October 31, 2026

Justice News

ਅਵਾਮ ਦੀ ਆਵਾਜ਼

ਹਰਿਆਣਾ ਨਿਊਜ਼

ਨੌਜਵਾਨਾਂ ਨੂੰ ਟੀਚਾ ਛੋਟਾ ਨਹੀਂ, ਸਗੋਂ ਉਸ ਦੀ ਰੋਜ਼ ਤਿਆਰੀ ਕਰਨੀ ਚਾਹੀਦੀ ਹੈ – ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਚੰਡੀਗੜ੍ਹ

( ਜਸਟਿਸ ਨਿਊਜ਼  )

 ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਨੌਜਵਾਨਾਂ ਨੂੰ ਆਪਣਾ ਨਿਸ਼ਾਨਾ ਕਦੇ ਛੋਟਾ ਨਹੀਂ ਕਰਨਾ ਚਾਹੀਦਾ, ਸਗੋਂ ਉਸ ਦੀ ਹਰ ਰੋਜ਼ ਤਿਆਰੀ ਕਰਨੀ ਚਾਹੀਦੀ ਹੈ। ਆਪਣੇ ਤਨ ਅਤੇ ਮਨ, ਦੋਵਾਂ ਦਾ ਧਿਆਨ ਰੱਖਦੇ ਹੋਏ ਨਸ਼ੇ ਅਤੇ ਨਿਰਾਸ਼ਾ ਤੋਂ ਦੂਰ ਰਹਿ ਕੇ ਮਿੱਤਰਾਂ ਨਾਲ ਆਪਣੇ ਪਿੰਡ ਅਤੇ ਸਮਾਜ ਦੇ ਸਾਂਝੇ ਕੰਮਾਂ ਵਿੱਚ ਹਿੱਸਾ ਲੈਣਾ ਚਾਹੀਦਾ ਹੈ।

ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਪੰਜਾਬ ਦੇ ਬਲਾਚੌਰ ਹਲਕੇ ਦੇ ਪਿੰਡ ਬਾਗੋਵਾਲ ਵਿੱਚ ਨੌਜਵਾਨ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਰੈਲੀ ਵਿੱਚ ਰਵੀ ਇੰਦਰ ਬਲਾਚੌਰ ਆਪਣੇ ਸਾਥੀਆਂ ਸਮੇਤ ਭਾਜਪਾ ਵਿਚ ਸ਼ਾਮਲ ਹੋ ਗਏ। ਮੁੱਖ ਮੰਤਰੀ ਨੇ ਵਧਾਈ ਅਤੇ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਪਾਰਟੀ ਵਿੱਚ ਉਨ੍ਹਾਂ ਨੂੰ ਪੂਰਾ ਮਾਣ-ਸਤਿਕਾਰ ਮਿਲੇਗਾ। ਇਸ ਮੌਕੇ ਡੇਰਾ ਭੌਰੀ ਦੇ ਮਹਾਰਾਜ ਦਿਆਲ ਦਾਸ, ਸਰਦਾਰ ਰਾਜ ਬਾਗੋਵਾਲ, ਸਰਪੰਚ ਨਰੇਸ਼ ਕੁਮਾਰ, ਜ਼ਿਲ੍ਹਾ ਪ੍ਰਧਾਨ ਰਾਜਵਿੰਦਰ ਲਾਖੀ, ਚੇਅਰਮੈਨ ਓਮ ਪ੍ਰਕਾਸ਼ ਦੇਵੀ ਨਗਰ ਸਮੇਤ ਕਈ ਅਹੁਦੇਦਾਰ ਮੌਜੂਦ ਸਨ।

ਮੁੱਖ ਮੰਤਰੀ ਨੇ ਕਿਹਾ ਕਿ ਅੱਜ ਪੂਰਾ ਦੇਸ਼ ਸਰਦਾਰ ਵੱਲਭ ਭਾਈ ਪਟੇਲ ਦੀ ਜਯੰਤੀ ਮਨਾ ਰਿਹਾ ਹੈ। ਸਰਦਾਰ ਪਟੇਲ ਨੇ ਲਗਭਗ 560 ਰਿਆਸਤਾਂ ਨੂੰ ਜੋੜ ਕੇ ਪੂਰੇ ਭਾਰਤ ਨੂੰ ਏਕਤਾ ਦੇ ਸੂਤਰ ਵਿੱਚ ਪਰੋਣ ਦਾ ਕੰਮ ਕੀਤਾ। ਇਸ ਲਈ ਉਨ੍ਹਾਂ ਦੀ ਜਯੰਤੀ ਰਾਸ਼ਟਰੀ ਏਕਤਾ ਦਿਵਸ ਵਜੋਂ ਮਨਾਈ ਜਾਂਦੀ ਹੈ। ਮੁੱਖ ਮੰਤਰੀ ਨੇ ਏਕਤਾ ਦਿਵਸ ਦੀਆਂ ਹਾਰਦਿਕ ਮੁਬਾਰਕਾਂ ਦਿੱਤੀਆਂ ਅਤੇ ਸਰਦਾਰ ਪਟੇਲ ਨੂੰ ਨਮਨ ਵੀ ਕੀਤਾ।

ਉਨ੍ਹਾਂ ਕਿਹਾ ਕਿ ਨੌਜਵਾਨਾਂ ਦਾ ਰਾਜਨੀਤਿਕ ਪਾਰਟੀ ਨਾਲ ਜੁੜਨਾ ਬਹੁਤ ਸ਼ਲਾਘਾਯੋਗ ਫੈਸਲਾ ਹੈ। ਇਸ ਦੇ ਪਿੱਛੇ ਆਪਣੇ ਖੇਤਰ ਦੀ ਚਿੰਤਾ ਅਤੇ ਲੋਕਾਂ ਦੀਆਂ ਉਮੀਦਾਂ ਹੁੰਦੀਆਂ ਹਨ। ਭਵਿੱਖ ਪ੍ਰਤੀ ਇੱਕ ਵਿਸ਼ਵਾਸ ਅਤੇ ਭਰੋਸਾ ਹੁੰਦਾ ਹੈ। ਇਹ ਫੈਸਲਾ ਪੰਜਾਬ ਵਿੱਚ ਭਾਜਪਾ ਪ੍ਰਤੀ ਵਧਦੀ ਆਸ ਨੂੰ ਬਲ ਦੇਵੇਗਾ। ਹੁਣ ਸਾਨੂੰ ਸਾਰਿਆਂ ਨੂੰ ਮਿਲ ਕੇ, ਇਸ ਆਸ ਨੂੰ ਸੇਵਾ ਵਿੱਚ ਅਤੇ ਸੇਵਾ ਨੂੰ ਜਨ-ਵਿਸ਼ਵਾਸ ਵਿੱਚ ਬਦਲਣਾ ਹੈ।

ਪੰਜਾਬ ਵਿੱਚ 2027 ਵਿੱਚ ਪੀ.ਐੱਮ. ਸ਼੍ਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਬਣੇਗੀ ਸਰਕਾਰ

ਮੁੱਖ ਮੰਤਰੀ ਨੇ ਕਿਹਾ ਕਿ ਬਾਗੋਵਾਲ ਦੀ ਧਰਤੀ ਤੋਂ ਇਹ ਸੰਦੇਸ਼ ਗਿਆ ਹੈ ਕਿ ਪੰਜਾਬ ਦਾ ਨੌਜਵਾਨ ਆਪਣੀ ਸ਼ਕਤੀ ਪਛਾਣ ਗਿਆ ਹੈ। ਉਹ ਮਿਹਨਤ ਤੋਂ ਪਿੱਛੇ ਨਹੀਂ ਹਟਦਾ, ਚੁਣੌਤੀਆਂ ਤੋਂ ਨਹੀਂ ਡਰਦਾ ਅਤੇ ਆਪਣੇ ਪਰਿਵਾਰ ਤੇ ਪਿੰਡ ਦੇ ਭਵਿੱਖ ਲਈ ਤਤਪਰ ਖੜ੍ਹਾ ਹੈ। ਉਨ੍ਹਾਂ ਕਿਹਾ ਕਿ ਅਸੀਂ ਮਿਲ ਕੇ ਅਜਿਹਾ ਰੰਗਲਾ ਪੰਜਾਬ ਬਣਾਉਣ ਦਾ ਸੰਕਲਪ ਲਈਏ, ਜਿੱਥੇ ਹਰ ਬੱਚੇ ਨੂੰ ਖੇਡਣ ਦਾ ਮੈਦਾਨ, ਹਰ ਨੌਜਵਾਨ ਨੂੰ ਅੱਗੇ ਵਧਣ ਦਾ ਮੌਕਾ, ਹਰ ਪਰਿਵਾਰ ਨੂੰ ਨਸ਼ੇ ਵਿਰੁੱਧ ਸਹਿਯੋਗ ਅਤੇ ਹਰ ਮਿਹਨਤਕਸ਼ ਨੂੰ ਸਤਿਕਾਰ ਮਿਲੇ।

ਮੁੱਖ ਮੰਤਰੀ ਨੇ ਕਿਹਾ ਕਿ ਆਉਣ ਵਾਲਾ ਸਮਾਂ ਭਾਰਤੀ ਜਨਤਾ ਪਾਰਟੀ ਦਾ ਹੈ। ਪੰਜਾਬ ਦੇ ਲੋਕਾਂ ਨੂੰ ਹੁਣ ਸਪੱਸ਼ਟ ਲੱਗਣ ਲੱਗਾ ਹੈ ਕਿ ਫਰਵਰੀ 2027 ਵਿੱਚ ਪੰਜਾਬ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਸਰਕਾਰ ਬਣੇਗੀ। ਡਬਲ ਇੰਜਣ ਦੀ ਸਰਕਾਰ ਪੰਜਾਬ ਵਿੱਚ ਦੁੱਗਣੀ ਰਫ਼ਤਾਰ ਨਾਲ ਵਿਕਾਸ ਕਾਰਜ ਕਰੇਗੀ ਅਤੇ ਹਰ ਵਿਅਕਤੀ ਨੂੰ ਪੂਰਾ ਮਾਣ-ਸਤਿਕਾਰ ਦੇਵੇਗੀ। ਭਾਜਪਾ ਨੇ ਪੰਜਾਬ ਵਿੱਚ ਨਸ਼ੇ ਵਿਰੁੱਧ ਯਾਤਰਾ ਕੱਢੀ ਜਿਸ ਨੂੰ ਸੂਬੇ ਦੇ ਲੋਕਾਂ ਤੋਂ ਭਰਪੂਰ ਸਹਿਯੋਗ ਮਿਲਿਆ।

ਮੁੱਖ ਮੰਤਰੀ ਨੇ ਕਿਹਾ ਕਿ ਖੇਤਰ ਦੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਅਤੇ ਗ੍ਰਾਮੀਣ ਖੇਡ ਸਟੇਡੀਅਮਾਂ ਨੂੰ ਬਿਹਤਰ ਬਣਾਉਣ ਦੀ ਜੋ ਮੁਹਿੰਮ ਸ਼ੁਰੂ ਕੀਤੀ ਗਈ ਹੈ, ਉਹ ਸਮਾਜ ਨੂੰ ਅੱਗੇ ਲੈ ਕੇ ਜਾਣ ਵਾਲੀ ਪਹਿਲਕਦਮੀ ਹੈ। ਇਸ ਨਾਲ ਹਰ ਪਿੰਡ ਵਿੱਚ ਨੌਜਵਾਨਾਂ ਨੂੰ ਖੇਡਾਂ ਦੇ ਮੈਦਾਨ ਮਿਲਣਗੇ। ਖੇਡਾਂ ਵੱਲ ਅੱਗੇ ਵਧਣ ਨਾਲ ਨੌਜਵਾਨਾਂ ਵਿੱਚ ਰਾਸ਼ਟਰੀਅਤਾ ਅਤੇ ਲੀਡਰਸ਼ਿਪ ਦੀ ਭਾਵਨਾ ਪੈਦਾ ਹੁੰਦੀ ਹੈ। ਖੇਡਾਂ ਨਾਲ ਜੁੜੇ ਨੌਜਵਾਨ ਨਸ਼ਿਆਂ ਤੋਂ ਦੂਰ ਰਹਿੰਦੇ ਹਨ। ਰਾਸ਼ਟਰੀ ਏਕਤਾ ਦਿਵਸ ‘ਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ ਸੰਕਲਪ ਲੈਣਾ ਚਾਹੀਦਾ ਹੈ।

ਨਸ਼ੇ ਦੇ ਬੁਰੇ ਦੌਰ ਵਿਚੋਂ ਲੰਘ ਰਿਹਾ ਹੈ ਸੂਬਾ

ਮੁੱਖ ਮੰਤਰੀ ਨੇ ਕਿਹਾ ਕਿ ‘ਆਪ’ ਅਤੇ ਕਾਂਗਰਸ ਪਾਰਟੀ ਨੇ ਪੰਜਾਬ ਵਿੱਚ ਨਸ਼ਾ ਅਤੇ ਭ੍ਰਿਸ਼ਟਾਚਾਰ ਵਧਾਉਣ ਦਾ ਕੰਮ ਕੀਤਾ ਹੈ। ਅੱਜ ਸੂਬਾ ਨਸ਼ੇ ਦੇ ਬੁਰੇ ਦੌਰ ਵਿਚੋਂ ਲੰਘ ਰਿਹਾ ਹੈ। ਨਸ਼ੇ ਨਾਲ ਪਰਿਵਾਰ ਅਤੇ ਵਿਕਾਸ ਦੋਵੇਂ ਬਾਧਿਤ ਹੁੰਦੇ ਹਨ, ਪਰਿਵਾਰ ਹਨ੍ਹੇਰੇ ਵਿੱਚ ਚਲਾ ਜਾਂਦਾ ਹੈ ਅਤੇ ਵਿਕਾਸ ਦੀ ਰਫ਼ਤਾਰ ਰੁਕ ਜਾਂਦੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਨਸ਼ੇ ਨੂੰ ਖ਼ਤਮ ਕਰਨ ਦਾ ਵਾਅਦਾ ਕੀਤਾ, ਪਰ ਕੁੱਝ ਨਹੀਂ ਹੋਇਆ ਤਾਂ ਜਨਤਾ ਨੇ ਉਨ੍ਹਾਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ।

ਮੁੱਖ ਮੰਤਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਨਸ਼ੇ ਨੂੰ ਖ਼ਤਮ ਕਰਨ ਤੋਂ ਇਲਾਵਾ 25 ਲੱਖ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦਾ ਵਾਅਦਾ ਕੀਤਾ ਸੀ, ਪਰ ਜਨਤਾ ਨੂੰ ਕੁੱਝ ਨਹੀਂ ਮਿਲਿਆ। ਕੇਵਲ ਝੂਠੇ ਵਾਅਦਿਆਂ ਅਤੇ ਭਰਮ ਨਾਲ ਲਗਾਤਾਰ 5 ਸਾਲ ਤੱਕ ਸਰਕਾਰ ਚਲਾਈ। ‘ਆਪ’ ਸਰਕਾਰ ਨੇ ਨਸ਼ੇ ਨੂੰ ਖ਼ਤਮ ਕਰਨ ਦੀ ਤਾਰੀਖ਼ ਵੀ ਤੈਅ ਕੀਤੀ ਸੀ ਪਰ ਕੀਤਾ ਕੁੱਝ ਨਹੀਂ। ਇਹ ਕਾਂਗਰਸ ਤੋਂ ਵੀ ਵੱਧ ਭ੍ਰਿਸ਼ਟਾਚਾਰੀ ਨਿਕਲੀ। ‘ਆਪ’ ਸਰਕਾਰ ਵਿੱਚ ਜੇਕਰ ਕੋਈ ਵਿਅਕਤੀ ਨਸ਼ਾ ਵਿਕਣ ਦੀ ਗੱਲ ਕਰਦਾ ਹੈ ਤਾਂ ਉਸ ਦੇ ਖ਼ਿਲਾਫ਼ ਕੇਸ ਦਰਜ ਕਰਵਾ ਦਿੱਤੇ ਜਾਂਦੇ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਦੇ ਹਰ ਛੋਟੇ ਤੋਂ ਲੈ ਕੇ ਵੱਡੇ ਪਿੰਡ ਵਿੱਚ ਕਰੋੜਾਂ ਰੁਪਏ ਦੇ ਵਿਕਾਸ ਕਾਰਜ ਕਰਵਾਏ ਗਏ ਹਨ। ਭਾਜਪਾ ਸਰਕਾਰ ਹਰ ਵਰਗ ਦੇ ਵਿਕਾਸ ਲਈ ਕੰਮ ਕਰ ਰਹੀ ਹੈ। ਭਾਜਪਾ ਨੇ 12 ਸਾਲਾਂ ਵਿੱਚ ਕਿਸਾਨਾਂ ਨੂੰ 16 ਹਜ਼ਾਰ 500 ਕਰੋੜ ਰੁਪਏ ਦੀ ਰਾਸ਼ੀ ਫ਼ਸਲ ਖ਼ਰਾਬੇ ਹੋਣ ‘ਤੇ ਦਿੱਤੀ ਹੈ। ਔਰਤਾਂ ਨੂੰ 2100 ਰੁਪਏ ਹਰ ਮਹੀਨੇ ਲਾਡੋ ਲਕਸ਼ਮੀ ਯੋਜਨਾ ਦਾ ਲਾਭ ਦਿੱਤਾ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਨੌਜਵਾਨਾਂ ਨੂੰ ਆਪਣੇ ਭਵਿੱਖ ਲਈ ਸਹੀ ਮੌਕੇ ਮਿਲਣ। ਨੌਜਵਾਨ ਵਿਦੇਸ਼ ਜਾਣ ਦਾ ਸੁਪਨਾ ਵੇਖੇ, ਇਸ ਵਿੱਚ ਕੋਈ ਬੁਰਾਈ ਨਹੀਂ ਹੈ। ਪਰ, ਉਸ ਨੂੰ ਮਜਬੂਰੀ ਵਿੱਚ ਘਰ ਨਾ ਛੱਡਣਾ ਪਵੇ। ਉਸ ਨੂੰ ਡੰਕੀ ਰੂਟ ਦਾ ਸਹਾਰਾ ਨਾ ਲੈਣਾ ਪਵੇ। ਪੰਜਾਬ ਵਿੱਚ ਚੰਗੇ ਸਿੱਖਿਆ ਅਦਾਰੇ, ਕੌਸ਼ਲ ਕੇਂਦਰ, ਉਦਯੋਗ, ਆਧੁਨਿਕ ਖੇਤੀ ਅਤੇ ਮਜ਼ਬੂਤ ਛੋਟੇ ਕਾਰੋਬਾਰ ਹੋਣਗੇ ਤਾਂ ਨੌਜਵਾਨ ਆਪਣੇ ਪਿੰਡ ਅਤੇ ਸ਼ਹਿਰ ਵਿੱਚ ਹੀ ਬਿਹਤਰ ਭਵਿੱਖ ਬਣਾ ਸਕੇਗਾ। ਇਸ ਲਈ ਸਾਨੂੰ ਮਿਲ ਕੇ ਕੰਮ ਕਰਨਾ ਹੋਵੇਗਾ।

ਸੂਬੇ ਵਿੱਚ 6230 ਗ੍ਰਾਮ ਪੰਚਾਇਤਾਂ ਦੇ ਵਿਕਾਸ ਲਈ ਐੱਸ.ਐੱਫ.ਸੀ. ਨੇ ਜਾਰੀ ਕੀਤੇ 579 ਕਰੋੜ: ਕ੍ਰਿਸ਼ਨ ਲਾਲ ਪੰਵਾਰ

ਚੰਡੀਗੜ੍ਹ,

( ਜਸਟਿਸ ਨਿਊਜ਼  )

 ਹਰਿਆਣਾ ਦੇ ਵਿਕਾਸ ਅਤੇ ਪੰਚਾਇਤ ਮੰਤਰੀ ਕ੍ਰਿਸ਼ਨ ਲਾਲ ਪੰਵਾਰ ਨੇ ਗ੍ਰਾਮੀਣ ਸਫਾਈ ਕਰਮਚਾਰੀ ਯੂਨੀਅਨ, ਹਰਿਆਣਾ ਦੇ ਅਹੁਦੇਦਾਰਾਂ ਨਾਲ ਮੀਟਿੰਗ ਕਰਕੇ ਉਨ੍ਹਾਂ ਦੀਆਂ ਮੰਗਾਂ ‘ਤੇ ਵਿਸਥਾਰ ਨਾਲ ਚਰਚਾ ਕੀਤੀ। ਪਾਨੀਪਤ ਵਿੱਚ ਆਯੋਜਿਤ ਮੀਟਿੰਗ ਸ਼ਾਂਤੀਪੂਰਨ ਅਤੇ ਸੁਖਾਵੇਂ ਮਾਹੌਲ ਵਿੱਚ ਸੰਪੰਨ ਹੋਈ। ਮੀਟਿੰਗ ਵਿੱਚ ਗ੍ਰਾਮੀਣ ਸਫਾਈ ਕਰਮਚਾਰੀਆਂ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਮੰਗਾਂ ਨੂੰ ਲੈ ਕੇ ਗੰਭੀਰਤਾ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਸਾਰੀਆਂ 17 ਮੰਗਾਂ ‘ਤੇ ਸਹਿਮਤੀ ਬਣ ਗਈ, ਜਿਨ੍ਹਾਂ ਵਿੱਚੋਂ 12 ਮੰਗਾਂ ਦੇ ਜ਼ਰੂਰੀ ਪੱਤਰ ਵੀ ਜਾਰੀ ਕਰ ਦਿੱਤੇ ਗਏ ਹਨ। ਮੰਗਾਂ ਦੇ ਹੱਲ ਨਾਲ ਸੂਬੇ ਭਰ ਦੇ ਗ੍ਰਾਮੀਣ ਸਫਾਈ ਕਰਮਚਾਰੀਆਂ ਵਿੱਚ ਖ਼ੁਸ਼ੀ ਦੀ ਲਹਿਰ ਹੈ।

ਕੈਬਨਿਟ ਮੰਤਰੀ ਕ੍ਰਿਸ਼ਨ ਲਾਲ ਪੰਵਾਰ ਨੇ ਕਿਹਾ ਕਿ ਸੂਬਾ ਸਰਕਾਰ ਕਰਮਚਾਰੀਆਂ ਦੇ ਹਿੱਤਾਂ ਦੀ ਰਾਖੀ ਕਰਨ ਅਤੇ ਉਨ੍ਹਾਂ ਦੀਆਂ ਜਾਇਜ਼ ਮੰਗਾਂ ਦਾ ਹੱਲ ਕਰਨ ਲਈ ਵਚਨਬੱਧ ਹੈ। ਗ੍ਰਾਮੀਣ ਸਫਾਈ ਕਰਮਚਾਰੀ ਪਿੰਡਾਂ ਨੂੰ ਸਵੱਛ ਬਣਾਈ ਰੱਖਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਦਾ ਕੰਮ ਕੇਵਲ ਸਫਾਈ ਤੱਕ ਸੀਮਤ ਨਹੀਂ ਹੈ, ਸਗੋਂ ਸਵੱਛ ਅਤੇ ਸਿਹਤਮੰਦ ਗ੍ਰਾਮੀਣ ਵਾਤਾਵਰਣ ਤਿਆਰ ਕਰਨ ਵਿੱਚ ਵੀ ਅਹਿਮ ਯੋਗਦਾਨ ਹੈ। ਸਰਕਾਰ ਉਨ੍ਹਾਂ ਦੀ ਮਿਹਨਤ ਅਤੇ ਸੇਵਾਵਾਂ ਦਾ ਸਤਿਕਾਰ ਕਰਦੀ ਹੈ।

ਕੈਬਨਿਟ ਮੰਤਰੀ ਨੇ ਕਿਹਾ ਕਿ ਕਰਮਚਾਰੀਆਂ ਦੀਆਂ ਮੰਗਾਂ ‘ਤੇ ਪੋਜ਼ਟਿਵ ਪਹੁੰਚ ਅਪਣਾਉਂਦੇ ਹੋਏ ਸਹਿਮਤੀ ਅਨੁਸਾਰ ਜ਼ਰੂਰੀ ਹੁਕਮ ਜਾਰੀ ਕਰ ਦਿੱਤੇ ਗਏ ਹਨ। ਸਰਕਾਰ ਦਾ ਉਦੇਸ਼ ਹੈ ਕਿ ਕਰਮਚਾਰੀਆਂ ਨੂੰ ਆਪਣੇ ਅਧਿਕਾਰਾਂ ਅਤੇ ਸਹੂਲਤਾਂ ਲਈ ਅਣਚਾਹੀ ਖੱਜਲ-ਖੁਆਰੀ ਨਾ ਝੱਲਣੀ ਪਵੇ। ਸਬੰਧਤ ਅਧਿਕਾਰੀਆਂ ਨੂੰ ਵੀ ਨਿਰਦੇਸ਼ ਦਿੱਤੇ ਗਏ ਹਨ ਕਿ ਜਾਰੀ ਹੁਕਮਾਂ ਦੀ ਪ੍ਰਭਾਵਸ਼ਾਲੀ ਪਾਲਣਾ ਯਕੀਨੀ ਬਣਾਉਣ, ਤਾਂ ਜੋ ਕਰਮਚਾਰੀਆਂ ਨੂੰ ਇਹਨਾਂ ਦਾ ਲਾਭ ਸਮੇਂ ਸਿਰ ਮਿਲ ਸਕੇ।

ਸ਼੍ਰੀ ਪੰਵਾਰ ਨੇ ਕਿਹਾ ਕਿ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਸੂਬਾ ਸਰਕਾਰ ਪਿੰਡਾਂ ਦੇ ਸਰਬਪੱਖੀ ਵਿਕਾਸ ਅਤੇ ਗ੍ਰਾਮੀਣ ਵਿਵਸਥਾ ਨੂੰ ਮਜ਼ਬੂਤ ਕਰਨ ਲਈ ਨਿਰੰਤਰ ਕੰਮ ਕਰ ਰਹੀ ਹੈ। ਇਸੇ ਲੜੀ ਵਿੱਚ ਸੂਬੇ ਦੀਆਂ 6230 ਗ੍ਰਾਮ ਪੰਚਾਇਤਾਂ ਦੇ ਵਿਕਾਸ ਲਈ ਰਾਜ ਵਿੱਤ ਕਮਿਸ਼ਨ (ਐੱਸ.ਐੱਫ.ਸੀ.) ਦੇ ਮਾਧਿਅਮ ਨਾਲ 579 ਕਰੋੜ ਰੁਪਏ ਪੰਚਾਇਤਾਂ ਦੇ ਖਾਤਿਆਂ ਵਿੱਚ ਜਾਰੀ ਕੀਤੇ ਗਏ ਹਨ। ਇਸ ਰਾਸ਼ੀ ਨਾਲ ਪਿੰਡਾਂ ਵਿੱਚ ਵਿਕਾਸ ਕਾਰਜਾਂ ਨੂੰ ਗਤੀ ਮਿਲੇਗੀ ਅਤੇ ਬੁਨਿਆਦੀ ਸਹੂਲਤਾਂ ਨੂੰ ਹੋਰ ਬਿਹਤਰ ਬਣਾਇਆ ਜਾ ਸਕੇਗਾ। ਸਰਕਾਰ ਦੀ ਤਰਜੀਹ ਹੈ ਕਿ ਗ੍ਰਾਮੀਣ ਖੇਤਰਾਂ ਵਿੱਚ ਵਿਕਾਸ ਕਾਰਜਾਂ ਲਈ ਧਨ ਦੀ ਕਮੀ ਨਾ ਆਵੇ ਅਤੇ ਹਰ ਪਿੰਡ ਤੱਕ ਵਿਕਾਸ ਦਾ ਲਾਭ ਪਹੁੰਚੇ।

ਵਿਕਾਸ ਅਤੇ ਪੰਚਾਇਤ ਵਿਭਾਗ ਦੇ ਡਾਇਰੈਕਟਰ ਸੁਸ਼ੀਲ ਸਰਵਾਨ ਨੇ ਕਿਹਾ ਕਿ ਗ੍ਰਾਮੀਣ ਸਫਾਈ ਕਰਮਚਾਰੀਆਂ ਦੀਆਂ ਮੰਗਾਂ ਨੂੰ ਲੈ ਕੇ ਸਰਕਾਰ ਅਤੇ ਯੂਨੀਅਨ ਵਿਚਾਲੇ ਹੋਈ ਸਹਿਮਤੀ ਦੇ ਅਨੁਸਾਰ ਵਿਭਾਗ ਨੇ ਜ਼ਰੂਰੀ ਕਾਰਵਾਈ ਕੀਤੀ ਹੈ। 10 ਸਤੰਬਰ 2026 ਨੂੰ ਜਾਰੀ ਪੱਤਰ ਦੇ ਮਾਧਿਅਮ ਨਾਲ ਕਰਮਚਾਰੀਆਂ ਨੂੰ ਕਈ ਮਹੱਤਵਪੂਰਨ ਸਹੂਲਤਾਂ ਪ੍ਰਦਾਨ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਇਹਨਾਂ ਵਿੱਚ ਮਾਣਭੱਤੇ ਦੇ ਬਕਾਇਆ ਏਰੀਅਰ ਦਾ ਭੁਗਤਾਨ, ਅਕਤੂਬਰ 2023 ਦੀ ਹੜਤਾਲ ਮਿਆਦ ਦਾ ਯੋਗ ਕਰਮਚਾਰੀਆਂ ਨੂੰ ਬਕਾਇਆ ਮਾਣਭੱਤਾ, ਪਿੰਡ ਤੋਂ ਬਾਹਰ ਡਿਊਟੀ ਲਗਾਉਣ ‘ਤੇ ਰੋਜ਼ਾਨਾ 200 ਰੁਪਏ ਭੱਤਾ, ਸਲਾਨਾ ਵਰਦੀ ਭੱਤਾ 4 ਹਜ਼ਾਰ ਤੋਂ ਵਧਾ ਕੇ 6 ਹਜ਼ਾਰ ਰੁਪਏ ਅਤੇ ਧੋਣ ਭੱਤਾ 1 ਹਜ਼ਾਰ ਤੋਂ ਵਧਾ ਕੇ 1500 ਰੁਪਏ ਕਰਨਾ ਸ਼ਾਮਲ ਹੈ।

ਉਨ੍ਹਾਂ ਦੱਸਿਆ ਕਿ ਡਿਊਟੀ ਦੌਰਾਨ ਕਿਸੇ ਗ੍ਰਾਮੀਣ ਸਫਾਈ ਕਰਮਚਾਰੀ ਦੀ ਮੌਤ ਹੋਣ ‘ਤੇ ਉਸ ਦੇ ਪਰਿਵਾਰ ਦੇ ਇੱਕ ਮੈਂਬਰ ਨੂੰ ਤਰਸ ਦੇ ਆਧਾਰ ‘ਤੇ ਨੌਕਰੀ ਦੇਣ, ਮ੍ਰਿਤਕ ਕਰਮਚਾਰੀ ਦੇ ਪਰਿਵਾਰ ਨੂੰ ਈ.ਪੀ.ਐੱਫ. ਅਤੇ ਈ.ਐੱਸ.ਆਈ. ਨਾਲ ਸਬੰਧਤ ਮੌਤ ਦਾਅਵਾ ਪ੍ਰਕਿਰਿਆ ਵਿੱਚ ਬੀ.ਡੀ.ਪੀ.ਓ. ਦਫ਼ਤਰ ਵੱਲੋਂ ਸਹਾਇਤਾ ਉਪਲਬਧ ਕਰਵਾਉਣ ਅਤੇ ਹਰ ਮਹੀਨੇ ਦੀ 7 ਤਾਰੀਖ਼ ਤੱਕ ਮਾਣਭੱਤਾ ਜਾਰੀ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ ਹਨ।

ਗ੍ਰਾਮੀਣ ਸਫਾਈ ਕਰਮਚਾਰੀ ਯੂਨੀਅਨ ਦੇ ਅਹੁਦੇਦਾਰਾਂ ਨੇ ਬੈਠਕ ਨੂੰ ਸਕਾਰਾਤਮਕ ਅਤੇ ਸੰਤੋਸ਼ਜਨਕ ਦੱਸਿਆ।

ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ ਅੰਕਿਤ ਚੌਕਸੇ, ਜ਼ਿਲ੍ਹਾ ਪ੍ਰੀਸ਼ਦ ਦੀ ਮੁੱਖ ਕਾਰਜਕਾਰੀ ਅਧਿਕਾਰੀ ਡਾ. ਕਿਰਨ ਸਿੰਘ, ਐੱਸ.ਡੀ.ਐੱਮ. ਇਸਰਾਨਾ ਨਵਦੀਪ ਨੈਨ, ਡੀ.ਡੀ.ਪੀ.ਓ. ਰਾਜੇਸ਼ ਸ਼ਰਮਾ, ਡੀ.ਡੀ.ਪੀ.ਓ. ਕੈਥਲ ਰਿਤੂ ਲਾਠਰ, ਬੀ.ਡੀ.ਪੀ.ਓ. ਸ਼ੀਤਲ ਸਮੇਤ ਪੰਚਾਇਤ ਵਿਭਾਗ ਦੇ ਅਧਿਕਾਰੀ ਅਤੇ ਗ੍ਰਾਮੀਣ ਸਫਾਈ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਅਹੁਦੇਦਾਰ ਅਤੇ ਮੈਂਬਰ ਮੌਜੂਦ ਸਨ।

ਹਰਿਆਣਾ ਸੂਬੇ ਦੀ ‘ਵਿਕਸਿਤ ਭਾਰਤ-2047′ ਦੇ ਨਿਰਮਾਣ ਵਿੱਚ ਰਹੇਗੀ ਮਹੱਤਵਪੂਰਨ ਭੂਮਿਕਾ: ਖੇਡ ਰਾਜ ਮੰਤਰੀ ਗੌਰਵ ਗੌਤਮ-ਖੇਡ ਰਾਜ ਮੰਤਰੀ ਗੌਰਵ ਗੌਤਮ ਨੇ ਸੂਬਾ ਵਾਸੀਆਂ ਨੂੰ ਦਿੱਤੀਆਂ ਹਰਿਆਣਾ ਦਿਵਸ ਦੀਆਂ ਮੁਬਾਰਕਾਂ

ਚੰਡੀਗੜ੍ਹ,

( ਜਸਟਿਸ ਨਿਊਜ਼  )

 ਹਰਿਆਣਾ ਦੇ ਖੇਡ ਅਤੇ ਨੌਜਵਾਨ ਸ਼ਕਤੀਕਰਨ ਰਾਜ ਮੰਤਰੀ ਸ਼੍ਰੀ ਗੌਰਵ ਗੌਤਮ ਨੇ ਹਰਿਆਣਾ ਦਿਵਸ ਦੀ ਪੂਰਵ ਸੰਧਿਆ ‘ਤੇ ਸੂਬਾ ਵਾਸੀਆਂ ਨੂੰ ਹਾਰਦਿਕ ਮੁਬਾਰਕਾਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਹਰਿਆਣਾ ਦੇ ਗਠਨ ਦੇ 60 ਸਾਲ ਪੂਰੇ ਹੋਣਾ ਸਾਡੇ ਸਾਰਿਆਂ ਲਈ ਮਾਣ ਅਤੇ ਗੌਰਵ ਦਾ ਵਿਸ਼ਾ ਹੈ। ਇਸ ਮੌਕੇ ਹਰਿਆਣਾ ਸਰਕਾਰ ਹਰਿਆਣਾ ਗਠਨ ਦਾ ਹੀਰਕ ਜਯੰਤੀ ਸਮਾਰੋਹ ਮਨਾ ਰਹੀ ਹੈ। ਇਹਨਾਂ ਛੇ ਦਹਾਕਿਆਂ ਵਿੱਚ ਹਰਿਆਣਾ ਨੇ ਵਿਕਾਸ, ਖੇਤੀਬਾੜੀ, ਉਦਯੋਗ, ਸਿੱਖਿਆ, ਖੇਡਾਂ ਅਤੇ ਸਮਾਜਿਕ ਖੇਤਰ ਵਿੱਚ ਜ਼ਿਕਰਯੋਗ ਪ੍ਰਾਪਤੀਆਂ ਹਾਸਲ ਕਰਦੇ ਹੋਏ ਦੇਸ਼-ਦੁਨੀਆ ਵਿੱਚ ਆਪਣੀ ਇੱਕ ਵੱਖਰੀ ਪਛਾਣ ਬਣਾਈ ਹੈ।

ਉਨ੍ਹਾਂ ਕਿਹਾ ਕਿ ਹਰਿਆਣਾ ਦੀ ਧਰਤੀ ਵੀਰਾਂ, ਕਿਸਾਨਾਂ, ਮਿਹਨਤਕਸ਼ਾਂ ਅਤੇ ਖਿਡਾਰੀਆਂ ਦੀ ਧਰਤੀ ਹੈ। ਇੱਥੋਂ ਦੇ ਜਵਾਨਾਂ ਨੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਵਿੱਚ ਬੇਮਿਸਾਲ ਦਲੇਰੀ ਅਤੇ ਸ਼ੌਰਿਆ ਦਾ ਪ੍ਰਗਟਾਵਾ ਕੀਤਾ ਹੈ, ਉੱਥੇ ਹੀ ਕਿਸਾਨਾਂ ਨੇ ਆਪਣੀ ਮਿਹਨਤ ਨਾਲ ਦੇਸ਼ ਦੇ ਅੰਨ ਭੰਡਾਰ ਨੂੰ ਖੁਸ਼ਹਾਲ ਕੀਤਾ ਹੈ। ਹਰਿਆਣਾ ਦੇ ਖਿਡਾਰੀਆਂ ਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖੇਡ ਮੰਚਾਂ ‘ਤੇ ਤਿਰੰਗੇ ਦੀ ਸ਼ਾਨ ਵਧਾ ਕੇ ਸੂਬੇ ਦਾ ਨਾਂ ਰੋਸ਼ਨ ਕੀਤਾ ਹੈ। ਖੇਡਾਂ ਦੇ ਖੇਤਰ ਵਿੱਚ ਹਰਿਆਣਾ ਦਾ ਯੋਗਦਾਨ ਪੂਰੇ ਦੇਸ਼ ਲਈ ਪ੍ਰੇਰਨਾ ਸਰੋਤ ਹੈ।

ਖੇਡ ਰਾਜ ਮੰਤਰੀ ਸ਼੍ਰੀ ਗੌਰਵ ਗੌਤਮ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੇ ਮਾਰਗਦਰਸ਼ਨ ਅਤੇ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਹਰਿਆਣਾ ਸਰਕਾਰ ਸੂਬੇ ਦੇ ਸਰਬਪੱਖੀ ਵਿਕਾਸ ਅਤੇ ਜਨ-ਭਲਾਈ ਲਈ ਨਿਰੰਤਰ ਕੰਮ ਕਰ ਰਹੀ ਹੈ। ਸਰਕਾਰ ਨੌਜਵਾਨਾਂ ਨੂੰ ਬਿਹਤਰ ਮੌਕੇ ਉਪਲਬਧ ਕਰਵਾਉਣ, ਖੇਡ ਸਹੂਲਤਾਂ ਦਾ ਵਿਸਥਾਰ ਕਰਨ, ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਅਤੇ ਕਿਸਾਨਾਂ, ਔਰਤਾਂ ਤੇ ਸਮਾਜ ਦੇ ਹਰ ਵਰਗ ਦੀ ਭਲਾਈ ਲਈ ਵਚਨਬੱਧ ਹੈ।

ਉਨ੍ਹਾਂ ਕਿਹਾ ਕਿ ਰਾਜ ਸਰਕਾਰ ‘ਸਬਕਾ ਸਾਥ-ਸਬਕਾ ਵਿਕਾਸ’ ਅਤੇ ‘ਹਰਿਆਣਾ ਇੱਕ-ਹਰਿਆਣਵੀ ਇੱਕ’ ਦੇ ਸਿਧਾਂਤ ‘ਤੇ ਚੱਲ ਰਹੀ ਹੈ। ਇਸੇ ਸੋਚ ਨਾਲ ਸਰਕਾਰ ਵੱਲੋਂ ਹਰਿਆਣਾ ਅਤੇ ਹਰਿਆਣਵੀ ਦੇ ਵਿਕਾਸ ਤੇ ਭਲਾਈ ਲਈ ਲਗਾਤਾਰ ਕੰਮ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ “ਹਰਿਆਣਾ ਸਦਭਾਵਨਾ ਅਤੇ ਬਰਾਬਰ ਵਿਕਾਸ ਦੇ ਨਾਲ ਅੱਗੇ ਵਧਿਆ ਹੈ, ਜਿਸ ਨਾਲ ਲੋਕਾਂ ਦਾ ਜੀਵਨ ਆਸਾਨ, ਸੁਰੱਖਿਅਤ ਅਤੇ ਸੁਵਿਧਾਜਨਕ ਹੋਇਆ ਹੈ। ਆਮ ਜਨਤਾ ਅਤੇ ਸਰਕਾਰ ਦਾ ਸਿੱਧਾ ਸੰਪਰਕ ਹੈ ਅਤੇ ਆਈ.ਟੀ. (IT) ਦੇ ਮਾਧਿਅਮ ਨਾਲ ਸਿਸਟਮ ਨੂੰ ਸਰਲ ਅਤੇ ਪਾਰਦਰਸ਼ੀ ਬਣਾਇਆ ਗਿਆ ਹੈ। ਨਤੀਜੇ ਵਜੋਂ ਸ਼ਗਨ ਰਾਸ਼ੀ, ਵੱਖ-ਵੱਖ ਸਮਾਜਿਕ ਸੁਰੱਖਿਆ ਪੈਨਸ਼ਨਾਂ, ਵੱਖ-ਵੱਖ ਸਰਕਾਰੀ ਯੋਜਨਾਵਾਂ ਅਤੇ ਕਿਸਾਨਾਂ ਦੀ ਫ਼ਸਲ ਦਾ ਪੈਸਾ ਇੱਕ ਕਲਿੱਕ ਨਾਲ ਸਿੱਧਾ ਯੋਗ ਲਾਭਪਾਤਰੀਆਂ ਦੇ ਖਾਤਿਆਂ ਵਿੱਚ ਪਹੁੰਚ ਰਿਹਾ ਹੈ।”

ਸਰਦਾਰ ਪਟੇਲ ਨੇ ਦੇਸ਼ ਨੂੰ ਇੱਕ ਧਾਗੇ ਵਿੱਚ ਪਰੋਇਆ, ਹੁਣ 2047 ਤੱਕ ਭਾਰਤ ਨੂੰ ਵਿਕਸਿਤ ਰਾਸ਼ਟਰ ਬਣਾਉਣਾ ਸਾਡੀ ਜ਼ਿੰਮੇਵਾਰੀ: ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਚੰਡੀਗੜ੍ਹ,

( ਜਸਟਿਸ ਨਿਊਜ਼  )

ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸਰਦਾਰ ਵੱਲਭਭਾਈ ਪਟੇਲ ਨੇ ਦੇਸ਼ ਦੀਆਂ ਸੈਂਕੜੇ ਰਿਆਸਤਾਂ ਨੂੰ ਇੱਕ ਧਾਗੇ ਵਿੱਚ ਪਰੋ ਕੇ ਅਖੰਡ ਭਾਰਤ ਦੇ ਨਿਰਮਾਣ ਵਿੱਚ ਇਤਿਹਾਸਕ ਭੂਮਿਕਾ ਨਿਭਾਈ ਸੀ। ਉਨ੍ਹਾਂ ਨੇ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਜੋ ਸੰਕਲਪ ਲਿਆ ਸੀ, ਉਹ ਅੱਜ ਵੀ ਸਾਡੇ ਸਾਰਿਆਂ ਲਈ ਪ੍ਰੇਰਨਾ ਸਰੋਤ ਹੈ। ਸਰਦਾਰ ਪਟੇਲ ਨੇ ਭਾਰਤ ਨੂੰ ਜੋੜਿਆ ਸੀ ਅਤੇ ਹੁਣ ਸਾਡੀ ਜ਼ਿੰਮੇਵਾਰੀ ਹੈ ਕਿ ਸਾਲ 2047 ਤੱਕ ਭਾਰਤ ਨੂੰ ਵਿਕਸਿਤ ਰਾਸ਼ਟਰ ਬਣਾਉਣ ਦੇ ਸੰਕਲਪ ਨੂੰ ਸਾਕਾਰ ਕਰੀਏ।

ਮੁੱਖ ਮੰਤਰੀ ਸ਼ਨੀਵਾਰ ਨੂੰ ਹਰਿਆਣਾ ਸਿਵਲ ਸਕੱਤਰੇਤ ਕੰਪਲੈਕਸ ਵਿੱਚ ਸਰਦਾਰ ਵੱਲਭਭਾਈ ਪਟੇਲ ਦੀ ਜਯੰਤੀ ਦੇ ਮੌਕੇ ‘ਤੇ ਆਯੋਜਿਤ ਰਾਸ਼ਟਰੀ ਏਕਤਾ ਦਿਵਸ ਸਹੁੰ ਚੁੱਕ ਸਮਾਗਮ ਵਿੱਚ ਬੋਲ ਰਹੇ ਸਨ। ਉਨ੍ਹਾਂ ਨੇ ਸਰਦਾਰ ਪਟੇਲ ਨੂੰ ਫੁੱਲ ਅਰਪਿਤ ਕਰਕੇ ਨਮਨ ਕੀਤਾ ਅਤੇ ਸੂਬਾ ਵਾਸੀਆਂ ਨੂੰ ਉਨ੍ਹਾਂ ਦੀ ਜਯੰਤੀ ਦੀਆਂ ਮੁਬਾਰਕਾਂ ਦਿੱਤੀਆਂ ਅਤੇ ਹਾਜ਼ਰ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਰਾਸ਼ਟਰੀ ਏਕਤਾ ਦੀ ਸਹੁੰ ਚੁਕਾਈ।

ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸਾਲ 1947 ਵਿੱਚ ਦੇਸ਼ ਆਜ਼ਾਦ ਤਾਂ ਹੋਇਆ, ਪਰ ਉਸ ਸਮੇਂ ਭਾਰਤ ਸੈਂਕੜੇ ਰਿਆਸਤਾਂ ਵਿੱਚ ਵੰਡਿਆ ਹੋਇਆ ਸੀ। ਵੱਖ-ਵੱਖ ਰਿਆਸਤਾਂ ਦੇ ਆਪਣੇ ਝੰਡੇ ਅਤੇ ਵਿਵਸਥਾਵਾਂ ਸਨ। ਦੁਨੀਆ ਵਿੱਚ ਚਰਚਾ ਸੀ ਕਿ ਭਾਰਤ ਇੱਕਜੁੱਟ ਨਹੀਂ ਰਹਿ ਸਕੇਗਾ, ਪਰ ਸਰਦਾਰ ਵੱਲਭਭਾਈ ਪਟੇਲ ਨੇ ਆਪਣੇ ਦ੍ਰਿੜ ਸੰਕਲਪ ਅਤੇ ਦੂਰਅੰਦੇਸ਼ੀ ਨਾਲ ਰਿਆਸਤਾਂ ਦਾ ਭਾਰਤ ਵਿੱਚ ਵਿਲਯ ਕਰਵਾ ਕੇ ਦੇਸ਼ ਨੂੰ ਏਕਤਾ ਦੇ ਸੂਤਰ ਵਿੱਚ ਬੰਨ੍ਹਿਆ। ਜੂਨਾਗੜ੍ਹ ਅਤੇ ਹੈਦਰਾਬਾਦ ਵਰਗੀਆਂ ਰਿਆਸਤਾਂ ਦੇ ਮਾਮਲੇ ਵਿੱਚ ਵੀ ਉਨ੍ਹਾਂ ਨੇ ਸਪੱਸ਼ਟ ਕਰ ਦਿੱਤਾ ਸੀ ਕਿ ਭਾਰਤ ਦੀ ਏਕਤਾ ਨਾਲ ਕੋਈ ਸਮਝੌਤਾ ਨਹੀਂ ਹੋਵੇਗਾ।

ਉਨ੍ਹਾਂ ਕਿਹਾ ਕਿ ਸਰਦਾਰ ਪਟੇਲ ਦਾ ਖ਼ਿਤਾਬ ਉਨ੍ਹਾਂ ਨੂੰ ਅੰਗਰੇਜ਼ਾਂ ਨੇ ਨਹੀਂ ਦਿੱਤਾ ਸੀ। ਸਰਦਾਰ ਪਟੇਲ ਨੂੰ ਕਿਸਾਨਾਂ ਨੇ ਉਨ੍ਹਾਂ ਦੇ ਹੱਕਾਂ ਲਈ ਸੰਘਰਸ਼ ਕਰਨ ‘ਤੇ ‘ਸਰਦਾਰ’ ਦਾ ਖ਼ਿਤਾਬ ਦਿੱਤਾ ਸੀ। ਉਨ੍ਹਾਂ ਦਾ ਜੀਵਨ ਸਾਨੂੰ ਸਿਖਾਉਂਦਾ ਹੈ ਕਿ ਰਾਸ਼ਟਰ ਦੀ ਏਕਤਾ ਲਈ ਦ੍ਰਿੜ ਇੱਛਾ ਸ਼ਕਤੀ ਅਤੇ ਜਨਸੇਵਾ ਦੀ ਭਾਵਨਾ ਕਿੰਨੀ ਜ਼ਰੂਰੀ ਹੈ।

ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਦਾਰ ਪਟੇਲ ਨੇ ਆਲ ਇੰਡੀਆ ਸਰਵਿਸਿਜ਼ (ਅਖਿਲ ਭਾਰਤੀ ਸੇਵਾਵਾਂ) ਦੀ ਨੀਂਹ ਰੱਖੀ, ਜਿਨ੍ਹਾਂ ਨੂੰ ਦੇਸ਼ ਦਾ ‘ਸਟੀਲ ਫ੍ਰੇਮ’ ਕਿਹਾ ਜਾਂਦਾ ਹੈ। ਉਨ੍ਹਾਂ ਨੇ 21 ਅਪ੍ਰੈਲ, 1947 ਨੂੰ ਅਧਿਕਾਰੀਆਂ ਨੂੰ ਸੰਬੋਧਨ ਕਰਦਿਆਂ ਸੇਵਾ, ਨਿਰਪੱਖਤਾ ਅਤੇ ਇਮਾਨਦਾਰੀ ਨੂੰ ਪ੍ਰਸ਼ਾਸਨ ਦੀ ਆਤਮਾ ਦੱਸਿਆ ਸੀ। ਉਨ੍ਹਾਂ ਦਾ ਮੰਨਣਾ ਸੀ ਕਿ ਆਲ ਇੰਡੀਆ ਸਰਵਿਸਿਜ਼ ਤੋਂ ਬਿਨਾਂ ਅਖੰਡ ਭਾਰਤ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਏਕਤਾ ਕੇਵਲ ਨਕਸ਼ੇ ‘ਤੇ ਖਿੱਚੀਆਂ ਲਕੀਰਾਂ ਨਾਲ ਨਹੀਂ ਬਣਦੀ, ਬਲਕਿ ਫਾਈਲਾਂ ‘ਤੇ ਲਏ ਗਏ ਨਿਰਪੱਖ ਫੈਸਲਿਆਂ ਅਤੇ ਜਨਤਾ ਦੇ ਵਿਸ਼ਵਾਸ ਨਾਲ ਮਜ਼ਬੂਤ ਹੁੰਦੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਹਰ ਨਾਗਰਿਕ ਨੂੰ ਇਹ ਮਹਿਸੂਸ ਹੋਣਾ ਚਾਹੀਦਾ ਹੈ ਕਿ ਸਰਕਾਰ ਉਸ ਦੀ ਆਪਣੀ ਸਰਕਾਰ ਹੈ। ਹਰਿਆਣਾ ਸਰਕਾਰ ਵੀ ਇਸੇ ਭਾਵਨਾ ਨਾਲ ਸੁਸ਼ਾਸਨ ਅਤੇ ਜਨਸੇਵਾ ਦੇ ਸੰਕਲਪ ਨੂੰ ਧਰਾਤਲ ‘ਤੇ ਉਤਾਰ ਰਹੀ ਹੈ। ਸੂਬੇ ਵਿੱਚ ਪਿਛਲੇ ਸਮੇਂ ਵਿੱਚ ਦੋ ਲੱਖ ਤੋਂ ਵੱਧ ਨੌਜਵਾਨਾਂ ਨੂੰ ਬਿਨਾਂ ਪਰਚੀ-ਬਿਨਾਂ ਖਰਚੀ ਦੇ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਹਨ ਅਤੇ ਸਿਫ਼ਾਰਸ਼ ਦੀ ਸੰਸਕ੍ਰਿਤੀ ਨੂੰ ਖ਼ਤਮ ਕੀਤਾ ਗਿਆ ਹੈ। ਇਹੋ ਸਰਦਾਰ ਪਟੇਲ ਦੇ ਸੁਸ਼ਾਸਨ ਦੇ ਸੁਪਨੇ ਦੀ ਭਾਵਨਾ ਹੈ।

ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਸਾਲ 2014 ਤੋਂ ਸਰਦਾਰ ਵੱਲਭਭਾਈ ਪਟੇਲ ਦੀ ਜਯੰਤੀ ਨੂੰ ਰਾਸ਼ਟਰੀ ਏਕਤਾ ਦਿਵਸ ਵਜੋਂ ਮਨਾਉਣ ਦੀ ਪਰੰਪਰਾ ਸ਼ੁਰੂ ਕੀਤੀ। ਨਾਲ ਹੀ, ਵਿਸ਼ਵ ਦੀ ਸਭ ਤੋਂ ਉੱਚੀ ਪ੍ਰਤੀਮਾ ‘ਸਟੈਚੂ ਆਫ਼ ਯੂਨਿਟੀ’ ਦਾ ਨਿਰਮਾਣ ਕਰਵਾ ਕੇ ਸਰਦਾਰ ਪਟੇਲ ਨੂੰ ਸ਼ਰਧਾਂਜਲੀ ਅਰਪਿਤ ਕੀਤੀ। ਅੱਜ ਇਹ ਪ੍ਰਤੀਮਾ ਪੂਰੀ ਦੁਨੀਆ ਨੂੰ ਭਾਰਤ ਦੀ ਏਕਤਾ ਅਤੇ ਅਖੰਡਤਾ ਦਾ ਸੰਦੇਸ਼ ਦੇ ਰਹੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਏਕਤਾ ਨੂੰ ਤੋੜਨ ਵਾਲੀਆਂ ਤਾਕਤਾਂ ਕਦੇ ਖੇਤਰਵਾਦ, ਕਦੇ ਭਾਸ਼ਾਵਾਦ ਅਤੇ ਕਦੇ ਅਫ਼ਵਾਹਾਂ ਰਾਹੀਂ ਸਮਾਜ ਨੂੰ ਵੰਡਣ ਦਾ ਯਤਨ ਕਰਦੀਆਂ ਹਨ। ਇਹਨਾਂ ਦਾ ਜਵਾਬ ਸਾਡੀ ਏਕਤਾ ਹੈ। ਸਾਡਾ ਸੰਕਲਪ ‘ਹਰਿਆਣਾ ਇੱਕ-ਹਰਿਆਣਵੀ ਇੱਕ’ ਦਾ ਹੈ। ਸਾਨੂੰ ਮਿਲ ਕੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੇ ਵਿਕਸਿਤ ਭਾਰਤ ਦੇ ਸੰਕਲਪ ਨੂੰ ਅੱਗੇ ਵਧਾਉਣਾ ਹੈ।

ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਨੇ ਸੂਬਾ ਵਾਸੀਆਂ ਨੂੰ ਸੱਦਾ ਦਿੱਤਾ ਕਿ ਸਰਦਾਰ ਵੱਲਭਭਾਈ ਪਟੇਲ ਦੀ ਜਯੰਤੀ ‘ਤੇ ਅਸੀਂ ਸਾਰੇ ਰਾਸ਼ਟਰ ਦੀ ਏਕਤਾ, ਅਖੰਡਤਾ ਅਤੇ ਵਿਕਾਸ ਪ੍ਰਤੀ ਆਪਣੇ ਫ਼ਰਜ਼ਾਂ ਨੂੰ ਨਿਭਾਉਣ ਦਾ ਸੰਕਲਪ ਲਈਏ। ਸਰਦਾਰ ਪਟੇਲ ਨੇ ਦੇਸ਼ ਨੂੰ ਇੱਕਜੁੱਟ ਕੀਤਾ ਸੀ ਅਤੇ ਹੁਣ ਸਾਲ 2047 ਤੱਕ ਭਾਰਤ ਨੂੰ ਵਿਕਸਿਤ ਰਾਸ਼ਟਰ ਬਣਾਉਣ ਵਿੱਚ ਹਰਿਆਣਾ ਨੂੰ ਵੀ ਮੁੱਖ ਭੂਮਿਕਾ ਨਿਭਾਉਣੀ ਹੈ।

ਇਸ ਮੌਕੇ ਮੁੱਖ ਸਕੱਤਰ ਸ਼੍ਰੀ ਅਨੁਰਾਗ ਰਸਤੋਗੀ ਨੇ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਦਾ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਲਈ ਧੰਨਵਾਦ ਪ੍ਰਗਟਾਇਆ। ਉਨ੍ਹਾਂ ਕਿਹਾ ਕਿ ਸਰਦਾਰ ਵੱਲਭਭਾਈ ਪਟੇਲ ਦੇ ਯੋਗਦਾਨ ਤੋਂ ਸਾਰੇ ਜਾਣੂ ਹਨ। ਆਜ਼ਾਦੀ ਦੇ ਸਮੇਂ ਦੇਸ਼ ਅਨੇਕ ਰਿਆਸਤਾਂ ਵਿੱਚ ਵੰਡਿਆ ਹੋਇਆ ਸੀ ਅਤੇ ਅਜਿਹੇ ਵਿੱਚ ਦੇਸ਼ ਨੂੰ ਇੱਕਜੁੱਟ ਰੱਖਣਾ ਅਤੇ ਉਸ ਦਾ ਪ੍ਰਸ਼ਾਸਨ ਚਲਾਉਣਾ ਵੱਡੀ ਚੁਣੌਤੀ ਸੀ। ਸਰਦਾਰ ਪਟੇਲ ਦੀ ਦ੍ਰਿੜਤਾ, ਸਮਰੱਥਾ ਅਤੇ ਕੁਸ਼ਲਤਾ ਦਾ ਹੀ ਨਤੀਜਾ ਸੀ ਕਿ ਉਨ੍ਹਾਂ ਨੇ ਦੇਸ਼ ਨੂੰ ਇੱਕ ਧਾਗੇ ਵਿੱਚ ਪਰੋਣ ਦਾ ਇਤਿਹਾਸਕ ਕਾਰਜ ਕੀਤਾ।

More Stories

Leave a Reply

Your email address will not be published. Required fields are marked *

You may have missed

Copyright © All rights reserved. | Newsphere by AF themes.