August 17, 2026

Justice News

ਅਵਾਮ ਦੀ ਆਵਾਜ਼

ਤੀਜੀ ਧਿਰ ਨੇ ਸਾਹਿਤ ਅਕਾਦਮੀ ਲੁਧਿਆਣਾ ਦੀਆਂ ਚੋਣਾਂ ਦਾ ਬਿਗਲ ਵਜਾਇਆ 

ਲੁਧਿਆਣਾ (  Harjinder singh      ) ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੀਆਂ 3 ਮਾਰਚ, 2024 ਨੂੰ ਹੋਣ ਵਾਲੀਆਂ ਚੋਣਾਂ ਲਈ ਅੱਜ ਪੂਰੇ ਜਲੌਅ ਅਤੇ ਉਤਸ਼ਾਹ ਨਾਲ ਅਕਾਦਮੀ ‘ਤੇ ਕਾਬਜ਼ ਵੱਡੇ ਧੜਿਆਂ ਦੀਆਂ ਉੱਤਰ ਕਾਟੋ ਮੈਂ ਚੜ੍ਹਾਂ ਦੀਆਂ ਚਾਲਬਾਜ਼ੀਆਂ ਤੋਂ ਤੰਗ ਆ ਕੇ ਸਾਹਿਤਕਾਰਾਂ ਦੀ ਤੀਜੀ ਧਿਰ ਨੇ ਪਹਿਲ ਕਰਦਿਆਂ ਪਹਿਲੇ ਦਿਨ ਹੀ ਆਜ਼ਾਦ ਉਮੀਦਵਾਰਾਂ ਦੇ ਰੂਪ ਵਿੱਚ ਫਾਰਮ ਭਰ ਕੇ ਚੋਣਾਂ ਦਾ ਬਿਗਲ ਵਜਾ ਦਿੱਤਾ। ਫਾਰਮ ਭਰਨ ਵਾਲਿਆਂ ਵਿੱਚ ਪ੍ਰਧਾਨ ਦੇ ਅਹੁਦੇ ਲਈ ਸ੍ਰੀਮਤੀ ਬੇਅੰਤ ਕੌਰ ਗਿੱਲ, ਪ੍ਰਬੰਧਕੀ ਬੋਰਡ ਦੇ ਮੈਂਬਰ ਲਈ ਕਰਮ ਸਿੰਘ ਜ਼ਖ਼ਮੀ, ਸੁਖਵਿੰਦਰ ਸਿੰਘ ਲੋਟੇ, ਅਮਰਜੀਤ ਕੌਰ ਅਮਰ ਅਤੇ ਬਲਰਾਜ ਓਬਰਾਏ ਬਾਜ਼ੀ ਸ਼ਾਮਲ ਹਨ। ਫਾਰਮ ਭਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਪਰੋਕਤ ਉਮੀਦਵਾਰਾਂ ਨੇ ਕਿਹਾ ਕਿ ਸਾਹਿਤ ਅਕਾਦਮੀ ਲੁਧਿਆਣਾ ਸਮੇਤ ਸਮੂਹ ਸੰਸਥਾਵਾਂ ‘ਤੇ ਕੁੱਲ ਵੀਹ-ਪੱਚੀ ਵਿਅਕਤੀ ਕਾਬਜ਼ ਹਨ, ਜਿਨ੍ਹਾਂ ਦੀ ਅਜਾਰੇਦਾਰੀ ਨੂੰ ਤੋੜਨਾ ਸਮੇਤ ਦੀ ਅਣਸਰਦੀ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਉਹ ਅਕਾਦਮੀ ਦੀਆਂ ਗਤੀਵਿਧੀਆਂ ਨੂੰ ਪੰਜਾਬੀ ਭਵਨ ਦੀ ਬਿਲਡਿੰਗ ਵਿੱਚੋਂ ਕੱਢ ਕੇ ਛੋਟੇ ਤੋੰ ਛੋਟੇ ਸ਼ਹਿਰ ਅਤੇ ਪਿੰਡ ਤੱਕ ਲਿਜਾਣ ਲਈ ਵਚਨਬੱਧ ਹਨ। ਵਿਦੇਸ਼ੀ ਮੈਂਬਰਾਂ ਨੂੰ ਵੋਟ ਪਾਉਣ ਅਤੇ ਆਹੁਦੇਦਾਰ ਚੁਣੇ ਜਾਣ ਦਾ ਅਧਿਕਾਰ ਦੇਣ ਲਈ ਅਕਾਡਮੀ ਦੇ ਸਵਿੰਧਾਨ ਵਿਚ ਸੋਧ ਕਰਵਾਉਣੀ ਯਕੀਨੀ ਬਣਾਉਣਗੇ। ਅਕਾਡਮੀ ਦੀ ਸਥਾਪਨਾ 1954 ਦੇ ਲੱਗਭੱਗ ਹੋਈ ਸੀ। ਉਸੇ ਸਾਲ ਇਸ ਦਾ ਸੰਵਿਧਾਨ ਲਿਖਿਆ ਗਿਆ ਸੀ। ਕਰੀਬ ਸੱਤਰ ਸਾਲ ਪੁਰਾਣਾ ਹੋਣ ਕਾਰਨ ਹੁਣ ਇਹ ਸਮਾਂ ਵਿਆਹ ਚੁੱਕਾ ਹੈ। ਇਸ ਨੂੰ ਨਵੇਂ ਸਿਰਿਉਂ ਲਿਖੇ ਜਾਣ ਦੀ ਲੋੜ ਹੈ। ਜੇ ਇਹ ਨਵੇਂ ਸਿਰਿਉਂ ਨਹੀਂ ਲਿਖਿਆ ਜਾ ਸਕਦਾ ਤਾਂ ਇਸ ਵਿਚ ਵੱਡੇ ਪੱਧਰ ਤੇ ਸੋਧਾਂ ਹੋਣੀਆਂ ਚਾਹੀਦੀਆਂ ਹਨ।
ਸੱਤਰ ਸਾਲਾਂ ਤੋਂ ਵਿਦੇਸ਼ੀ ਮੈਂਬਰਾਂ ਨਾਲ ਹੋ ਰਿਹਾ ਪੱਖਪਾਤ ਹੁਣ ਦੂਰ ਕੀਤਾ ਜਾਵੇਗਾ। ਵਿਦੇਸ਼ੀ ਸਾਹਿਤਕਾਰ ਵੱਡੀ ਗਿਣਤੀ ਵਿਚ ਅਕਾਡਮੀ ਦੇ ਮੈਂਬਰ ਹਨ ਪਰ ਇਨ੍ਹਾਂ ਮੈਂਬਰਾਂ ਨੂੰ ਨਾ ਚੋਣ ਪ੍ਰਕਿਰਿਆ ਵਿਚ ਹਿੱਸਾ ਲੈਣ ਦਾ ਅਧਿਕਾਰ ਹੈ ਅਤੇ ਨਾ ਪ੍ਰਬੰਧਕੀ ਟੀਮ ਦੇ ਕਿਸੇ ਆਹੁਦੇ ਲਈ ਚੁਣੇ ਜਾਣ ਦਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਚੋਣ ਲੜ ਰਹੇ ਉਮੀਦਵਾਰਾਂ ਨੂੰ ਅਕਾਡਮੀ ਦੇ ਸਾਰੇ ਮੈਂਬਰਾਂ ਨਾਲ ਵਾਅਦਾ ਕਰਨਾ ਚਾਹੀਦਾ ਹੈ ਕਿ ਉਹ ਈਮਾਨਦਾਰੀ ਨਾਲ ਨਿੱਜੀ ਹਿੱਤਾਂ ਤੋੰ ਉਪਰ ਉੱਠ ਕੇ ਲੋਕ ਸਰੋਕਾਰਾਂ ਲਈ ਕਾਰਜਸ਼ੀਲ ਰਹਿਣਗੇ। ਉਨ੍ਹਾਂ ਨੇ ਸਮੂਹ ਲੇਖਕ ਭਾਈਚਾਰੇ ਨੂੰ ਹਰ ਤਰ੍ਹਾਂ ਦੀ ਗੁੱਟਬੰਦੀ ਤੋਂ ਬਾਹਰ ਨਿਕਲ ਕੇ ਵੋਟਾਂ ਪਾਉਣ ਦਾ ਸੱਦਾ ਦਿੱਤਾ।

Leave a Reply

Your email address will not be published. Required fields are marked *

Copyright © All rights reserved. | Newsphere by AF themes.