November 7, 2026

Justice News

ਅਵਾਮ ਦੀ ਆਵਾਜ਼

ਭਗਤ ਰਵਿਦਾਸ ਜੀ ਦੀ 650 ਸਾਲਾ ਜਨਮ ਸ਼ਤਾਬਦੀ ਸਬੰਧੀ ਸ਼੍ਰੋਮਣੀ ਕਮੇਟੀ ਵੱਲੋਂ 20 ਜਨਵਰੀ ਨੂੰ ਵਾਰਾਣਸੀ ਤੋਂ ਸਜਾਇਆ ਜਾਵੇਗਾ ਨਗਰ ਕੀਰਤਨ

ਅੰਮ੍ਰਿਤਸਰ,

( ਜਸਟਿਸ ਨਿਊਜ਼  )

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੋਮਣੀ ਭਗਤ ਰਵਿਦਾਸ ਜੀ ਦੀ 650 ਸਾਲਾ ਜਨਮ ਸ਼ਤਾਬਦੀ ਸਮਰਪਿਤ ਭਗਤ ਰਵਿਦਾਸ ਜੀ ਦੇ ਜਨਮ ਅਸਥਾਨ ਕਾਂਸ਼ੀ (ਵਾਰਾਣਸੀ) ਤੋਂ ਸ੍ਰੀ ਅਨੰਦਪੁਰ ਸਾਹਿਬ ਤੱਕ ਸਜਾਏ ਜਾਣ ਵਾਲੇ ਨਗਰ ਕੀਰਤਨ ਦੀਆਂ ਤਿਆਰੀਆਂ ਸਬੰਧੀ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਨਿਰਦੇਸ਼ਾਂ ਅਨੁਸਾਰ ਸਬ ਕਮੇਟੀ ਦੀ ਇਕੱਤਰਤਾ ਹੋਈ। ਇਸ ਇਕੱਤਰਤਾ ਵਿਚ ਸ਼ਾਮਲ ਹੋਏ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਰਾਜਿੰਦਰ ਸਿੰਘ ਮਹਿਤਾ, ਭਾਈ ਅਜੈਬ ਸਿੰਘ ਅਭਿਆਸੀ, ਸ. ਕੇਵਲ ਸਿੰਘ ਬਾਦਲ, ਬਾਬਾ ਬੂਟਾ ਸਿੰਘ, ਧਰਮ ਪ੍ਰਚਾਰ ਕਮੇਟੀ ਦੇ ਵਧੀਕ ਸਕੱਤਰ ਸ. ਭਗਵੰਤ ਸਿੰਘ ਧੰਗੇੜਾ ਨੇ ਨਗਰ ਕੀਰਤਨ ਦੀ ਰੂਪ ਰੇਖਾ ਨੂੰ ਸਬੰਧੀ ਵਿਚਾਰਾਂ ਕੀਤੀਆਂ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਰਾਜਿੰਦਰ ਸਿੰਘ ਮਹਿਤਾ ਨੇ ਦੱਸਿਆ ਕਿ ਫਰਵਰੀ 2027 ਵਿਚ ਸ਼੍ਰੋਮਣੀ ਕਮੇਟੀ ਵੱਲੋਂ ਮਨਾਈ ਜਾ ਰਹੀ ਭਗਤ ਰਵਿਦਾਸ ਜੀ ਦੀ 650 ਸਾਲਾ ਜਨਮ ਸ਼ਤਾਬਦੀ 20 ਜਨਵਰੀ 2027 ਨੂੰ ਇਕ ਵਿਸ਼ਾਲ ਨਗਰ ਕੀਰਤਨ ਭਗਤ ਜੀ ਦੇ ਜਨਮ ਅਸਥਾਨ ਕਾਂਸ਼ੀ (ਵਾਰਾਣਸੀ) ਤੋਂ ਅਰੰਭ ਹੋਵੇਗਾ ਅਤੇ ਰਾਤ ਦਾ ਵਿਸ਼ਰਾਮ ਪ੍ਰਯਾਗਰਾਜ (ਇਲਾਹਾਬਾਦ) ਹੋਵੇਗਾ। ਇਸੇ ਤਰ੍ਹਾਂ 21 ਜਨਵਰੀ ਨੂੰ ਪ੍ਰਯਾਗਰਾਜ ਤੋਂ ਰਾਇਬਰੇਲੀ, 22 ਜਨਵਰੀ ਨੂੰ ਰਾਇਬਰੇਲੀ ਤੋਂ ਲਖਨੳ, 23 ਜਨਵਰੀ ਨੂੰ ਲਖਨਊ ਤੋਂ ਕਾਨਪੁਰ, 24 ਜਨਵਰੀ ਨੂੰ ਕਾਨਪੁਰ ਤੋਂ ਅਲੀਗੜ੍ਹ, 25 ਜਨਵਰੀ ਨੂੰ ਅਲੀਗੜ੍ਹ ਤੋਂ ਗੁਰਦੁਆਰਾ ਗੁਰੂ ਕਾ ਤਾਲ ਆਗਰਾ, 26 ਜਨਵਰੀ ਨੂੰ ਆਗਰਾ ਤੋਂ ਦਿੱਲੀ ਪਹੁੰਚੇਗਾ। ਇਸੇ ਤਰ੍ਹਾਂ 27 ਜਨਵਰੀ ਨੂੰ ਦਿੱਲੀ ਰੁਕੇਗਾ ਜਿਥੋਂ 28 ਜਨਵਰੀ ਨੂੰ ਕਰਨਾਲ (ਹਰਿਆਣਾ), 29 ਜਨਵਰੀ ਨੂੰ ਕਰਨਾਲ ਤੋਂ ਅੰਬਾਲਾ, 30 ਜਨਵਰੀ ਨੂੰ ਅੰਬਾਲਾ (ਹਰਿਆਣਾ) ਤੋਂ ਗੁਰਦੁਆਰਾ ਸ੍ਰੀ ਚਮਕੋਰ ਸਾਹਿਬ ਪਹੁੰਚੇਗਾ। 31 ਜਨਵਰੀ ਨੂੰ ਇਹ ਨਗਰ ਕੀਰਤਨ ਗੁਰਦੁਆਰਾ ਸ੍ਰੀ ਚਮਕੌਰ ਸਾਹਿਬ ਤੋਂ ਚੱਲ ਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚ ਕੇ ਸੰਪੰਨ ਹੋਵੇਗਾ। ਉਨ੍ਹਾਂ ਸੰਗਤਾਂ ਨੂੰ ਨਗਰ ਕੀਰਤਨ ਵਿਚ ਪਰਿਵਾਰਾਂ ਸਮੇਤ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ।
ਇਕੱਤਰਤਾ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਰਾਜਿੰਦਰ ਸਿੰਘ ਮਹਿਤਾ, ਭਾਈ ਅਜੈਬ ਸਿੰਘ ਅਭਿਆਸੀ, ਸ. ਕੇਵਲ ਸਿੰਘ ਬਾਦਲ, ਬਾਬਾ ਬੂਟਾ ਸਿੰਘ, ਵਧੀਕ ਸਕੱਤਰ ਸ. ਭਗਵੰਤ ਸਿੰਘ ਧੰਗੇੜਾ, ਸ. ਬਿਜੈ ਸਿੰਘ, ਮੀਤ ਸਕੱਤਰ ਸ. ਸੁਖਬੀਰ ਸਿੰਘ, ਸੁਪਰਵਾਈਜ਼ਰ ਸ. ਭੁਪਿੰਦਰ ਸਿੰਘ ਆਦਿ ਸ਼ਾਮਲ ਸਨ।

Leave a Reply

Your email address will not be published. Required fields are marked *

Copyright © All rights reserved. | Newsphere by AF themes.