ਸੰਗਰੂਰ ਜ਼ਿਲ੍ਹੇ ਵਿੱਚ ਪਤੰਗਬਾਜ਼ੀ ਲਈ ਚਾਈਨਾ ਡੋਰ ਅਤੇ ਮਾਂਜੇ ਦੀ ਵਿਕਰੀ, ਖ਼ਰੀਦ ਤੇ ਵਰਤੋਂ ’ਤੇ ਪੂਰਨ ਪਾਬੰਦੀ -ਹੁਕਮ 21 ਦਸੰਬਰ 2026 ਤਕ ਲਾਗੂ
ਸੰਗਰੂਰ
( ਜਸਟਿਸ ਨਿਊਜ਼ )
: ਜ਼ਿਲ੍ਹਾ ਮੈਜਿਸਟਰੇਟ, ਸੰਗਰੂਰ ਪੂਨਮਦੀਪ ਕੌਰ, ਆਈ.ਏ.ਐੱਸ., ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ, 2023 ਦੀ ਧਾਰਾ 163 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹੇ ਦੀ ਹਦੂਦ ਅੰਦਰ ਪਤੰਗਾਂ ਅਤੇ ਗੁੱਡੀਆਂ ਉਡਾਉਣ ਲਈ ਵਰਤੀ ਜਾਂਦੀ ਸਿੰਥੈਟਿਕ, ਪਲਾਸਟਿਕ ਜਾਂ ਨਾਈਲੋਨ ਦੀ ਡੋਰ, ਜਿਸ ਨੂੰ ਆਮ ਤੌਰ ’ਤੇ ਚਾਈਨਾ ਡੋਰ ਕਿਹਾ ਜਾਂਦਾ ਹੈ, ਅਤੇ ਮਾਂਜੇ ’ਤੇ ਪੂਰਨ ਪਾਬੰਦੀ ਲਗਾਈ ਹੈ।
ਹੁਕਮ ਅਨੁਸਾਰ ਪਤੰਗਬਾਜ਼ੀ ਲਈ ਅਜਿਹੀ ਡੋਰ ਅਤੇ ਮਾਂਜੇ ਨੂੰ ਬਣਾਉਣ, ਵੇਚਣ, ਖ਼ਰੀਦਣ, ਸਟੋਰ ਕਰਨ, ਸਪਲਾਈ ਕਰਨ, ਆਯਾਤ ਕਰਨ ਅਤੇ ਵਰਤਣ ’ਤੇ ਰੋਕ ਰਹੇਗੀ। ਇਹ ਪਾਬੰਦੀ ਉਸ ਮਾਂਜੇ ਉੱਤੇ ਵੀ ਲਾਗੂ ਹੈ ਜਿਸ ’ਤੇ ਕੱਚ ਦਾ ਪਾਊਡਰ, ਧਾਤੂ ਜਾਂ ਇਸ ਤਰ੍ਹਾਂ ਦੀ ਹੋਰ ਸਮੱਗਰੀ ਲੱਗੀ ਹੋਵੇ। ਪਤੰਗ ਉਡਾਉਣ ਲਈ ਵਰਤੀ ਜਾਣ ਵਾਲੀ ਸਾਧਾਰਨ ਧਾਗੇ ਦੀ ਡੋਰ ਨੂੰ ਇਸ ਪਾਬੰਦੀ ਤੋਂ ਛੋਟ ਹੈ।
ਜ਼ਿਲ੍ਹਾ ਮੈਜਿਸਟਰੇਟ ਨੇ ਹੁਕਮ ਵਿੱਚ ਦਰਸਾਇਆ ਹੈ ਕਿ ਸਿੰਥੈਟਿਕ ਡੋਰ ਮਜ਼ਬੂਤ ਹੁੰਦੀ ਹੈ ਅਤੇ ਆਸਾਨੀ ਨਾਲ ਟੁੱਟਦੀ ਨਹੀਂ। ਪਤੰਗ ਉਡਾਉਣ ਸਮੇਂ ਇਹ ਡੋਰ ਹੱਥਾਂ ਅਤੇ ਉਂਗਲਾਂ ਨੂੰ ਜ਼ਖ਼ਮੀ ਕਰ ਸਕਦੀ ਹੈ। ਸੜਕ ’ਤੇ ਲਟਕਦੀ ਡੋਰ ਸਾਈਕਲ ਜਾਂ ਸਕੂਟਰ ਸਵਾਰਾਂ ਦੇ ਗਲ਼ ਵਿੱਚ ਫਸ ਕੇ ਗੰਭੀਰ ਹਾਦਸੇ ਦਾ ਕਾਰਨ ਬਣ ਸਕਦੀ ਹੈ। ਇਸੇ ਤਰ੍ਹਾਂ ਡੋਰ ਵਿੱਚ ਉਲਝਣ ਨਾਲ ਪੰਛੀ ਜ਼ਖ਼ਮੀ ਹੋ ਸਕਦੇ ਹਨ ਅਤੇ ਉਨ੍ਹਾਂ ਦੀ ਜਾਨ ਵੀ ਜਾ ਸਕਦੀ ਹੈ। ਮਨੁੱਖੀ ਜਾਨਾਂ ਅਤੇ ਪੰਛੀਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਇਹ ਹੁਕਮ ਜਾਰੀ ਕੀਤਾ ਗਿਆ ਹੈ।
ਇਹ ਹੁਕਮ 21 ਦਸੰਬਰ 2026 ਤੱਕ ਲਾਗੂ ਰਹੇਗਾ।