September 18, 2026

Justice News

ਅਵਾਮ ਦੀ ਆਵਾਜ਼

ਵਿਸ਼ਵ ਮਰੀਜ਼ ਸੁਰੱਖਿਆ ਦਿਵਸ ਮੌਕੇ ਟਰੱਕ ਯੂਨੀਅਨ ਵਿਖੇ ਲਗਾਇਆ ਜਾਗਰੂਕਤਾ ਕੈਂਪ

  ( ਬਠਿੰਡਾ )

( ਜਸਟਿਸ ਨਿਊਜ਼   )

ਸਿਵਲ ਸਰਜਨ ਬਠਿੰਡਾ ਡਾ. ਤਪਿੰਦਰਜੋਤ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਿਹਤ ਵਿਭਾਗ ਬਠਿੰਡਾ ਵੱਲੋਂ ਟਰੱਕ ਯੂਨੀਅਨ ਵਿਖੇ ਵਿਸ਼ਵ ਮਰੀਜ਼ ਸੁਰੱਖਿਆ ਜਾਗਰੂਕਤਾ ਦਿਵਸ ਮਨਾਇਆ ਗਿਆ। ਇਸ ਮੌਕੇ ਡਰਾਈਵਰ ਭਾਈਚਾਰੇ ਨੂੰ ਸਿਹਤ ਸਬੰਧੀ ਜਾਗਰੂਕ ਕਰਨ ਦੇ ਨਾਲ-ਨਾਲ ਅੱਖਾਂ ਦੀ ਨਿਯਮਤ ਜਾਂਚ ਕਰਵਾਉਣ ਲਈ ਪ੍ਰੇਰਿਤ ਕੀਤਾ ਗਿਆ।

ਇਸ ਸਬੰਧੀ ਜਾਣਕਾਰੀ ਦਿੰਦਿਆ ਸਿਵਲ ਸਰਜਨ ਡਾ ਤਪਿੰਦਰਜੋਤ ਨੇ ਦੱਸਿਆ ਕਿ ਮਰੀਜ਼ਾਂ ਦੀ ਸੁਰੱਖਿਆ ਸਿਹਤ ਵਿਭਾਗ ਦੀ ਮੁੱਖ ਤਰਜੀਹ ਹੈ। ਸਿਹਤ ਸੇਵਾਵਾਂ ਦਾ ਲਾਭ ਲੈਣ ਵਾਲੇ ਹਰੇਕ ਵਿਅਕਤੀ ਨੂੰ ਸੁਰੱਖਿਅਤ ਅਤੇ ਗੁਣਵੱਤਾ ਭਰਪੂਰ ਸਿਹਤ ਸਹੂਲਤਾਂ ਪ੍ਰਦਾਨ ਕਰਨਾ ਸਾਡੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਡਰਾਈਵਰ ਭਾਈਚਾਰਾ ਸਮਾਜ ਦਾ ਮਹੱਤਵਪੂਰਨ ਹਿੱਸਾ ਹੈ ਅਤੇ ਉਨ੍ਹਾਂ ਦੀ ਸਿਹਤ, ਖ਼ਾਸ ਕਰਕੇ ਅੱਖਾਂ ਦੀ ਰੌਸ਼ਨੀ, ਸੜਕ ਸੁਰੱਖਿਆ ਨਾਲ ਸਿੱਧੇ ਤੌਰ ’ਤੇ ਜੁੜੀ ਹੋਈ ਹੈ। ਇਸ ਲਈ ਸਾਰੇ ਡਰਾਈਵਰਾਂ ਨੂੰ ਆਪਣੀਆਂ ਅੱਖਾਂ ਦੀ ਨਿਯਮਤ ਜਾਂਚ ਕਰਵਾਉਣੀ ਚਾਹੀਦੀ ਹੈ।

ਇਸ ਮੌਕੇ ਡਿਪਟੀ ਮਾਸ ਮੀਡੀਆ ਅਫ਼ਸਰ ਕੇਵਲ ਸਿੰਘ, ਰੋਹਿਤ ਜਿੰਦਲ ਅਤੇ ਲਖਵਿੰਦਰ ਸਿੰਘ ਕੈਂਥ ਵੱਲੋਂ ਸਾਂਝੇ ਰੂਪ ਵਿੱਚ ਡਰਾਈਵਰਾਂ ਨੂੰ ਸਿਹਤ ਸੁਰੱਖਿਆ, ਤੰਦਰੁਸਤ ਸਿਹਤ ਰੱਖਣ ਲਈ ਅਤੇ ਸਮੇਂ ਸਿਰ ਇਲਾਜ ਕਰਵਾਉਣ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਗਈ। ਉਨ੍ਹਾਂ ਡਰਾਈਵਰ ਭਾਈਚਾਰੇ ਨੂੰ 30 ਸਾਲ ਦੀ ਉਮਰ ਹੋਂਣ ਤੇ ਹਰ ਛੇ ਮਹੀਨੇ ਬਾਅਦ ਅੱਖਾਂ ਦੀ ਜਾਂਚ ਕਰਵਾਉਣ ਸਬੰਧੀ ਪ੍ਰੇਰਿਤ ਕਰਦਿਆਂ ਦੱਸਿਆ ਗਿਆ ਕਿ ਵਾਹਨ ਚਲਾਉਂਦੇ ਸਮੇਂ ਸਾਫ਼ ਨਜ਼ਰ ਹੋਣਾ ਬਹੁਤ ਜ਼ਰੂਰੀ ਹੈ। ਅੱਖਾਂ ਦੀ ਕਮਜ਼ੋਰ ਨਜ਼ਰ, ਧੁੰਦਲਾਪਣ ਜਾਂ ਹੋਰ ਸਮੱਸਿਆਵਾਂ ਕਾਰਨ ਸੜਕ ਹਾਦਸਿਆਂ ਦਾ ਖ਼ਤਰਾ ਵਧ ਸਕਦਾ ਹੈ। ਅੱਖਾਂ ਨੂੰ ਵਾਰ-ਵਾਰ ਮਲਣ ਤੋਂ ਬਚਿਆ ਜਾਵੇ ਅਤੇ ਸਾਫ਼ ਪਾਣੀ ਨਾਲ ਅੱਖਾਂ ਦੀ ਸਫ਼ਾਈ ਰੱਖੀ ਜਾਵੇ। ਮੋਬਾਇਲ ਅਤੇ ਕੰਪਿਊਟਰ ਦੀ ਲੰਬੇ ਸਮੇਂ ਤੱਕ ਵਰਤੋਂ ਕਰਨ ਵੇਲੇ 20-20-20 ਨਿਯਮ ਅਪਣਾਓ ਜਿਸ ਤਹਿਤ ਹਰ 20 ਮਿੰਟ ਬਾਅਦ 20 ਫੁੱਟ ਦੂਰ ਅਤੇ 20 ਸਕਿੰਟ ਲਈ ਦੇਖਣ ਨਾਲ ਅੱਖਾਂ ਨੂੰ ਆਰਾਮ ਮਿਲ ਜਾਂਦਾ ਹੈ । ਉਹਨਾਂ ਕਿਹਾ ਕਿ ਨੂੰ ਰੋਜਾਨਾ ਜਿੰਦਗੀ ਵਿੱਚ  ਆਪਣੀ ਅਤੇ ਬੱਚਿਆਂ ਦੀ ਸਮੇਂ ਸਮੇਂ ਨਿਗਾਹ ਦੀ ਜਾਂਚ ਮਾਹਿਰ ਡਾਕਟਰ ਤੋਂ ਕਰਵਾਉਂਦੇ ਰਹਿਣ ਅਤੇ ਸੰਤੁਲਿਤ ਭੋਜਨ ਵਿਟਾਮਿਨ ਭਰਪੂਰ ਖੁਰਾਕ ਦੀ ਵਰਤੋਂ ਜਰੂਰੀ ਹੈ । ਉਹਨਾਂ ਕਿਹਾ ਕਿ ਸਰਕਾਰੀ ਹਸਪਤਾਲ ਵਿੱਚ ਅੱਖਾਂ ਦੇ ਚਿੱਟੇ ਮੋਤੀਏ ਦੇ ਅਪ੍ਰੇਸ਼ਨ ਬਿਲਕੁਲ ਮੁਫ਼ਤ ਕੀਤੇ ਜਾਂਦੇ ਹਨ। ਜੇਕਰ ਨਜ਼ਰ ਸਬੰਧੀ ਕੋਈ ਸਮੱਸਿਆ ਜਿਵੇ ਅੱਖਾਂ ਵਿੱਚ ਦਰਦ, ਨਜ਼ਰ ਧੁੰਦਲੀ ਹੋਣਾ ਜਾਂ ਕਿਸੇ ਵੀ ਤਰ੍ਹਾਂ ਦੀ ਇਨਫੈਕਸ਼ਨ ਦੇ ਲੱਛਣ ਨਜ਼ਰ ਆਉਣ ਤਾਂ ਤੁਰੰਤ ਸਿਵਲ ਹਸਪਤਾਲ ਬਠਿੰਡਾ ਦੀ ਓ.ਪੀ.ਡੀ ਦੇ ਕਮਰਾ ਨੰਬਰ 118,119 ਅਤੇ 120 ਜਾਂ ਕਿਸੇ ਵੀ ਨੇੜਲੇ ਸਿਹਤ ਕੇਂਦਰ ਵਿਖੇ ਮਾਹਿਰ ਡਾਕਟਰ ਨਾਲ ਸਲਾਹ ਕਰਨੀ ਚਾਹੀਦੀ ਹੈ। ਉਨ੍ਹਾਂ ਡਰਾਈਵਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਸਿਹਤ ਪ੍ਰਤੀ ਜਾਗਰੂਕ ਰਹਿਣ, ਸਮੇਂ ਸਿਰ ਜਾਂਚ ਕਰਵਾਉਣ ਅਤੇ ਸਿਹਤ ਵਿਭਾਗ ਵੱਲੋਂ ਚਲਾਏ ਜਾ ਰਹੇ ਜਾਗਰੂਕਤਾ ਪ੍ਰੋਗਰਾਮਾਂ ਦਾ ਲਾਭ ਲੈਣ।

Leave a Reply

Your email address will not be published. Required fields are marked *

You may have missed

Copyright © All rights reserved. | Newsphere by AF themes.