August 17, 2026

Justice News

ਅਵਾਮ ਦੀ ਆਵਾਜ਼

ਬੇੜਾ ਬਹਿ ਜੇ ਅਜਿਹੇ ਰਿਸ਼ਤਿਆਂ ਦਾ… ਐਨ.ਆਰ.ਆਈ ਭਰਾ ਦਾ ਕਤਲ, ਭਰਾ ਨੇ ਜਾਇਦਾਦ ਹੜੱਪਣ ਖਾਤਰ ਆਪਣੇ ਪਰਿਵਾਰ ਨਾਲ ਮਿਲਕੇ ਕੀਤਾ-ਕਤਲ ਤੋਂ ਬਾਅਦ ਲਾਸ਼ ਨੂੰ ਖੁਰਦ-ਬੁਰਦ ਕਰਨ ਲਈ ਪ੍ਰਾਪਰਟੀ ਡੀਲਰਾਂ ਨਾਲ ਰਲਕੇ ਹਰੀਕੇ ਦਰਿਆ ‘ਚ ਸੁੱਟਿਆ

ਅੰਮ੍ਰਿਤਸਰ,
(ਰਣਜੀਤ ਸਿੰਘ ਮਸੌਣ/ ਰਾਘਵ ਅਰੋੜਾ)
ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਇੱਕ ਗੁੰਮਸ਼ੁਦਾ ਐਨਆਰਆਈ ਦੇ ਮਾਮਲੇ ਨੂੰ ਸੁਲਝਾਉਂਦਿਆਂ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ। ਪੁਲਿਸ ਜਾਂਚ ਦੌਰਾਨ ਇਹ ਮਾਮਲਾ ਅਗਵਾ ਤੋਂ ਬਾਅਦ ਕਤਲ ਵਿੱਚ ਤਬਦੀਲ ਹੋ ਗਿਆ ਸੀ।
ਆਸਟ੍ਰੇਲੀਆ ਦੇ ਨਾਗਰਿਕ ਸੁਨੀਲ ਸ਼ਰਮਾ ਦੇ ਕਤਲ ਪਿੱਛੇ ਜਾਇਦਾਦ ਹੜੱਪਣ ਦੀ ਸੋਚੀ-ਸਮਝੀ ਸਾਜ਼ਿਸ਼ ਸਾਹਮਣੇਂ ਆਈ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਦੋ ਹੋਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਬਾਕੀ ਹੈ।
   ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸਐੱਸਪੀ ਅੰਮ੍ਰਿਤਸਰ ਦਿਹਾਤੀ ਕੰਵਲਪ੍ਰੀਤ ਸਿੰਘ ਚਾਹਲ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ 23 ਮਈ 2026 ਨੂੰ ਫ਼ਤਿਹਗੜ੍ਹ ਚੂੜੀਆਂ ਦੇ ਰਹਿਣ ਵਾਲੇ ਗੌਰਵ ਕੰਧਾਰੀ ਨੇ ਪੁਲਿਸ ਥਾਣਾ ਕੰਬੋਅ ਵਿੱਚ ਆਪਣੇ ਦੋਸਤ ਸੁਨੀਲ ਸ਼ਰਮਾ ਦੇ ਗੁੰਮ ਹੋਣ ਦੀ ਸੂਚਨਾ ਦਿੱਤੀ ਸੀ। ਸੁਨੀਲ ਸ਼ਰਮਾ, ਜੋ ਆਸਟ੍ਰੇਲੀਆ ਦਾ ਨਾਗਰਿਕ ਸੀ, ਆਪਣੀ ਅੰਮ੍ਰਿਤਸਰ ਸਥਿਤ ਕੋਠੀ ਦੀ ਮੁਰੰਮਤ ਅਤੇ ਵਿਕਰੀ ਸਬੰਧੀ ਪੰਜਾਬ ਆਇਆ ਹੋਇਆ ਸੀ। ਉਸ ਨਾਲ ਸੰਪਰਕ ਨਾ ਹੋਣ ‘ਤੇ ਪੁਲਿਸ ਨੇ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਕੇ ਜਾਂਚ ਸ਼ੁਰੂ ਕੀਤੀ।
   ਇਸ ਜਾਂਚ ਦੌਰਾਨ ਮਿਲੇ ਤਕਨੀਕੀ ਸਬੂਤਾਂ, ਸੀਸੀਟੀਵੀ ਫੁਟੇਜ, ਟੋਲ ਪਲਾਜ਼ਾ ਰਿਕਾਰਡ ਅਤੇ ਮਨੁੱਖੀ ਖੁਫੀਆ ਜਾਣਕਾਰੀ ਦੇ ਆਧਾਰ ‘ਤੇ ਪੁਲਿਸ ਨੂੰ ਪਤਾ ਲੱਗਾ ਕਿ ਸੁਨੀਲ ਸ਼ਰਮਾ ਦੇ ਆਪਣੇ ਭਰਾ ਸਤੀਸ਼ ਸ਼ਰਮਾ ਉਰਫ਼ ਸੰਨੀ ਨੇ ਕੁੱਝ ਪ੍ਰਾਪਰਟੀ ਡੀਲਰਾਂ ਨਾਲ ਮਿਲ ਕੇ ਉਸ ਦੀ ਜਾਇਦਾਦ ਹੜੱਪਣ ਦੀ ਸਾਜ਼ਿਸ਼ ਰਚੀ ਸੀ। ਪੁਲਿਸ ਮੁਤਾਬਕ ਮੁਲਜ਼ਮਾਂ ਨੇ ਪਹਿਲਾਂ ਧੋਖੇ ਨਾਲ ਪਾਵਰ ਆਫ਼ ਅਟਾਰਨੀ ਤਿਆਰ ਕਰਵਾਈ ਅਤੇ ਬਾਅਦ ਵਿੱਚ ਸੁਨੀਲ ਸ਼ਰਮਾ ਦੀਆਂ ਦੋਵੇਂ ਕੋਠੀਆਂ ਆਪਣੇ ਨਾਮ ਕਰਵਾ ਲਈਆਂ।
ਐੱਸਐੱਸਪੀ ਨੇ ਦੱਸਿਆਂ ਕਿ 22 ਮਈ 2026 ਨੂੰ ਪ੍ਰਾਪਰਟੀ ਡੀਲਰਾਂ ਨੇ ਸੁਨੀਲ ਸ਼ਰਮਾ ਨੂੰ ਕੋਠੀ ਵੇਚਣ ਦੇ ਬਹਾਨੇ ਅੰਮ੍ਰਿਤਸਰ ਬੁਲਾਇਆ। ਯੋਜਨਾ ਤਹਿਤ ਉਸ ਦੇ ਖਾਣੇ ਵਿੱਚ ਨੀਂਦ ਦੀਆਂ ਗੋਲੀਆਂ ਮਿਲਾਈਆਂ ਗਈਆਂ। ਬਾਅਦ ਵਿੱਚ ਜਦੋਂ ਉਹ ਬੇਹੋਸ਼ੀ ਦੀ ਹਾਲਤ ਵਿੱਚ ਸੀ ਤਾਂ ਉਸ ਦਾ ਭਰਾ ਸਤੀਸ਼ ਸ਼ਰਮਾ ਆਪਣੇ ਪੁੱਤਰ ਸੁਨੀਸ਼ ਸ਼ਰਮਾ ਨਾਲ ਮੌਕੇ ‘ਤੇ ਪਹੁੰਚਿਆ ਅਤੇ ਬੇਸਬਾਲ ਬੈਟ ਨਾਲ ਸਿਰ ‘ਤੇ ਵਾਰ ਕਰਕੇ ਉਸ ਦਾ ਕਤਲ ਕਰ ਦਿੱਤਾ।
ਪੁਲਿਸ ਮੁਤਾਬਕ ਕਤਲ ਤੋਂ ਬਾਅਦ ਸਤੀਸ਼ ਸ਼ਰਮਾ ਦੀ ਪਤਨੀ ਅਨੁਸ਼ਕਾ ਸ਼ਰਮਾ ਵੀ ਮੌਕੇ ‘ਤੇ ਪਹੁੰਚੀ। ਮੁਲਜ਼ਮਾਂ ਨੇ ਲਾਸ਼ ਨੂੰ ਗੱਦੇ ਵਿੱਚ ਲਪੇਟ ਕੇ ਸੁਨੀਲ ਸ਼ਰਮਾ ਦੀ ਆਪਣੀ ਕਾਰ ਵਿੱਚ ਰੱਖਿਆ ਅਤੇ ਬਾਅਦ ਵਿੱਚ ਹਰੀਕੇ ਹੈੱਡ ਵਰਕਸ ਨੇੜੇ ਦਰਿਆ ਵਿੱਚ ਸੁੱਟ ਦਿੱਤਾ। ਸਬੂਤ ਮਿਟਾਉਣ ਲਈ ਸੁਨੀਲ ਸ਼ਰਮਾ ਦੀ ਕਾਰ ਨੂੰ ਸ੍ਰੀ ਦਰਬਾਰ ਸਾਹਿਬ ਦੀ ਪਾਰਕਿੰਗ ਵਿੱਚ ਖੜ੍ਹਾ ਕਰ ਦਿੱਤਾ ਗਿਆ।
ਪੁਲਿਸ ਨੇ ਇਸ ਮਾਮਲੇ ਵਿੱਚ ਸਤੀਸ਼ ਸ਼ਰਮਾ, ਉਸ ਦੀ ਪਤਨੀ ਅਨੁਸ਼ਕਾ ਸ਼ਰਮਾ, ਪੁੱਤਰ ਸੁਨੀਸ਼ ਸ਼ਰਮਾ ਅਤੇ ਲਛਮਣ ਸਿੰਘ ਉਰਫ਼ ਬੱਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਦਕਿ ਮਨਜਿੰਦਰ ਸਿੰਘ ਅਤੇ ਜੱਜਬੀਰ ਸਿੰਘ ਉਰਫ਼ ਬਾਬਾ ਨਾਮਜ਼ਦ ਹਨ ਅਤੇ ਉਨ੍ਹਾਂ ਦੀ ਭਾਲ ਜਾਰੀ ਹੈ।
ਐੱਸਐੱਸਪੀ ਕੰਵਲਪ੍ਰੀਤ ਸਿੰਘ ਚਾਹਲ ਨੇ ਦੱਸਿਆ ਕਿ ਮੁਲਜ਼ਮਾਂ ਦੀ ਨਿਸ਼ਾਨਦੇਹੀ ‘ਤੇ ਪੁਲਿਸ ਟੀਮਾਂ ਹਰੀਕੇ ਪੱਤਣ ਪਹੁੰਚੀਆਂ ਅਤੇ ਮੈਜਿਸਟ੍ਰੇਟ ਦੀ ਮੌਜੂਦਗੀ ਵਿੱਚ ਲਾਸ਼ ਦੀ ਭਾਲ ਕੀਤੀ ਗਈ ਪਰ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਅਜੇ ਤੱਕ ਮ੍ਰਿਤਕ ਦੀ ਲਾਸ਼ ਬਰਾਮਦ ਨਹੀਂ ਹੋ ਸਕੀ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਭਾਲ ਮੁਹਿੰਮ ਜਾਰੀ ਹੈ ਅਤੇ ਤਫ਼ਤੀਸ਼ ਦੌਰਾਨ ਹੋਰ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।

Leave a Reply

Your email address will not be published. Required fields are marked *

Copyright © All rights reserved. | Newsphere by AF themes.