ਜੈਂਤੀਪੁਰ ‘ਚ ਜ਼ਮੀਨੀ ਵਿਵਾਦ ‘ਚ ਖੂਨੀ ਖੇਡ: 5 ਸਾਲਾ ਮਾਸੂਮ ‘ਤੇ ਦਾਤਰਾਂ ਨਾਲ ਹਮਲਾ
ਅੰਮ੍ਰਿਤਸਰ,
(ਰਣਜੀਤ ਸਿੰਘ ਮਸੌਣ/ ਜੋਗਾ ਸਿੰਘ ਰਾਜਪੂਤ)
ਹਲਕਾ ਮਜੀਠਾ ਦੇ ਪਿੰਡ ਪਾਖਰਪੁਰਾ ਵਿਖੇ ਜ਼ਮੀਨੀ ਝਗੜੇ ਨੂੰ ਲੈ ਕੇ ਹੋਈ ਖੂ਼ੂਨੀ ਲੜਾਈ ਨੇ ਪੂਰੇ ਇਲਾਕੇ ਵਿੱਚ ਸਹਿਮ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਤਿੰਨ ਗੱਡੀਆਂ ਵਿੱਚ ਭਰ ਕੇ ਆਏ ਹਥਿਆਰਬੰਦ ਗੁੰਡਿਆਂ ਨੇ ਇੱਕ ਘਰ ‘ਤੇ ਹਮਲਾ ਬੋਲਦਿਆਂ ਨਾ ਸਿਰਫ਼ ਭੰਨਤੋੜ ਕੀਤੀ, ਸਗੋਂ ਵਿਹੜੇ ਵਿੱਚ ਖੇਡ ਰਹੇ 5 ਸਾਲ ਦੇ ਮਾਸੂਮ ਬੱਚੇ ਅਤੇ ਉਸ ਦੇ ਬਜ਼ੁਰਗ ਦਾਦੇ ‘ਤੇ ਵੀ ਤਰਸ ਨਹੀਂ ਖਾਧਾ।
3 ਗੱਡੀਆਂ ‘ਚ ਆਏ 20 ਦੇ ਕਰੀਬ ‘ਹਥਿਆਰਬੰਦ’ ਗੁੰਡੇ
ਪੀੜਤ ਓਂਕਾਰ ਸਿੰਘ ਉਰਫ਼ ਗੁਰਜੰਟ ਸਿੰਘ ਨੇ ਖ਼ੌਫ਼ਨਾਕ ਆਪ ਬੀਤੀ ਸੁਣਾਉਂਦਿਆਂ ਦੱਸਿਆ ਕਿ ਬੀਤੀ ਸ਼ਾਮ ਕਰੀਬ 7:30 ਵਜੇ ਉਨ੍ਹਾਂ ਦੇ ਗੁਆਂਢੀ ਦਵਿੰਦਰ ਸਿੰਘ ਉਰਫ਼ ਸੋਨੀ, ਸਿਕੰਦਰ ਸਿੰਘ, ਲਖਵਿੰਦਰ ਸਿੰਘ, ਜਸਵੰਤ ਸਿੰਘ ਅਤੇ 15-16 ਅਣਪਛਾਤੇ ਹਮਲਾਵਰ ਤਿੰਨ ਗੱਡੀਆਂ ਵਿੱਚ ਸਵਾਰ ਹੋ ਕੇ ਆਏ। ਆਉਂਦਿਆਂ ਹੀ ਉਨ੍ਹਾਂ ਨੇ ਘਰ ਦੇ ਮੁੱਖ ਗੇਟ ‘ਤੇ ਇੱਟਾਂ-ਰੋੜਿਆਂ ਦੀ ਬਰਸਾਤ ਕਰ ਦਿੱਤੀ।
ਖੇਡਦੇ 5 ਸਾਲਾ ਮਾਸੂਮ ਫਤਿਹਵੀਰ ‘ਤੇ ਦਾਤਰ ਨਾਲ ਵਾਰ, ਬਜ਼ੁਰਗ ਵੀ ਕੁੱਟਿਆ
ਜਦੋਂ ਘਰ ਦੀਆਂ ਔਰਤਾਂ ਨੇ ਬਾਹਰ ਦੇਖਿਆ ਤਾਂ ਹਮਲਾਵਰ ਹੱਥਾਂ ‘ਚ ਦਾਤਰ ਤੇ ਡਾਂਗਾਂ ਲਹਿਰਾਉਂਦੇ ਹੋਏ ਜ਼ਬਰਦਸਤੀ ਘਰ ਅੰਦਰ ਦਾਖਲ ਹੋ ਗਏ। ਹਮਲਾਵਰਾਂ ਨੇ ਵਿਹੜੇ ਵਿੱਚ ਖੇਡ ਰਹੇ 5 ਸਾਲਾ ਮਾਸੂਮ ਫਤਿਹਵੀਰ ਸਿੰਘ ‘ਤੇ ਦਾਤਰ ਨਾਲ ਤਬਾਹਕੁੰਨ ਵਾਰ ਕਰਕੇ ਉਸ ਨੂੰ ਲਹੂ-ਲੁਹਾਣ ਕਰ ਦਿੱਤਾ। ਇੰਨਾ ਹੀ ਨਹੀਂ, ਬਚਾਓ ਲਈ ਆਏ ਬਜ਼ੁਰਗ ਦਾਦੇ ‘ਤੇ ਵੀ ਡਾਂਗਾਂ ਅਤੇ ਦਾਤਰਾਂ ਨਾਲ ਜਾਨਲੇਵਾ ਹਮਲਾ ਕੀਤਾ ਗਿਆ। ਘਰ ਦਾ ਸਾਮਾਨ ਤੋੜਨ ਤੋਂ ਬਾਅਦ ਹਮਲਾਵਰ ਹਨ੍ਹੇਰੇ ਦਾ ਫਾਇਦਾ ਚੁੱਕ ਕੇ ਗੱਡੀਆਂ ਭਜਾ ਕੇ ਫਰਾਰ ਹੋ ਗਏ।
ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ‘ਚ ਮਾਸੂਮ ਜ਼ਿੰਦਗੀ ਤੇ ਮੌਤ ਦੀ ਲੜ ਰਿਹਾ ਲੜਾਈ
ਘਟਨਾ ਤੋਂ ਬਾਅਦ ਗੰਭੀਰ ਰੂਪ ‘ਚ ਜ਼ਖ਼ਮੀ ਮਾਸੂਮ ਫਤਿਹਵੀਰ ਸਿੰਘ ਨੂੰ ਤੁਰੰਤ ਮਜੀਠਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਉਸ ਨੂੰ ਅੰਮ੍ਰਿਤਸਰ ਦੇ ਅਮਨਦੀਪ ਹਸਪਤਾਲ ਰੈਫਰ ਕਰ ਦਿੱਤਾ ਹੈ। ਪੀੜਤ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਦੋਸ਼ੀਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਪੁਲਿਸ ਦੀ ਕਾਰਵਾਈ ਤੇ ਦੂਜੀ ਧਿਰ ਦਾ ਪੱਖ
ਪੁਲਿਸ ਚੌਂਕੀ ਜੈਂਤੀਪੁਰ ਦੇ ਇੰਚਾਰਜ ਗਗਨਦੀਪ ਸਿੰਘ ਨੇ ਦੱਸਿਆ ਕਿ ਮਾਮਲੇ ‘ਚ ਕੁਝ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਬਾਕੀ ਹਮਲਾਵਰਾਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਦੂਜੇ ਪਾਸੇ, ਠੇਕੇ ‘ਤੇ ਜ਼ਮੀਨ ਵਾਹ ਰਹੇ ਲਖਵਿੰਦਰ ਸਿੰਘ ਦੀ ਪਤਨੀ ਨੇ ਇਲਜ਼ਾਮ ਲਾਇਆ ਕਿ ਉਨ੍ਹਾਂ ਦੇ ਪਰਿਵਾਰ ਨੇ ਦਵਿੰਦਰ ਸਿੰਘ ਸੋਨੀ ਤੋਂ ਜ਼ਮੀਨ ਠੇਕੇ ‘ਤੇ ਲਈ ਸੀ। ਉਨ੍ਹਾਂ ਦਾ ਦਾਅਵਾ ਹੈ ਕਿ ਉਨ੍ਹਾਂ ਦੇ ਪਤੀ ਅਤੇ ਪੁੱਤਰ ਨੂੰ ਬੇਕਸੂਰ ਹੋਣ ਦੇ ਬਾਵਜੂਦ ਪਰਚਾ ਦਰਜ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਹੈ।