November 19, 2026

Justice News

ਅਵਾਮ ਦੀ ਆਵਾਜ਼

ਲੁਧਿਆਣਾ ਵਿੱਚ ਫੂਡ ਸੇਫਟੀ ਵਿਭਾਗ ਦੀ ਵੱਡੀ ਕਾਰਵਾਈ, ਦੁੱਧ, ਪਨੀਰ ਅਤੇ ਦੇਸੀ ਘਿਓ ਸਮੇਤ ਕਈ ਖੁਰਾਕੀ ਪਦਾਰਥਾਂ ਦੇ ਸੈਂਪਲ ਫੇਲ੍ਹ

ਲੁਧਿਆਣਾ
( ਜਸਟਿਸ ਨਿਊਜ਼ )
 ਆਮ ਲੋਕਾਂ ਦੀ ਸਿਹਤ ਦੀ ਸੁਰੱਖਿਆ ਅਤੇ ਉਨ੍ਹਾਂ ਨੂੰ ਸੁਰੱਖਿਅਤ ਤੇ ਮਿਆਰੀ ਖਾਣ-ਪੀਣ ਵਾਲੇ ਪਦਾਰਥ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਫੂਡ ਸੇਫਟੀ ਵਿਭਾਗ ਲੁਧਿਆਣਾ ਵੱਲੋਂ ਵੱਡੀ ਕਾਰਵਾਈ ਕਰਦਿਆਂ ਅਗਸਤ ਤੋਂ ਅਕਤੂਬਰ 2026 ਦੌਰਾਨ ਲਏ ਗਏ ਖੁਰਾਕੀ ਪਦਾਰਥਾਂ ਦੇ ਸੈਂਪਲਾਂ ਦੀਆਂ ਲੈਬਾਰਟਰੀ ਰਿਪੋਰਟਾਂ ਵਿੱਚ ਕਈ ਸੈਂਪਲ ਸਬ-ਸਟੈਂਡਰਡ ਅਤੇ ਫੇਲ੍ਹ ਪਾਏ ਗਏ ਹਨ, ਜਦਕਿ ਇੱਕ ਸੈਂਪਲ ਮਨੁੱਖੀ ਸਿਹਤ ਲਈ ਅਸੁਰੱਖਿਅਤ (Unsafe) ਘੋਸ਼ਿਤ ਕੀਤਾ ਗਿਆ ਹੈ। ਇਸ ਸਬੰਧੀ ਸਬੰਧਤ ਫੂਡ ਬਿਜ਼ਨਸ ਆਪਰੇਟਰਾਂ (FBOs) ਖ਼ਿਲਾਫ਼ ਕਾਨੂੰਨੀ ਕਾਰਵਾਈ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿਹਤ ਅਫ਼ਸਰ (DHO) ਲੁਧਿਆਣਾ ਡਾ. ਆਸ਼ੀਸ਼ ਚਾਵਲਾ ਨੇ ਦੱਸਿਆ ਕਿ ਖੁਰਾਕੀ ਪਦਾਰਥਾਂ ਵਿੱਚ ਮਿਲਾਵਟਖੋਰੀ ਨੂੰ ਰੋਕਣ ਅਤੇ ਨਿਰਧਾਰਤ ਫੂਡ ਸੇਫਟੀ ਮਿਆਰਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਵਿਭਾਗ ਵੱਲੋਂ ਜ਼ਿਲ੍ਹੇ ਭਰ ਵਿੱਚ ਲਗਾਤਾਰ ਚੈਕਿੰਗ, ਸੈਂਪਲਿੰਗ ਅਤੇ ਜਾਂਚ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਤਹਿਤ ਡੇਅਰੀ ਉਤਪਾਦਾਂ, ਖ਼ਾਸ ਕਰਕੇ ਦੇਸੀ ਘਿਓ, ਦੁੱਧ, ਪਨੀਰ ਅਤੇ ਦੁੱਧ ਤੋਂ ਤਿਆਰ ਹੋਣ ਵਾਲੇ ਹੋਰ ਪਦਾਰਥਾਂ ਤੋਂ ਇਲਾਵਾ ਮਿਠਾਈਆਂ, ਰੈਸਟੋਰੈਂਟਾਂ, ਫੂਡ ਮੈਨੂਫੈਕਚਰਿੰਗ ਯੂਨਿਟਾਂ ਅਤੇ ਹੋਰ ਖਾਣ-ਪੀਣ ਵਾਲੀਆਂ ਥਾਵਾਂ ਦੀ ਵਿਸ਼ੇਸ਼ ਜਾਂਚ ਕੀਤੀ ਜਾ ਰਹੀ ਹੈ।
ਅਗਸਤ 2026 ਦੌਰਾਨ ਪ੍ਰਾਪਤ ਹੋਈਆਂ ਲੈਬਾਰਟਰੀ ਰਿਪੋਰਟਾਂ ਅਨੁਸਾਰ ਨਿਊ ਦੀਪ ਨਗਰ, ਸਿਵਲ ਲਾਈਨਜ਼, ਲੁਧਿਆਣਾ ਵਿਖੇ ਆਦਿਤਿਆ ਮਲਹੋਤਰਾ ਤੋਂ ਲਏ ਗਏ ਦੇਸੀ ਘਿਓ ਦੇ ਦੋ ਸੈਂਪਲ, ਜਿਨ੍ਹਾਂ ਦਾ ਨਿਰਮਾਣ ਹਰਸ਼ ਡੇਅਰੀ, ਅਹਿਮਦਾਬਾਦ, ਗੁਜਰਾਤ ਵੱਲੋਂ ਕੀਤਾ ਗਿਆ ਸੀ, ਸਬ-ਸਟੈਂਡਰਡ ਪਾਏ ਗਏ। ਇਸੇ ਤਰ੍ਹਾਂ ਰੈੱਡ ਮੈਂਗੋ, ਜੀ.ਟੀ. ਰੋਡ, ਸਾਹਨੇਵਾਲ ਤੋਂ ਲਿਆ ਗਿਆ ਪਨੀਰ ਦਾ ਸੈਂਪਲ ਅਤੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਹੋਸਟਲ ਨੰਬਰ 5 ਵਿਖੇ ਮੁੰਨਾ ਕੁਮਾਰ ਤੋਂ ਲਿਆ ਗਿਆ ਸਫ਼ੈਦ ਛੋਲਿਆਂ ਦਾ ਸੈਂਪਲ ਵੀ ਫੇਲ੍ਹ ਪਾਇਆ ਗਿਆ। ਇਸ ਤੋਂ ਇਲਾਵਾ ਬਰਗਰ ਬਾਈਟ, ਸੈਕਟਰ 32, ਚੰਡੀਗੜ੍ਹ ਰੋਡ ਤੋਂ ਵਰਤੇ ਹੋਏ ਕੁਕਿੰਗ ਆਇਲ, ਐਮ.ਵੀ. ਸਵੀਟਸ, ਜੱਸੀਆਂ ਰੋਡ ਤੋਂ ਖੋਆ ਪੇੜਾ ਅਤੇ ਰੋਸਟਡ ਖੋਆ ਬਰਫ਼ੀ, ਗੁਰੂ ਕਿਰਪਾ ਸਵੀਟਸ, ਕਾਕੋਵਾਲ ਰੋਡ ਤੋਂ ਪਨੀਰ ਅਤੇ ਪਿੰਡ ਨੀਲੋ ਸਥਿਤ ਨੀਲੋ ਮਿਲਕ ਬਾਰ ਤੋਂ ਆਈਸਕ੍ਰੀਮ ਦੇ ਸੈਂਪਲ ਵੀ ਲੈਬਾਰਟਰੀ ਜਾਂਚ ਲਈ ਭੇਜੇ ਗਏ ਸਨ।
ਸਤੰਬਰ 2026 ਦੌਰਾਨ ਵੀ ਕਈ ਖੁਰਾਕੀ ਪਦਾਰਥਾਂ ਦੇ ਸੈਂਪਲ ਨਿਰਧਾਰਤ ਮਾਪਦੰਡਾਂ ‘ਤੇ ਖਰੇ ਨਹੀਂ ਉਤਰੇ। ਕੋਹਾੜਾ ਵਿਖੇ ਅਮਨਦੀਪ ਅਤੇ ਸੰਦੀਪ ਤੋਂ ਲਏ ਗਏ ਦੇਸੀ ਘਿਓ ਦੇ ਸੈਂਪਲਾਂ ਸਮੇਤ ਬਜਰੰਗ ਐਗਰੋ ਫੂਡ ਪ੍ਰੋਡਕਟ ਤੋਂ ਲਿਆ ਗਿਆ ਦੇਸੀ ਘਿਓ ਦਾ ਸੈਂਪਲ ਸਬ-ਸਟੈਂਡਰਡ ਪਾਇਆ ਗਿਆ। ਨਿਊ ਅਸ਼ੋਕ ਨਗਰ ਸਥਿਤ ਠਾਕੁਰ ਜੀ ਫੂਡ ਤੋਂ ਲਿਆ ਗਿਆ ਨਾਨ-ਫਰੂਟ ਵਿਨੇਗਰ ਦਾ ਸੈਂਪਲ ਵੀ ਫੇਲ੍ਹ ਪਾਇਆ ਗਿਆ।
ਇਸੇ ਦੌਰਾਨ ਡੇਅਰੀ ਉਤਪਾਦਾਂ ਦੀ ਜਾਂਚ ਵਿੱਚ ਵੀ ਕਈ ਖਾਮੀਆਂ ਸਾਹਮਣੇ ਆਈਆਂ। ਸਰੋਸ਼ ਡੇਅਰੀ, ਤਾਜਪੁਰ ਰੋਡ; ਮੋਤੀ ਮਹਿਲ ਰੈਸਟੋਰੈਂਟ, ਸੈਕਟਰ 32-A ਮਾਰਕੀਟ; ਚੌਧਰੀ ਕਮਲ ਡੇਅਰੀ, ਡੇਅਰੀ ਕੰਪਲੈਕਸ, ਹੰਬੜਾਂ ਰੋਡ; ਗੋਬਿੰਦ ਡੇਅਰੀ ਐਂਡ ਸਵੀਟਸ, ਰਾਜਗੁਰੂ ਨਗਰ; ਨਰਿੰਦਰ ਡੇਅਰੀ, ਮਾਡਲ ਟਾਊਨ ਐਕਸਟੈਂਸ਼ਨ; ਸ਼੍ਰੀ ਬਾਲਾਜੀ ਡੇਅਰੀ, ਜਵੱਦੀ; ਹਰਿੰਦਰ ਮਿਲਕ ਡੇਅਰੀ, ਫੇਜ਼-2, ਦੁੱਗਰੀ ਮੇਨ ਰੋਡ; ਲਕਸ਼ਮਣ ਸਵੀਟ ਸ਼ਾਪ, ਨਿਊ ਸਰਾਭਾ ਨਗਰ; ਦਿੱਲੀ ਪਨੀਰ ਵਾਲਾ, ਬਹਾਦਰਕੇ ਰੋਡ ਅਤੇ ਪੰਜਾਬ ਗ੍ਰਿੱਲ, ਸਾਊਥ ਸਿਟੀ ਤੋਂ ਲਏ ਗਏ ਪਨੀਰ ਦੇ ਸੈਂਪਲ ਫੇਲ੍ਹ ਪਾਏ ਗਏ। ਚੌਧਰੀ ਕਮਲ ਡੇਅਰੀ ਤੋਂ ਲਿਆ ਗਿਆ ਖੋਏ ਦਾ ਸੈਂਪਲ ਅਤੇ ਰਾਧੇ ਸਵੀਟਸ, ਅਮਨ ਨਗਰ ਤੋਂ ਲਿਆ ਗਿਆ ਖੋਆ ਮੋਦਕ ਦਾ ਸੈਂਪਲ ਵੀ ਲੈਬਾਰਟਰੀ ਜਾਂਚ ਵਿੱਚ ਫੇਲ੍ਹ ਪਾਇਆ ਗਿਆ। ਇਸ ਤੋਂ ਇਲਾਵਾ ਪਵੇਲੀਅਨ ਮਾਲ ਸਥਿਤ ਵਾਓ ਮੋਮੋ ਫੂਡਜ਼ ਤੋਂ ਲਏ ਗਏ ਵਰਤੇ ਹੋਏ ਕੁਕਿੰਗ ਆਇਲ ਦੇ ਸੈਂਪਲ ਵੀ ਨਿਰਧਾਰਤ ਮਾਪਦੰਡਾਂ ਅਨੁਸਾਰ ਨਹੀਂ ਪਾਏ ਗਏ।
ਅਕਤੂਬਰ 2026 ਦੌਰਾਨ ਵਿਭਾਗ ਵੱਲੋਂ ਦੁੱਧ ਅਤੇ ਪਨੀਰ ਦੀ ਸਪਲਾਈ ਚੇਨ ‘ਤੇ ਵਿਸ਼ੇਸ਼ ਨਿਗਰਾਨੀ ਰੱਖੀ ਗਈ। ਇਸ ਤਹਿਤ ਫੂਡ ਸੇਫਟੀ ਟੀਮਾਂ ਵੱਲੋਂ ਸਵੇਰੇ ਤੜਕਸਾਰ ਵੱਖ-ਵੱਖ ਇਲਾਕਿਆਂ ਵਿੱਚ ਦੁੱਧ ਅਤੇ ਪਨੀਰ ਦੀ ਸਪਲਾਈ ਕਰਨ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਗਈ ਅਤੇ ਸ਼ੱਕੀ ਖੁਰਾਕੀ ਪਦਾਰਥਾਂ ਦੇ ਸੈਂਪਲ ਲੈਬਾਰਟਰੀ ਜਾਂਚ ਲਈ ਭੇਜੇ ਗਏ। ਇਸ ਦੌਰਾਨ ਹਰਜੰਤ ਡੇਅਰੀ, ਮਾਛੀਵਾੜਾ ਸਾਹਿਬ ਤੋਂ ਲਿਆ ਗਿਆ ਮੱਝ ਦੇ ਦੁੱਧ ਦਾ ਸੈਂਪਲ ਫੇਲ੍ਹ ਪਾਇਆ ਗਿਆ। ਇਸੇ ਤਰ੍ਹਾਂ ਸ਼ੁਭਮ ਡੇਅਰੀ, ਪਿੰਡ ਮੁਬਾਰਕਪੁਰ ਛੁੰਗਾ, ਮਲੇਰਕੋਟਲਾ ਤੋਂ ਸਮੀਰ ਖਾਨ ਵੱਲੋਂ ਸਪਲਾਈ ਕੀਤੇ ਪਨੀਰ, ਗਰੇਵਾਲ ਡੇਅਰੀ, ਮੁੱਲਾਂਪੁਰ ਦਾਖਾ, ਜੀ.ਟੀ.ਬੀ. ਨਗਰ ਤੋਂ ਲਏ ਗਏ ਪਨੀਰ ਅਤੇ ਹਰਿਆਣਾ ਨਾਲ ਸਬੰਧਤ ਸਪਲਾਇਰਾਂ, ਜਿਨ੍ਹਾਂ ਵਿੱਚ ਮੁਹੰਮਦ ਅਰਸ਼ਦ ਅਤੇ ਰਾਜਿੰਦਰ ਫਾਰਮ ਪ੍ਰਸਾਦ ਸ਼ਾਮਲ ਹਨ, ਦੇ ਪਨੀਰ ਦੇ ਸੈਂਪਲ ਵੀ ਲੈਬਾਰਟਰੀ ਜਾਂਚ ਵਿੱਚ ਫੇਲ੍ਹ ਪਾਏ ਗਏ। ਇਸ ਤੋਂ ਇਲਾਵਾ ਹਰਿਆਣਾ ਦੇ ਜੀਂਦ, ਨਰਵਾਣਾ ਸਥਿਤ ਰਾਜਿੰਦਰ ਬਾਲਾਜੀ ਡੇਅਰੀ ਵੱਲੋਂ ਸਪਲਾਈ ਕੀਤੇ ਜਾ ਰਹੇ ਪਨੀਰ ਨੂੰ ਵਾਹਨ ਦੀ ਚੈਕਿੰਗ ਦੌਰਾਨ ਰੋਕ ਕੇ ਸੈਂਪਲ ਲਿਆ ਗਿਆ, ਜੋ ਜਾਂਚ ਦੌਰਾਨ ਫੇਲ੍ਹ ਪਾਇਆ ਗਿਆ।
ਡਾ. ਆਸ਼ੀਸ਼ ਚਾਵਲਾ ਨੇ ਸਪੱਸ਼ਟ ਕੀਤਾ ਕਿ ਲੈਬਾਰਟਰੀ ਰਿਪੋਰਟਾਂ ਪ੍ਰਾਪਤ ਹੋਣ ਉਪਰੰਤ ਸਬੰਧਤ ਫੂਡ ਬਿਜ਼ਨਸ ਆਪਰੇਟਰਾਂ ਖ਼ਿਲਾਫ਼ ਕਾਨੂੰਨ ਅਨੁਸਾਰ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਜਿੱਥੇ ਲਾਗੂ ਹੁੰਦਾ ਹੈ, ਉੱਥੇ ਸੈਂਪਲਾਂ ਦੀ ਮੁੜ ਜਾਂਚ (ਰੀ-ਐਨਾਲਿਸਿਸ) ਕਰਵਾਉਣ ਸਬੰਧੀ ਨੋਟਿਸ ਵੀ ਜਾਰੀ ਕੀਤੇ ਗਏ ਹਨ, ਤਾਂ ਜੋ ਸਬੰਧਤ ਫੂਡ ਬਿਜ਼ਨਸ ਆਪਰੇਟਰਾਂ ਨੂੰ ਕਾਨੂੰਨੀ ਪ੍ਰਕਿਰਿਆ ਅਨੁਸਾਰ ਆਪਣਾ ਪੱਖ ਰੱਖਣ ਅਤੇ ਦੁਬਾਰਾ ਜਾਂਚ ਕਰਵਾਉਣ ਦਾ ਮੌਕਾ ਮਿਲ ਸਕੇ। ਉਨ੍ਹਾਂ ਕਿਹਾ ਕਿ ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ, 2006 ਅਤੇ ਇਸ ਅਧੀਨ ਬਣਾਏ ਗਏ ਨਿਯਮਾਂ ਅਤੇ ਰੈਗੂਲੇਸ਼ਨਾਂ ਅਨੁਸਾਰ ਲੈਬਾਰਟਰੀ ਰਿਪੋਰਟਾਂ ਅਤੇ ਅਗਲੀ ਕਾਨੂੰਨੀ ਪ੍ਰਕਿਰਿਆ ਦੇ ਆਧਾਰ ‘ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਖਾਣ-ਪੀਣ ਵਾਲੇ ਪਦਾਰਥਾਂ ਦੀ ਗੁਣਵੱਤਾ ਅਤੇ ਸੁਰੱਖਿਆ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸਾਰੇ ਡੇਅਰੀ ਮਾਲਕਾਂ, ਮਿਠਾਈ ਵਿਕਰੇਤਾਵਾਂ, ਰੈਸਟੋਰੈਂਟ ਸੰਚਾਲਕਾਂ, ਨਿਰਮਾਤਾਵਾਂ ਅਤੇ ਹੋਰ ਫੂਡ ਬਿਜ਼ਨਸ ਆਪਰੇਟਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਖੁਰਾਕੀ ਪਦਾਰਥਾਂ ਦੀ ਤਿਆਰੀ, ਸਟੋਰੇਜ ਅਤੇ ਵਿਕਰੀ ਦੌਰਾਨ ਨਿਰਧਾਰਤ ਫੂਡ ਸੇਫਟੀ ਮਿਆਰਾਂ, ਸਫ਼ਾਈ ਅਤੇ ਹਾਈਜੀਨ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ।
ਆਮ ਲੋਕਾਂ ਨੂੰ ਅਪੀਲ ਕਰਦਿਆਂ ਡਾ. ਚਾਵਲਾ ਨੇ ਕਿਹਾ ਕਿ ਦੁੱਧ, ਪਨੀਰ, ਦੇਸੀ ਘਿਓ, ਮਿਠਾਈਆਂ ਅਤੇ ਹੋਰ ਖੁਰਾਕੀ ਪਦਾਰਥ ਖਰੀਦਣ ਸਮੇਂ ਉਨ੍ਹਾਂ ਦੀ ਗੁਣਵੱਤਾ ਅਤੇ ਭਰੋਸੇਯੋਗਤਾ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ। ਪੈਕ ਕੀਤੇ ਖੁਰਾਕੀ ਪਦਾਰਥ ਖਰੀਦਣ ਤੋਂ ਪਹਿਲਾਂ ਉਨ੍ਹਾਂ ਦੀ ਨਿਰਮਾਣ ਮਿਤੀ, ਮਿਆਦ ਪੁੱਗਣ ਦੀ ਮਿਤੀ, FSSAI ਲਾਇਸੈਂਸ ਨੰਬਰ, ਲੇਬਲ ਅਤੇ ਪੈਕਿੰਗ ਦੀ ਜਾਂਚ ਜ਼ਰੂਰ ਕੀਤੀ ਜਾਵੇ। ਜੇਕਰ ਕਿਸੇ ਵੀ ਥਾਂ ‘ਤੇ ਮਿਲਾਵਟਖੋਰੀ, ਗੰਦਗੀ ਜਾਂ ਘਟੀਆ ਗੁਣਵੱਤਾ ਵਾਲੇ ਖੁਰਾਕੀ ਪਦਾਰਥਾਂ ਦੀ ਵਿਕਰੀ ਸਬੰਧੀ ਜਾਣਕਾਰੀ ਮਿਲਦੀ ਹੈ ਤਾਂ ਤੁਰੰਤ ਫੂਡ ਸੇਫਟੀ ਵਿਭਾਗ ਨੂੰ ਸੂਚਿਤ ਕੀਤਾ ਜਾਵੇ।
ਅੰਤ ਵਿੱਚ ਡਾ. ਆਸ਼ੀਸ਼ ਚਾਵਲਾ ਨੇ ਦੁਹਰਾਇਆ ਕਿ ਫੂਡ ਸੇਫਟੀ ਵਿਭਾਗ ਲੁਧਿਆਣਾ ਲੋਕਾਂ ਦੀ ਸਿਹਤ ਦੀ ਸੁਰੱਖਿਆ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਜ਼ਿਲ੍ਹੇ ਭਰ ਵਿੱਚ ਚੈਕਿੰਗ, ਸੈਂਪਲਿੰਗ, ਨਿਗਰਾਨੀ ਅਤੇ ਕਾਨੂੰਨੀ ਕਾਰਵਾਈ ਦੀ ਮੁਹਿੰਮ ਲਗਾਤਾਰ ਜਾਰੀ ਰਹੇਗੀ, ਤਾਂ ਜੋ ਲੋਕਾਂ ਨੂੰ ਸੁਰੱਖਿਅਤ, ਸਾਫ਼-ਸੁਥਰੇ ਅਤੇ ਮਿਆਰੀ ਖਾਣ-ਪੀਣ ਵਾਲੇ ਪਦਾਰਥ ਮੁਹੱਈਆ ਕਰਵਾਏ ਜਾ ਸਕਣ।

Leave a Reply

Your email address will not be published. Required fields are marked *

You may have missed

Copyright © All rights reserved. | Newsphere by AF themes.