September 10, 2026

Justice News

ਅਵਾਮ ਦੀ ਆਵਾਜ਼

ਨਸ਼ਾ ਛੁਡਾਊ ਕੇਂਦਰ ਬਠਿੰਡਾ ਵਿਖੇ ਵਿਸ਼ਵ ਆਤਮ ਹੱਤਿਆ ਰੋਕਥਾਮ ਦਿਵਸ ਮਨਾਇਆ

ਬਠਿੰਡਾ 

( ਜਸਟਿਸ ਨਿਊਜ਼ )

ਸਿਵਲ ਸਰਜਨ ਬਠਿੰਡਾ ਡਾ. ਤਪਿੰਦਰਜੋਤ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਨਸ਼ਾ ਛੁਡਾਊ ਕੇਂਦਰ ਬਠਿੰਡਾ ਵਿਖੇ ਸੀਨੀਅਰ ਮੈਡੀਕਲ ਅਫ਼ਸਰ ਸਿਵਲ ਹਸਪਤਾਲ ਬਠਿੰਡਾ ਡਾ. ਅਰੁਣ ਬਾਂਸਲ ਦੀ ਅਗਵਾਈ ਹੇਠ ਵਿਸ਼ਵ ਆਤਮ ਹੱਤਿਆ ਰੋਕਥਾਮ ਦਿਵਸ ਮਨਾਇਆ ਗਿਆ। ਇਸ ਮੌਕੇ ਸਿਹਤ ਵਿਭਾਗ ਦੇ ਅਧਿਕਾਰੀਆਂ, ਸਟਾਫ਼ ਅਤੇ ਇਲਾਜ ਕਰਵਾ ਰਹੇ ਮਰੀਜ਼ਾਂ ਨੂੰ ਆਤਮ ਹੱਤਿਆ ਦੀ ਰੋਕਥਾਮ ਸਬੰਧੀ ਜਾਗਰੂਕ ਕੀਤਾ ਗਿਆ।  ਇਸ ਸਬੰਧੀ ਸਿਵਲ ਸਰਜਨ ਡਾ ਤਪਿੰਦਰਜੋਤ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਆਤਮ ਹੱਤਿਆ  ਸਾਡੇ ਸਮਾਜ ਵਿਚ ਮਾਨਸਿਕ ਰੋਗਾਂ ਵਿਚ ਲਗਾਤਾਰ ਵਾਧਾ ਹੋਣ ਕਾਰਣ ਹੋ ਰਹੀਆਂ ਹਨ । ਜਿਸ ਦੇ ਮੱਦੇਨਜਰ ਸੂਬਾ ਸਰਕਾਰ ਵੱਲੋਂ ਮਾਨਸਿਕ ਸਿਹਤ ਪ੍ਰੋਗਰਾਮ ਅਧੀਨ ਟੈਲੀ ਮਾਨਸ ਪੰਜਾਬ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ। ਇਸ ਪ੍ਰੋਗਰਾਮ ਅਧੀਨ ਅਸੀਂ ਟੋਲ ਫਰੀ ਨੰਬਰ 14416 ਤੇ ਕਾਲ ਕਰਕੇ ਆਪਣੇ ਮਾਨਸਿਕ ਰੋਗਾਂ ਬਾਰੇ ਅਤੇ ਇਲਾਜ ਬਾਰੇ ਮੁਫ਼ਤ ਜਾਣਕਾਰੀ ਹਾਸਲ ਕਰ ਸਕਦੇ ਹਾਂ।

ਡਾ. ਅਰੁਣ ਬਾਂਸਲ ਨੇ ਕਿਹਾ ਕਿ ਆਤਮ ਹੱਤਿਆ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਹੈ। ਮਾਨਸਿਕ ਤਣਾਅ, ਨਿਰਾਸ਼ਾ, ਇਕੱਲਾਪਣ, ਨਸ਼ੇ ਦੀ ਆਦਤ ਜਾਂ ਜੀਵਨ ਵਿੱਚ ਆਉਣ ਵਾਲੀਆਂ ਮੁਸ਼ਕਲ ਸਥਿਤੀਆਂ ਕਾਰਨ ਵਿਅਕਤੀ ਕਈ ਵਾਰ ਬਹੁਤ ਜ਼ਿਆਦਾ ਤਣਾਅ ਵਿੱਚ ਆ ਸਕਦਾ ਹੈ। ਅਜਿਹੇ ਸਮੇਂ ਉਸ ਨੂੰ ਇਕੱਲਾ ਛੱਡਣ ਦੀ ਬਜਾਏ ਉਸ ਦੀ ਗੱਲ ਧਿਆਨ ਨਾਲ ਸੁਣਨੀ ਅਤੇ ਉਸ ਨੂੰ ਭਾਵਨਾਤਮਕ ਸਹਾਰਾ ਦੇਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਵਿੱਚ ਲਗਾਤਾਰ ਉਦਾਸੀ, ਨਿਰਾਸ਼ਾ, ਇਕੱਲੇ ਰਹਿਣ ਦੀ ਇੱਛਾ, ਬੇਚੈਨੀ, ਨੀਂਦ ਜਾਂ ਖਾਣ-ਪੀਣ ਵਿੱਚ ਵੱਡਾ ਬਦਲਾਅ ਜਾਂ ਜੀਵਨ ਪ੍ਰਤੀ ਨਿਰਾਸ਼ਾਜਨਕ ਵਿਚਾਰ ਨਜ਼ਰ ਆਉਣ ਤਾਂ ਉਸ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪਰਿਵਾਰਕ ਮੈਂਬਰਾਂ ਅਤੇ ਸਿਹਤ ਮਾਹਿਰਾਂ ਦੀ ਮਦਦ ਲੈਣੀ ਚਾਹੀਦੀ ਹੈ। ਸਮੇਂ ਸਿਰ ਮਿਲਣ ਵਾਲੀ ਕਾਊਂਸਲਿੰਗ ਅਤੇ ਇਲਾਜ ਵਿਅਕਤੀ ਨੂੰ ਸੰਕਟ ਵਿੱਚੋਂ ਬਾਹਰ ਆਉਣ ਵਿੱਚ ਮਦਦ ਕਰ ਸਕਦਾ ਹੈ।

ਡਿਪਟੀ ਮਾਸ ਮੀਡੀਆ ਅਫ਼ਸਰ ਰੋਹਿਤ ਜਿੰਦਲ ਨੇ ਇਲਾਜ ਕਰਵਾ ਰਹੇ ਵਿਅਕਤੀਆਂ ਨੂੰ ਅਪੀਲ ਕੀਤੀ ਕਿ ਉਹ ਨਸ਼ੇ ਨੂੰ ਛੱਡਣ ਦੇ ਨਾਲ-ਨਾਲ ਆਪਣੀ ਮਾਨਸਿਕ ਸਿਹਤ ਵੱਲ ਵੀ ਵਿਸ਼ੇਸ਼ ਧਿਆਨ ਦੇਣ। ਉਨ੍ਹਾਂ ਕਿਹਾ ਕਿ ਨਸ਼ਾ ਛੱਡਣ ਦੀ ਪ੍ਰਕਿਰਿਆ ਦੌਰਾਨ ਆਉਣ ਵਾਲੀਆਂ ਮੁਸ਼ਕਲਾਂ ਦਾ ਇਲਾਜ ਅਤੇ ਕਾਊਂਸਲਿੰਗ ਰਾਹੀਂ ਹੱਲ ਕੀਤਾ ਜਾ ਸਕਦਾ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਹੋਣ ’ਤੇ ਸਿਹਤ ਕਰਮਚਾਰੀਆਂ ਨਾਲ ਖੁੱਲ੍ਹ ਕੇ ਗੱਲ ਕਰਨੀ ਚਾਹੀਦੀ ਹੈ।

ਇਸ ਮੌਕੇ ਡਿਪਟੀ ਮਾਸ ਮੀਡੀਆ ਅਫ਼ਸਰ ਲਖਵਿੰਦਰ ਸਿੰਘ ਕੈਂਥ ਅਤੇ ਗਗਨਦੀਪ ਸਿੰਘ ਭੁੱਲਰ ਵੱਲੋਂ ਹਾਜ਼ਰੀਨ ਨੂੰ ਆਤਮ ਹੱਤਿਆ ਰੋਕਥਾਮ, ਮਾਨਸਿਕ ਸਿਹਤ ਦੀ ਸੰਭਾਲ ਅਤੇ ਨਸ਼ਾ ਮੁਕਤੀ ਸਬੰਧੀ ਜਾਗਰੂਕ ਕੀਤਾ ਗਿਆ ਅਤੇ ਲੋੜਵੰਦ ਵਿਅਕਤੀਆਂ ਨੂੰ ਸਮੇਂ ਸਿਰ ਮਾਹਿਰਾਂ ਦੀ ਸਹਾਇਤਾ ਲੈਣ ਲਈ ਪ੍ਰੇਰਿਤ ਕੀਤਾ ਗਿਆ । ਇਸ ਮੌਕੇ ਮਾਨਸਿਕ ਰੋਗਾਂ ਦੇ ਮਾਹਿਰ ਡਾ ਤਨੂੰਪ੍ਰੀਤ ਕੌਰ, ਡਾ ਸ਼ਗਨਪ੍ਰੀਤ ਕੌਰ, ਕੌਸ਼ਲਰ ਸੋਮਾ ਰਾਣੀ ਅਤੇ ਖੁਸਬੂ ਹਾਜਰ ਸਨ ।

Leave a Reply

Your email address will not be published. Required fields are marked *

Copyright © All rights reserved. | Newsphere by AF themes.