ਮਾਨਸਾ ( ਡਾ.ਸੰਦੀਪ ਘੰਡ )-ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਪੰਜਾਬ ਵੱਲੋਂ ਵਿਦਿਆਰਥੀ ਨੌਜਵਾਨਾਂ ਦੇ ਬੌਧਿਕ ਵਿਕਾਸ ਲਈ ਇਤਿਹਾਸਕ ਪਦਾਰਥਵਾਦ ਦੇ ਵਿਸ਼ੇ ਤੇ ਵਰਕਸ਼ਾਪ ਲਗਾਈ ਗਈ।ਇਸ ਮੌਕੇ ਵਰਕਸ਼ਾਪ ਦੌਰਾਨ ਵਿਦਿਆਰਥੀਆਂ ਨਾਲ ਵਿਚਾਰ ਚਰਚਾ ਕਰਦੇ ਹੋਏ ਸੀ ਪੀ ਆਈ (ਐਮ ਐਲ) ਲਿਬਰੇਸ਼ਨ ਦੇ ਕੇਂਦਰੀ ਕਮੇਟੀ ਮੈਂਬਰ ਕਾਮਰੇਡ ਰਾਜਵਿੰਦਰ ਸਿੰਘ ਰਾਣਾ ਨੇ ਕਿਹਾ ਸਮਾਜ ਲਗਾਤਾਰ ਜਮਾਤੀ ਸੰਘਰਸ਼ ਦੇ ਚੱਲਦਿਆਂ ਤਬਦੀਲ ਹੋਇਆ ਹੈ। ਮਨੁੱਖੀ ਇਤਿਹਾਸ ਮੁੱਢ ਕਦੀਮੀ ਸਮਾਜਵਾਦੀ ਯੁੱਗ ਤੋਂ ਲੈਕੇ ਗੁਲਾਮਦਾਰੀ ਯੁੱਗ, ਜਾਗੀਰਦਾਰੀ ਯੁੱਗ ਤੇ ਅਜੋਕੇ ਪੂੰਜੀਵਾਦੀ ਪ੍ਰਬੰਧ ਤੱਕ ਪਹੁੰਚਿਆ ਹੈ। ਇਨ੍ਹਾਂ ਤਬਦੀਲੀਆਂ ਦੌਰਾਨ ਮਨੁੱਖ ਦਾ ਕੁਦਰਤ ਨਾਲ ਸੰਘਰਸ਼, ਗੁਲਾਮਦਾਰੀ ਯੁੱਗ ਵਿੱਚ ਮਾਲਕਾਂ ਤੇ ਗੁਲਾਮਾਂ ਵਿਚਕਾਰ ਸੰਘਰਸ਼, ਜਾਗੀਰਦਾਰੀ ਯੁੱਗ ਵਿੱਚ ਜਾਗੀਰਦਾਰਾਂ ਤੇ ਮੁਜ਼ਾਰੇ ਕਿਸਾਨਾਂ ਵਿਚਕਾਰ ਸੰਘਰਸ਼ ਤੇ ਮੌਜੂਦਾ ਦੌਰ ਵਿੱਚ ਪੂੰਜੀਪਤੀਆਂ ਤੇ ਮਜ਼ਦੂਰ ਜਮਾਤ ਵਿਚਕਾਰ ਸੰਘਰਸ਼ ਹੈ। ਮੌਜੂਦਾ ਦੌਰ ਵਿੱਚ ਲਗਾਤਾਰ ਵੱਧ ਰਹੀ ਬੇਰੁਜ਼ਗਾਰੀ,ਅਮੀਰੀ ਗਰੀਬੀ ਵਿੱਚ ਵੱਧ ਰਿਹਾ ਪਾੜ੍ਹਾ , ਕੁਦਰਤੀ ਸਰੋਤਾਂ ਦੀ ਲਗਾਤਾਰ ਹੋ ਰਹੀ ਲੁੱਟ ਆਦਿ ਅਲਾਮਤਾਂ ਦੇ ਹੱਲ ਲਈ ਸਮਾਜਵਾਦੀ ਪ੍ਰਬੰਧ ਦੀ ਉਸਾਰੀ ਲਈ ਸੰਘਰਸ਼ ਹੀ ਪੱਕਾ ਹੱਲ ਹੈ।ਇਸ ਵਿਦਿਆਰਥੀ ਨੌਜਵਾਨ ਲਹਿਰ ਨੂੰ ਮਜ਼ਦੂਰਾਂ ਕਿਸਾਨਾਂ ਦੇ ਸੰਘਰਸ਼ ਨਾਲ ਜੋਟੀ ਪਾਉਂਦੇ ਹੋਏ ਇਨਕਲਾਬੀ ਲਹਿਰ ਨੂੰ ਮਜ਼ਬੂਤ ਕਰਦੇ ਸਮਾਜਵਾਦੀ ਪ੍ਰਬੰਧ ਦੀ ਉਸਾਰੀ ਲਈ ਸੰਘਰਸ਼ ਦੇ ਰਾਹ ਪੈਣਾ ਪਵੇਗਾ।ਇਸ ਮੌਕੇ ਵਿਦਿਆਰਥੀਆਂ ਨੇ ਸੁਆਲਾਂ ਜੁਆਬਾਂ ਦਾ ਸੈਸ਼ਨ ਵੀ ਚਲਾਇਆ ਗਿਆ। ਵਰਕਸ਼ਾਪ ਦੇ ਅਖੀਰ ਵਿੱਚ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨ ਗਿਆਨ ਸਿੰਘ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ।ਇਸਮੌਕੇ ਰਾਜਦੀਪ ਸਿੰਘ ਗੇਹਲੇ, ਬਿੰਨੀ ਕਪੂਰ, ਅਰਸ਼ਦੀਪ ਸਿੰਘ ਖੋਖਰ, ਸੁਲੱਖਣ ਸਿੰਘ, ਖੁਸ਼ੀ, ਗੁਰਪ੍ਰੀਤ ਸਿੰਘ ਹੀਰਕੇ,ਨਤਿਨ ਮਾਨਸਾ, ਗੁਰਪਿਆਰ ਸਿੰਘ ਗੇਹਲੇ ਆਦਿ ਵੀ ਹਾਜ਼ਿਰ ਸਨ।
Leave a Reply