August 17, 2026

Justice News

ਅਵਾਮ ਦੀ ਆਵਾਜ਼

ਹਰਿਦੁਆਰ-ਅੰਮ੍ਰਿਤਸਰ ਜਨਸ਼ਤਾਬਦੀ ਐਕਸਪ੍ਰੈਸ ‘ਚ ਟਿਕਟ ਚੈਕਰ ‘ਤੇ ਰਿਸ਼ਵਤ ਲੈਣ ਦੇ ਦੋਸ਼-ਸ਼ਰੇਆਮ ਲਗਾਇਆ ਜਾ ਰਿਹਾ ਕੇਂਦਰੀ ਸਰਕਾਰ ਦੇ ਖ਼ਜ਼ਾਨੇ ਨੂੰ ਚੂਨਾ

ਅੰਮ੍ਰਿਤਸਰ,
( ਰਣਜੀਤ ਸਿੰਘ ਮਸੌਣ / ਰਾਘਵ ਅਰੋੜਾ)
-ਰੇਲ ਗੱਡੀਆਂ ਵਿੱਚ ਟਿਕਟ ਚੈਕਰਾਂ ਵੱਲੋਂ ਕਥਿਤ ਤੌਰ ‘ਤੇ ਗੈਰ-ਨਿਯਮਿਤ ਤਰੀਕੇ ਨਾਲ ਪੈਸੇ ਵਸੂਲਣ ਅਤੇ ਰੇਲਵੇ ਵਿਭਾਗ ਨੂੰ ਮਾਲੀ ਨੁਕਸਾਨ ਪਹੁੰਚਾਉਣ ਦੇ ਮਾਮਲੇ ਸਾਹਮਣੇ ਆ ਰਹੇ ਹਨ।
ਇਹ ਤਾਜ਼ਾ ਮਾਮਲਾ ਉੱਤਰੀ ਰੇਲਵੇ ਦੇ ਫ਼ਿਰੋਜ਼ਪੁਰ ਡਿਵੀਜ਼ਨ ਅਧੀਨ ਚੱਲਣ ਵਾਲੀ ਟ੍ਰੇਨ ਨੰਬਰ 12053 ਹਰਿਦੁਆਰ-ਅੰਮ੍ਰਿਤਸਰ ਜਨਸ਼ਤਾਬਦੀ ਐਕਸਪ੍ਰੈਸ ਨਾਲ ਸਬੰਧਿਤ ਦੱਸਿਆ ਜਾ ਰਿਹਾ ਹੈ।
ਸ਼ਿਕਾਇਤਕਰਤਾ ਅਨੁਸਾਰ, 9 ਜੂਨ ਨੂੰ ਲੁਧਿਆਣਾ ਤੋਂ ਅੰਮ੍ਰਿਤਸਰ ਤੱਕ ਜਨਰਲ ਟਿਕਟ ‘ਤੇ ਯਾਤਰਾ ਕਰਕੇ ਹਕੀਕਤ ਜਾਣਨ ਦੀ ਕੋਸ਼ਿਸ਼ ਕੀਤੀ ਗਈ। ਦੋਸ਼ ਹੈ ਕਿ ਐੱਸ.ਸੀ. ਕੋਚ ਦੇ ਬਾਹਰ ਖੜ੍ਹੇ ਟਿਕਟ ਚੈਕਰ ਨੂੰ ਜਨਰਲ ਟਿਕਟ ਦਿਖਾਉਣ ‘ਤੇ ਉਸ ਨੇ ਪ੍ਰਤੀ ਯਾਤਰੀ 200 ਰੁਪਏ ਲੈ ਕੇ ਟਿਕਟ ‘ਤੇ ਨਿਸ਼ਾਨ ਲਗਾ ਦਿੱਤਾ ਅਤੇ ਬਿਨਾਂ ਕੋਈ ਅਧਿਕਾਰਤ ਰਸੀਦ ਜਾਰੀ ਕੀਤੇ ਏ.ਸੀ. ਚੇਅਰ ਕਾਰ ਵਿੱਚ ਸੀਟ ਮੁਹੱਈਆ ਕਰਵਾ ਦਿੱਤੀ।
ਸ਼ਿਕਾਇਤਕਰਤਾ ਦਾ ਦਾਅਵਾ ਹੈ ਕਿ ਇਸੇ ਕੋਚ ਵਿੱਚ ਲੁਧਿਆਣਾ ਤੋਂ ਅੰਮ੍ਰਿਤਸਰ ਤੱਕ ਯਾਤਰਾ ਕਰਨ ਵਾਲੇ ਹੋਰ ਕਈ ਯਾਤਰੀਆਂ ਤੋਂ ਵੀ ਇਸੇ ਤਰ੍ਹਾਂ ਰਕਮ ਵਸੂਲੀ ਗਈ। ਦੋਸ਼ ਹੈ ਕਿ ਇਹ ਰਕਮ ਰੇਲਵੇ ਦੇ ਖਾਤੇ ਵਿੱਚ ਜਮ੍ਹਾਂ ਕਰਵਾਉਣ ਦੀ ਬਜਾਏ ਨਿੱਜੀ ਤੌਰ ‘ਤੇ ਰੱਖੀ ਗਈ।
ਇਸ ਮਾਮਲੇ ਨੂੰ ਰੇਲ ਮੰਤਰੀ, ਰੇਲਵੇ ਬੋਰਡ ਦੇ ਚੇਅਰਮੈਨ, ਵਿਜੀਲੈਂਸ ਵਿਭਾਗ, ਉੱਤਰੀ ਰੇਲਵੇ ਦੇ ਜਨਰਲ ਮੈਨੇਜਰ, ਡਿਵੀਜ਼ਨਲ ਰੇਲਵੇ ਮੈਨੇਜਰ (ਡੀ.ਆਰ.ਐਮ.) ਅਤੇ ਫ਼ਿਰੋਜ਼ਪੁਰ ਡਿਵੀਜ਼ਨ ਦੇ ਸੀਨੀਅਰ ਡਿਵੀਜ਼ਨਲ ਕਮਰਸ਼ੀਅਲ ਮੈਨੇਜਰ (ਸੀਨੀਅਰ ਡੀ.ਸੀ.ਐਮ.) ਦੇ ਧਿਆਨ ਵਿੱਚ ਲਿਆਂਦਾ ਗਿਆ ਹੈ।
ਸ਼ਿਕਾਇਤਕਰਤਾ ਨੇ ਕਿਹਾ ਕਿ ਰੇਲਵੇ ਕਰਮਚਾਰੀਆਂ ਨੂੰ ਚੰਗੀ ਤਨਖ਼ਾਹ ਅਤੇ ਹੋਰ ਭੱਤੇ ਮਿਲਣ ਦੇ ਬਾਵਜ਼ੂਦ ਅਜਿਹੀਆਂ ਕਥਿਤ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਰੇਲਵੇ ਦੇ ਉੱਚ ਅਧਿਕਾਰੀ ਇਨ੍ਹਾਂ ਦੋਸ਼ਾਂ ਦੀ ਜਾਂਚ ਕਰਕੇ ਕੀ ਕਾਰਵਾਈ ਕਰਦੇ ਹਨ।
ਬਾਕਸ
ਨੋਟ: ਉਪਰੋਕਤ ਇਹ ਜਾਣਕਾਰੀ ਸ਼ਿਕਾਇਤਕਰਤਾ ਵੱਲੋਂ ਲਗਾਏ ਗਏ ਦੋਸ਼ਾਂ ‘ਤੇ ਆਧਾਰਿਤ ਹੈ। ਸਬੰਧਿਤ ਟਿਕਟ ਚੈਕਰ ਜਾਂ ਰੇਲਵੇ ਅਧਿਕਾਰੀਆਂ ਦਾ ਪੱਖ ਖ਼ਬਰ ਲਿਖੇ ਜਾਣ ਤੱਕ ਪ੍ਰਾਪਤ ਨਹੀਂ ਹੋ ਸਕਿਆ। ਮਾਮਲੇ ਦੀ ਸੱਚਾਈ ਅਧਿਕਾਰਤ ਜਾਂਚ ਤੋਂ ਬਾਅਦ ਹੀ ਸਪੱਸ਼ਟ ਹੋਵੇਗੀ।

Leave a Reply

Your email address will not be published. Required fields are marked *

Copyright © All rights reserved. | Newsphere by AF themes.