October 31, 2026

Justice News

ਅਵਾਮ ਦੀ ਆਵਾਜ਼

ਸਿਟੀਨੀਡਜ਼ ਦਾਨ ਉਤਸਵ ਰਾਹੀਂ 1.50 ਲੱਖ ਤੋਂ ਵੱਧ ਕੱਪੜੇ ਅਤੇ ਹੋਰ ਲੋੜੀਂਦੀ ਸਮੱਗਰੀ ਇਕੱਠੀ ਕੀਤੀ ,ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਅਤੇ ਮੇਅਰ ਇੰਦਰਜੀਤ ਕੌਰ ਵੱਲੋਂ ਦਾਨ ਉਤਸਵ ਦੀ ਸ਼ਲਾਘਾ; 15 ਐਨ.ਜੀ.ਓਜ਼

 

ਲੁਧਿਆਣਾ
( ਜਸਟਿਸ ਨਿਊਜ਼  )
ਨਗਰ ਨਿਗਮ ਲੁਧਿਆਣਾ ਅਤੇ ਐਕਟ ਹਿਊਮਨ ਦੇ ਸਹਿਯੋਗ ਨਾਲ ਸਿਟੀਨੀਡਜ਼ ਦਾਨ ਉਤਸਵ ਦਾ ਵੰਡ ਸਮਾਰੋਹ ਅੱਜ ਇਨਡੋਰ ਸਟੇਡੀਅਮ, ਲੁਧਿਆਣਾ ਵਿਖੇ ਕਰਵਾਇਆ ਗਿਆ। ਸਮਾਗਮ ਵਿੱਚ ਮੇਅਰ ਨਗਰ ਨਿਗਮ ਲੁਧਿਆਣਾ ਸ਼੍ਰੀਮਤੀ ਇੰਦਰਜੀਤ ਕੌਰ, ਡਿਪਟੀ ਕਮਿਸ਼ਨਰ ਸ਼੍ਰੀ ਹਿਮਾਂਸ਼ੂ ਜੈਨ, ਆਈ.ਏ.ਐਸ., ਪਦਮਸ਼੍ਰੀ ਓਂਕਾਰ ਸਿੰਘ ਪਾਹਵਾ, ਚੇਅਰਮੈਨ ਏਵਨ ਸਾਈਕਲ ਅਤੇ ਨਗਰ ਨਿਗਮ ਦੇ ਸਹਾਇਕ ਕਮਿਸ਼ਨਰ ਸ਼੍ਰੀ ਜਸਦੇਵ ਸਿੰਘ ਸੇਖੋਂ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ।
2 ਅਕਤੂਬਰ ਤੋਂ ਸ਼ੁਰੂ ਹੋਏ ਇਸ ਦਾਨ ਉਤਸਵ ਤਹਿਤ ਸ਼ਹਿਰ ਵਾਸੀਆਂ ਵੱਲੋਂ 80 ਤੋਂ ਵੱਧ ਸੰਗ੍ਰਹਿ ਕੇਂਦਰਾਂ ‘ਤੇ ਵਰਤੋਂ ਯੋਗ ਕੱਪੜੇ, ਜੁੱਤੇ, ਬਿਸਤਰੇ, ਭਾਂਡੇ, ਕਰਿਆਨੇ ਦਾ ਸਾਮਾਨ, ਖਿਡੌਣੇ, ਮੈਡੀਕਲ ਸਪਲਾਈ, ਉਪਕਰਣ ਅਤੇ ਈ-ਕੂੜਾ ਦਾਨ ਕੀਤਾ ਗਿਆ। ਵੱਖ-ਵੱਖ ਵਿਦਿਅਕ ਸੰਸਥਾਵਾਂ ਦੇ ਵਿਦਿਆਰਥੀਆਂ ਨੇ ਵੀ ਇਸ ਨੇਕ ਕਾਰਜ ਵਿੱਚ ਵੱਧ-ਚੜ੍ਹ ਕੇ ਯੋਗਦਾਨ ਪਾਇਆ।
ਇਸ ਸਾਲ ਦਾਨ ਉਤਸਵ ਦੌਰਾਨ 1.50 ਲੱਖ ਤੋਂ ਵੱਧ ਕੱਪੜੇ, 7,500 ਖਿਡੌਣੇ, 5,000 ਜੋੜੇ ਜੁੱਤੇ, 2,000 ਬਿਸਤਰੇ, 2,500 ਭਾਂਡੇ ਅਤੇ 1,000 ਉਪਕਰਣਾਂ ਸਮੇਤ ਕਰਿਆਨੇ ਦਾ ਸਾਮਾਨ, ਮੈਡੀਕਲ ਸਪਲਾਈ ਅਤੇ ਈ-ਕੂੜਾ ਇਕੱਠਾ ਕੀਤਾ ਗਿਆ। ਇਕੱਠੀ ਕੀਤੀ ਸਮੱਗਰੀ ਨੂੰ ਮਾਰਸ਼ਲ ਏਡ ਫਾਊਂਡੇਸ਼ਨ ਦੇ ਵਲੰਟੀਅਰਾਂ ਵੱਲੋਂ ਛਾਂਟ ਕੇ ਲੁਧਿਆਣਾ ਦੀਆਂ ਵੱਖ-ਵੱਖ ਗੈਰ-ਸਰਕਾਰੀ ਸੰਸਥਾਵਾਂ ਰਾਹੀਂ ਲੋੜਵੰਦਾਂ ਤੱਕ ਪਹੁੰਚਾਇਆ ਜਾਵੇਗਾ। ਸਮਾਗਮ ਦੌਰਾਨ ਵਲੰਟੀਅਰਾਂ ਲਈ ਏਕ ਨੂਰ ਸੇਵਾ ਕੇਂਦਰ-ਨੇਕੀ ਕੀ ਰਸੋਈ ਵੱਲੋਂ ਮੁਫ਼ਤ ਭੋਜਨ ਦਾ ਪ੍ਰਬੰਧ ਵੀ ਕੀਤਾ ਗਿਆ।
ਇਸ ਮੌਕੇ ਸਹਾਇਕ ਕਮਿਸ਼ਨਰ ਨਗਰ ਨਿਗਮ ਸ਼੍ਰੀ ਜਸਦੇਵ ਸਿੰਘ ਸੇਖੋਂ ਨੇ ਐਨ.ਜੀ.ਓਜ਼, ਸੰਗ੍ਰਹਿ ਕੇਂਦਰਾਂ, ਵਿਦਿਆਰਥੀਆਂ, ਸੰਸਥਾਵਾਂ ਦੇ ਫੈਕਲਟੀ ਮੈਂਬਰਾਂ ਅਤੇ ਵਲੰਟੀਅਰਾਂ ਦਾ ਸਵਾਗਤ ਕਰਦਿਆਂ ਉਨ੍ਹਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਨਗਰ ਨਿਗਮ ਵੱਲੋਂ ਭਾਰਤ ਸਰਕਾਰ ਦੇ ‘ਰਿਡਿਊਸ, ਰੀਯੂਜ਼ ਅਤੇ ਰੀਸਾਈਕਲ’ (3R) ਦੇ ਸੰਕਲਪ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ, ਤਾਂ ਜੋ ਵਾਤਾਵਰਣ ਦੀ ਸੰਭਾਲ ਦੇ ਨਾਲ-ਨਾਲ ਸਰੋਤਾਂ ਦੀ ਸੁਚੱਜੀ ਵਰਤੋਂ ਯਕੀਨੀ ਬਣਾਈ ਜਾ ਸਕੇ।
ਮੇਅਰ ਸ਼੍ਰੀਮਤੀ ਇੰਦਰਜੀਤ ਕੌਰ ਨੇ ਇਸ ਪਹਿਲਕਦਮੀ ਦੀ ਸ਼ਲਾਘਾ ਕਰਦਿਆਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਲੋੜਵੰਦਾਂ ਦੀ ਮਦਦ ਲਈ ਅੱਗੇ ਆਉਣ ਅਤੇ ਅਜਿਹੇ ਲੋਕ ਭਲਾਈ ਦੇ ਉਪਰਾਲਿਆਂ ਵਿੱਚ ਸਰਗਰਮ ਭੂਮਿਕਾ ਨਿਭਾਉਣ। ਉਨ੍ਹਾਂ ਕਿਹਾ ਕਿ ਇਹ ਪਹਿਲਕਦਮੀ ਭਾਈਚਾਰਕ ਸਾਂਝ, ਹਮਦਰਦੀ ਅਤੇ ਵਾਤਾਵਰਣ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ ਨੂੰ ਮਜ਼ਬੂਤ ਕਰਦੀ ਹੈ।
ਡਿਪਟੀ ਕਮਿਸ਼ਨਰ ਸ਼੍ਰੀ ਹਿਮਾਂਸ਼ੂ ਜੈਨ ਨੇ ਸਿਟੀਨੀਡਜ਼, ਭਾਈਵਾਲ ਐਨ.ਜੀ.ਓਜ਼, ਵਿਦਿਅਕ ਸੰਸਥਾਵਾਂ, ਵਲੰਟੀਅਰਾਂ ਅਤੇ ਸੰਗ੍ਰਹਿ ਕੇਂਦਰਾਂ ਦੇ ਸਾਂਝੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਅਜਿਹੇ ਉਪਰਾਲੇ ਇੱਕ ਪਾਸੇ ਲੋੜਵੰਦ ਪਰਿਵਾਰਾਂ ਦੀ ਮਦਦ ਕਰਦੇ ਹਨ, ਉੱਥੇ ਹੀ ਦੂਜੇ ਪਾਸੇ ਲੋਕਾਂ ਨੂੰ ਵਾਤਾਵਰਣ ਪੱਖੀ ਅਤੇ ਟਿਕਾਊ ਜੀਵਨ ਸ਼ੈਲੀ ਅਪਣਾਉਣ ਲਈ ਪ੍ਰੇਰਿਤ ਕਰਦੇ ਹਨ।
ਇਸ ਮੌਕੇ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਪੰਜਾਬ ਐਨ.ਜੀ.ਓ. ਡਿਜੀਟਾਈਜ਼ੇਸ਼ਨ ਮਿਸ਼ਨ ਤਹਿਤ ਸਿਟੀਨੀਡਜ਼ ਦੀ ਵੈੱਬਸਾਈਟ ‘ਤੇ ਸਮਰੱਥਾ ਨਿਰਮਾਣ ਪ੍ਰੋਗਰਾਮ ਅਧੀਨ ਸਿਖਲਾਈ ਪ੍ਰਾਪਤ ਕਰਨ ਵਾਲੀਆਂ 15 ਐਨ.ਜੀ.ਓਜ਼ ਨੂੰ ਡਿਪਟੀ ਕਮਿਸ਼ਨਰ ਵੱਲੋਂ ਪ੍ਰਮਾਣ ਪੱਤਰ ਵੀ ਪ੍ਰਦਾਨ ਕੀਤੇ ਗਏ। ਇਹ ਮਿਸ਼ਨ ਹੁਣ ਸੂਬਾ ਪੱਧਰੀ ਪਹਿਲਕਦਮੀ ਦਾ ਰੂਪ ਧਾਰ ਚੁੱਕਾ ਹੈ, ਜਿਸ ਤਹਿਤ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੀਆਂ 150 ਐਨ.ਜੀ.ਓਜ਼ ਨੂੰ ਡਿਜੀਟਾਈਜ਼ ਕੀਤਾ ਜਾਵੇਗਾ।
ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਸ਼੍ਰੀ ਵਰਿੰਦਰ ਟਿਵਾਣਾ ਨੇ ਦੱਸਿਆ ਕਿ ਪੰਜਾਬ ਐਨ.ਜੀ.ਓ. ਡਿਜੀਟਾਈਜ਼ੇਸ਼ਨ ਮਿਸ਼ਨ ਤਹਿਤ ਸੀਨੀਅਰ ਸਿਟੀਜ਼ਨਜ਼, ਔਰਤਾਂ, ਬੱਚਿਆਂ ਅਤੇ ਦਿਵਿਆਂਗ ਵਿਅਕਤੀਆਂ ਦੀ ਭਲਾਈ ਲਈ ਕੰਮ ਕਰਨ ਵਾਲੀਆਂ ਐਨ.ਜੀ.ਓਜ਼ ਨੂੰ ਸਿਟੀਨੀਡਜ਼ ਰਾਹੀਂ ਡਿਜੀਟਾਈਜ਼ ਕੀਤਾ ਜਾ ਰਿਹਾ ਹੈ, ਤਾਂ ਜੋ ਉਨ੍ਹਾਂ ਦੇ ਕੰਮਕਾਜ ਅਤੇ ਸੇਵਾਵਾਂ ਨੂੰ ਹੋਰ ਪ੍ਰਭਾਵਸ਼ਾਲੀ ਬਣਾਇਆ ਜਾ ਸਕੇ।
ਸਮਾਗਮ ਵਿੱਚ ਵੱਖ-ਵੱਖ ਐਨ.ਜੀ.ਓਜ਼, ਵਿਦਿਅਕ ਸੰਸਥਾਵਾਂ ਅਤੇ ਉਦਯੋਗਿਕ ਐਸੋਸੀਏਸ਼ਨਾਂ ਦੇ ਨੁਮਾਇੰਦਿਆਂ ਨੇ ਵੀ ਸ਼ਿਰਕਤ ਕੀਤੀ। ਇਨ੍ਹਾਂ ਵਿੱਚ ਐਫ.ਆਈ.ਸੀ.ਓ. ਵੱਲੋਂ ਸ਼੍ਰੀ ਗੁਰਮੀਤ ਸਿੰਘ ਕੁਲਾਰ ਅਤੇ ਯੂਨਾਈਟਿਡ ਸਾਈਕਲ ਪਾਰਟਸ ਮੈਨੂਫੈਕਚਰਰ ਐਸੋਸੀਏਸ਼ਨ ਦੇ ਨੁਮਾਇੰਦੇ ਸ਼ਾਮਲ ਸਨ।
ਅੰਤ ਵਿੱਚ ਸਿਟੀਨੀਡਜ਼ ਦੇ ਸੰਸਥਾਪਕ ਨਿਰਦੇਸ਼ਕ ਸ਼੍ਰੀ ਮਨੀਤ ਦੀਵਾਨ ਨੇ ਸਮੂਹ ਪਤਵੰਤਿਆਂ, ਮੀਡੀਆ, ਐਨ.ਜੀ.ਓਜ਼ ਅਤੇ ਸਹਿਯੋਗੀ ਸੰਸਥਾਵਾਂ ਦਾ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਸਿਟੀਨੀਡਜ਼ ਇੱਕ ਆਨਲਾਈਨ ਭੀੜ ਫੰਡਿੰਗ ਪਲੇਟਫਾਰਮ ਹੈ, ਜੋ ਐਨ.ਜੀ.ਓਜ਼ ਦੇ ਪ੍ਰੋਜੈਕਟਾਂ ਨੂੰ ਲੋਕਾਂ ਸਾਹਮਣੇ ਲਿਆਉਣ ਅਤੇ ਉਨ੍ਹਾਂ ਨੂੰ ਆਪਣੇ ਸ਼ਹਿਰ ਦੇ ਦਾਨੀਆਂ ਤੇ ਵਲੰਟੀਅਰਾਂ ਨਾਲ ਜੋੜਨ ਲਈ ਕੰਮ ਕਰਦਾ ਹੈ। ਇਸ ਸਬੰਧੀ ਵਧੇਰੇ ਜਾਣਕਾਰੀ www.cityneeds.info ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।
ਇਹ ਸਮਾਗਮ ਐਮ.ਏ.ਏ.ਸੀ. ਵੱਲੋਂ ਸੰਚਾਲਿਤ ਕੀਤਾ ਗਿਆ, ਜਿਸ ਨੂੰ ਡੂ ਗੁੱਡ ਫਾਊਂਡੇਸ਼ਨ, ਦਸਵੰਧ ਫਾਊਂਡੇਸ਼ਨ, ਮੋਨਾ ਲੀਵਜ਼ ਕਯਾਰੀ, ਲੀਫਬੇਰੀ ਅਤੇ 1000 ਥਿੰਗਸ ਇਨ ਲੁਧਿਆਣਾ ਵੱਲੋਂ ਸਹਿਯੋਗ ਦਿੱਤਾ ਗਿਆ।

Leave a Reply

Your email address will not be published. Required fields are marked *

You may have missed

Copyright © All rights reserved. | Newsphere by AF themes.