August 17, 2026

Justice News

ਅਵਾਮ ਦੀ ਆਵਾਜ਼

ਨਿਊ ਅੰਮ੍ਰਿਤਸਰ ਵਿਖੇ 40 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਫਲਾਈਓਵਰ ਦਾ ਈਟੀਓ ਨੇ ਰੱਖਿਆ ਨੀਂਹ ਪੱਥਰ

ਰਣਜੀਤ ਸਿੰਘ ਮਸੌਣ
ਜੋਗਾ ਸਿੰਘ ਰਾਜਪੂਤ
ਅੰਮ੍ਰਿਤਸਰ /////
ਅੰਮ੍ਰਿਤਸਰ ਦੇ ਹਲਕਾ ਪੂਰਬੀ ਅਤੇ ਹਲਕਾ ਦੱਖਣੀ ਨੂੰ ਲੱਗਦੇ ਅੰਮ੍ਰਿਤਸਰ-ਜਲੰਧਰ ਹਾਈਵੇਅ ਸਥਿਤ ਭਾਈ ਗੁਰਦਾਸ ਜੀ ਨਗਰ, ਨਿਊ ਅੰਮ੍ਰਿਤਸਰ ਵਿਖੇ ਨਵੇਂ ਬਣਨ ਵਾਲੇ ਫਲਾਈਓਵਰ ਦਾ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ ਨੀਂਹ ਪੱਥਰ ਰੱਖਿਆ। ਉਨ੍ਹਾਂ ਦੱਸਿਆਂ ਕਿ ਇਸ ਪੁੱਲ ਨੂੰ ਬਣਾਉਣ ਤੇ 39 ਕਰੋੜ 85 ਲੱਖ ਰੁਪਏ ਦੀ ਲਾਗਤ ਆਵੇਗੀ। ਮੰਤਰੀ ਈਟੀਓ ਨੇ ਦੱਸਿਆਂ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਉਪਰੋਕਤ ਕੰਮ ਲਈ 59.53 ਕਰੋੜ ਰੁਪਏ ਦੀ ਪ੍ਰਵਾਨਗੀ ਜਾਰੀ ਕੀਤੀ ਗਈ ਸੀ, ਟੈਂਡਰ ਪ੍ਰਕ੍ਰਿਆ ਦੌਰਾਨ 28 ਫ਼ੀਸਦੀ ਘੱਟ ਤੇ ਸਬੰਧਤ ਫਰਮ ਨੂੰ ਕੰਮ ਅਲਾਟ ਕਰਕੇ ਕਰੀਬ 20 ਕਰੋੜ ਰੁਪਏ ਦੀ ਬੱਚਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਪੈਸਾ ਆਮ ਲੋਕਾਂ ਦਾ ਪੈਸਾ ਹੈ ਅਤੇ ਇਨ੍ਹਾਂ ਪੈਸਿਆਂ ਦੀ ਦੁਰਵਰਤੋਂ ਨਹੀਂ ਹੋਣ ਦਿੱਤੀ ਜਾਵੇਗੀ। ਉਨ੍ਹਾਂ ਲੋਕਾਂ ਨੂੰ ਅਪੀਲ਼ ਕਰਦਿਆਂ ਕਿਹਾ ਕਿ ਜਿੱਥੇ ਵੀ ਕੀਤੇ ਤੁਹਾਨੂੰ ਵਿਕਾਸ ਕਾਰਜਾਂ ਵਿੱਚ ਕੋਈ ਊਣਤਾਈ ਨਜ਼ਰ ਆਉਦੀ ਹੈ ਤਾਂ ਸਾਡੇ ਧਿਆਨ ਵਿੱਚ ਲਿਆਓ। ਉਨ੍ਹਾਂ ਕਿਹਾ ਕਿ ਵਿਕਾਸ ਕਾਰਜਾਂ ਵਿੱਚ ਕੋਈ ਵੀ ਅਣਗਹਿਲੀ ਬਰਦਾਸਤ ਨਹੀਂ ਕੀਤੀ ਜਾਵੇਗੀ।
ਇਸ ਮੌਕੇ ਗੱਲਬਾਤ ਕਰਦਿਆ ਮੰਤਰੀ ਹਰਭਜਨ ਸਿੰਘ ਨੇ ਦੱਸਿਆਂ ਕਿ ਬੜੇ ਚਿਰਾਂ ਤੋਂ ਇਲਾਕ਼ਾ ਵਾਸੀਆਂ ਦੀ ਮੰਗ ਸੀ ਕਿ ਲੋਕਾਂ ਦੀ ਸਹੂਲਤ ਅਤੇ ਟ੍ਰੈਫ਼ਿਕ ਦੀ ਸਮੱਸਿਆ ਨੂੰ ਦੂਰ ਕਰਨ ਲਈ ਫਲਾਈਓਵਰ ਬਣਾਇਆ ਜਾਵੇ। ਉਨ੍ਹਾ ਦੱਸਿਆ ਕਿ ਇਹ ਫਲਾਈਓਵਰ ਆਉਂਦੇ 24 ਮਹੀਨਿਆਂ ਵਿੱਚ ਬਣਕੇ ਤਿਆਰ ਹੋ ਜਾਵੇਗਾ। ਉਨ੍ਹਾਂ ਦੱਸਿਆਂ ਕਿ ਇਸ ਫਲਾਈਓਵਰ ਦੀ ਲੰਬਾਈ 540 ਮੀਟਰ ਅਤੇ ਚੌੜਾਈ 21.5 ਮੀਟਰ ਹੋਵੇਗੀ ਅਤੇ ਫਲਾਈਓਵਰ ਦੇ ਦੋਹਾਂ ਪਾਸੇ 10.50 ਮੀਟਰ ਚੌੜੀ ਸਰਵਿਸ ਰੋਡ ਵੀ ਬਣਾਈ ਜਾਵੇਗੀ ਤੇ ਬਰਸਾਤੀ ਪਾਣੀ ਦੇ ਨਿਕਾਸ ਲਈ ਫਲਾਈਓਵਰ ਦੀਆ ਦੋਵੇਂ ਪਾਸੇ ਡਰੇਨ ਦੀ ਵਿਵਸਥਾ ਕੀਤੀ ਜਾਵੇਗੀ। ਉਨ੍ਹਾਂ ਦੱਸਿਆਂ ਕਿ ਇਸਤੋਂ ਇਲਾਵਾ ਬੋਹੜੂ ਪੁਲ ਦੀ ਚੌਥੀ ਸਾਈਡ ਵੀ ਜਲਦੀ ਸ਼ੁਰੂ ਹੋਣ ਜਾ ਰਹੀ ਹੈ, ਜਿਸ ਲਈ 61.50 ਕਰੋੜ ਰੁਪਏ ਦੀ ਰਾਸ਼ੀ ਜਾਰੀ ਹੋ ਚੁੱਕੀ ਹੈ।
      ਇਸ ਮੌਕੇ ਬੋਲਦਿਆਂ ਹਲਕਾ ਵਿਧਾਇਕ ਦੱਖਣੀ ਡਾ. ਇੰਦਰਬੀਰ ਸਿੰਘ ਨਿੱਜਰ ਨੇ ਕਿਹਾ ਕਿ ਪਹਿਲੀਆਂ ਸਰਕਾਰਾਂ ਕੇਵਲ ਟੈਂਡਰ ਵਿੱਚ 2 ਫ਼ੀਸਦੀ ਘੱਟ ਕਰਦੀਆਂ ਸਨ ਪਰ ਸਾਡੀ ਸਰਕਾਰ 28 ਫ਼ੀਸਦੀ ਟੈਂਡਰ ਤੋਂ ਰਾਸ਼ੀ ਘੱਟ ਕਰਕੇ ਆਪਣੀਂ ਇਮਾਨਦਾਰੀ ਦਾ ਸਬੂਤ ਦੇ ਰਹੀ ਹੈ।
ਇਸ ਮੌਕੇ ਬੋਲਦਿਆਂ ਹਲਕਾ ਅਜਨਾਲਾ ਤੋਂ ਵਿਧਾਇਕ ਅਤੇ ਸਾਬਕਾ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਮੰਤਰੀ ਈਟੀਓ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਸ ਪੁੱਲ ਦੇ ਬਣਨ ਨਾਲ ਲੋਕਾਂ ਨੂੰ ਜਾਮ ਤੋਂ ਛੁਟਕਾਰਾ ਮਿਲੇਗਾ ਅਤੇ ਅੰਮ੍ਰਿਤਸਰ ਆਉਣ ਵਾਲੇ ਸ਼ਰਧਾਲੂਆਂ ਨੂੰ ਵੀ ਕਾਫ਼ੀ ਰਾਹਤ ਮਿਲੇਗੀ।
ਹਲਕਾ ਵਿਧਾਇਕ ਪੂਰਬੀ ਮੈਡਮ ਜੀਵਨਜੋਤ ਕੌਰ ਨੇ ਮੁੱਖ ਮੰਤਰੀ ਪੰਜਾਬ ਸ੍ਰ. ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਪੁੱਲ ਦੇ ਬਣਨ ਨਾਲ ਲੋਕਾਂ ਦੀ ਚਿਰਾਂ ਤੋਂ ਲਟਕਦੀ ਮੰਗ ਪੁਰੀ ਹੋਈ ਹੈ। ਉਨ੍ਹਾਂ ਕਿਹਾ ਕਿ ਪੂਰਬੀ ਹਲਕੇ ਦੇ ਵਿਕਾਸ ਕਾਰਜਾਂ ਵਿੱਚ ਕੋਈ ਵੀ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ।
  ਇਸ ਮੌਕੇ ਹਲਕਾ ਵਿਧਾਇਕ ਪੱਛਮੀ ਡਾ.ਜਸਬੀਰ ਸਿੰਘ ਸੰਧੂ, ਮੇਅਰ ਜਤਿੰਦਰ ਸਿੰਘ ਮੋਤੀ ਭਾਟੀਆ, ਚੇਅਰਮੈਨ ਨਗਰ ਸੁਧਾਰ ਟਰੱਸਟ ਕਰਮਜੀਤ ਸਿੰਘ ਰਿੰਟੂ, ਹਲਕਾ ਮਜੀਠਾ ਦੇ ਇੰਚਾਰਜ਼ ਤਲਬੀਰ ਸਿੰਘ ਗਿੱਲ ਨੇ ਵੀ ਸੰਬੋਧਨ ਕੀਤਾ।
     ਇਸ ਮੌਕੇ ਹਲਕਾ ਵਿਧਾਇਕ ਬਾਬਾ ਬਕਾਲਾ ਦਲਬੀਰ ਸਿੰਘ ਟੌਗ, ਨਰੇਸ ਪਾਠਕ, ਮੈਡਮ ਸ਼ੁਹਿੰਦਰ ਕੌਰ, ਸਤਪਾਲ ਸਿੰਘ ਸੋਖੀ, ਵਿਸ਼ਾਲ ਮੰਨਣ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਸਨ।

Leave a Reply

Your email address will not be published. Required fields are marked *

Copyright © All rights reserved. | Newsphere by AF themes.