ਸਮਾਜਿਕ ਜਾਗਰੂਕਤਾ ਵਿੱਚ ਯੋਗਦਾਨ ਲਈ ਪੰਜਾਬ ਦੇ ਰਾਜਪਾਲ ਵੱਲੋਂ ਸੁਰਿੰਦਰ ਵਰਮਾ ਸਨਮਾਨਿਤ
ਅੰਮ੍ਰਿਤਸਰ,
( ਰਣਜੀਤ ਸਿੰਘ ਮਸੌਣ/ ਜੋਗਾ ਸਿੰਘ ਰਾਜਪੂਤ) –
ਸਿਟੀਜ਼ਨ ਅਵੇਅਰਨੈੱਸ ਗਰੁੱਪ ਦੇ ਚੇਅਰਮੈਨ ਅਤੇ ‘ਮਿਰਰ 365’ ਤੇ ‘ਚੰਡੀਗੜ੍ਹ ਟੁਡੇ’ ਦੇ ਐਡੀਟਰ-ਇਨ-ਚੀਫ਼ ਸੁਰਿੰਦਰ ਵਰਮਾ ਨੂੰ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਵੱਲੋਂ ਸਮਾਜਿਕ ਜਾਗਰੂਕਤਾ ਅਤੇ ਜਨਹਿੱਤ ਦੇ ਖੇਤਰ ਵਿੱਚ ਪਾਏ ਵੱਡਮੁੱਲੇ ਯੋਗਦਾਨ ਲਈ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੂੰ ਇਹ ਸਨਮਾਨ ਲਾਅ ਭਵਨ (ਸੈਕਟਰ 37, ਚੰਡੀਗੜ੍ਹ) ਵਿਖੇ ਸੀਨੀਅਰ ਜਰਨਲਿਸਟਸ ਫੋਰਮ ਦੀ ਪਹਿਲੀ ਵਰ੍ਹੇਗੰਢ ਮੌਕੇ ਕਰਵਾਏ ਗਏ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਦਿੱਤਾ ਗਿਆ।ਇਹ ਸਨਮਾਨ ਸਮਾਜਿਕ ਜਾਗਰੂਕਤਾ, ਲੋਕ ਭਲਾਈ ਅਤੇ ਨਾਗਰਿਕਾਂ ਨਾਲ ਜੁੜੇ ਮੁੱਦਿਆਂ ਲਈ ਵਰਮਾ ਵੱਲੋਂ ਤਿੰਨ ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਕੀਤੀਆਂ ਜਾ ਰਹੀਆਂ ਨਿਰੰਤਰ ਸੇਵਾਵਾਂ ਦੀ ਪ੍ਰਤੱਖ ਮਾਨਤਾ ਹੈ। ਸਾਲ 1994 ਵਿੱਚ ਰਜਿਸਟਰਡ ਹੋਏ ‘ਸਿਟੀਜ਼ਨ ਅਵੇਅਰਨੈੱਸ ਗਰੁੱਪ’ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਵਿੱਤੀ ਸਾਖਰਤਾ, ਖਪਤਕਾਰ ਜਾਗਰੂਕਤਾ ਅਤੇ ਸਿਹਤ ਸਬੰਧੀ ਮੁੱਦਿਆਂ ‘ਤੇ ਲੋਕਾਂ ਨੂੰ ਜਾਗਰੂਕ ਕਰਨ ਦੇ ਨਾਲ-ਨਾਲ ਦੇਸ਼ ਭਰ ਵਿੱਚ ਨਾਗਰਿਕਾਂ ਨੂੰ ਦਰਪੇਸ਼ ਗੰਭੀਰ ਸਮੱਸਿਆਵਾਂ ਨੂੰ ਵੀ ਪ੍ਰਮੁੱਖਤਾ ਨਾਲ ਉਜਾਗਰ ਕੀਤਾ ਜਾਂਦਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਇਸ ਸੰਸਥਾ ਦੇ ਸ਼ਲਾਘਾਯੋਗ ਕੰਮਾਂ ਦੀ ਸਾਬਕਾ ਉਪ ਰਾਸ਼ਟਰਪਤੀ, ਵੱਖ-ਵੱਖ ਦੇਸ਼ਾਂ ਦੇ ਰਾਜਦੂਤਾਂ ਅਤੇ ਰਾਜਪਾਲਾਂ ਸਮੇਤ ਕਈ ਪ੍ਰਮੁੱਖ ਹਸਤੀਆਂ ਵੱਲੋਂ ਸਮੇਂ-ਸਮੇਂ ‘ਤੇ ਸ਼ਲਾਘਾ ਕੀਤੀ ਜਾ ਚੁੱਕੀ ਹੈ।ਸੁਰਿੰਦਰ ਵਰਮਾ ਨੇ ਸਾਲ 2015 ਵਿੱਚ ‘ਮਿਰਰ 365’ ਅਤੇ ‘ਚੰਡੀਗੜ੍ਹ ਟੁਡੇ’ ਵਰਗੇ ਡਿਜੀਟਲ ਮੀਡੀਆ ਪਲੇਟਫਾਰਮਾਂ ਦੀ ਸਥਾਪਨਾ ਕਰਕੇ ਮੀਡੀਆ ਦੇ ਖੇਤਰ ਵਿੱਚ ਆਪਣੇ ਕਾਰਜ ਖੇਤਰ ਦਾ ਵਿਸਥਾਰ ਕੀਤਾ ਸੀ। ਅੱਜ ਇਹ ਪਲੇਟਫਾਰਮ ਮੀਡੀਆ ਜਗਤ ਵਿੱਚ ਆਪਣੀ ਇੱਕ ਵੱਖਰੀ ਅਤੇ ਨਿਵੇਕਲੀ ਪਛਾਣ ਬਣਾ ਚੁੱਕੇ ਹਨ।ਸਨਮਾਨ ਪ੍ਰਾਪਤ ਕਰਨ ਤੋਂ ਬਾਅਦ ਸੁਰਿੰਦਰ ਵਰਮਾ ਨੇ ਆਖਿਆ ਕਿ ਇਹ ਸਨਮਾਨ ਉਨ੍ਹਾਂ ਨੂੰ ਭਵਿੱਖ ਵਿੱਚ ਵੀ ਲੋਕਾਂ ਨੂੰ ਜਾਗਰੂਕ ਕਰਨ ਅਤੇ ਸਮਾਜ ਭਲਾਈ ਦੇ ਕਾਰਜਾਂ ਲਈ ਹੋਰ ਵਧੇਰੇ ਸਮਰਪਣ ਭਾਵ ਨਾਲ ਕੰਮ ਕਰਨ ਲਈ ਪ੍ਰੇਰਿਤ ਕਰੇਗਾ। ਉਨ੍ਹਾਂ ਨੇ ਆਪਣੀ ਸੰਸਥਾ ਦੀ ਇਸ ਸਫ਼ਲਤਾ ਦਾ ਸਿਹਰਾ ਸਾਲਾਂ ਤੋਂ ਨਾਲ ਜੁੜੇ ਨਾਗਰਿਕਾਂ, ਸਮਾਜਿਕ ਸੰਸਥਾਵਾਂ ਅਤੇ ਸਹਿਯੋਗੀਆਂ ਦੀ ਸਰਗਰਮ ਭਾਗੀਦਾਰੀ ਨੂੰ ਦਿੱਤਾ।