October 25, 2026

Justice News

ਅਵਾਮ ਦੀ ਆਵਾਜ਼

ਹਰਿਆਣਾ ਨਿਊਜ਼

ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਅੰਮ੍ਰਿਤਸਰ ਸਥਿਤ ਭਗਵਾਨ ਵਾਲਮੀਕਿ ਤੀਰਥ ਸਥਲ ‘ਤੇ ਮੱਥਾ ਟੇਕ ਕੇ ਦੇਸ਼-ਸੂਬੇ ਦੀ ਸੁੱਖ-ਸ਼ਾਂਤੀ ਅਤੇ ਭਲਾਈ ਦੀ ਕੀਤੀ ਕਾਮਨਾ

ਚੰਡੀਗੜ੍ਹ

, ( ਜਸਟਿਸ ਨਿਊਜ਼  )

ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਨੇ ਅੰਮ੍ਰਿਤਸਰ ਸਥਿਤ ਭਗਵਾਨ ਵਾਲਮੀਕਿ ਤੀਰਥ ਸਥਲ ‘ਤੇ ਪਹੁੰਚ ਕੇ ਭਗਵਾਨ ਵਾਲਮੀਕਿ ਜੀ ਨੂੰ ਨਮਨ ਕੀਤਾ ਅਤੇ ਮੱਥਾ ਟੇਕ ਕੇ ਦੇਸ਼ ਅਤੇ ਸੂਬਾ ਵਾਸੀਆਂ ਦੀ ਸੁੱਖ-ਸਮ੍ਰਿੱਧੀ, ਸ਼ਾਂਤੀ ਅਤੇ ਭਲਾਈ ਦੀ ਕਾਮਨਾ ਕੀਤੀ। ਤੀਰਥ ਸਥਲ ‘ਤੇ ਪਹੁੰਚਣ ‘ਤੇ ਲੋਕਾਂ ਨੇ ਮੁੱਖ ਮੰਤਰੀ ਦਾ ਭਰਵਾਂ ਸਵਾਗਤ ਕੀਤਾ।

ਇਸ ਮੌਕੇ ਮੁੱਖ ਮੰਤਰੀ ਨੇ ਭਗਵਾਨ ਵਾਲਮੀਕਿ ਜਯੰਤੀ ਦੇ ਪਵਿੱਤਰ ਤਿਉਹਾਰ ‘ਤੇ ਦੇਸ਼ ਅਤੇ ਸੂਬਾ ਵਾਸੀਆਂ ਨੂੰ ਹਾਰਦਿਕ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਭਗਵਾਨ ਵਾਲਮੀਕਿ ਜੀ ਦਾ ਜੀਵਨ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਪੂਰੀ ਮਾਨਵਤਾ ਲਈ ਪ੍ਰੇਰਨਾ ਸਰੋਤ ਹਨ। ਉਨ੍ਹਾਂ ਦੀਆਂ ਸਿੱਖਿਆਵਾਂ ਸਮਾਜ ਵਿੱਚ ਸਮਾਨਤਾ, ਸਦਭਾਵਨਾ, ਭਾਈਚਾਰੇ ਅਤੇ ਨੈਤਿਕ ਕਦਰਾਂ-ਕੀਮਤਾਂ ਨੂੰ ਮਜ਼ਬੂਤ ਕਰਨ ਦਾ ਸੁਨੇਹਾ ਦਿੰਦੀਆਂ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਭਗਵਾਨ ਵਾਲਮੀਕਿ ਜੀ ਦੁਆਰਾ ਰਚਿਤ ਰਾਮਾਇਣ ਭਾਰਤੀ ਸੱਭਿਆਚਾਰ, ਆਦਰਸ਼ ਜੀਵਨ ਮੁੱਲਾਂ ਅਤੇ ਮਾਨਵੀ ਸੰਵੇਦਨਾਵਾਂ ਦਾ ਬੇਮਿਸਾਲ ਗ੍ਰੰਥ ਹੈ। ਭਗਵਾਨ ਵਾਲਮੀਕਿ ਜੀ ਦੇ ਵਿਚਾਰ ਸਾਨੂੰ ਸੱਚ, ਧਰਮ, ਫਰਜ਼ ਅਤੇ ਇਨਸਾਨੀਅਤ ਦੇ ਰਾਹ ‘ਤੇ ਚੱਲਣ ਦੀ ਪ੍ਰੇਰਨਾ ਦਿੰਦੇ ਹਨ। ਉਨ੍ਹਾਂ ਦੀਆਂ ਸਿੱਖਿਆਵਾਂ ਅੱਜ ਵੀ ਸਮਾਜ ਨੂੰ ਇਕਜੁੱਟ ਕਰਨ ਅਤੇ ਸਮਾਜਿਕ ਸਦਭਾਵਨਾ ਨੂੰ ਉਤਸ਼ਾਹਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ।

ਇਸ ਮੌਕੇ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਨੇ ਲੋੜਵੰਦ ਲਾਭਪਾਤਰੀਆਂ ਨੂੰ ਟ੍ਰਾਈ-ਸਾਈਕਲਾਂ ਵੀ ਵੰਡੀਆਂ। ਉਨ੍ਹਾਂ ਕਿਹਾ ਕਿ ਲੋੜਵੰਦ ਲੋਕਾਂ ਨੂੰ ਸਹਾਇਤਾ ਪ੍ਰਦਾਨ ਕਰਨਾ ਅਤੇ ਉਨ੍ਹਾਂ ਨੂੰ ਆਤਮਨਿਰਭਰ ਬਣਾਉਣ ਦੇ ਮੌਕੇ ਉਪਲਬਧ ਕਰਵਾਉਣਾ ਸਮਾਜ ਪ੍ਰਤੀ ਸਾਡੀ ਸਾਂਝੀ ਜ਼ਿੰਮੇਵਾਰੀ ਹੈ। ਦਿਵਿਆਂਗਜਨਾਂ ਨੂੰ ਲੋੜੀਂਦੀਆਂ ਸਹੂਲਤਾਂ ਉਪਲਬਧ ਕਰਵਾ ਕੇ ਉਨ੍ਹਾਂ ਦੇ ਜੀਵਨ ਨੂੰ ਸੁਖਾਲਾ ਬਣਾਉਣਾ ਅਤੇ ਉਨ੍ਹਾਂ ਨੂੰ ਸਮਾਜ ਦੀ ਮੁੱਖ ਧਾਰਾ ਨਾਲ ਜੋੜਨਾ ਸਰਕਾਰ ਦੀਆਂ ਪਹਿਲਕਦਮੀਆਂ ਵਿੱਚ ਸ਼ਾਮਲ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਭਗਵਾਨ ਵਾਲਮੀਕਿ ਜੀ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿੱਚ ਅਪਣਾਉਂਦੇ ਹੋਏ ਸਾਨੂੰ ਸਮਾਜ ਦੇ ਹਰੇਕ ਵਰਗ ਦੇ ਸਤਿਕਾਰ, ਭਲਾਈ ਅਤੇ ਉੱਨਤੀ ਲਈ ਮਿਲ ਕੇ ਕੰਮ ਕਰਨਾ ਚਾਹੀਦਾ ਹੈ। ਇਹੋ ਭਗਵਾਨ ਵਾਲਮੀਕਿ ਜੀ ਪ੍ਰਤੀ ਸੱਚੀ ਸ਼ਰਧਾ ਅਤੇ ਸਤਿਕਾਰ ਹੈ।

ਜਦੋਂ ਹਰ ਨਾਗਰਿਕ ਕਹੇਗਾ ਕਿ ਦੇਸ਼ ਲਈ ਮੇਰਾ ਵੀ ਯੋਗਦਾਨ ਹੈ, ਉਦੋਂ ਭਾਰਤ ਦੀ ਤਰੱਕੀ ਨੂੰ ਕੋਈ ਨਹੀਂ ਰੋਕ ਸਕਦਾ : ਮੁੱਖ ਮੰਤਰੀ ਨਾਇਬ ਸਿੰਘ ਸੈਣੀ

‘ਅਸੀਂ ਭਾਰਤ ਦੇ ਲੋਕ, ਸਾਡੀ ਜ਼ਿੰਮੇਵਾਰੀ’ ਵਿਸ਼ੇ ’ਤੇ ਪੰਚਨਦ ਰਿਸਰਚ ਇੰਸਟੀਚਿਊਟ ਦੇ ਪ੍ਰੋਗਰਾਮ ਵਿੱਚ ਲਿਆ ਹਿੱਸਾ

ਚੰਡੀਗੜ੍ਹ

,(ਜਸਟਿਸ ਨਿਊਜ਼   )

ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਅੱਜ ਅਧਿਕਾਰਾਂ ਦੀ ਚਰਚਾ ਤਾਂ ਬਹੁਤ ਹੁੰਦੀ ਹੈ, ਪਰ ਫਰਜ਼ਾਂ ਅਤੇ ਜ਼ਿੰਮੇਵਾਰੀਆਂ ‘ਤੇ ਅਨੁਪਾਤਕ ਤੌਰ ‘ਤੇ ਘੱਟ ਚਰਚਾ ਹੁੰਦੀ ਹੈ। ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਸਾਡੇ ਅਧਿਕਾਰ ਕੀ ਹਨ, ਸਾਡੀ ਜ਼ਿੰਮੇਵਾਰੀ ਕੀ ਹੈ ਅਤੇ ਇੱਕ ਨਾਗਰਿਕ ਵਜੋਂ ਸਾਡਾ ਕੀ ਫਰਜ਼ ਹੈ। ਉਨ੍ਹਾਂ ਕਿਹਾ ਕਿ ‘ਹਮ ਭਾਰਤ ਕੇ ਲੋਗ, ਹਮਾਰਾ ਦਾਇਤਵ’ ਵਰਗੇ ਮਹੱਤਵਪੂਰਨ ਵਿਸ਼ੇ ’ਤੇ ਵਿਚਾਰ-ਵਟਾਂਦਰੇ ਲਈ ਇਕੱਠੇ ਹੋਣਾ ਆਪਣੇ ਆਪ ਵਿੱਚ ਇੱਕ ਸਾਰਥਕ ਪਹਿਲਕਦਮੀ ਹੈ। ਅਜਿਹੇ ਆਯੋਜਨਾਂ ਵਿੱਚ ਹੋਣ ਵਾਲੀ ਚਰਚਾ ਤੋਂ ਨਿਕਲਣ ਵਾਲੇ ਵਿਚਾਰਾਂ ਦਾ ਲਾਭ ਆਉਣ ਵਾਲੀਆਂ ਪੀੜ੍ਹੀਆਂ ਨੂੰ ਮਿਲਦਾ ਹੈ ਅਤੇ ਉਨ੍ਹਾਂ ਨੂੰ ਦੇਸ਼ ਅਤੇ ਰਾਸ਼ਟਰ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਮਝਣ ਦੀ ਦਿਸ਼ਾ ਮਿਲਦੀ ਹੈ।

ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਐਤਵਾਰ ਨੂੰ ਚੰਡੀਗੜ੍ਹ ਵਿੱਚ ਪੰਚਨਦ ਰਿਸਰਚ ਇੰਸਟੀਚਿਊਟ (ਪੰਚਨਦ ਸ਼ੋਧ ਸੰਸਥਾਨ) ਵੱਲੋਂ ਆਯੋਜਿਤ 33ਵੇਂ ਸਲਾਨਾ ਲੈਕਚਰ ਪੂਰਵ-ਲੋਕਮੰਥਨ ਪ੍ਰੋਗਰਾਮ ਵਿੱਚ ਸੰਬੋਧਨ ਕਰ ਰਹੇ ਸਨ। ਪ੍ਰੋਗਰਾਮ ਦਾ ਵਿਸ਼ਾ ‘ਹਮ ਭਾਰਤ ਕੇ ਲੋਗ, ਹਮਾਰਾ ਦਾਇਤਵ’ ਸੀ। ਮੁੱਖ ਮੰਤਰੀ ਨੇ ਪ੍ਰੋਗਰਾਮ ਦੌਰਾਨ ਪੰਚਨਦ ਰਿਸਰਚ ਇੰਸਟੀਚਿਊਟ ਨੂੰ 11 ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ।

ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸੰਵਿਧਾਨ ਵਿੱਚ ਮੌਲਿਕ ਫਰਜ਼ਾਂ ਨੂੰ ਸ਼ਾਮਲ ਕੀਤਾ ਗਿਆ ਸੀ, ਪਰ ਲੰਬੇ ਸਮੇਂ ਤੱਕ ਅਧਿਕਾਰਾਂ ‘ਤੇ ਵੱਧ ਅਤੇ ਫਰਜ਼ਾਂ ‘ਤੇ ਘੱਟ ਚਰਚਾ ਹੁੰਦੀ ਰਹੀ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਇਸ ਪ੍ਰੋਗਰਾਮ ਵਿੱਚ ਬੁਲਾਰਿਆਂ ਵੱਲੋਂ ਰੱਖੇ ਜਾਣ ਵਾਲੇ ਵਿਚਾਰ ਆਉਣ ਵਾਲੀਆਂ ਪੀੜ੍ਹੀਆਂ ਲਈ ਚਾਨਣ ਮੁਨਾਰੇ ਵਜੋਂ ਕੰਮ ਕਰਨਗੇ ਅਤੇ ਦੇਸ਼ ਵਾਸੀਆਂ ਨੂੰ ਰਾਸ਼ਟਰ ਪ੍ਰਤੀ ਆਪਣੇ ਫਰਜ਼ਾਂ ਦਾ ਰਾਹ ਦਿਖਾਉਣਗੇ।

ਉਨ੍ਹਾਂ ਕਿਹਾ ਕਿ ਸਾਡੇ ਸੰਵਿਧਾਨ ਦੀ ਪ੍ਰਸਤਾਵਨਾ ਦੇ ਪਹਿਲੇ ਸ਼ਬਦ ਹਨ- ‘ਅਸੀਂ, ਭਾਰਤ ਦੇ ਲੋਕ।’ ਇਹ ਸ਼ਬਦ ਸਾਨੂੰ ਦੱਸਦੇ ਹਨ ਕਿ ਭਾਰਤ ਦੀ ਲੋਕਤੰਤਰੀ ਵਿਵਸਥਾ ਦਾ ਆਧਾਰ ਜਨਤਾ ਹੈ। ਸੰਵਿਧਾਨ ਸਾਨੂੰ ਅਧਿਕਾਰ ਦਿੰਦਾ ਹੈ, ਸਾਡੀ ਆਜ਼ਾਦੀ ਅਤੇ ਗੌਰਵ ਦੀ ਰੱਖਿਆ ਕਰਦਾ ਹੈ। ਨਾਲ ਹੀ, ਉਹ ਸਾਡੇ ਤੋਂ ਇਹ ਉਮੀਦ ਵੀ ਕਰਦਾ ਹੈ ਕਿ ਅਸੀਂ ਦੇਸ਼, ਸਮਾਜ ਅਤੇ ਇੱਕ-ਦੂਜੇ ਪ੍ਰਤੀ ਆਪਣੀ ਜ਼ਿੰਮੇਵਾਰੀ ਪੂਰੀ ਨਿਸ਼ਠਾ ਨਾਲ ਨਿਭਾਈਏ। ਅਧਿਕਾਰ ਸਾਨੂੰ ਸ਼ਕਤੀਸ਼ਾਲੀ ਬਣਾਉਂਦੇ ਹਨ ਅਤੇ ਜ਼ਿੰਮੇਵਾਰੀ ਉਸ ਸ਼ਕਤੀ ਨੂੰ ਸਹੀ ਦਿਸ਼ਾ ਦਿੰਦੀ ਹੈ। ਜਦੋਂ ਅਧਿਕਾਰ ਅਤੇ ਫਰਜ਼ ਨਾਲ-ਨਾਲ ਚੱਲਦੇ ਹਨ, ਉਦੋਂ ਹੀ ਲੋਕਤੰਤਰ ਮਜ਼ਬੂਤ ਹੁੰਦਾ ਹੈ।

ਉਨ੍ਹਾਂ ਕਿਹਾ ਕਿ ਸੰਵਿਧਾਨ ਦੀ ਧਾਰਾ 51A ਵਿੱਚ ਨਾਗਰਿਕਾਂ ਦੇ ਮੂਲ ਫਰਜ਼ਾਂ ਦਾ ਜ਼ਿਕਰ ਹੈ। ਇਸ ਵਿੱਚ ਸੰਵਿਧਾਨ ਅਤੇ ਇਸ ਦੇ ਆਦਰਸ਼ਾਂ ਦਾ ਸਤਿਕਾਰ ਕਰਨਾ, ਆਜ਼ਾਦੀ ਸੰਗਰਾਮ ਦੇ ਮੁੱਲਾਂ ਨੂੰ ਸੰਭਾਲਣਾ, ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ ਰੱਖਿਆ ਕਰਨਾ, ਸਮਾਜਿਕ ਸਦਭਾਵਨਾ ਨੂੰ ਵਧਾਉਣਾ, ਔਰਤਾਂ ਦੇ ਸਨਮਾਨ ਦੀ ਰੱਖਿਆ ਕਰਨਾ, ਸਾਡੀ ਸਾਂਝੀ ਸੱਭਿਆਚਾਰਕ ਵਿਰਾਸਤ ਅਤੇ ਕੁਦਰਤ ਦੀ ਰੱਖਿਆ ਕਰਨਾ ਸ਼ਾਮਲ ਹੈ। ਇਹ ਗੱਲਾਂ ਸਾਡੇ ਸਮਾਜ ਨੂੰ ਜੋੜਨ ਅਤੇ ਦੇਸ਼ ਨੂੰ ਅੱਗੇ ਲੈ ਕੇ ਜਾਣ ਦੇ ਜੀਵਨ-ਮੁੱਲ ਹਨ।

ਉਨ੍ਹਾਂ ਕਿਹਾ ਕਿ ਜ਼ਿੰਮੇਵਾਰੀ ਦਾ ਪਹਿਲਾ ਰੂਪ ਹੈ- ਸੰਵਿਧਾਨ ਅਤੇ ਸੰਸਥਾਵਾਂ ਦਾ ਸਤਿਕਾਰ ਕਰਨਾ। ਸਾਡਾ ਲੋਕਤੰਤਰ ਵੱਖ-ਵੱਖ ਵਿਚਾਰਾਂ, ਅਨੇਕਾਂ ਭਾਸ਼ਾਵਾਂ, ਵੱਖ-ਵੱਖ ਪਰੰਪਰਾਵਾਂ ਅਤੇ ਅਨੇਕਾਂ ਭਾਈਚਾਰਿਆਂ ਨੂੰ ਨਾਲ ਲੈ ਕੇ ਚੱਲਦਾ ਹੈ। ਅਸਹਿਮਤੀ ਲੋਕਤੰਤਰ ਦਾ ਕੁਦਰਤੀ ਹਿੱਸਾ ਹੈ। ਪਰ, ਅਸਹਿਮਤੀ ਦੇ ਵਿਚਕਾਰ ਵੀ ਸੰਵਾਦ, ਮਰਿਆਦਾ ਅਤੇ ਕਾਨੂੰਨ ਪ੍ਰਤੀ ਸਤਿਕਾਰ ਬਣਿਆ ਰਹਿਣਾ ਚਾਹੀਦਾ ਹੈ। ਸਾਡੇ ਵਿਚਾਰ ਵੱਖਰੇ ਹੋ ਸਕਦੇ ਹਨ, ਪਰ ਰਾਸ਼ਟਰੀ ਹਿੱਤ ਵਿੱਚ ਸਾਡਾ ਸੰਕਲਪ ਇੱਕ ਹੋਣਾ ਚਾਹੀਦਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਸਾਡੀ ਅਗਲੀ ਜ਼ਿੰਮੇਵਾਰੀ ਸਮਾਜ ਵਿੱਚ ਭਾਈਚਾਰੇ ਅਤੇ ਸਤਿਕਾਰ ਦੀ ਭਾਵਨਾ ਨੂੰ ਮਜ਼ਬੂਤ ਕਰਨਾ ਹੋਣੀ ਚਾਹੀਦੀ ਹੈ। ਕੋਈ ਵੀ ਵਿਅਕਤੀ ਭਾਸ਼ਾ, ਜਾਤ, ਧਰਮ, ਖੇਤਰ ਜਾਂ ਆਰਥਿਕ ਸਥਿਤੀ ਦੇ ਆਧਾਰ ‘ਤੇ ਛੋਟਾ ਜਾਂ ਵੱਡਾ ਨਹੀਂ ਹੁੰਦਾ। ਸਾਡੇ ਦੇਸ਼ ਦੀ ਵੰਨ-ਸੁਵੰਨਤਾ ਸਾਡੀ ਪਛਾਣ ਹੈ। ਇਸ ਲਈ, ਜਦੋਂ ਵੀ ਅਸੀਂ ਕਿਸੇ ਵੀ ਧਰਮ, ਜਾਤ, ਖੇਤਰ ਜਾਂ ਭਾਸ਼ਾ ਦੇ ਵਿਅਕਤੀ ਨੂੰ ਮਿਲੀਏ ਤਾਂ ਸਭ ਤੋਂ ਪਹਿਲਾਂ ਸਾਡੇ ਅੰਦਰ ਇਹੋ ਭਾਵਨਾ ਆਉਣੀ ਚਾਹੀਦੀ ਹੈ ਕਿ ਉਹ ਭਾਰਤੀ ਹੈ ਅਤੇ ਮੇਰਾ ਹੀ ਭੈਣ-ਭਰਾ ਹੈ। ਇਹ ਭਾਵਨਾ ਜਦੋਂ ਸਾਰੇ ਨਾਗਰਿਕਾਂ ਵਿੱਚ ਆ ਜਾਵੇਗੀ ਤਾਂ ਭਾਰਤ ਇੱਕ ਬਹੁਤ ਵੱਡੀ ਤਾਕਤ ਬਣ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਭਾਵਨਾ ਆਉਂਦਿਆਂ ਹੀ ਕਈ ਖਾਮੀਆਂ ਆਪਣੇ ਆਪ ਖਤਮ ਹੋ ਜਾਣਗੀਆਂ। ਤਦ ਸਮਾਜ ਵਿੱਚ ਹਰ ਧੀ ਨੂੰ ਸਤਿਕਾਰ ਅਤੇ ਸੁਰੱਖਿਆ ਮਿਲੇਗੀ, ਬਜ਼ੁਰਗਾਂ ਨੂੰ ਆਦਰ ਮਿਲੇਗਾ, ਵਾਂਝੇ ਵਿਅਕਤੀ ਨੂੰ ਮੌਕੇ ਮਿਲਣਗੇ ਅਤੇ ਹਰ ਨਾਗਰਿਕ ਨੂੰ ਇਹ ਭਰੋਸਾ ਹੋਵੇਗਾ ਕਿ ਇਹ ਮੇਰਾ ਦੇਸ਼ ਹੈ ਅਤੇ ਮੈਂ ਇਸ ਦੇਸ਼ ਦਾ ਬਰਾਬਰ ਦਾ ਭਾਈਵਾਲ ਹਾਂ।

ਪ੍ਰਧਾਨ ਮੰਤਰੀ ਨੇ ਵਿਕਸਿਤ ਭਾਰਤ ਦੀ ਯਾਤਰਾ ਵਿੱਚ ਭਾਗੀਦਾਰੀ ਦਾ ਕੀਤਾ ਸੱਦਾ

ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਵਿਕਸਿਤ ਭਾਰਤ ਦੀ ਯਾਤਰਾ ਵਿੱਚ ਨੌਜਵਾਨਾਂ, ਯੂਨੀਵਰਸਿਟੀਆਂ ਅਤੇ ਸੰਸਥਾਵਾਂ ਨੂੰ ਭਾਗ ਲੈਣ ਦਾ ਸੱਦਾ ਦਿੱਤਾ ਹੈ। ਪ੍ਰਧਾਨ ਮੰਤਰੀ ਦੇ 140 ਕਰੋੜ ਦੇਸ਼ ਵਾਸੀਆਂ ਦੀ ਸਾਂਝੀ ਭਾਗੀਦਾਰੀ ਦੇ ਸੰਕਲਪ ਦਾ ਸੁਨੇਹਾ ਹੈ ਕਿ ਦੇਸ਼ ਦੀ ਤਰੱਕੀ ਵਿੱਚ ਹਰੇਕ ਨਾਗਰਿਕ ਦੀ ਭੂਮਿਕਾ ਮਹੱਤਵਪੂਰਨ ਹੈ। ਇਸ ਸਾਂਝੇ ਸੰਕਲਪ ਵਿੱਚ ਹਰਿਆਣਾ ਵੀ ਇੱਕ ਮਹੱਤਵਪੂਰਨ ਭਾਈਵਾਲ ਹੈ।

ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਜਦੋਂ ਹਰ ਨਾਗਰਿਕ ਇਹ ਕਹੇਗਾ ਕਿ ਦੇਸ਼ ਲਈ ਮੇਰਾ ਵੀ ਯੋਗਦਾਨ ਹੈ, ਉਦੋਂ ਭਾਰਤ ਦੀ ਤਰੱਕੀ ਨੂੰ ਕੋਈ ਨਹੀਂ ਰੋਕ ਸਕਦਾ। ਉਨ੍ਹਾਂ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਅਧਿਕਾਰਾਂ ਪ੍ਰਤੀ ਸੁਚੇਤ ਰਹਿਣ ਦੇ ਨਾਲ-ਨਾਲ ਆਪਣੇ ਫਰਜ਼ਾਂ ਨੂੰ ਵੀ ਪੂਰੀ ਨਿਸ਼ਠਾ ਨਾਲ ਨਿਭਾਉਣ ਅਤੇ ਰਾਸ਼ਟਰ ਨਿਰਮਾਣ ਵਿੱਚ ਆਪਣੀ ਭੂਮਿਕਾ ਯਕੀਨੀ ਬਣਾਉਣ।

ਹਰਿਆਣਾ ਦੇ ਜਵਾਨਾਂ, ਕਿਸਾਨਾਂ ਅਤੇ ਖਿਡਾਰੀਆਂ ਦਾ ਯੋਗਦਾਨ

ਮੁੱਖ ਮੰਤਰੀ ਨੇ ਇਸ ਦੌਰਾਨ ਹਰਿਆਣਾ ਦੇ ਜਵਾਨਾਂ, ਕਿਸਾਨਾਂ ਅਤੇ ਖਿਡਾਰੀਆਂ ਦੇ ਯੋਗਦਾਨ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਸੂਬੇ ਦੇ ਜਵਾਨ ਦੇਸ਼ ਦੀ ਰੱਖਿਆ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ, ਕਿਸਾਨ ਦੇਸ਼ ਦੇ ਅੰਨ ਭੰਡਾਰ ਨੂੰ ਭਰਨ ਵਿੱਚ ਯੋਗਦਾਨ ਪਾਉਂਦੇ ਹਨ ਅਤੇ ਖਿਡਾਰੀ ਆਪਣੀਆਂ ਪ੍ਰਾਪਤੀਆਂ ਨਾਲ ਦੇਸ਼ ਦਾ ਨਾਂ ਰੋਸ਼ਨ ਕਰਦੇ ਹਨ। ਉਨ੍ਹਾਂ ਸੂਬੇ ਵਿੱਚ ਉਦਯੋਗ ਸਮੇਤ ਵੱਖ-ਵੱਖ ਖੇਤਰਾਂ ਵਿੱਚ ਹੋ ਰਹੀ ਤਰੱਕੀ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਇਸ ਦੌਰਾਨ ਹਰਿਆਣਾ ਸਰਕਾਰ ਦੇ ਯਤਨਾਂ ਨਾਲ ਹੋਏ ਬਦਲਾਅ ਅਤੇ ਵਿਕਾਸ ਦਾ ਵੇਰਵਾ ਵੀ ਰੱਖਿਆ। ਮੁੱਖ ਮੰਤਰੀ ਨੇ ਅਗਨੀਵੀਰਾਂ ਦੇ ਸਬੰਧ ਵਿੱਚ ਹਰਿਆਣਾ ਸਰਕਾਰ ਵੱਲੋਂ ਕੀਤੀ ਗਈ ਰੋਜ਼ਗਾਰ ਦੀ ਵਿਵਸਥਾ ਦਾ ਜ਼ਿਕਰ ਕੀਤਾ। ਉਨ੍ਹਾਂ ਅਗਨੀਵੀਰਾਂ ਨੂੰ ਸੂਬੇ ਦੀਆਂ ਸਰਕਾਰੀ ਨੌਕਰੀਆਂ ਵਿੱਚ ਮੌਕੇ ਦੇਣ ਦੀ ਵਿਵਸਥਾ ਦੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਜਿਵੇਂ ਹੀ ਅਗਨੀਵੀਰਾਂ ਦਾ ਪਹਿਲਾ ਗਰੁੱਪ ਆਵੇਗਾ, ਤਾਂ ਉਨ੍ਹਾਂ ਨੂੰ ਜੁਆਇਨਿੰਗ ਲੈਟਰ ਦਿੱਤੇ ਜਾਣ। ਮੁੱਖ ਮੰਤਰੀ ਨੇ ਹਰਿਆਣਾ ਸਰਕਾਰ ਵੱਲੋਂ ਕੁਦਰਤੀ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਲਾਗੂ ਕੀਤੀ ਗਈ ਯੋਜਨਾ ਦੀ ਵੀ ਜਾਣਕਾਰੀ ਦਿੱਤੀ।

‘ਬੇਟੀ ਬਚਾਓ, ਬੇਟੀ ਪੜ੍ਹਾਓ’ ਮੁਹਿੰਮ ਦਾ ਕੀਤਾ ਜ਼ਿਕਰ

ਮੁੱਖ ਮੰਤਰੀ ਨੇ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਮੁਹਿੰਮ ਦਾ ਜ਼ਿਕਰ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਹਰਿਆਣਾ ਤੋਂ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ। ਉਸ ਮੁਹਿੰਮ ਨੇ ਇੱਕ ਨਵੀਂ ਦਿਸ਼ਾ ਦੇਣ ਦਾ ਕੰਮ ਕੀਤਾ ਹੈ। ਉਨ੍ਹਾਂ ਇਸ ਦੌਰਾਨ ਧੀਆਂ ਦੀ ਸਿੱਖਿਆ, ਸਤਿਕਾਰ ਅਤੇ ਤਰੱਕੀ ਦੇ ਮਹੱਤਵ ‘ਤੇ ਗੱਲ ਰੱਖੀ। ਧੀਆਂ ਨੂੰ ਅੱਗੇ ਵਧਣ ਦੇ ਮੌਕੇ ਦੇਣਾ ਅਤੇ ਉਨ੍ਹਾਂ ਦੀ ਪ੍ਰਤਿਭਾ ਨੂੰ ਉਤਸ਼ਾਹਿਤ ਕਰਨਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ। ਅੱਜ ਧੀਆਂ ਰੱਖਿਆ, ਖੇਡਾਂ ਅਤੇ ਹੋਰ ਖੇਤਰਾਂ ਵਿੱਚ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰ ਰਹੀਆਂ ਹਨ।

ਨਾਗਰਿਕ ਫਰਜ਼ਾਂ ਨਾਲ ਮਜ਼ਬੂਤ ਹੋਵੇਗਾ ਸਮਾਜ ਅਤੇ ਰਾਸ਼ਟਰ

ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਵਿਕਸਿਤ ਭਾਰਤ ਦੀ ਯਾਤਰਾ ਵਿੱਚ ਵਿਸ਼ੇਸ਼ ਤੌਰ ‘ਤੇ ਨੌਜਵਾਨਾਂ, ਯੂਨੀਵਰਸਿਟੀਆਂ ਅਤੇ ਸੰਸਥਾਵਾਂ ਨੂੰ ਭਾਗ ਲੈਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਨੇ ਪਾਣੀ ਬਚਾਉਣ, ਬਿਜਲੀ ਦੀ ਖਪਤ ਘਟਾਉਣ, ਸਫ਼ਾਈ, ਹੁਨਰ ਅਤੇ ਨਾਗਰਿਕ ਭਾਵਨਾ ਨੂੰ ਵੀ ਵਿਕਸਿਤ ਭਾਰਤ ਦੇ ਯਤਨਾਂ ਨਾਲ ਜੋੜਿਆ ਹੈ। ਉਨ੍ਹਾਂ ਦਾ ਸੁਨੇਹਾ ਹੈ ਕਿ ਜਦੋਂ ਨਾਗਰਿਕ ਆਪਣੀ-ਆਪਣੀ ਭੂਮਿਕਾ ਵਿੱਚ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹਨ, ਉਦੋਂ ਹੀ ਦੇਸ਼ ਅੱਗੇ ਵਧਦਾ ਹੈ। ਇਹੋ ‘ਸਭ ਕਾ ਪ੍ਰਯਾਸ’ ਉਨ੍ਹਾਂ ਦੇ ਵਿਕਸਿਤ ਭਾਰਤ ਦੇ ਸੰਕਲਪ ਦਾ ਮੂਲ ਆਧਾਰ ਹੈ।

ਉਨ੍ਹਾਂ ਡਿਜੀਟਲ ਮਾਧਿਅਮਾਂ ‘ਤੇ ਸਾਂਝੀ ਕੀਤੀ ਜਾਣ ਵਾਲੀ ਜਾਣਕਾਰੀ ਪ੍ਰਤੀ ਵੀ ਜ਼ਿੰਮੇਵਾਰੀ ਵਰਤਣ ਦੀ ਲੋੜ ‘ਤੇ ਜ਼ੋਰ ਦਿੱਤਾ। ਕਿਸੇ ਵੀ ਜਾਣਕਾਰੀ ਨੂੰ ਅੱਗੇ ਭੇਜਣ ਤੋਂ ਪਹਿਲਾਂ ਉਸ ਦੀ ਸੱਚਾਈ ਦੀ ਜਾਂਚ ਕਰਨਾ ਜ਼ਰੂਰੀ ਹੈ, ਤਾਂ ਜੋ ਅਣਪੁਸ਼ਟ ਜਾਣਕਾਰੀ ਨਾਲ ਭੁਲੇਖਾ ਨਾ ਫੈਲੇ। ਮੁੱਖ ਮੰਤਰੀ ਨੇ ਕਿਹਾ ਕਿ ਹਰੇਕ ਵਿਅਕਤੀ ਆਪਣੇ ਰੋਜ਼ਾਨਾ ਜੀਵਨ ਵਿੱਚ ਛੋਟੇ-ਛੋਟੇ ਯਤਨਾਂ ਨਾਲ ਦੇਸ਼ ਅਤੇ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾ ਸਕਦਾ ਹੈ। ਜਦੋਂ ਨਾਗਰਿਕ ਆਪਣੇ ਫਰਜ਼ਾਂ ਨੂੰ ਸਮਝ ਕੇ ਉਨ੍ਹਾਂ ਦੀ ਪਾਲਣਾ ਕਰਨਗੇ, ਤਾਂ ਇਸ ਦਾ ਲਾਭ ਸਮਾਜ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਮਿਲੇਗਾ।

ਉਨ੍ਹਾਂ ਕਿਹਾ ਕਿ ਰਾਸ਼ਟਰ ਪ੍ਰਤੀ ਜ਼ਿੰਮੇਵਾਰੀ ਨਿਭਾਉਣ ਲਈ ਕਿਸੇ ਵੱਡੇ ਮੌਕੇ ਦੀ ਉਡੀਕ ਕਰਨ ਦੀ ਲੋੜ ਨਹੀਂ ਹੈ। ਰੋਜ਼ਾਨਾ ਜੀਵਨ ਵਿੱਚ ਇਮਾਨਦਾਰੀ, ਅਨੁਸ਼ਾਸਨ, ਸਹਿਯੋਗ, ਵਾਤਾਵਰਣ ਪ੍ਰਤੀ ਸੰਵੇਦਨਸ਼ੀਲਤਾ ਅਤੇ ਸਮਾਜਿਕ ਸਦਭਾਵਨਾ ਵਰਗੇ ਛੋਟੇ-ਛੋਟੇ ਯਤਨ ਵੀ ਦੇਸ਼ ਲਈ ਮਹੱਤਵਪੂਰਨ ਹਨ। ਜਦੋਂ ਨਾਗਰਿਕ ਆਪਣੇ ਫਰਜ਼ਾਂ ਨੂੰ ਜੀਵਨ ਦਾ ਹਿੱਸਾ ਬਣਾਉਣਗੇ, ਉਦੋਂ ਹੀ ਦੇਸ਼ ਅਤੇ ਸਮਾਜ ਨਿਰੰਤਰ ਤਰੱਕੀ ਕਰ ਸਕਣਗੇ।

ਪ੍ਰੋਗਰਾਮ ਵਿੱਚ ਇੰਦਰਾ ਗਾਂਧੀ ਨੈਸ਼ਨਲ ਸੈਂਟਰ ਫਾਰ ਦ ਆਰਟਸ ਦੇ ਮੈਂਬਰ ਸਕੱਤਰ ਅਤੇ ਆਯੋਜਕ ਡਾ. ਸੱਚਿਦਾਨੰਦ ਜੋਸ਼ੀ, ਪੰਚਨਦ ਰਿਸਰਚ ਇੰਸਟੀਚਿਊਟ ਦੇ ਪ੍ਰਧਾਨ ਪ੍ਰੋ. ਬ੍ਰਿਜ ਕਿਸ਼ੋਰ ਕੁਠਿਆਲਾ, ਕਾਰਜਕਾਰੀ ਪ੍ਰਧਾਨ ਡਾ. ਜਗਬੀਰ ਸਿੰਘ, ਡਾਇਰੈਕਟਰ ਸ਼੍ਰੀ ਭੋਲਾ ਰਾਮ ਗੁਰਜਰ, ਸ਼੍ਰੀ ਵਿਕਰਮ ਅਰੋੜਾ, ਮੁੱਖ ਮੰਤਰੀ ਦੇ ਓ.ਐੱਸ.ਡੀ. ਅਤੇ ਸਵਰਨ ਜਯੰਤੀ ਹਰਿਆਣਾ ਵਿੱਤੀ ਪ੍ਰਬੰਧਨ ਸੰਸਥਾਨ ਦੇ ਡਾਇਰੈਕਟਰ ਜਨਰਲ ਡਾ. ਰਾਜ ਨਹਿਰੂ ਸਮੇਤ ਹੋਰ ਪ੍ਰਮੁੱਖ ਸ਼ਖਸੀਅਤਾਂ ਹਾਜ਼ਰ ਸਨ।

ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਨੇ ਪੰਚਕੂਲਾ ਵਿੱਚ ਸੁਣਿਆ ‘ਮਨ ਕੀ ਬਾਤ’ ਪ੍ਰੋਗਰਾਮ ਦਾ 139ਵਾਂ ਸੰਸਕਰਣ-ਜਨਪ੍ਰਤੀਨਿਧੀਆਂ, ਪਾਰਟੀ ਵਰਕਰਾਂ ਅਤੇ ਸਥਾਨਕ ਨਾਗਰਿਕਾਂ ਨਾਲ ਕਮਿਊਨਿਟੀ ਸੈਂਟਰ, ਸੈਕਟਰ-10 ਵਿੱਚ ਦੇਖਿਆ ਸਿੱਧਾ ਪ੍ਰਸਾਰਣ

ਚੰਡੀਗੜ੍ਹ,

(  ਜਸਟਿਸ ਨਿਊਜ਼ )

ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਨੇ ਅੱਜ ਪੰਚਕੂਲਾ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੇ ਪ੍ਰਸਿੱਧ ਪ੍ਰੋਗਰਾਮ ‘ਮਨ ਕੀ ਬਾਤ’ ਦੇ 139ਵੇਂ ਸੰਸਕਰਣ ਦਾ ਆਨਲਾਈਨ ਮਾਧਿਅਮ ਰਾਹੀਂ ਸਿੱਧਾ ਪ੍ਰਸਾਰਣ ਦੇਖਿਆ। ਇਸ ਮੌਕੇ ਸੈਕਟਰ-10 ਸਥਿਤ ਕਮਿਊਨਿਟੀ ਸੈਂਟਰ ਵਿੱਚ ਪ੍ਰੋਗਰਾਮ ਦੇ ਪ੍ਰਸਾਰਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ। ਮੁੱਖ ਮੰਤਰੀ ਨੇ ਇੱਥੇ ਹਾਜ਼ਰ ਜਨਪ੍ਰਤੀਨਿਧੀਆਂ, ਪਾਰਟੀ ਵਰਕਰਾਂ ਅਤੇ ਸਥਾਨਕ ਨਾਗਰਿਕਾਂ ਨਾਲ ਪ੍ਰੋਗਰਾਮ ਨੂੰ ਦੇਖਿਆ ਅਤੇ ਸੁਣਿਆ।

‘ਮਨ ਕੀ ਬਾਤ’ ਦੇਸ਼ ਨਿਰਮਾਣ ਵਿੱਚ ਜਨਤਕ ਭਾਗੀਦਾਰੀ ਨੂੰ ਕਰਦਾ ਹੈ ਉਤਸ਼ਾਹਿਤ

ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ‘ਮਨ ਕੀ ਬਾਤ’ ਪ੍ਰੋਗਰਾਮ ਦੇ ਮਾਧਿਅਮ ਨਾਲ ਦੇਸ਼ ਵਾਸੀਆਂ ਨਾਲ ਸੰਵਾਦ ਕਰਦੇ ਹਨ। ਇਸ ਪ੍ਰੋਗਰਾਮ ਵਿੱਚ ਉਹ ਪ੍ਰੇਰਨਾਦਾਇਕ ਕਹਾਣੀਆਂ, ਨਵੇਂ ਵਿਚਾਰਾਂ ਅਤੇ ਸਮਾਜ ਵਿੱਚ ਸਕਾਰਾਤਮਕ ਬਦਲਾਅ ਲਿਆਉਣ ਵਾਲੀਆਂ ਪਹਿਲਕਦਮੀਆਂ ਨੂੰ ਸਾਂਝਾ ਕਰਦੇ ਹਨ। ਇਹ ਪ੍ਰੋਗਰਾਮ ਦੇਸ਼ ਦੇ ਵੱਖ-ਵੱਖ ਖੇਤਰਾਂ ਵਿੱਚ ਸ਼ਲਾਘਾਯੋਗ ਕੰਮ ਕਰ ਰਹੇ ਲੋਕਾਂ ਅਤੇ ਸੰਸਥਾਵਾਂ ਦੇ ਯਤਨਾਂ ਨੂੰ ਘਰ-ਘਰ ਪਹੁੰਚਾਉਣ ਦੇ ਨਾਲ-ਨਾਲ ਨਾਗਰਿਕਾਂ ਨੂੰ ਦੇਸ਼ ਨਿਰਮਾਣ ਵਿੱਚ ਸਰਗਰਮ ਭੂਮਿਕਾ ਨਿਭਾਉਣ ਲਈ ਪ੍ਰੇਰਿਤ ਕਰਦਾ ਹੈ।

ਵੱਡੀ ਗਿਣਤੀ ਵਿੱਚ ਲੋਕਾਂ ਨੇ ਪ੍ਰੋਗਰਾਮ ਵਿੱਚ ਲਿਆ ਹਿੱਸਾ

‘ਮਨ ਕੀ ਬਾਤ’ ਪ੍ਰੋਗਰਾਮ ਵਿੱਚ ਚੁੱਕੇ ਗਏ ਮੁੱਦਿਆਂ ਅਤੇ ਜਨਹਿਤ ਨਾਲ ਜੁੜੀਆਂ ਪਹਿਲਕਦਮੀਆਂ ਪ੍ਰਤੀ ਲੋਕਾਂ ਦਾ ਸਾਰਥਕ ਜੁੜਾਅ ਵਧਾਉਣ ਦੇ ਮਕਸਦ ਨਾਲ ਆਯੋਜਿਤ ਇਸ ਪ੍ਰੋਗਰਾਮ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਸ਼ਮੂਲੀਅਤ ਕੀਤੀ। ਹਾਜ਼ਰ ਲੋਕਾਂ ਨੇ ਪ੍ਰਧਾਨ ਮੰਤਰੀ ਦੇ ਵਿਚਾਰਾਂ ਅਤੇ ਪ੍ਰੇਰਨਾਦਾਇਕ ਸੁਨੇਹਿਆਂ ਨੂੰ ਧਿਆਨਪੂਰਵਕ ਸੁਣਿਆ।

ਕਈ ਮੁੱਖ ਸ਼ਖਸੀਅਤਾਂ ਰਹੀਆਂ ਹਾਜ਼ਰ

ਇਸ ਮੌਕੇ ਮੁੱਖ ਮੰਤਰੀ ਦੇ ਓ.ਐੱਸ.ਡੀ. ਡਾ. ਰਾਜ ਨਹਿਰੂ, ਭਾਜਪਾ ਜ਼ਿਲ੍ਹਾ ਪ੍ਰਧਾਨ ਸ਼੍ਰੀ ਅਜੇ ਮਿੱਤਲ, ਹਰਿਆਣਾ ਵਿਧਾਨ ਸਭਾ ਦੇ ਸਾਬਕਾ ਸਪੀਕਰ ਸ਼੍ਰੀ ਗਿਆਨਚੰਦ ਗੁਪਤਾ, ਹਰਿਆਣਾ ਰਾਜ ਫਾਰਮੇਸੀ ਕੌਂਸਲ ਦੇ ਚੇਅਰਮੈਨ ਸ਼੍ਰੀ ਬੀ.ਬੀ. ਸਿੰਗਲ, ਹਰਿਆਣਾ ਸ਼ਿਵਾਲਿਕ ਵਿਕਾਸ ਬੋਰਡ ਦੇ ਕਾਰਜਕਾਰੀ ਉਪ-ਪ੍ਰਧਾਨ ਸ਼੍ਰੀ ਓਮਪ੍ਰਕਾਸ਼ ਦੇਵੀਨਗਰ, ਵਾਰਡ ਨੰਬਰ-4 ਦੇ ਕੌਂਸਲਰ ਸ਼੍ਰੀ ਭਾਰਤ ਹਿਤੇਸ਼ੀ, ਮੰਡਲ ਪ੍ਰਧਾਨ ਸ਼੍ਰੀ ਪ੍ਰਮੋਦ ਵਤਸ ਅਤੇ ਮੀਡੀਆ ਸੰਪਰਕ ਮੁੱਖੀ ਸ਼੍ਰੀ ਪ੍ਰਵੀਨ ਅਤਰੇ ਸਮੇਤ ਹੋਰ ਪ੍ਰਮੁੱਖ ਸ਼ਖਸੀਅਤਾਂ ਹਾਜ਼ਰ ਸਨ।

Leave a Reply

Your email address will not be published. Required fields are marked *

Copyright © All rights reserved. | Newsphere by AF themes.