ਬੰਦੀ ਛੋੜ ਦਿਵਸ ਮਾਨਵਤਾ ਦੀ ਆਜ਼ਾਦੀ, ਪਰਉਪਕਾਰ ਤੇ ਹੱਕ-ਸੱਚ ਲਈ ਖੜ੍ਹਨ ਦੀ ਪ੍ਰੇਰਣਾ ਦਿੰਦਾ ਹੈ- ਐਡਵੋਕੇਟ ਧਾਮੀ
ਅੰਮ੍ਰਿਤਸਰ,
(ਜਸਟਿਸ ਨਿਊਜ਼ )
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਮੁੱਚੇ ਸਿੱਖ ਜਗਤ ਨੂੰ ਬੰਦੀ ਛੋੜ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਇਹ ਇਤਿਹਾਸਕ ਦਿਹਾੜਾ ਸਾਨੂੰ ਮਾਨਵਤਾ ਦੀ ਆਜ਼ਾਦੀ, ਪਰਉਪਕਾਰ ਅਤੇ ਹੱਕ-ਸੱਚ ਲਈ ਆਵਾਜ਼ ਬੁਲੰਦ ਕਰਨ ਦੀ ਪ੍ਰੇਰਣਾ ਦਿੰਦਾ ਹੈ।
ਆਪਣੇ ਵਧਾਈ ਸੰਦੇਸ਼ ਵਿਚ ਐਡਵੋਕੇਟ ਧਾਮੀ ਨੇ ਕਿਹਾ ਕਿ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵੱਲੋਂ ਗਵਾਲੀਅਰ ਦੇ ਕਿਲ੍ਹੇ ਦੀ ਕੈਦ ਵਿੱਚੋਂ ਆਪਣੇ ਨਾਲ 52 ਰਾਜਿਆਂ ਨੂੰ ਰਿਹਾਅ ਕਰਵਾਉਣਾ ਵਿਸ਼ਵ ਇਤਿਹਾਸ ਅੰਦਰ ਪਰਉਪਕਾਰ, ਨਿਆਂ ਅਤੇ ਮਾਨਵਤਾ ਦੇ ਭਲੇ ਦੀ ਵਿਲੱਖਣ ਮਿਸਾਲ ਹੈ। ਉਨ੍ਹਾਂ ਕਿਹਾ ਕਿ ਬੰਦੀ ਛੋੜ ਦਿਵਸ ਦਾ ਸੰਦੇਸ਼ ਸਿਰਫ਼ ਆਪਣੀ ਆਜ਼ਾਦੀ ਤੱਕ ਸੀਮਤ ਨਹੀਂ, ਸਗੋਂ ਦੂਜਿਆਂ ਨੂੰ ਵੀ ਬੰਧਨਾਂ ਤੋਂ ਮੁਕਤ ਕਰਵਾਉਣ ਅਤੇ ਹਰ ਮਨੁੱਖ ਦੇ ਹੱਕਾਂ ਦੀ ਰਾਖੀ ਕਰਨ ਦੀ ਭਾਵਨਾ ਨਾਲ ਜੁੜਿਆ ਹੋਇਆ ਹੈ।
ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਕਿ ਇਸ ਪਾਵਨ ਦਿਹਾੜੇ ਮੌਕੇ ਗੁਰੂ ਸਾਹਿਬ ਦੇ ਉਪਦੇਸ਼ਾਂ ਨੂੰ ਆਪਣੇ ਜੀਵਨ ਦਾ ਆਧਾਰ ਬਣਾਉਂਦਿਆਂ ਗੁਰਬਾਣੀ ਨਾਲ ਜੁੜਨ ਅਤੇ ਸੇਵਾ, ਸਿਮਰਨ ਤੇ ਪਰਉਪਕਾਰ ਦੀ ਭਾਵਨਾ ਨੂੰ ਹੋਰ ਪ੍ਰਪੱਕ ਕਰਨ। ਉਨ੍ਹਾਂ ਕਿਹਾ ਕਿ ਬੰਦੀ ਛੋੜ ਦਿਵਸ ਮੌਕੇ ਜਿੱਥੇ ਅਸੀਂ ਆਪਣੇ ਆਲੇ-ਦੁਆਲੇ ਨੂੰ ਰੁਸ਼ਨਾਉਣਾ ਹੈ, ਉੱਥੇ ਹੀ ਗੁਰਬਾਣੀ ਜਾਪ ਅਤੇ ਗੁਰਮਤਿ ਵਿਚਾਰਾਂ ਰਾਹੀਂ ਆਪਣੇ ਮਨਾਂ ਨੂੰ ਵੀ ਰੌਸ਼ਨ ਕਰਨਾ ਹੈ।
ਜਿਕਰਯੋਗ ਹੈ ਕਿ 8 ਨਵੰਬਰ ਨੂੰ ਸ਼ਾਮ 5 ਵਜੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਦਰਸ਼ਨੀ ਡਿਓੜੀ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਸਿੱਖ ਕੌਮ ਦੇ ਨਾਂ ਸੰਦੇਸ਼ ਦੇਣਗੇ। ਇਸ ਪਾਵਨ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਗੁਰਮਤਿ ਸਮਾਗਮ ਵੀ ਚੱਲ ਰਹੇ ਹਨ, ਜੋ 9 ਨਵੰਬਰ ਤੱਕ ਜਾਰੀ ਰਹਿਣਗੇ। ਇਸੇ ਤਰ੍ਹਾਂ ਬੰਦੀ ਛੋੜ ਦਿਵਸ ਮੌਕੇ 8 ਨਵੰਬਰ ਸਾਮ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਦਰਬਾਰ ਸਾਹਿਬ ਸਮੂਹ ਵਿਖੇ ਸੁੰਦਰ ਦੀਪਮਾਲਾ ਅਤੇ ਆਤਿਸ਼ਬਾਜ਼ੀ ਵੀ ਕੀਤੀ ਜਾਵੇਗੀ।