September 10, 2026

Justice News

ਅਵਾਮ ਦੀ ਆਵਾਜ਼

ਦਿੜ੍ਹਬਾ ਮਾਮਲਾ ਪਹੁੰਚਿਆ ਅੰਤਰਰਾਸ਼ਟਰੀ ਪੱਧਰ ‘ਤੇ, ਧੱਕੇਸ਼ਾਹੀ ਤੋਂ ‘ਆਪ’ ਸਰਕਾਰ ਦਾ ਬਚਣਾ ਮੁਸ਼ਕਲ- ਭਾਈ ਵਿਰਸਾ ਸਿੰਘ ਖਾਲਸਾ

 

ਅੰਮ੍ਰਿਤਸਰ,
(ਰਣਜੀਤ ਸਿੰਘ ਮਸੌਣ/ ਜੋਗਾ ਸਿੰਘ ਰਾਜਪੂਤ) –
ਦਿੜ੍ਹਬਾ ਦੇ ਗੁਲਜ਼ਾਰ ਸਿੰਘ ਦੀ ਮੌਤ ਦਾ ਮਾਮਲਾ ਹੁਣ ਮਹਿਜ਼ ਇੱਕ ਸਥਾਨਕ ਘਟਨਾ ਨਹੀਂ ਰਿਹਾ, ਸਗੋਂ ਇਹ ਰਾਜਨੀਤਿਕ ਭੂਚਾਲ ਬਣ ਕੇ ਅੰਤਰਰਾਸ਼ਟਰੀ ਪੱਧਰ ‘ਤੇ ਗੂੰਜਣ ਲੱਗ ਪਿਆ ਹੈ। ਇਸ ਮਾਮਲੇ ‘ਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ (ਖਾਲਸਾ) ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਇੱਕ ਲਿਖਤੀ ਪ੍ਰੈਸ ਬਿਆਨ ਜਾਰੀ ਕਰਦਿਆਂ ਪੰਜਾਬ ਸਰਕਾਰ ‘ਤੇ ਤਿੱਖੇ ਹਮਲੇ ਕੀਤੇ ਅਤੇ ਮ੍ਰਿਤਕ ਦੇ ਪਰਿਵਾਰ ਨਾਲ ਗਹਿਰੀ ਹਮਦਰਦੀ ਦਾ ਪ੍ਰਗਟਾਵਾ ਕੀਤਾ।

 

ਸੰਸਦ ‘ਚ ਗੂੰਜਿਆ ਮੁੱਦਾ, ਰਾਹੁਲ ਗਾਂਧੀ ਤੇ ਵਿਰੋਧੀ ਧਿਰਾਂ ਇੱਕਜੁੱਟ
 
ਭਾਈ ਖਾਲਸਾ ਨੇ ਕਿਹਾ ਕਿ ਇਹ ਮਾਮਲਾ ਹੁਣ ਅੰਤਰਰਾਸ਼ਟਰੀ ਪੱਧਰ ‘ਤੇ ਪਹੁੰਚ ਗਿਆ ਹੈ ਜੋ ਸਰਕਾਰ ਲਈ ਵੱਡੀ ਪ੍ਰੇਸ਼ਾਨੀ ਖੜ੍ਹੀ ਕਰ ਸਕਦਾ ਹੈ, ਕਿਉਂਕਿ ਕਾਂਗਰਸ ਹਾਈਕਮਾਂਡ ਰਾਹੁਲ ਗਾਂਧੀ ਨੇ ਪੰਜਾਬ ਵਿੱਚ ਮਨੁੱਖੀ ਅਧਿਕਾਰਾਂ ਦੇ ਘਾਣ ਅਤੇ ਲਾਸ਼ਾਂ ‘ਤੇ ਹੋ ਰਹੀ ਰਾਜਨੀਤੀ ਦਾ ਇਹ ਮੁੱਦਾ ਸੰਸਦ ਵਿੱਚ ਚੁੱਕਿਆ ਹੈ। ਦੂਜੇ ਪਾਸੇ, ਭਾਜਪਾ ਦੇ ਪੰਜਾਬ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਵੀ ਸਖ਼ਤ ਸਟੈਂਡ ਲੈਂਦਿਆਂ ਪੰਜਾਬ ਸਰਕਾਰ ਨੂੰ ਚਾਰੇ ਪਾਸਿਓਂ ਘੇਰ ਲਿਆ ਹੈ। ਭਾਵੇਂ ਇਸ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਰਾਹੁਲ ਗਾਂਧੀ ‘ਤੇ ਪਲਟਵਾਰ ਕਰਦਿਆਂ ਕਿਹਾ ਕਿ ਤੁਸੀਂ ਲਾਸ਼ਾਂ ‘ਤੇ ਰਾਜਨੀਤੀ ਕਰ ਰਹੇ ਹੋ ਜੋ ਪੰਜਾਬ ਦੇ ਲੋਕਾਂ ਨੂੰ ਪਸੰਦ ਨਹੀਂ, ਪਰ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਦੇ ਇਸ ਮੁੱਦੇ ‘ਤੇ ਇੱਕਜੁੱਟ ਹੋਣ ਨਾਲ ਆਉਣ ਵਾਲੇ ਦਿਨਾਂ ਵਿੱਚ ਇਹ ਮਾਮਲਾ ਹੋਰ ਵੀ ਤੂਲ ਫੜ ਸਕਦਾ ਹੈ।

 

ਸਰਕਾਰੀ ਤਾਕਤ ਨਾਲ ਮਾਮਲਾ ਦਬਾਉਣ ਅਤੇ ਲਾਲਚ ਦੇਣ ਦੇ ਦੋਸ਼
 
ਭਾਈ ਵਿਰਸਾ ਸਿੰਘ ਖਾਲਸਾ ਨੇ ਇਲਜ਼ਾਮ ਲਾਇਆ ਕਿ ਸਰਕਾਰ ਆਪਣੀ ਸਰਕਾਰੀ ਤਾਕਤ ਰਾਹੀਂ ਇਸ ਧੱਕੇਸ਼ਾਹੀ ਵਾਲੇ ਮਾਮਲੇ ਨੂੰ ਦਬਾਉਣ ਦੀ ਪੂਰੀ ਵਾਹ ਲਾ ਰਹੀ ਹੈ। ਸਰਕਾਰ ਵੱਲੋਂ ਪਰਿਵਾਰ ‘ਤੇ ਦਬਾਅ ਬਣਾ ਕੇ ਸਰਕਾਰੀ ਨੌਕਰੀ ਦੇਣ, ਦੋਸ਼ੀਆਂ ‘ਤੇ ਪਰਚਾ ਦਰਜ ਕਰਨ, ਦੂਜੇ ਲੜਕੇ ਨੂੰ ਨਸ਼ਾ ਛੁਡਾਊ ਕੇਂਦਰ ਵਿੱਚ ਭਰਤੀ ਕਰਵਾਉਣ ਅਤੇ ਹੋਰ ਲਾਲਚ ਦੇ ਕੇ ਬਿਆਨ ਆਪਣੇ ਹੱਕ ਵਿੱਚ ਕਰਵਾਏ ਜਾ ਰਹੇ ਹਨ ਤਾਂ ਜੋ ਮਾਮਲਾ ਠੰਡਾ ਪੈ ਜਾਵੇ।

 

ਅੰਤਿਮ ਰਸਮਾਂ ‘ਚ ਪੁਲਿਸ ਦੀ ਧੱਕੇਸ਼ਾਹੀ ਤੇ ਮਾਨਵ ਅਧਿਕਾਰਾਂ ਦੀ ਉਲੰਘਣਾ
 
ਫੈਡਰੇਸ਼ਨ ਪ੍ਰਧਾਨ ਨੇ ਕਿਹਾ ਕਿ ਸਸਕਾਰ ਮੌਕੇ ਪੁਲਿਸ ਵੱਲੋਂ ਪਰਿਵਾਰ ਨੂੰ ਅੰਤਿਮ ਰਸਮਾਂ ਅਦਾ ਨਾ ਕਰਨ ਦੇਣਾ ਸ਼ਰਮਨਾਕ ਹੈ ਅਤੇ ਇਹ ਸਿੱਧੇ ਤੌਰ ‘ਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ। ਮ੍ਰਿਤਕ ਦੀ ਪਤਨੀ ਵੱਲੋਂ ਦਿੱਤੇ ਬਿਆਨ ਮੁਤਾਬਕ ਉਨ੍ਹਾਂ ਨੂੰ ਆਖਰੀ ਵਾਰ ਮ੍ਰਿਤਕ ਦਾ ਮੂੰਹ ਵੀ ਨਹੀਂ ਵੇਖਣ ਦਿੱਤਾ ਗਿਆ, ਜੋ ਪੁਲਿਸ ਦੀ ਸ਼ਰੇਆਮ ਧੱਕੇਸ਼ਾਹੀ ਨੂੰ ਦਰਸ਼ਾਉਂਦਾ ਹੈ।

 

ਅਦਾਲਤ ਤੇ ਮਨੁੱਖੀ ਅਧਿਕਾਰ ਕਮਿਸ਼ਨ ਦੇ ਸਕਦੇ ਹਨ ਨੋਟਿਸ
 
ਭਾਈ ਖਾਲਸਾ ਨੇ ਚੇਤਾਵਨੀ ਦਿੱਤੀ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਅਦਾਲਤਾਂ ਅਤੇ ਮਨੁੱਖੀ ਅਧਿਕਾਰ ਕਮਿਸ਼ਨ ਵੀ ਇਸ ਦਾ ਖੁਦ ਨੋਟਿਸ ਲੈਣ ਦਾ ਅਧਿਕਾਰ ਰੱਖਦੇ ਹਨ, ਜਿਸ ਨਾਲ ਸਰਕਾਰ ਦਾ ਇਸ ਮਾਮਲੇ ਤੋਂ ਬਚਣਾ ਬਹੁਤ ਮੁਸ਼ਕਿਲ ਹੋ ਜਾਵੇਗਾ। ਉਨ੍ਹਾਂ ਮੰਗ ਕੀਤੀ ਕਿ ਲੋਕਾਂ ਸਾਹਮਣੇ ਸੱਚਾਈ ਲਿਆਉਣ ਲਈ ਇਸ ਪੂਰੇ ਮਾਮਲੇ ਦੀ ਨਿਰਪੱਖ ਅਤੇ ਉੱਚ-ਪੱਧਰੀ ਜਾਂਚ ਕਰਵਾਈ ਜਾਵੇ। ਇਸ ਮੌਕੇ ਭਾਈ ਖਾਲਸਾ ਨਾਲ ਉਨ੍ਹਾਂ ਦੇ ਪੀ.ਏ. ਸੁਖਦੇਵ ਸਿੰਘ ਜਗਰਾਓਂ ਤੋਂ ਇਲਾਵਾ ਹੋਰ ਵੀ ਕਈ ਆਗੂ ਮੌਜੂਦ ਸਨ।

Leave a Reply

Your email address will not be published. Required fields are marked *

Copyright © All rights reserved. | Newsphere by AF themes.