September 17, 2026

Justice News

ਅਵਾਮ ਦੀ ਆਵਾਜ਼

ਦਾਤਰ ਹਮਲੇ ਦੇ ਪੀੜਤ ਪੱਤਰਕਾਰ ਦੀ MLR ਗਾਇਬ! ਸਿਵਲ ਹਸਪਤਾਲ ‘ਚ ਵਿਚੋਲਿਆਂ ਦੀ ‘ਸੈਟਿੰਗ’ ਜਾਂ ਪੁਲਿਸ ਦਾ ਦਬਾਅ?

 

ਅੰਮ੍ਰਿਤਸਰ, 
( ਸੁਰਿੰਦਰ ਸੋਨੂੰ/ ਰਾਘਵ ਅਰੋੜਾ) 
ਗੁਰੂ ਕੀ ਨਗਰੀ ਅੰਮ੍ਰਿਤਸਰ ਦੇ ਇਲਾਕ਼ਾ ਕੋਟ ਖਾਲਸਾ (ਰਾਮ ਨਗਰ ਕਲੋਨੀ) ਖੇਤਰ ਵਿੱਚ ਪੱਤਰਕਾਰ ਵਿਸ਼ਾਲ ਸ਼ਰਮਾ ‘ਤੇ ਹੋਏ ਕਥਿਤ ਦਾਤਰ ਹਮਲੇ ਤੋਂ ਬਾਅਦ ਹੁਣ ਸਿਹਤ ਵਿਭਾਗ ਅਤੇ ਪੁਲਿਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਗੰਭੀਰ ਸ਼ੱਕ ਦੇ ਘੇਰੇ ਵਿੱਚ ਆ ਗਈ ਹੈ। ਹਮਲੇ ਵਿੱਚ ਗੰਭੀਰ ਰੂਪ ਨਾਲ ਜ਼ਖ਼ਮੀ ਹੋਏ ਪੱਤਰਕਾਰ ਦੀ ਮੈਡੀਕਲ-ਲੀਗਲ ਰਿਪੋਰਟ (MLR) ਨੂੰ ਰੋਕਣ ਦੇ ਪਿੱਛੇ ਸਿਵਲ ਹਸਪਤਾਲ ਵਿੱਚ ਸਰਗਰਮ ਵਿਚੋਲਿਆਂ ਅਤੇ ਪੁਲਿਸ ਦੀ ਕਥਿਤ ਮਿਲੀਭੁਗਤ ਦੀਆਂ ਚਰਚਾਵਾਂ ਨੇ ਤੂਲ ਫੜ ਲਿਆ ਹੈ।

 

ਦੂਜੀ ਧਿਰ ‘ਤੇ ਮਿਹਰਬਾਨੀ, ਪੀੜਤ ਪੱਤਰਕਾਰ ਲਈ ਲਟਕੀ ਰਿਪੋਰਟ?

 

ਸ਼ਹੀਦ ਭਗਤ ਸਿੰਘ ਜਰਨਲਿਸਟ ਐਸੋਸੀਏਸ਼ਨ ਦੇ ਜਨਰਲ ਸਕੱਤਰ ਜੋਗਾ ਸਿੰਘ ਰਾਜਪੂਤ ਨੇ ਖੁਲਾਸਾ ਕੀਤਾ ਕਿ 7 ਸਤੰਬਰ ਨੂੰ ਗੁਆਂਢੀਆਂ ਨਾਲ ਹੋਏ ਮਾਮੂਲੀ ਬੋਲ-ਬੁਲਾਰੇ ਤੋਂ ਬਾਅਦ ਸੌਰਵ ਨਾਮਕ ਨੌਜਵਾਨ ਨੇ ਆਪਣੇ ਹਥਿਆਰਬੰਦ ਸਾਥੀਆਂ ਨਾਲ ਪੱਤਰਕਾਰ ਵਿਸ਼ਾਲ ਸ਼ਰਮਾ ਦੇ ਘਰ ਵੜ ਕੇ ਦਾਤਰ ਨਾਲ ਘਾਤਕ ਹਮਲਾ ਕੀਤਾ, ਜਿਸ ਨਾਲ ਉਸ ਦੀ ਬਾਂਹ ‘ਤੇ ਗੰਭੀਰ ਸੱਟਾਂ ਆਈਆਂ।
   ਹੈਰਾਨੀ ਦੀ ਗੱਲ ਇਹ ਹੈ ਕਿ ਹਸਪਤਾਲ ਪਹੁੰਚ ਕੇ MLR ਲਈ ਅਰਜ਼ੀ ਦੇਣ ਦੇ ਬਾਵਜੂਦ ਵਿਸ਼ਾਲ ਸ਼ਰਮਾ ਦੀ ਰਿਪੋਰਟ ਦੱਬ ਕੇ ਰੱਖ ਲਈ ਗਈ ਹੈ, ਜਦਕਿ ਹਮਲਾਵਰ ਧਿਰ ਦੀ ਮੈਡੀਕਲ ਰਿਪੋਰਟ ਚੁੱਪ-ਚਾਪ ਜਾਰੀ ਵੀ ਕਰ ਦਿੱਤੀ ਗਈ। ਸਵਾਲ ਉੱਠ ਰਹੇ ਹਨ ਕਿ ਕੀ ਸਿਹਤ ਵਿਭਾਗ ਦੇ ਦਫ਼ਤਰਾਂ ਵਿੱਚ ਬੈਠੇ ਵਿਚੋਲੇ ਅਤੇ ਦਲਾਲ ਇਲਾਜ ਅਤੇ ਕਾਨੂੰਨੀ ਕਾਰਵਾਈ ਦੀਆਂ ਰਿਪੋਰਟਾਂ ਦੀ ਵੀ ਬੋਲੀ ਲਗਾ ਰਹੇ ਹਨ?

 

ਵੀਡੀਓ ਲੀਕ: ਪੁਲਿਸ ਅਧਿਕਾਰੀ ਦਾ ਡਾਕਟਰਾਂ ‘ਤੇ ਦਬਾਅ?

 

ਮਾਮਲੇ ਵਿੱਚ ਇੱਕ ਹੋਰ ਵੱਡਾ ਧਮਾਕਾ ਉਦੋਂ ਹੋਇਆ ਜਦੋਂ ਘਟਨਾ ਵਾਲੇ ਦਿਨ ਹਸਪਤਾਲ ਦੀ ਇੱਕ ਵੀਡੀਓ ਸਾਹਮਣੇ ਆਈ। ਦੋਸ਼ ਹੈ ਕਿ ਇਸ ਵੀਡੀਓ ਵਿੱਚ ਇੱਕ ਪੁਲਿਸ ਅਧਿਕਾਰੀ ਡਾਕਟਰੀ ਪ੍ਰਕਿਰਿਆ ਵਿੱਚ ਸਿੱਧੇ ਤੌਰ ‘ਤੇ ਦਖ਼ਲਅੰਦਾਜ਼ੀ ਕਰਦਾ ਅਤੇ ਮੈਡੀਕਲ ਕਾਰਵਾਈ ਨੂੰ ਪ੍ਰਭਾਵਿਤ ਕਰਦਾ ਦਿਖਾਈ ਦੇ ਰਿਹਾ ਹੈ। ਐਸੋਸੀਏਸ਼ਨ ਦਾ ਸਿੱਧਾ ਦੋਸ਼ ਹੈ ਕਿ ਜੇਕਰ MLR ਤਿਆਰ ਹੈ ਤਾਂ ਇਸ ਨੂੰ ਦੱਬ ਕੇ ਰੱਖਣ ਦਾ ਮਕਸਦ ਪੁਲਿਸ ਦੀ FIR ਪ੍ਰਕਿਰਿਆ ਨੂੰ ਕਮਜ਼ੋਰ ਕਰਨਾ ਅਤੇ ਦੋਸ਼ੀਆਂ ਨੂੰ ਬਚਾਉਣਾ ਹੈ।

 

ਪ੍ਰਸ਼ਾਸਨ ਨੂੰ ਆਖਰੀ ਚੇਤਾਵਨੀ: ਆਰ-ਪਾਰ ਦੇ ਸੰਘਰਸ਼ ਦਾ ਐਲਾਨ

 

ਐਸੋਸੀਏਸ਼ਨ ਦੇ ਪ੍ਰਧਾਨ ਰਣਜੀਤ ਸਿੰਘ ਮਸੌਣ ਨੇ ਸਿਹਤ ਵਿਭਾਗ ਅਤੇ ਪੁਲਿਸ ਮੁਲਾਜ਼ਮਾਂ ਦੀ ਅਣਗਹਿਲੀ ‘ਤੇ ਸਖ਼ਤ ਰੁੱਖ ਅਪਣਾਉਂਦੇ ਹੋਏ ਕਿਹਾ ਕਿ ਸਰਕਾਰੀ ਹਸਪਤਾਲਾਂ ਵਿੱਚ ਚੱਲ ਰਹੀ ਗੰਦੀ ਰਾਜਨੀਤੀ ਅਤੇ ਭ੍ਰਿਸ਼ਟਾਚਾਰ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

 

ਉਨ੍ਹਾਂ ਚੇਤਾਵਨੀ ਦਿੱਤੀ ਕਿ:

 

  • ਪ੍ਰਸ਼ਾਸਨ ਤੁਰੰਤ ਮੈਡੀਕਲ ਰਿਕਾਰਡ ਅਤੇ ਵਾਇਰਲ ਵੀਡੀਓ ਦੀ ਨਿਰਪੱਖ ਜਾਂਚ ਕਰਵਾਏ।
  • ਵਿਸ਼ਾਲ ਸ਼ਰਮਾ ਦੀ MLR ਬਿਨਾਂ ਕਿਸੇ ਦੇਰੀ ਦੇ ਜਾਰੀ ਕੀਤੀ ਜਾਵੇ।
  • ਜਾਣਬੁੱਝ ਕੇ ਰਿਪੋਰਟ ਰੋਕਣ ਵਾਲੇ ਡਾਕਟਰਾਂ, ਕਰਮਚਾਰੀਆਂ ਅਤੇ ਦਖ਼ਲਅੰਦਾਜ਼ੀ ਕਰਨ ਵਾਲੇ ਪੁਲਿਸ ਅਧਿਕਾਰੀਆਂ ‘ਤੇ ਤੁਰੰਤ ਕਾਰਵਾਈ ਹੋਵੇ।
ਜੇਕਰ ਪ੍ਰਸ਼ਾਸਨ ਨੇ ਜਲਦ ਸਥਿਤੀ ਸਪੱਸ਼ਟ ਨਾ ਕੀਤੀ ਤਾਂ ਪੱਤਰਕਾਰ ਭਾਈਚਾਰਾ ਸੜਕਾਂ ‘ਤੇ ਉਤਰ ਕੇ ਵਿਭਾਗੀ ਭ੍ਰਿਸ਼ਟਾਚਾਰ ਖ਼ਿਲਾਫ਼ ਤਿੱਖਾ ਮੋਰਚਾ ਖੋਲ੍ਹੇਗਾ।

Leave a Reply

Your email address will not be published. Required fields are marked *

Copyright © All rights reserved. | Newsphere by AF themes.