਿੱਚ ਏਐਸਆਈ ਹਰਜੀਤ ਸਿੰਘ ਨੂੰ ਨਿਸ਼ਾਨਾ ਬਣਾ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ।
ਇੱਕੋ ਜਗ੍ਹਾ ਜੰਮ ਕੇ ਬੈਠੇ ਅਧਿਕਾਰੀ ਅਤੇ ਗੁਪਤਚਰ ਵਿਭਾਗ ਦੀ ਨਾਕਾਮੀ
 
ਪਿਛਲੇ ਕਈ ਸਾਲਾਂ ਤੋਂ ਸੀ.ਆਈ.ਡੀ. (CID), ਇੰਟੈਲੀਜੈਂਸ ਵਿੰਗ ਅਤੇ ਹੋਰ ਏਜੰਸੀਆਂ ਵਿੱਚ ਇੱਕੋ ਜਗ੍ਹਾ ‘ਤੇ ਜਮ ਕੇ ਬੈਠੇ ਪੁਲਿਸ ਅਧਿਕਾਰੀਆਂ ਦੀ ਬਦਲੀ ਨਾ ਹੋਣਾ ਵੀ ਇਸ ਵੱਡੇ ਫੇਲਿਅਰ ਦਾ ਮੁੱਖ ਕਾਰਨ ਮੰਨਿਆ ਜਾ ਰਿਹਾ ਹੈ। ਡਿਊਟੀ ਵਿੱਚ ਲਾਪਰਵਾਹੀ ਅਤੇ ਨਾਕਾਮੀ ਕਾਰਨ ਅਪਰਾਧੀਆਂ ਦੇ ਮਨਾਂ ‘ਚੋਂ ਪੁਲਿਸ ਦਾ ਖ਼ੌਫ਼ ਖ਼ਤਮ ਹੋ ਚੁੱਕਾ ਹੈ।

 

ਸੋਸ਼ਲ ਮੀਡੀਆ ‘ਤੇ ‘TTH’ ਵੱਲੋਂ ਜ਼ਿੰਮੇਵਾਰੀ: ਬੇਖ਼ੌਫ਼ ਘੁੰਮ ਰਹੇ ਅੱਤਵਾਦੀ
 
ਦੂਜੇ ਪਾਸੇ, ‘ਤਹਿਰੀਕ-ਏ-ਤਾਲਿਬਾਨ ਹਿੰਦੁਸਤਾਨ’ (TTH) ਨਾਮ ਦਾ ਅੱਤਵਾਦੀ ਸੰਗਠਨ ਸੋਸ਼ਲ ਮੀਡੀਆ ‘ਤੇ ਖੁੱਲ੍ਹੇਆਮ ਪੋਸਟਾਂ ਪਾ ਕੇ ਇਹਨਾਂ ਹਮਲਿਆਂ ਦੀ ਜ਼ਿੰਮੇਵਾਰੀ ਲੈ ਰਿਹਾ ਹੈ। ਇਸ ਤੋਂ ਪਹਿਲਾਂ ਵੀ ਇਸੇ ਸੰਗਠਨ ਨੇ 11 ਸਤੰਬਰ ਦੇ ਹਮਲੇ ਦੀ ਜ਼ਿੰਮੇਵਾਰੀ ਲਈ ਸੀ। ਸੂਬੇ ਦਾ ਵਿਸ਼ਾਲ ਇੰਟੈਲੀਜੈਂਸ ਨੈੱਟਵਰਕ ਇਹਨਾਂ ਅੱਤਵਾਦੀਆਂ ਜਾਂ ਅਪਰਾਧੀਆਂ ਦੀ ਲੋਕੇਸ਼ਨ ਤੱਕ ਟਰੇਸ ਕਰਨ ਵਿੱਚ ਨਾਕਾਮ ਸਾਬਤ ਹੋ ਰਿਹਾ ਹੈ। ਜਦੋਂ ਰੱਖਿਅਕ ਖ਼ੁਦ ਹੀ ਅਪਰਾਧੀਆਂ ਦੀਆਂ ਗੋਲੀਆਂ ਦਾ ਸ਼ਿਕਾਰ ਹੋ ਰਹੇ ਹਨ, ਤਾਂ ਆਮ ਜਨਤਾ ਦੀ ਸੁਰੱਖਿਆ ਰੱਬ ਭਰੋਸੇ ਹੀ ਨਜ਼ਰ ਆਉਂਦੀ ਹੈ।

 

DGP ਗੌਰਵ ਯਾਦਵ ਪਹੁੰਚੇ ਅੰਮ੍ਰਿਤਸਰ; ਜਾਂਚ ਲਈ SIT ਗਠਿਤ

 
ਘਟਨਾ ਦੀ ਗੰਭੀਰਤਾ ਨੂੰ ਦੇਖਦਿਆਂ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਖ਼ੁਦ ਮੌਕੇ ‘ਤੇ ਪਹੁੰਚੇ। ਉਨ੍ਹਾਂ ਨਾਲ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਹਰਮਨਬੀਰ ਸਿੰਘ ਗਿੱਲ, ਆਈਜੀ ਬਾਰਡਰ ਰੇਂਜ ਗੁਰਪ੍ਰੀਤ ਸਿੰਘ ਭੁੱਲਰ, ਐਸਐਸਪੀ ਅੰਮ੍ਰਿਤਸਰ ਦਿਹਾਤੀ ਕੰਵਲਜੀਤ ਸਿੰਘ, ਡੀਸੀਪੀ ਜਸਕਰਨਜੀਤ ਸਿੰਘ ਤੇਜਾ, ਡੀਸੀਪੀ ਰਵਿੰਦਰਪਾਲ ਸਿੰਘ ਅਤੇ ਏਆਈਜੀ (SSOC) ਸੁਖਮਿੰਦਰ ਸਿੰਘ ਮਾਨ ਸਮੇਤ ਹੋਰ ਪੁਲਿਸ ਅਧਿਕਾਰੀ ਵੀ ਮੌਜੂਦ ਸਨ।
ਡੀਜੀਪੀ ਨੇ ਦੱਸਿਆ ਕਿ ਸੀਸੀਟੀਵੀ ਫੁਟੇਜ ਵਿੱਚ ਰਾਤ 12:32 ਵਜੇ ਇੱਕ ਐਕਟਿਵ ਸਕੂਟਰ ‘ਤੇ ਦੋ ਸ਼ੱਕੀ ਵਿਅਕਤੀ ਭੱਜਦੇ ਹੋਏ ਦੇਖੇ ਗਏ ਹਨ। ਮਾਮਲੇ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮਾਂ (SIT) ਬਣਾਈਆਂ ਗਈਆਂ ਹਨ, ਜੋ ਬੈਕਵਰਡ ਅਤੇ ਫਾਰਵਰਡ ਲਿੰਕੇਜ ਖੰਗਾਲ ਰਹੀਆਂ ਹਨ। ਉਨ੍ਹਾਂ ਦਾਅਵਾ ਕੀਤਾ ਕਿ ਹਮਲਾਵਰਾਂ ਨੂੰ ਜਲਦ ਗ੍ਰਿਫ਼ਤਾਰ ਕਰਕੇ ਮਿਸਾਲੀ ਸਜ਼ਾ ਦਿਵਾਈ ਜਾਵੇਗੀ।

 

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦੁੱਖ ਦਾ ਪ੍ਰਗਟਾਵਾ ਅਤੇ 2 ਕਰੋੜ ਦੀ ਵਿੱਤੀ ਸਹਾਇਤਾ

 
ਮੁੱਖ ਮੰਤਰੀ ਭਗਵੰਤ ਮਾਨ ਨੇ ਏਐਸਆਈ ਦੀ ਹੱਤਿਆ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ:

 

“ਅੰਮ੍ਰਿਤਸਰ ਵਿੱਚ ਆਪਣੀ ਡਿਊਟੀ ਨਿਭਾਉਂਦੇ ਹੋਏ ਸ਼ਹਾਦਤ ਪ੍ਰਾਪਤ ਕਰਨ ਵਾਲੇ ਸਹਾਇਕ ਥਾਣੇਦਾਰ ਹਰਜੀਤ ਸਿੰਘ ਜੀ ਦੀ ਬਹਾਦਰੀ ਨੂੰ ਦਿਲੋਂ ਸਲਾਮ। ਉਨ੍ਹਾਂ ਦੀ ਅਦੁੱਤੀ ਹਿੰਮਤ ਅਤੇ ਡਿਊਟੀ ਪ੍ਰਤੀ ਪੂਰਨ ਸਮਰਪਣ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।”
ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਪੰਜਾਬ ਸਰਕਾਰ ਦੁੱਖ ਦੀ ਇਸ ਘੜੀ ਵਿੱਚ ਪਰਿਵਾਰ ਨਾਲ ਚਟਾਨ ਵਾਂਗ ਖੜ੍ਹੀ ਹੈ। ਸਰਕਾਰ ਵੱਲੋਂ 1 ਕਰੋੜ ਰੁਪਏ ਦੀ ਐਕਸ-ਗ੍ਰੇਸ਼ੀਆ ਰਾਸ਼ੀ ਅਤੇ HDFC ਬੈਂਕ ਵੱਲੋਂ 1 ਕਰੋੜ ਰੁਪਏ ਦੀ ਬੀਮਾ ਰਾਸ਼ੀ ਦਾ ਚੈੱਕ (ਕੁੱਲ 2 ਕਰੋੜ ਰੁਪਏ) ਸ਼ਹੀਦ ਦੇ ਪਰਿਵਾਰ ਨੂੰ ਦਿੱਤਾ ਜਾਵੇਗਾ।

 

ਸਿਆਸੀ ਪਾਰਟੀਆਂ ਦਾ ‘ਆਪ’ ਸਰਕਾਰ ‘ਤੇ ਤਿੱਖਾ ਨਿਸ਼ਾਨਾ: ‘ਪੰਜਾਬ ‘ਚ ਬਣਿਆ ਜੰਗਲਰਾਜ’

 
ਇਸ ਹੱਤਿਆਕਾਂਡ ਤੋਂ ਬਾਅਦ ਸੂਬੇ ਦੀ ਰਾਜਨੀਤੀ ਵਿੱਚ ਉਬਾਲ ਆ ਗਿਆ ਹੈ ਅਤੇ ਵਿਰੋਧੀ ਧਿਰਾਂ ਨੇ ਸਰਕਾਰ ਨੂੰ ਚਾਰੇ ਪਾਸਿਓਂ ਘੇਰ ਲਿਆ ਹੈ:

 

  1. ਸ਼੍ਰੋਮਣੀ ਅਕਾਲੀ ਦਲ (ਸੁਖਬੀਰ ਬਾਦਲ ਤੇ ਬਿਕਰਮ ਮਜੀਠੀਆ): ਸ਼ੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਸ਼ਹੀਦ ਪਰਿਵਾਰ ਨਾਲ ਸੋਸ਼ਲ ਮੀਡੀਆ ਤੇ ਦੁੱਖ ਸਾਂਝਾ ਕੀਤਾ। ਮਜੀਠੀਆ ਨੇ ਘਟਨਾ ਤੋਂ ਬਾਅਦ ਦੀ ਵੀਡੀਓ ਆਪਣੇ ਸੋਸ਼ਲ ਮੀਡੀਆ ਪੇਜ਼ ਤੇ ਸ਼ੇਅਰ ਕਰਦਿਆਂ ਕਿਹਾ ਕਿ ਜੇਕਰ ਪੁਲਿਸ ਵਾਲੇ ਹੀ ਸੁਰੱਖਿਅਤ ਨਹੀਂ, ਤਾਂ ਆਮ ਲੋਕਾਂ ਦਾ ਕੀ ਬਣੇਗਾ? ਇਹ ਪੁਲਿਸ ਤੇ ਇੰਟੈਲੀਜੈਂਸ ਦਾ ਵੱਡਾ ਫੈਲਿਅਰ ਹੈ। ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਤੁਰੰਤ ਅਸਤੀਫ਼ੇ ਦੀ ਮੰਗ ਕੀਤੀ।
  2. ਅਕਾਲੀ ਨੇਤਾ ਰਾਜਵਿੰਦਰ ਸਿੰਘ ਰਾਜਾ ਲਦੇਹ: ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਪ੍ਰਧਾਨ ਰਾਜਵਿੰਦਰ ਸਿੰਘ ਰਾਜਾ ਲਦੇਹ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸ਼ਰੇਆਮ ਪੁਲਿਸ ਮੁਲਾਜ਼ਮਾਂ ਨੂੰ ਗੋਲੀਆਂ ਦਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਤੇ ਸਰਕਾਰ ਕੋਲੋਂ ਅਪਰਾਧੀ ਨਹੀਂ ਫੜੇ ਜਾ ਰਹੇ, ਜਿਸ ਨਾਲ ਜਨਤਾ ਵਿੱਚ ਡਰ ਦਾ ਮਾਹੌਲ ਹੈ।
  3. ਕਾਂਗਰਸ ਪਾਰਟੀ ਅਤੇ ਹਲਕਾ ਆਗੂ:
    • ਕਾਂਗਰਸੀ ਆਗੂ ਸੁਖਜਿੰਦਰ ਸਿੰਘ ਔਜਲਾ ਨੇ ਸੋਸ਼ਲ ਮੀਡੀਆ ‘ਤੇ ਲਿਖਿਆ ਕਿ ਜਦੋਂ ਰੱਖਿਅਕ ਹੀ ਅਸੁਰੱਖਿਅਤ ਹਨ ਤਾਂ ਆਮ ਲੋਕਾਂ ਦੀ ਸੁਰੱਖਿਆ ਰੱਬ ਭਰੋਸੇ ਹੈ। ਇਹ ਘਟਨਾ ਵਿਗੜ ਰਹੀ ਕਾਨੂੰਨ-ਵਿਵਸਥਾ ਦਾ ਗੰਭੀਰ ਪ੍ਰਮਾਣ ਹੈ।
    • ਦਿਲਰਾਜ ਸਿੰਘ ਮੋਂਟੀ ਸਰਕਾਰੀਆ (ਸਾਬਕਾ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ) ਨੇ ਕਿਹਾ ਕਿ ਜਿਸ ਸਰਕਾਰ ਵਿੱਚ ਪੁਲਿਸ ਜਵਾਨ ਸੁਰੱਖਿਅਤ ਨਹੀਂ, ਉਸ ਤੋਂ ਆਮ ਵਿਅਕਤੀ ਕੀ ਆਸ ਕਰ ਸਕਦਾ ਹੈ?
    • ਕਾਂਗਰਸੀ ਐਮਪੀ ਗੁਰਜੀਤ ਸਿੰਘ ਔਜਲਾ ਨੇ ਦੋਸ਼ ਲਾਇਆ ਕਿ ਸੂਬੇ ਵਿੱਚ ‘ਜੰਗਲਰਾਜ’ ਵਰਗੇ ਹਾਲਾਤ ਬਣ ਚੁੱਕੇ ਹਨ ਅਤੇ ਇੰਟੈਲੀਜੈਂਸ ਪੂਰੀ ਤਰ੍ਹਾਂ ਨਾਕਾਮ ਹੋ ਚੁੱਕੀ ਹੈ।
  4. ਭਾਰਤੀ ਜਨਤਾ ਪਾਰਟੀ (BJP): ਭਾਜਪਾ ਆਗੂਆਂ ਨੇ ਵੀ ਸ਼ਹਾਦਤ ‘ਤੇ ਦੁੱਖ ਪ੍ਰਗਟਾਉਂਦਿਆਂ ਕਿਹਾ ਕਿ ਸਰਹੱਦੀ ਜ਼ਿਲ੍ਹੇ ਵਿੱਚ ਲਗਾਤਾਰ ਪੁਲਿਸ ‘ਤੇ ਹਮਲੇ ਹੋਣਾ ਅਤਿ ਚਿੰਤਾਜਨਕ ਹੈ। ਸਰਕਾਰ ਸੁਰੱਖਿਆ ਦੇਣ ਵਿੱਚ ਪੂਰੀ ਤਰ੍ਹਾਂ ਅਸਫ਼ਲ ਰਹੀ ਹੈ।
ਸਾਰੇ ਰਾਜਨੀਤਿਕ ਆਗੂਆਂ ਅਤੇ ਆਮ ਲੋਕਾਂ ਵੱਲੋਂ ਸ਼ਹੀਦ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਜਾ ਰਿਹਾ ਹੈ, ਪਰ ਵੱਡਾ ਸਵਾਲ ਇਹੋ ਬਰਕਰਾਰ ਹੈ ਕਿ ਆਖ਼ਰ ਕਦੋਂ ਤੱਕ ਡਿਊਟੀ ‘ਤੇ ਤਾਇਨਾਤ ਜਵਾਨ ਅਪਰਾਧੀਆਂ ਦੀਆਂ ਗੋਲੀਆਂ ਦਾ ਸ਼ਿਕਾਰ ਹੁੰਦੇ ਰਹਿਣਗੇ ਅਤੇ ਪੁਲਿਸ ਪ੍ਰਸ਼ਾਸਨ ਕਦੋਂ ਨੀਂਦ ਤੋਂ ਜਾਗੇਗਾ?
ਬਾਕਸ
ਡੀਜੀਪੀ ਗੌਰਵ ਯਾਦਵ ਨੇ ਘਟਨਾ ਸਥਾਨ ਦਾ ਜਾਇਜ਼ਾ ਲੈਣ ਤੋਂ ਬਾਅਦ ਕੀਤੀ ਪ੍ਰੈਸ ਕਾਨਫ਼ਰੰਸ
 
ਡੀਜੀਪੀ ਗੋਰਵ ਯਾਦਵ ਨੇ ਦੌਰਾਨ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਤ ਦੇ ਸਮੇਂ ਡਿਊਟੀ ਤੇ ਤੈਨਾਤ ਥਾਣਾ ਗੇਟ ਹਕੀਮਾਂ ਦੇ ਏਐਸਆਈ ਹਰਜੀਤ ਸਿੰਘ ਨੂੰ ਰਾਤੀਂ ਲਗਭਗ 9:30 ਵਜੇ ਦਾਣਾ ਮੰਡੀ ਇਲਾਕੇ ‘ਚ ਡਿਊਟੀ ‘ਤੇ ਭੇਜਿਆ ਗਿਆ ਸੀ।
 ਰਾਤ ਲਗਭਗ 12:30 ਵਜੇ ਇਹ ਵਾਰਦਾਤ ਵਾਪਰੀ। ਰਾਤੀਂ 1:05 ਵਜੇ 112 ਕੰਟਰੋਲ ਰੂਮ ‘ਤੇ ਸੂਚਨਾ ਮਿਲੀ ਕਿ ਪੁਲਿਸ ਮੁਲਾਜ਼ਮ ਨੂੰ ਗੋਲੀ ਲੱਗੀ ਹੈ। ਉਨ੍ਹਾਂ ਨੂੰ ਤੁਰੰਤ ਅਮਨਦੀਪ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।
 ਵਾਰਦਾਤ ਵਾਲੀ ਥਾਂ ਤੋਂ .30 ਬੋਰ ਦਾ ਇੱਕ ਖੋਖਾ (ਖੋਲ) ਬਰਾਮਦ ਹੋਇਆ ਹੈ। ਹਮਲਾਵਰਾਂ ਨੇ ਏਐਸਆਈ ਦੀ ਧੌਣ ਦੇ ਪਿਛਲੇ ਹਿੱਸੇ (ਪਿੱਠ ‘ਤੇ) ਇੱਕ ਗੋਲੀ ਮਾਰੀ। ਮੌਤ ਦੇ ਸਹੀ ਕਾਰਨਾਂ ਦਾ ਪਤਾ ਪੋਸਟਮਾਰਟਮ ਅਤੇ ਫੋਰੈਂਸਿਕ ਰਿਪੋਰਟ ਤੋਂ ਬਾਅਦ ਲੱਗੇਗਾ।
ਸੀਸੀਟੀਵੀ ਫੁਟੇਜ ਦੀ ਜਾਂਚ ਦੌਰਾਨ ਰਾਤ 12:32 ਵਜੇ ਇੱਕ ਐਕਟਿਵ ਸਕੂਟਰ ‘ਤੇ ਦੋ ਸ਼ੱਕੀ ਵਿਅਕਤੀ ਭੱਜਦੇ ਹੋਏ ਦੇਖੇ ਗਏ ਹਨ। ਪੁਲਿਸ ਟੀਮਾਂ CCTV ਦੇ ਬੈਕਵਰਡ ਅਤੇ ਫਾਰਵਰਡ ਲਿੰਕੇਜ (ਹਮਲਾਵਰ ਕਿੱਥੋਂ ਆਏ ਅਤੇ ਕਿੱਥੇ ਗਏ) ਦੀ ਤਲਾਸ਼ ਕਰ ਰਹੀਆਂ ਹਨ।
ਡੀਜੀਪੀ ਨੇ ਦੱਸਿਆ ਕਿ ਅੰਮ੍ਰਿਤਸਰ ਪੁਲਿਸ ਕਮਿਸ਼ਨਰੇਟ, ਆਈਜੀ ਬਾਰਡਰ ਰੇਂਜ, ਐਸਐਸਪੀ ਅੰਮ੍ਰਿਤਸਰ ਦਿਹਾਤੀ ਅਤੇ ਏਆਈਜੀ ਐਸਐਸਓਸੀ (SSOC) ਨਾਲ ਉੱਚ ਪੱਧਰੀ ਮੀਟਿੰਗ ਕੀਤੀ ਗਈ ਹੈ। ਮਾਮਲੇ ਦੀ ਗੰਭੀਰਤਾ ਨਾਲ ਜਾਂਚ ਲਈ ਵਿਸ਼ੇਸ਼ ਜਾਂਚ ਟੀਮਾਂ (Specialized Investigation Teams) ਬਣਾਈਆਂ ਗਈਆਂ ਹਨ। ਉਨ੍ਹਾਂ ਦਾਅਵਾ ਕੀਤਾ ਕਿ ਦੋਸ਼ੀਆਂ ਨੂੰ ਜਲਦ ਗ੍ਰਿਫ਼ਤਾਰ ਕਰਕੇ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

Leave a Reply

Your email address will not be published. Required fields are marked *

Copyright © All rights reserved. | Newsphere by AF themes.