“ਕੀ ਕਲਾ ਵੀ ਸਿਆਸੀ ਹੋ ਸਕਦੀ ਹੈ? ਰੈਹਾਨ ਵਾਡਰਾ ਦੀ ਪ੍ਰਦਰਸ਼ਨੀ ਤੋਂ ਤਸਵੀਰਾਂ ਹਟਾਉਣ ’ਤੇ ਵੱਡਾ ਵਿਵਾਦ ਕਲਾ ਵੀ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ਹੈ?” “ਫਿਰ ਇਸ ’ਤੇ ਪਾਬੰਦੀ ਕਿਉਂ?”
ਇਹ ਮਾਮਲਾ ਨਵੀਂ ਦਿੱਲੀ ਦੇ ਬੀਕਾਨੇਰ ਹਾਊਸ ਵਿੱਚ ਰੈਹਾਨ ਵਾਡਰਾ ਦੀ ਲੱਗੀ ਕਲਾ ਪ੍ਰਦਰਸ਼ਨੀ (“ਕੋਈ ਵੀ ਵਿਚਾਰ ਅੰਤਿਮ ਨਹੀਂ” ) ਤੋਂ ਉਨ੍ਹਾਂ ਦੀਆਂ ਤਸਵੀਰਾਂ ਹਟਾਏ ਜਾਣ ਨਾਲ ਸਬੰਧਤ ਹੈ।ਰੈਹਾਨ ਵਾਡਰਾ, ਜੋ ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਦੇ ਪੁੱਤਰ ਹਨ, ਦੀ ਬੀਕਾਨੇਰ ਹਾਊਸ ਵਿੱਚ ਪ੍ਰਦਰਸ਼ਨੀ ਲੱਗੀ ਹੋਈ ਸੀ। ਇਸ ਪ੍ਰਦਰਸ਼ਨੀ ਵਿੱਚ ਪਿਛਲੇ ਤਿੰਨ ਸਾਲਾਂ ਦੌਰਾਨ ਉਨ੍ਹਾਂ ਵੱਲੋਂ ਖਿੱਚੀਆਂ ਗਈਆਂ 105 ਤਸਵੀਰਾਂ ਪ੍ਰਦਰਸ਼ਿਤ ਕੀਤੀਆਂ ਜਾਣੀਆਂ ਸਨ।ਪਰ ਪ੍ਰਦਰਸ਼ਨੀ ਸ਼ੁਰੂ ਹੋਣ ਤੋਂ ਥੋੜ੍ਹਾ ਪਹਿਲਾਂ ਬੀਕਾਨੇਰ ਹਾਊਸ ਦੇ ਪ੍ਰਬੰਧਕਾਂ ਨੇ 75 ਤਸਵੀਰਾਂ ਹਟਾ ਦਿੱਤੀਆਂ।ਜਦੋਂ ਦਰਸ਼ਕ ਪ੍ਰਦਰਸ਼ਨੀ ਦੇਖਣ ਪਹੁੰਚੇ ਤਾਂ ਦੋ ਕਮਰੇ ਲਗਭਗ ਖਾਲੀ ਨਜ਼ਰ ਆਏ। ਲਾਲ ਕੰਧਾਂ ’ਤੇ ਉਨ੍ਹਾਂ ਥਾਵਾਂ ਦੇ ਨਿਸ਼ਾਨ ਅਤੇ ਕੀਲਾਂ (ਮੇਖ) ਦਿਖਾਈ ਦੇ ਰਹੀਆਂ ਸਨ ਜਿੱਥੇ ਪਹਿਲਾਂ ਤਸਵੀਰਾਂ ਲੱਗੀਆਂ ਹੋਈਆਂ ਸਨ।
ਹਾਲਾਂਕਿ ਪ੍ਰਦਰਸ਼ਨੀ ਦਾ ਕੈਟਾਲਾਗ ਉਪਲਬਧ ਰਿਹਾ, ਜਿਸ ਰਾਹੀਂ ਦਰਸ਼ਕ ਇਹ ਜਾਣ ਸਕਦੇ ਸਨ ਕਿ ਕਿਹੜੀਆਂ ਤਸਵੀਰਾਂ ਗੈਲਰੀ ਵਿੱਚ ਪ੍ਰਦਰਸ਼ਿਤ ਨਹੀਂ ਕੀਤੀਆਂ ਗਈਆਂ।
ਪ੍ਰਬੰਧਕਾਂ ਦਾ ਤਰਕ ਕੀ ਸੀ?
ਬੀਕਾਨੇਰ ਹਾਊਸ ਮੈਨੇਜਮੈਂਟ ਦਾ ਕਹਿਣਾ ਸੀ ਕਿ ਹਟਾਈਆਂ ਗਈਆਂ ਤਸਵੀਰਾਂ ਉਨ੍ਹਾਂ ਦੀ “ਸਿਆਸੀ ਸਮੱਗਰੀ ਸਬੰਧੀ ਨੀਤੀ” ਨਾਲ ਮੇਲ ਨਹੀਂ ਖਾਂਦੀਆਂ ਸਨ।ਪ੍ਰਬੰਧਕਾਂ ਮੁਤਾਬਕ ਬੀਕਾਨੇਰ ਹਾਊਸ ਦੀ ਬੁਕਿੰਗ ਨੀਤੀ ਵਿੱਚ ਸਿਆਸੀ ਸਮੱਗਰੀ ਨੂੰ ਰੋਕਣ ਦੀ ਵਿਵਸਥਾ ਹੈ।
ਰੈਹਾਨ ਵਾਡਰਾ ਦਾ ਇਤਰਾਜ਼
ਰੈਹਾਨ ਵਾਡਰਾ ਨੇ ਇਸ ਕਾਰਵਾਈ ਨੂੰ ਸਵੀਕਾਰ ਨਹੀਂ ਕੀਤਾ। ਉਨ੍ਹਾਂ ਦਾ ਮੁੱਖ ਤਰਕ ਸੀ: “ਸਾਰੀ ਕਲਾ ਸਿਆਸੀ ਹੁੰਦੀ ਹੈ।”ਰੈਹਾਨ ਨੇ ਕਿਹਾ ਕਿ ਉਨ੍ਹਾਂ ਨੇ ਪ੍ਰਦਰਸ਼ਨੀ ਦਾ ਪ੍ਰਸਤਾਵ ਪਿਛਲੇ ਸਾਲ 30 ਜੂਨ ਨੂੰ ਹੀ ਮਨਜ਼ੂਰੀ ਲਈ ਪੇਸ਼ ਕੀਤਾ ਸੀ ਅਤੇ ਮੈਨੇਜਮੈਂਟ ਨੇ ਇਸ ਨੂੰ ਮਨਜ਼ੂਰ ਕਰ ਲਿਆ ਸੀ। ਉਨ੍ਹਾਂ ਅਨੁਸਾਰ ਪ੍ਰਦਰਸ਼ਨੀ ਦਾ ਲੇਆਉਟ ਵੀ ਪਹਿਲਾਂ ਹੀ ਪ੍ਰਬੰਧਕਾਂ ਨਾਲ ਸਾਂਝਾ ਕੀਤਾ ਗਿਆ ਸੀ ਅਤੇ ਉਸ ਸਮੇਂ ਕਿਸੇ ਕਿਸਮ ਦਾ ਇਤਰਾਜ਼ ਨਹੀਂ ਕੀਤਾ ਗਿਆ। ਪਰ ਪ੍ਰਦਰਸ਼ਨੀ ਖੁੱਲ੍ਹਣ ਤੋਂ ਸਿਰਫ਼ ਇੱਕ ਦਿਨ ਪਹਿਲਾਂ ਉਨ੍ਹਾਂ ਨੂੰ ਤਸਵੀਰਾਂ ਹਟਾਉਣ ਲਈ ਕਿਹਾ ਗਿਆ।
ਰੈਹਾਨ ਦੇ ਅਨੁਸਾਰ, ਉਨ੍ਹਾਂ ਅਤੇ ਉਨ੍ਹਾਂ ਦੀ ਟੀਮ ਨੇ ਪ੍ਰਬੰਧਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਨੂੰ ਕਿਹਾ ਗਿਆ ਕਿ ਜੇ ਤਸਵੀਰਾਂ ਨਾ ਹਟਾਈਆਂ ਗਈਆਂ ਤਾਂ ਪ੍ਰਦਰਸ਼ਨੀ ਰੱਦ ਕਰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਸਥਿਤੀ ਵਿੱਚ ਉਨ੍ਹਾਂ ਕੋਲ ਹੋਰ ਕੋਈ ਵਿਕਲਪ ਨਹੀਂ ਸੀ।
ਪ੍ਰਦਰਸ਼ਨੀ ਤੋਂ ਇੱਕ ਦਿਨ ਪਹਿਲਾਂ ਇਤਰਾਜ਼
ਰੈਹਾਨ ਦੇ ਅਨੁਸਾਰ ਬੀਕਾਨੇਰ ਹਾਊਸ ਮੈਨੇਜਮੈਂਟ ਨੇ ਉਨ੍ਹਾਂ ਨਾਲ 20 ਅਕਤੂਬਰ ਨੂੰ ਸੰਪਰਕ ਕੀਤਾ, ਜਦਕਿ ਪ੍ਰਦਰਸ਼ਨੀ 21 ਅਕਤੂਬਰ ਨੂੰ ਸ਼ੁਰੂ ਹੋਣੀ ਸੀ।ਉਨ੍ਹਾਂ ਕਿਹਾ ਕਿ ਪ੍ਰਦਰਸ਼ਨੀ ਦਾ ਲੇਆਉਟ 15 ਅਕਤੂਬਰ ਨੂੰ ਹੀ ਮੈਨੇਜਮੈਂਟ ਨੂੰ ਭੇਜ ਦਿੱਤਾ ਗਿਆ ਸੀ ਅਤੇ ਉਸ ਦੀ ਪ੍ਰਾਪਤੀ ਦੀ ਪੁਸ਼ਟੀ ਵੀ ਹੋਈ ਸੀ। ਬੀਕਾਨੇਰ ਹਾਊਸ ਦੇ ਪ੍ਰਿੰਸੀਪਲ ਰੈਜ਼ੀਡੈਂਟ ਕਮਿਸ਼ਨਰ ਰੋਹਿਤ ਕੁਮਾਰ ਨੇ ਬਾਅਦ ਵਿੱਚ ਪ੍ਰਦਰਸ਼ਨੀ ਦਾ ਨਿਰੀਖਣ ਕੀਤਾ ਅਤੇ ਰੈਹਾਨ ਨੂੰ ਦੱਸਿਆ ਕਿ ਜਿਹੜੀਆਂ ਤਸਵੀਰਾਂ ਸਿਆਸੀ ਮੰਨੀਆਂ ਜਾਂਦੀਆਂ ਹਨ, ਉਨ੍ਹਾਂ ਨੂੰ ਹਟਾਉਣਾ ਪਵੇਗਾ।ਰੈਹਾਨ ਨੇ ਪਹਿਲਾਂ ਮੈਨੇਜਮੈਂਟ ਨੂੰ ਕਿਹਾ ਕਿ ਉਹ ਸਪਸ਼ਟ ਤੌਰ ’ਤੇ ਦੱਸੇ ਕਿ ਕਿਹੜੀਆਂ ਤਸਵੀਰਾਂ ਇਤਰਾਜ਼ਯੋਗ ਹਨ ਅਤੇ ਲਿਖਤੀ ਰੂਪ ਵਿੱਚ ਆਪਣੀਆਂ ਚਿੰਤਾਵਾਂ ਦੱਸੇ।
ਉਨ੍ਹਾਂ ਨੇ ਵਿਵਾਦਿਤ ਤਸਵੀਰਾਂ ਦੀ ਥਾਂ ਹੋਰ ਤਸਵੀਰਾਂ ਲਗਾਉਣ ਬਾਰੇ ਗੱਲਬਾਤ ਕਰਨ ਦਾ ਪ੍ਰਸਤਾਵ ਵੀ ਦਿੱਤਾ।ਪਰ ਉਨ੍ਹਾਂ ਦੇ ਅਨੁਸਾਰ ਉਨ੍ਹਾਂ ਨੂੰ ਚੇਤਾਵਨੀ ਦਿੱਤੀ ਗਈ ਕਿ ਨਿਰਧਾਰਤ ਸਮੇਂ ਅੰਦਰ ਤਸਵੀਰਾਂ ਨਾ ਹਟਾਉਣ ’ਤੇ ਪ੍ਰਦਰਸ਼ਨੀ ਰੱਦ ਕਰ ਦਿੱਤੀ ਜਾਵੇਗੀ।
ਪ੍ਰਦਰਸ਼ਨਾਂ ਦੀਆਂ ਤਸਵੀਰਾਂ ਕਿਉਂ ਵਿਵਾਦ ਵਿੱਚ ਆਈਆਂ?
ਰੈਹਾਨ ਵਾਡਰਾ ਦੀ ਪ੍ਰਦਰਸ਼ਨੀ ਵਿੱਚ ਵੱਖ-ਵੱਖ ਕਿਸਮ ਦੀਆਂ ਫੋਟੋਗ੍ਰਾਫੀਆਂ ਸ਼ਾਮਲ ਸਨ—
- ਜੰਗਲੀ ਜੀਵਾਂ ਦੀਆਂ ਤਸਵੀਰਾਂ
- ਅਮੂਰਤ ਕਲਾ
- ਸਟ੍ਰੀਟ ਫੋਟੋਗ੍ਰਾਫੀ
- ਨੌਜਵਾਨਾਂ ਦੇ ਅੰਦੋਲਨਾਂ ਅਤੇ ਪ੍ਰਦਰਸ਼ਨਾਂ ਦੀਆਂ ਤਸਵੀਰਾਂ
ਪ੍ਰਦਰਸ਼ਨੀ ਦਾ ਇੱਕ ਮਹੱਤਵਪੂਰਨ ਹਿੱਸਾ ਦਿੱਲੀ ਵਿੱਚ ਹੋਏ ਵੱਖ-ਵੱਖ ਪ੍ਰਦਰਸ਼ਨਾਂ ਨਾਲ ਸਬੰਧਤ ਸੀ।
ਇਨ੍ਹਾਂ ਵਿੱਚ ਨੀਟ ਪ੍ਰੀਖਿਆ ਵਿੱਚ ਕਥਿਤ ਬੇਨਿਯਮੀਆਂ ਖ਼ਿਲਾਫ਼ ਹੋਏ ਪ੍ਰਦਰਸ਼ਨ ਅਤੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਖ਼ਿਲਾਫ਼ ਹੋਏ ਪ੍ਰਦਰਸ਼ਨ ਵੀ ਸ਼ਾਮਲ ਸਨ।ਕੁਝ ਤਸਵੀਰਾਂ ਵਿੱਚ ਪੁਲਿਸ ਵੱਲੋਂ ਪ੍ਰਦਰਸ਼ਨਕਾਰੀਆਂ ਨੂੰ ਰੋਕਦੇ ਹੋਏ, ਇੱਕ ਵਿਅਕਤੀ ਵੱਲੋਂ ਸੰਵਿਧਾਨ ਦੀ ਕਾਪੀ ਫੜੀ ਹੋਈ ਅਤੇ ਰਾਜਨੀਤਿਕ ਪ੍ਰਦਰਸ਼ਨਾਂ ਵਿੱਚ ਹਿੱਸਾ ਲੈਂਦੀ ਭੀੜ ਦਿਖਾਈ ਗਈ ਸੀ। ਇੱਕ ਤਸਵੀਰ ਵਿੱਚ ਕਾਂਗਰਸ ਆਗੂ ਰਾਹੁਲ ਗਾਂਧੀ ਵੀ ਇੱਕ ਵਿਰੋਧ ਮਾਰਚ ਦੌਰਾਨ ਨਜ਼ਰ ਆ ਰਹੇ ਸਨ।ਰੈਹਾਨ ਨੇ ਸਵਾਲ ਕੀਤਾ ਕਿ ਜੇ ਕੋਈ ਕਲਾਕਾਰ ਦਿੱਲੀ ਵਿੱਚ ਰਹਿੰਦਾ ਹੈ ਅਤੇ ਉਸ ਨੇ ਇਨ੍ਹਾਂ ਘਟਨਾਵਾਂ ਨੂੰ ਨੇੜੇ ਤੋਂ ਦੇਖਿਆ ਹੈ, ਤਾਂ ਕੀ ਉਸ ਨੂੰ ਆਪਣਾ ਕੰਮ ਦਿੱਲੀ ਵਿੱਚ ਪ੍ਰਦਰਸ਼ਿਤ ਕਰਨ ਦਾ ਹੱਕ ਨਹੀਂ ਹੋਣਾ ਚਾਹੀਦਾ?
ਉਨ੍ਹਾਂ ਕਿਹਾ ਕਿ ਜੇ ਸਿਆਸੀ ਨਾਅਰਿਆਂ ਜਾਂ ਸਿੱਧੇ ਸਿਆਸੀ ਸੰਦੇਸ਼ ਵਾਲੀਆਂ ਤਸਵੀਰਾਂ ਨੂੰ ਹਟਾਉਣ ਦੀ ਗੱਲ ਹੈ ਤਾਂ ਉਨ੍ਹਾਂ ਨੇ ਖੁਦ ਅਜਿਹੀਆਂ ਤਸਵੀਰਾਂ ਪਹਿਲਾਂ ਹੀ ਹਟਾ ਦਿੱਤੀਆਂ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਬਾਕੀ ਤਸਵੀਰਾਂ ਸਿਰਫ਼ ਘਟਨਾਵਾਂ ਨੂੰ ਦਰਜ ਕਰਦੀਆਂ ਹਨ ਅਤੇ ਕਿਸੇ ਸਿਆਸੀ ਪਾਰਟੀ ਜਾਂ ਵਿਚਾਰਧਾਰਾ ਦੀ ਹਮਾਇਤ ਨਹੀਂ ਕਰਦੀਆਂ।
ਪ੍ਰਦਰਸ਼ਨੀ ਤੋਂ ਪਹਿਲਾਂ ਜਾਰੀ ਕੀਤੇ ਗਏ ਪ੍ਰੈੱਸ ਨੋਟ ਵਿੱਚ ਤਸਵੀਰਾਂ ਨੂੰ ਪ੍ਰਦਰਸ਼ਨਕਾਰੀਆਂ ਅਤੇ ਸੁਰੱਖਿਆ ਕਰਮਚਾਰੀਆਂ ਦੀਆਂ ਘਟਨਾਵਾਂ ਦੀ ਦਸਤਾਵੇਜ਼ੀ ਤਸਵੀਰਾਂ ਵਜੋਂ ਦਰਸਾਇਆ ਗਿਆ ਸੀ। ਪ੍ਰੈੱਸ ਨੋਟ ਵਿੱਚ ਇਹ ਵੀ ਕਿਹਾ ਗਿਆ ਸੀ ਕਿ ਤਸਵੀਰਾਂ ਵਿੱਚ ਕੋਈ ਅਪਮਾਨਜਨਕ ਜਾਂ ਭੜਕਾਊ ਸਮੱਗਰੀ ਨਹੀਂ ਸੀ।
ਤਸਵੀਰਾਂ ਨੂੰ ਹਟਾਉਣ ਦੀ ਪ੍ਰਕਿਰਿਆ
ਰੈਹਾਨ ਅਤੇ ਉਨ੍ਹਾਂ ਦੀ ਟੀਮ ਨੇ ਪਹਿਲਾਂ ਕੁਝ ਫਰੇਮ ਇਸ ਤਰ੍ਹਾਂ ਮੋੜਨ ਦੀ ਕੋਸ਼ਿਸ਼ ਕੀਤੀ ਕਿ ਦਰਸ਼ਕਾਂ ਨੂੰ ਤਸਵੀਰਾਂ ਦੀ ਬਜਾਏ ਫਰੇਮਾਂ ਦਾ ਪਿਛਲਾ ਹਿੱਸਾ ਦਿਖਾਈ ਦੇਵੇ। ਪਰ ਮੈਨੇਜਮੈਂਟ ਨੇ ਇਹ ਵਿਵਸਥਾ ਵੀ ਸਵੀਕਾਰ ਨਹੀਂ ਕੀਤੀ। ਅਖ਼ੀਰ ਵਿੱਚ ਤਸਵੀਰਾਂ ਉਤਾਰ ਕੇ ਸਟੋਰੇਜ ਵਿੱਚ ਰੱਖ ਦਿੱਤੀਆਂ ਗਈਆਂ।
ਰੈਹਾਨ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਗਈ ਸੀ ਕਿ ਰਾਜਸਥਾਨ ਸਰਕਾਰ ਨੇ ਵੀ ਇਸ ਮਾਮਲੇ ਵਿੱਚ ਦਖ਼ਲ ਦਿੱਤਾ ਸੀ ਅਤੇ ਇੱਕ ਸਮਝੌਤੇ ਤਹਿਤ ਪ੍ਰਦਰਸ਼ਨ ਨਾਲ ਸਬੰਧਤ ਤਸਵੀਰਾਂ ਪ੍ਰਦਰਸ਼ਿਤ ਨਾ ਕਰਨ ਦਾ ਫ਼ੈਸਲਾ ਹੋਇਆ ਸੀ। ਉਨ੍ਹਾਂ ਨੇ ਪਿਛਲੀਆਂ ਕੁਝ ਪ੍ਰਦਰਸ਼ਨੀਆਂ ਦਾ ਹਵਾਲਾ ਦਿੰਦੇ ਹੋਏ ਸਵਾਲ ਕੀਤਾ ਕਿ ਜਿੱਥੇ ਇਸੇ ਸਥਾਨ ’ਤੇ ਸਿਆਸੀ ਸ਼ਖ਼ਸੀਅਤਾਂ ਨਾਲ ਸਬੰਧਤ ਪ੍ਰਦਰਸ਼ਨੀਆਂ ਲੱਗ ਚੁੱਕੀਆਂ ਹਨ, ਉੱਥੇ ਮੌਜੂਦਾ ਸਮੇਂ ਦੇ ਪ੍ਰਦਰਸ਼ਨਾਂ ਦੀਆਂ ਤਸਵੀਰਾਂ ਨਾਲ ਵੱਖਰਾ ਵਿਹਾਰ ਕਿਉਂ ਕੀਤਾ ਜਾ ਰਿਹਾ ਹੈ?
ਰਾਸ਼ਟਰੀ ਝੰਡੇ ਦੀਆਂ ਤਸਵੀਰਾਂ ਵੀ ਹਟਾਈਆਂ ਗਈਆਂ
ਵਿਵਾਦ ਸਿਰਫ਼ ਪ੍ਰਦਰਸ਼ਨਾਂ ਦੀਆਂ ਤਸਵੀਰਾਂ ਤੱਕ ਸੀਮਿਤ ਨਹੀਂ ਰਿਹਾ। ਰੈਹਾਨ ਦੇ ਅਨੁਸਾਰ ਮੈਨੇਜਮੈਂਟ ਨੇ ਭਾਰਤੀ ਰਾਸ਼ਟਰੀ ਝੰਡੇ ਦੀਆਂ ਦੋ ਤਸਵੀਰਾਂ ਨੂੰ ਵੀ ਹਟਾਉਣ ਲਈ ਕਿਹਾ।ਇੱਕ ਇਸਟਾਗ੍ਰਾਮ ਬਿਆਨ ਵਿੱਚ ਉਨ੍ਹਾਂ ਨੇ ਕਿਹਾ ਕਿ ਮੈਨੇਜਮੈਂਟ ਨੇ ਉਨ੍ਹਾਂ ਨੂੰ ਆਪਣੀਆਂ ਜ਼ਿਆਦਾਤਰ ਤਸਵੀਰਾਂ ਹਟਾਉਣ ਲਈ ਮਜਬੂਰ ਕੀਤਾ, ਜਿਸ ਵਿੱਚ ਤਿਰੰਗੇ ਦੀਆਂ ਦੋ ਤਸਵੀਰਾਂ ਵੀ ਸ਼ਾਮਲ ਸਨ।
ਰੈਹਾਨ ਨੇ ਸ਼ੁਰੂ ਵਿੱਚ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਉਹ ਰਾਸ਼ਟਰੀ ਝੰਡੇ ਵਾਲੀ ਤਸਵੀਰ ਨਹੀਂ ਹਟਾਉਣਗੇ।
ਪਰ ਬਾਅਦ ਵਿੱਚ ਉਨ੍ਹਾਂ ਕਿਹਾ ਕਿ ਪ੍ਰਦਰਸ਼ਨੀ ਨੂੰ ਜਾਰੀ ਰੱਖਣ ਲਈ ਉਨ੍ਹਾਂ ਨੂੰ ਸਥਾਨ ਦੀਆਂ ਸ਼ਰਤਾਂ ਮੰਨਣੀਆਂ ਪਈਆਂ।
ਕਾਂਗਰਸ ਦੀ ਪ੍ਰਤੀਕਿਰਿਆ
ਕਾਂਗਰਸ ਆਗੂ ਪਵਨ ਖੇੜਾ ਨੇ ਐਕਸ ’ਤੇ ਇੱਕ ਪੋਸਟ ਰਾਹੀਂ ਇਸ ਫ਼ੈਸਲੇ ਦੀ ਆਲੋਚਨਾ ਕੀਤੀ।ਉਨ੍ਹਾਂ ਕਿਹਾ ਕਿ ਜੇਕਰ ਤਿਰੰਗਾ ਵੀ ਸੈਂਸਰਸ਼ਿਪ ਤੋਂ ਨਹੀਂ ਬਚ ਸਕਦਾ ਤਾਂ ਸਮੱਸਿਆ ਕਲਾ ਵਿੱਚ ਨਹੀਂ, ਸਗੋਂ ਸਿਆਸੀ ਪ੍ਰਣਾਲੀ ਵਿੱਚ ਹੈ।ਉਨ੍ਹਾਂ ਤਸਵੀਰਾਂ ਨੂੰ ਹਟਾਉਣ ਨੂੰ ਇਸ ਗੱਲ ਦੀ ਉਦਾਹਰਨ ਦੱਸਿਆ ਕਿ ਸਰਕਾਰ ਸ਼ਾਇਦ ਪ੍ਰਦਰਸ਼ਨਾਂ ਦੀ ਦਸਤਾਵੇਜ਼ੀ ਤਸਵੀਰਾਂ ਤੋਂ ਡਰ ਰਹੀ ਹੈ। ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੇ ਵੀ ਇਸ ਪਾਬੰਦੀ ਦੀ ਆਲੋਚਨਾ ਕੀਤੀ ਅਤੇ ਆਪਣੇ ਪੁੱਤਰ ਦੇ ਹੱਕ ਵਿੱਚ ਬਿਆਨ ਦਿੱਤਾ। ਉਨ੍ਹਾਂ ਕਿਹਾ ਕਿ ਤਸਵੀਰਾਂ ਵਿੱਚ ਕੋਈ ਇਤਰਾਜ਼ਯੋਗ ਟਿੱਪਣੀ ਨਹੀਂ ਸੀ ਅਤੇ ਉਹ ਸਿਰਫ਼ ਘਟਨਾਵਾਂ ਨੂੰ ਦਰਜ ਕਰਦੀਆਂ ਸਨ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਇੱਕ ਨੌਜਵਾਨ ਕਲਾਕਾਰ ਦੀ ਪ੍ਰਗਟ ਕਰਨ’ਤੇ ਪਾਬੰਦੀ ਲਗਾਈ ਜਾਂਦੀ ਹੈ ਤਾਂ ਭਵਿੱਖ ਵਿੱਚ ਇਹੀ ਪਾਬੰਦੀਆਂ ਹੋਰ ਕਲਾਕਾਰਾਂ ’ਤੇ ਵੀ ਲਗ ਸਕਦੀਆਂ ਹਨ। ਉਨ੍ਹਾਂ ਨੇ ਨੀਟ ਐਕਸ’ਤੇ ਲਿਖਿਆ ਕਿ ਜਦੋਂ ਸੱਤਾ ਵਿੱਚ ਬੈਠਾ ਕੋਈ ਵਿਅਕਤੀ ਕਿਸੇ ਹੋਰ ਵਿਅਕਤੀ ਦੇ ਵਿਚਾਰ ਪ੍ਰਗਟ ਕਰਨ ਤੋਂ ਡਰਨ ਲੱਗਦਾ ਹੈ ਤਾਂ ਅਖ਼ੀਰ ਵਿੱਚ ਉਹ ਉਸੇ ਤਾਕਤ ਨੂੰ ਨੁਕਸਾਨ ਪਹੁੰਚਾ ਬੈਠਦਾ ਹੈ ਜਿਸ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹੁੰਦਾ ਹੈ।
ਖਾਲੀ ਕੰਧਾਂ ਨੇ ਦੱਸਿਆ ਤਸਵੀਰਾਂ ਦੀ ਕਹਾਣੀ
ਤਸਵੀਰਾਂ ਹਟਾਏ ਜਾਣ ਤੋਂ ਬਾਅਦ ਦੋਵੇਂ ਕਮਰਿਆਂ ਦੀਆਂ ਖਾਲੀ ਲਾਲ ਕੰਧਾਂ ਇਸ ਵਿਵਾਦ ਦਾ ਸਪਸ਼ਟ ਦ੍ਰਿਸ਼ ਬਣ ਗਈਆਂ। ਜਿੱਥੇ ਪਹਿਲਾਂ ਤਸਵੀਰਾਂ ਲੱਗੀਆਂ ਸਨ, ਉੱਥੇ ਕੀਲਾਂ ਅਤੇ ਉਨ੍ਹਾਂ ਦੇ ਨਿਸ਼ਾਨ ਦਿਖਾਈ ਦੇ ਰਹੇ ਸਨ।
ਪ੍ਰਦਰਸ਼ਨੀ ਦਾ ਬਾਕੀ ਹਿੱਸਾ ਜਾਰੀ ਰਿਹਾ, ਜਿਸ ਵਿੱਚ ਜੰਗਲੀ ਜੀਵਾਂ ਦੀਆਂ ਤਸਵੀਰਾਂ ਅਤੇ ਅਮੂਰਤ ਕਲਾ ਸ਼ਾਮਲ ਸੀ।
ਕੈਟਾਲਾਗ ਵੀ ਉਪਲਬਧ ਰਿਹਾ, ਜਿਸ ਵਿੱਚ ਉਹਨਾਂ ਤਸਵੀਰਾਂ ਦਾ ਰਿਕਾਰਡ ਮੌਜੂਦ ਸੀ ਜਿਨ੍ਹਾਂ ਨੂੰ ਮੈਨੇਜਮੈਂਟ ਨੇ ਕੰਧਾਂ ’ਤੇ ਪ੍ਰਦਰਸ਼ਿਤ ਕਰਨ ਦੀ ਇਜਾਜ਼ਤ ਨਹੀਂ ਦਿੱਤੀ।
ਕਾਨੂੰਨੀ ਪੱਖ — ਅਸਲ ਸਵਾਲ ਕੀ ਹੈ? ਇਹ ਮਾਮਲਾ ਭਾਰਤੀ ਸੰਵਿਧਾਨ ਦੇ ਆਰਟੀਕਲ 19(1)(a) ਨਾਲ ਸਿੱਧੇ ਤੌਰ ’ਤੇ ਜੁੜਿਆ ਇੱਕ ਮਹੱਤਵਪੂਰਨ ਸਵਾਲ ਖੜ੍ਹਾ ਕਰਦਾ ਹੈ।
ਆਰਟੀਕਲ 19(1)(a) — ਬੋਲਣ ਅਤੇ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ
ਭਾਰਤੀ ਸੰਵਿਧਾਨ ਹਰ ਨਾਗਰਿਕ ਨੂੰ ਬੋਲਣ ਅਤੇ ਆਪਣੇ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ਦਿੰਦਾ ਹੈ।
ਪਰ ਇਹ ਅਧਿਕਾਰ ਪੂਰੀ ਤਰ੍ਹਾਂ ਅਸੀਮਿਤ ਨਹੀਂ ਹੈ।
ਆਰਟੀਕਲ 19(2)
ਆਰਟੀਕਲ 19(2) ਦੇ ਤਹਿਤ ਕੁਝ ਹਾਲਾਤਾਂ ਵਿੱਚ ਵਾਜਬ ਪਾਬੰਦੀਆਂ ਲਗਾਈਆਂ ਜਾ ਸਕਦੀਆਂ ਹਨ।
ਇਨ੍ਹਾਂ ਵਿੱਚ ਸ਼ਾਮਲ ਹਨ:
- ਭਾਰਤ ਦੀ ਸੰਪ੍ਰਭੁਤਾ ਅਤੇ ਅਖੰਡਤਾ
- ਰਾਜ ਦੀ ਸੁਰੱਖਿਆ
- ਜਨਤਕ ਕਾਨੂੰਨ-ਵਿਵਸਥਾ
- ਸ਼ਾਲੀਨਤਾ ਜਾਂ ਨੈਤਿਕਤਾ
- ਮਾਣਹਾਨੀ
- ਅਦਾਲਤ ਦੀ ਅਵਮਾਨਨਾ
- ਅਪਰਾਧ ਲਈ ਉਕਸਾਉਣਾ ਆਦਿ
ਇਸ ਲਈ ਇਸ ਮਾਮਲੇ ਵਿੱਚ ਦੋ ਮੁੱਖ ਪੱਖ ਸਾਹਮਣੇ ਆਉਂਦੇ ਹਨ।
ਰੈਹਾਨ ਵਾਡਰਾ ਦਾ ਪੱਖ
“ਸਿਰਫ਼ ਇਸ ਕਰਕੇ ਕਿ ਕਲਾ ਸਿਆਸੀ ਹੈ, ਉਸ ਨੂੰ ਸੈਂਸਰ ਨਹੀਂ ਕੀਤਾ ਜਾ ਸਕਦਾ।”
ਬੀਕਾਨੇਰ ਹਾਊਸ ਦਾ ਪੱਖ
“ਸਥਾਨ ਦੀ ਆਪਣੀ ਨੀਤੀ ਹੈ ਅਤੇ ਪ੍ਰਦਰਸ਼ਨੀ ਵਾਲੀ ਜਗ੍ਹਾ ਵਿੱਚ ਸਿਆਸੀ ਸਮੱਗਰੀ ਨੂੰ ਰੋਕਣ ਦੀ ਨੀਤੀ ਪਹਿਲਾਂ ਤੋਂ ਮੌਜੂਦ ਹੈ।”
ਸਭ ਤੋਂ ਮਹੱਤਵਪੂਰਨ ਕਾਨੂੰਨੀ ਸਵਾਲ
ਕੀ ਕੋਈ ਸਰਕਾਰੀ ਜਾਂ ਜਨਤਕ ਸੱਭਿਆਚਾਰਕ ਪ੍ਰਦਰਸ਼ਨੀ ਸਥਾਨ ਆਪਣੀ ਨੀਤੀ ਦੇ ਆਧਾਰ ’ਤੇ ਕਿਸੇ ਕਲਾਕ੍ਰਿਤੀ ਨੂੰ ਹਟਾ ਸਕਦਾ ਹੈ, ਜੇਕਰ ਉਸ ਵਿੱਚ ਸਿਆਸੀ ਵਿਚਾਰ ਪ੍ਰਗਟ ਕੀਤੇ ਗਏ ਹੋਣ?
ਇਸ ਸਵਾਲ ਦਾ ਜਵਾਬ ਕਈ ਤੱਥਾਂ ’ਤੇ ਨਿਰਭਰ ਕਰੇਗਾ।
ਖ਼ਾਸ ਤੌਰ ’ਤੇ ਇਹ ਦੇਖਣਾ ਮਹੱਤਵਪੂਰਨ ਹੋਵੇਗਾ ਕਿ:
- ਬੀਕਾਨੇਰ ਹਾਊਸ ਦੀ ਕਾਨੂੰਨੀ ਸਥਿਤੀ ਕੀ ਹੈ?
- ਇਸ ਦਾ ਪ੍ਰਬੰਧਕੀ ਢਾਂਚਾ ਕੀ ਹੈ?
- ਇਸ ਦੀ ਮਦਦ ਕਿੱਥੋਂ ਆਉਂਦੀ ਹੈ?
- ਪ੍ਰਦਰਸ਼ਨੀ ਲਈ ਸਥਾਨ ਸੰਬੰਧੀ ਸਮਝੌਤਾ ਦੀਆਂ ਸ਼ਰਤਾਂ ਕੀ ਹਨ?
- ਕੀ ਇਹ ਸਰਕਾਰੀ ਜਾਂ ਜਨਤਕ ਅਥਾਰਟੀ” ਦੇ ਨਿਯੰਤਰਣ ਹੇਠ ਆਉਂਦਾ ਹੈ?
- ਕੀ ਇਸ ਦੀ ਨੀਤੀ ਸਾਰੀਆਂ ਪ੍ਰਦਰਸ਼ਨੀਆਂ ’ਤੇ ਇਕਸਾਰ ਲਾਗੂ ਹੁੰਦੀ ਹੈ?
ਜੇਕਰ ਇਹ ਸਰਕਾਰੀ ਜਾਂ ਜਨਤਕ ਅਥਾਰਟੀ” ਦੇ ਨਿਯੰਤਰਣ ਹੇਠ ਆਉਂਦਾ ਹੈ ਤਾਂ ਆਰਟੀਕਲ 14 ਅਤੇ ਆਰਟੀਕਲ 19 ਦੇ ਸੰਵਿਧਾਨਕ ਮਾਪਦੰਡਾਂ ਦਾ ਸਵਾਲ ਹੋਰ ਵੀ ਮਹੱਤਵਪੂਰਨ ਬਣ ਜਾਂਦਾ ਹੈ।
ਪਰ ਜੇ ਇਹ ਪੂਰੀ ਤਰ੍ਹਾਂ ਇੱਕ “ਨਿੱਜੀ ਕਰਾਰਨਾਮਾ-ਅਧਾਰਿਤ ਵਿਵਸਥਾ” ਹੈ ਤਾਂ ਕਾਨੂੰਨੀ ਵਿਸ਼ਲੇਸ਼ਣ ਵੱਖਰਾ ਹੋ ਸਕਦਾ ਹੈ।
ਰੈਹਾਨ ਵਾਡਰਾ ਦਾ ਕਲਾ ਬਾਰੇ ਮਤ
ਰੈਹਾਨ ਵਾਡਰਾ ਦਾ ਕਹਿਣਾ ਹੈ ਕਿ ਉਹ ਸਿਰਫ਼ ਖੂਬਸੂਰਤ ਚੀਜ਼ਾਂ ਦੀਆਂ ਤਸਵੀਰਾਂ ਦਿਖਾ ਕੇ ਪ੍ਰਦਰਸ਼ਨੀ ਨਹੀਂ ਲਗਾ ਸਕਦੇ। ਉਨ੍ਹਾਂ ਅਨੁਸਾਰ ਜਿਸ ਸ਼ਹਿਰ ਵਿੱਚ ਇਹ ਪ੍ਰਦਰਸ਼ਨ ਹੋਏ, ਜਿੱਥੇ ਉਹ ਖੁਦ ਰਹਿੰਦੇ ਹਨ ਅਤੇ ਜਿਨ੍ਹਾਂ ਘਟਨਾਵਾਂ ਨੂੰ ਉਨ੍ਹਾਂ ਨੇ ਨੇੜੇ ਤੋਂ ਦੇਖਿਆ ਹੈ, ਉਨ੍ਹਾਂ ਨੂੰ ਆਪਣੀ ਕਲਾ ਵਿੱਚ ਦਰਜ ਕਰਨਾ ਉਨ੍ਹਾਂ ਦੀ ਕਲਾਤਮਕ ਜ਼ਿੰਮੇਵਾਰੀ ਦਾ ਹਿੱਸਾ ਹੈ।
ਉਨ੍ਹਾਂ ਕਿਹਾ ਕਿ ਜੇਕਰ ਉਹ ਸਿਰਫ਼ ਜੰਗਲੀ ਜੀਵਾਂ ਦੀਆਂ ਤਸਵੀਰਾਂ ਲਗਾ ਕੇ ਦਿਖਾਉਣ ਕਿ ਦੁਨੀਆ ਕਿੰਨੀ ਸੁੰਦਰ ਹੈ ਤਾਂ ਇਹ ਉਨ੍ਹਾਂ ਦੇ ਆਪਣੇ ਨਾਲ ਬੇਇਮਾਨੀ ਹੋਵੇਗੀ।ਉਨ੍ਹਾਂ ਦਾ ਕਹਿਣਾ ਹੈ ਕਿ ਉਹ ਦਿੱਲੀ ਵਿੱਚ ਕੋਈ ਹੋਰ ਸਥਾਨ ਲੱਭ ਰਹੇ ਹਨ ਜਿੱਥੇ ਹਟਾਈਆਂ ਗਈਆਂ ਤਸਵੀਰਾਂ ਪ੍ਰਦਰਸ਼ਿਤ ਕੀਤੀਆਂ ਜਾ ਸਕਣ।
ਇਹ ਪ੍ਰਦਰਸ਼ਨੀ ਦਸੰਬਰ ਵਿੱਚ ਬੈਂਗਲੁਰੂ ਵੀ ਜਾਣੀ ਹੈ, ਜਿੱਥੇ ਉਹ ਇਹ ਤਸਵੀਰਾਂ ਪ੍ਰਦਰਸ਼ਿਤ ਕਰਨ ਦੀ ਯੋਜਨਾ ਬਣਾ ਰਹੇ ਹਨ। ਉਨ੍ਹਾਂ ਨੂੰ ਇਹ ਵੀ ਅੰਦਾਜ਼ਾ ਹੈ ਕਿ ਹੋਰ ਸਥਾਨਾਂ ’ਤੇ ਵੀ ਮੁਸ਼ਕਲਾਂ ਆ ਸਕਦੀਆਂ ਹਨ, ਪਰ ਉਹ ਉਸ ਸ਼ਹਿਰ ਵਿੱਚ ਆਪਣਾ ਕੰਮ ਦਿਖਾਉਣ ਲਈ ਦ੍ਰਿੜ੍ਹ ਹਨ ਜਿੱਥੇ ਇਹ ਘਟਨਾਵਾਂ ਵਾਪਰੀਆਂ ਹਨ।
ਸਮਾਜ ਸੁਧਾਰਕ ਅਤੇ ਚਿੰਤਕ ਡਾ. ਸੰਦੀਪ ਘੰਡ ਐਡਵੋਕੇਟ ਨੇ ਕਿਹਾ ਕਿ ਕਲਾ, ਸੱਭਿਆਚਾਰ ਅਤੇ ਭਾਸ਼ਾ ਸਾਡੇ ਸਮਾਜ ਦਾ ਸ਼ੀਸ਼ਾ ਹੁੰਦੇ ਹਨ ਅਤੇ ਇੱਕ ਕਲਾਕਾਰ ਬਹੁਤ ਸੂਖਮ ਤਰੀਕੇ ਨਾਲ ਇਸ ਦਾ ਪ੍ਰਗਟਾਵਾ ਆਪਣੀ ਕਲਾ ਰਾਹੀਂ ਕਰਦਾ ਹੈ। ਪਰ ਜਦੋਂ ਅਸੀਂ ਕਿਸੇ ਨੌਜਵਾਨ ਦੀ ਅਜਿਹੀ ਕਲਾ ’ਤੇ ਪਾਬੰਦੀ ਲਗਾਉਂਦੇ ਹਾਂ ਤਾਂ ਨੌਜਵਾਨਾਂ ਅੰਦਰ ਸੰਵੇਦਨਸ਼ੀਲਤਾ ਦੀ ਬਜਾਏ ਇਸ ਬਾਰੇ ਬੇਚੈਨੀ ਅਤੇ ਸਵਾਲ ਪੈਦਾ ਹੁੰਦੇ ਹਨ।
ਅੰਤਿਮ ਸਵਾਲ
ਇਹ ਮਾਮਲਾ ਸਿਰਫ਼ ਰੈਹਾਨ ਵਾਡਰਾ ਦੀਆਂ 75 ਤਸਵੀਰਾਂ ਹਟਾਏ ਜਾਣ ਦਾ ਮਾਮਲਾ ਨਹੀਂ ਹੈ। ਇਹ ਇੱਕ ਵੱਡਾ ਸਵਾਲ ਖੜ੍ਹਾ ਕਰਦਾ ਹੈ:ਕੀ ਕਲਾ ਨੂੰ ਸਿਰਫ਼ ਕਲਾ ਦੇ ਤੌਰ ’ਤੇ ਦੇਖਿਆ ਜਾਣਾ ਚਾਹੀਦਾ ਹੈ ਜਾਂ ਕਲਾਕਾਰ ਨੂੰ ਆਪਣੇ ਸਮੇਂ ਦੀਆਂ ਸਿਆਸੀ ਅਤੇ ਸਮਾਜਿਕ ਘਟਨਾਵਾਂ ਨੂੰ ਦਰਜ ਕਰਨ ਦੀ ਵੀ ਆਜ਼ਾਦੀ ਹੋਣੀ ਚਾਹੀਦੀ ਹੈ?
ਅਤੇ ਸਭ ਤੋਂ ਵੱਡਾ ਸੰਵਿਧਾਨਕ ਸਵਾਲ:
ਕੀ ਬੋਲਣ ਤੇ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ਵੀ ਆਰਟੀਕਲ 19(1)(a) ਤਹਿਤ “ਬੋਲਣ ਤੇ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ” ਦਾ ਹਿੱਸਾ ਹੈ? ਇੱਕ ਪਾਸੇ ਕਲਾਕਾਰ ਦੀ ਅਭਿਵਿਅਕਤੀ ਦੀ ਆਜ਼ਾਦੀ ਹੈ, ਦੂਜੇ ਪਾਸੇ ਇੱਕ ਪ੍ਰਦਰਸ਼ਨੀ ਸਥਾਨ ਦੀ ਆਪਣੀ ਨੀਤੀ ਅਤੇ ਨਿਯਮ।
ਅਸਲ ਕਾਨੂੰਨੀ ਵਿਵਾਦ ਸ਼ਾਇਦ ਇਨ੍ਹਾਂ ਦੋਹਾਂ ਦੇ ਵਿਚਕਾਰ ਸੰਤੁਲਨ ਦਾ ਹੈ।
ਲੇਖਕ: ਡਾ. ਸੰਦੀਪ ਘੰਡ,
ਐਡਵੋਕੇਟ ਅਤੇ ਸਮਾਜਿਕ ਕਾਰਕੁਨ
ਮਾਨਸਾ | ਮੋਬਾਈਲ: 9478231000