ਦੀਵਾਲੀ ਤੇ ਬੰਦੀ ਛੋੜ ਦਿਵਸ ਮੌਕੇ ਮਿਲ ਵੁੱਡਜ਼ ਪਾਰਕ ’ਚ ਲੱਗੀ ਰੌਣਕ
ਐਡਮਿੰਟਨ, /ਕੈਨੇਡਾ
ਐਡਮਿੰਟਨ ਸਿਟੀ ਕੌਂਸਲ, ਸਥਾਨਕ ਗੁਰਦੁਆਰਿਆਂ ਤੇ ਮੰਦਰਾਂ, ਕੌਂਸਲ ਆਫ਼ ਇੰਡੀਆ ਸੁਸਾਇਟੀਜ਼ ਆਫ਼ ਐਡਮਿੰਟਨ ਅਤੇ ਝੱਜ ਪ੍ਰੋਡਕਸ਼ਨ ਨੇ ਸਮਾਗਮ ਲਈ ਸਹਿਯੋਗ ਦਿੱਤਾ। ਸਿਟੀ ਕੌਂਸਲਰ ਕੇਰਨ ਟੈਂਗ ਅਤੇ ਜੋ-ਐਨ ਰਾਈਟ ਨੇ ਪ੍ਰਬੰਧਾਂ ਵਿੱਚ ਸਹਿਯੋਗ ਦੇਣ ਦੇ ਨਾਲ ਸਮਾਗਮ ਵਿੱਚ ਵੀ ਸ਼ਿਰਕਤ ਕੀਤੀ।
ਸਮਾਗਮ ਵਿੱਚ ਮੇਅਰ ਐਂਡਰਿਊ ਨੈਕ, ਸੰਸਦ ਮੈਂਬਰ ਜਗਸ਼ਰਨ ਸਿੰਘ ਮਾਹਲ ਅਤੇ ਵਿਧਾਇਕ ਗੁਰਤੇਜ ਸਿੰਘ ਬਰਾੜ, ਜਸਵੀਰ ਦਿਓਲ, ਕ੍ਰਿਸਟੀਨਾ ਗ੍ਰੇ ਤੇ ਰਾਖੀ ਪੰਚੋਲੀ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਕੌਂਸਲ ਆਫ਼ ਇੰਡੀਆ ਸੁਸਾਇਟੀਜ਼ ਵੱਲੋਂ ਦਿਗਰਾਜ ਪਰਮਾਰ ਵੀ ਮੌਜੂਦ ਸਨ। ਮਹਿਮਾਨਾਂ ਨੇ ਆਪਣੇ ਸੰਬੋਧਨਾਂ ਵਿੱਚ ਲੋਕਾਂ ਨੂੰ ਦੀਵਾਲੀ ਦੀ ਵਧਾਈ ਦਿੱਤੀ ਅਤੇ ਬੁਰਾਈ ਉੱਤੇ ਨੇਕੀ ਦੀ ਜਿੱਤ ਦਾ ਸੰਦੇਸ਼ ਸਾਂਝਾ ਕੀਤਾ। ਇਸ ਮੌਕੇ ਪਤਵੰਤੇ ਮਹਿਮਾਨਾਂ ਦਾ ਸਨਮਾਨ ਵੀ ਕੀਤਾ ਗਿਆ।
ਸ਼ਿਲਪੀ ਚਾਵਲਾ ਨੇ ਮੰਚ ਸੰਚਾਲਨ ਕੀਤਾ। ਸਮਾਗਮ ਦੀ ਸ਼ੁਰੂਆਤ ਭਗਤੀਮਈ ਪੇਸ਼ਕਾਰੀ ਨਾਲ ਹੋਈ। ਇਸ ਤੋਂ ਬਾਅਦ ਸਕੂਲੀ ਬੱਚਿਆਂ ਨੇ ਧਾਰਮਿਕ ਸ਼ਬਦ ਗਾਏ ਅਤੇ ਫਿਰ ਕੈਨੇਡਾ ਦਾ ਕੌਮੀ ਗੀਤ ਗਾਇਆ ਗਿਆ। ਭੰਗੜੇ ਅਤੇ ਹੋਰ ਨਾਚਾਂ ਨੇ ਸਮਾਗਮ ਵਿੱਚ ਰੌਣਕ ਭਰੀ। ਇਸ ਮਗਰੋਂ ਗਾਇਕ ਅਭਿਸ਼ੇਕ ਪਟਿਆਲ ਨੇ ਆਪਣੇ ਗੀਤਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ।
ਅਖ਼ੀਰ ਵਿੱਚ ਰੰਗ-ਬਿਰੰਗੀ ਆਤਿਸ਼ਬਾਜ਼ੀ ਨਾਲ ਮਿਲ ਵੁੱਡਜ਼ ਪਾਰਕ ਦਾ ਅਸਮਾਨ ਜਗਮਗਾ ਉੱਠਿਆ। ਦਰਸ਼ਕਾਂ ਨੇ ਇਸ ਨਜ਼ਾਰੇ ਦਾ ਖ਼ੂਬ ਆਨੰਦ ਮਾਣਿਆ ਅਤੇ ਸਮਾਗਮ ਯਾਦਗਾਰੀ ਹੋ ਨਿਬੜਿਆ।