ਅੰਮ੍ਰਿਤਸਰ ‘ਚ ਸਰਹੱਦ ਪਾਰੋਂ ਡਰੋਨ ਰਾਹੀਂ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਦੋ ਵੱਡੇ ਨੈੱਟਵਰਕਾਂ ਦਾ ਪਰਦਾਫਾਸ਼: 14 ਆਧੁਨਿਕ ਪਿਸਤੌਲਾਂ ਸਮੇਤ 6 ਗ੍ਰਿਫ਼ਤਾਰ
ਚੰਡੀਗੜ੍ਹ/ਅੰਮ੍ਰਿਤਸਰ,
(ਰਣਜੀਤ ਸਿੰਘ ਮਸੌਣ/ ਜੋਗਾ ਸਿੰਘ ਰਾਜਪੂਤ)-
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਹੇਠ ਪੰਜਾਬ ਨੂੰ ਅਪਰਾਧ-ਮੁਕਤ ਤੇ ਸੁਰੱਖਿਅਤ ਸੂਬਾ ਬਣਾਉਣ ਲਈ ਵਿੱਢੀ ਮੁਹਿੰਮ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ, ਜਦੋਂ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਗੈਰ-ਕਾਨੂੰਨੀ ਹਥਿਆਰਾਂ ਦੀ ਸਪਲਾਈ ਕਰਨ ਵਾਲੇ ਦੋ ਅੰਤਰਰਾਸ਼ਟਰੀ ਨੈੱਟਵਰਕਾਂ ਦਾ ਫਾਸ ਕਰਨ ਕਰਦਿਆਂ 6 ਅਪਰਾਧੀਆਂ ਨੂੰ 14 ਅਤਿ-ਆਧੁਨਿਕ ਪਿਸਤੌਲਾਂ ਸਮੇਤ ਕਾਬੂ ਕਰ ਲਿਆ।
ਇਸ ਵੱਡੀ ਕਾਰਵਾਈ ਦੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਗੌਰਵ ਯਾਦਵ ਨੇ ਦੱਸਿਆ ਕਿ ਇਹ ਗ੍ਰਿਫ਼ਤਾਰੀਆਂ ਸਰਹੱਦ ਪਾਰੋਂ ਹਥਿਆਰਾਂ ਦੀ ਹੁੰਦੀ ਤਸਕਰੀ ‘ਤੇ ਪੁਲਿਸ ਦਾ ਇੱਕ ਵੱਡਾ ਪ੍ਰਹਾਰ ਹਨ।
ਸੋਸ਼ਲ ਮੀਡੀਆ ਰਾਹੀਂ ਵਿਦੇਸ਼ੀ ਹੈਂਡਲਰਾਂ ਦੇ ਸੰਪਰਕ ‘ਚ ਸਨ ਮੁਲਜ਼ਮ
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਸ਼ੁਰੂਆਤੀ ਪੜਤਾਲ ਦੌਰਾਨ ਸਾਹਮਣੇ ਆਇਆ ਹੈ ਕਿ ਫੜੇ ਗਏ ਦੋਸ਼ੀ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਵਿਦੇਸ਼ਾਂ ਵਿੱਚ ਬੈਠੇ ਆਪਣੇ ਆਕਾਵਾਂ (ਹੈਂਡਲਰਾਂ) ਨਾਲ ਲਗਾਤਾਰ ਸੰਪਰਕ ਵਿੱਚ ਸਨ। ਵਿਦੇਸ਼ੀ ਸੰਚਾਲਕਾਂ ਦੇ ਨਿਰਦੇਸ਼ਾਂ ‘ਤੇ ਡਰੋਨ ਰਾਹੀਂ ਸਰਹੱਦ ਪਾਰੋਂ ਹਥਿਆਰਾਂ ਦੀਆਂ ਖੇਪਾਂ ਮੰਗਵਾਈਆਂ ਜਾਂਦੀਆਂ ਸਨ। ਇਹ ਮੁਲਜ਼ਮ ਖੇਪਾਂ ਪ੍ਰਾਪਤ ਕਰਕੇ ਅੱਗੇ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਵਿਅਕਤੀਆਂ ਤੱਕ ਹਥਿਆਰ ਪਹੁੰਚਾਉਣ ਦਾ ਕੰਮ ਕਰਦੇ ਸਨ।
ਪੁਲਿਸ ਵੱਲੋਂ ਇਸ ਨੈੱਟਵਰਕ ਦੀਆਂ ਅਗਲੀਆਂ-ਪਿਛਲੀਆਂ ਕੜੀਆਂ ਨੂੰ ਖੰਗਾਲਿਆ ਜਾ ਰਿਹਾ ਹੈ ਤਾਂ ਕਿ ਇਸ ਪੂਰੇ ਗਿਰੋਹ ਨੂੰ ਜੜ੍ਹ ਤੋਂ ਖ਼ਤਮ ਕੀਤਾ ਜਾ ਸਕੇ।
ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ
ਪੁਲਿਸ ਵੱਲੋਂ ਕਾਬੂ ਕੀਤੇ ਗਏ 6 ਮੁਲਜ਼ਮਾਂ ਦੀ ਪਛਾਣ ਹੇਠ ਲਿਖੇ ਅਨੁਸਾਰ ਹੋਈ ਹੈ:
- ਬੌਬੀ ਸਿੰਘ (ਵਾਸੀ ਪਿੰਡ ਤਲਵੰਡੀ ਸ਼ੋਭਾ ਸਿੰਘ, ਤਰਨ ਤਾਰਨ)
- ਰਵਿੰਦਰ ਸਿੰਘ ਉਰਫ਼ ਮੰਨਾ (ਵਾਸੀ ਪਿੰਡ ਤਲਵੰਡੀ ਸ਼ੋਭਾ ਸਿੰਘ, ਤਰਨ ਤਾਰਨ)
- ਗੁਰਪ੍ਰੀਤ ਸਿੰਘ ਉਰਫ਼ ਪ੍ਰੀਤ (ਵਾਸੀ ਪਿੰਡ ਕੋਹਾਲਾ; ਹਾਲ ਵਾਸੀ ਮੈਕਸ ਸਿਟੀ ਜੰਡਪੀਰ ਕਲੋਨੀ, ਅੰਮ੍ਰਿਤਸਰ)
- ਕਮਲ (ਵਾਸੀ ਸੰਧੂ ਕਲੋਨੀ, ਅੰਮ੍ਰਿਤਸਰ)
- ਅਜੈ ਸਿੰਘ ਉਰਫ਼ ਕਾਕਾ (ਵਾਸੀ ਏਸਮਾ ਅਸਟੇਟ, ਅੰਮ੍ਰਿਤਸਰ)
- ਸਵਰਨ ਸਿੰਘ (ਵਾਸੀ ਸੈਕਟਰ 17, ਪੰਚਕੂਲਾ, ਹਰਿਆਣਾ)
ਬਰਾਮਦ ਕੀਤੇ ਆਧੁਨਿਕ ਹਥਿਆਰਾਂ ਦਾ ਵੇਰਵਾ
ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ 14 ਖ਼ਤਰਨਾਕ ਤੇ ਆਧੁਨਿਕ ਪਿਸਤੌਲ ਬਰਾਮਦ ਕੀਤੇ ਹਨ:
- 1 × .30 ਬੋਰ ਟਿਸਾਸ ਜ਼ਿਗਾਨਾ (Tisas Zigana)
- 1 × .30 ਬੋਰ ਜ਼ਿਗਾਨਾ ਈਗਲ (Zigana Eagle)
- 1 × .30 ਬੋਰ (ਚੀਨ ਦਾ ਬਣਿਆ)
- 2 × ਐਮਐਮ (MM) ਪਿਸਤੌਲ
- 7 × .30 ਬੋਰ ਪਿਸਤੌਲ
- 2 × .32 ਬੋਰ ਪਿਸਤੌਲ
ਅੰਮ੍ਰਿਤਸਰ ਪੁਲਿਸ ਦੇ 2 ਵੱਖ-ਵੱਖ ਆਪ੍ਰੇਸ਼ਨਾਂ ‘ਚ ਮਿਲੀ ਸਫਲਤਾ
ਇਸ ਕਾਰਵਾਈ ਸਬੰਧੀ ਜਾਣਕਾਰੀ ਦਿੰਦਿਆਂ ਸੀਪੀ ਅੰਮ੍ਰਿਤਸਰ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਇਹ ਸਫਲਤਾ ਦੋ ਵੱਖ-ਵੱਖ ਖੁਫੀਆ ਆਪ੍ਰੇਸ਼ਨਾਂ ਤੋਂ ਬਾਅਦ ਹਾਸਲ ਹੋਈ ਹੈ:
- ਪਹਿਲਾ ਆਪ੍ਰੇਸ਼ਨ: ਗੁਪਤ ਇਤਲਾਹ ਦੇ ਆਧਾਰ ‘ਤੇ ਪੁਲਿਸ ਟੀਮਾਂ ਨੇ ਛਾਪੇਮਾਰੀ ਕਰਕੇ 5 ਅਪਰਾਧੀਆਂ (ਬੌਬੀ ਸਿੰਘ, ਰਵਿੰਦਰ ਉਰਫ਼ ਮੰਨਾ, ਗੁਰਪ੍ਰੀਤ ਉਰਫ਼ ਪ੍ਰੀਤ, ਕਮਲ, ਅਤੇ ਅਜੇ ਉਰਫ਼ ਕਾਕਾ) ਨੂੰ 6 ਗੈਰ-ਕਾਨੂੰਨੀ ਪਿਸਤੌਲਾਂ ਸਮੇਤ ਦਬੋਚਿਆ।
- ਦੂਜਾ ਆਪ੍ਰੇਸ਼ਨ: ਇੱਕ ਹੋਰ ਵਿਸ਼ੇਸ਼ ਸੂਚਨਾ ‘ਤੇ ਕਾਰਵਾਈ ਕਰਦਿਆਂ ਪੁਲਿਸ ਨੇ ਪੰਚਕੂਲਾ ਦੇ ਰਹਿਣ ਵਾਲੇ ਸਵਰਨ ਸਿੰਘ ਨੂੰ 8 ਗੈਰ-ਕਾਨੂੰਨੀ ਪਿਸਤੌਲਾਂ ਨਾਲ ਗ੍ਰਿਫ਼ਤਾਰ ਕੀਤਾ।
ਕਾਨੂੰਨੀ ਕਾਰਵਾਈ ਤੇ ਮਾਮਲੇ ਦਰਜ
ਇਸ ਸਬੰਧੀ ਅੰਮ੍ਰਿਤਸਰ ਪੁਲਿਸ ਵੱਲੋਂ ਅਸਲਾ ਐਕਟ (Arms Act) ਦੀ ਧਾਰਾ 25(6,7,8) ਤਹਿਤ ਦੋ ਵੱਖ-ਵੱਖ ਐਫ.ਆਈ.ਆਰ. ਦਰਜ ਕੀਤੀਆਂ ਗਈਆਂ ਹਨ:
- FIR ਨੰ. 272 (ਮਿਤੀ 02.11.2026, ਥਾਣਾ ਛੇਹਰਟਾ)
- FIR ਨੰ. 207 (ਮਿਤੀ 08.11.2026, ਥਾਣਾ ਸਿਵਲ ਲਾਈਨਜ਼)
ਪੁਲਿਸ ਮੁਤਾਬਕ ਮਾਮਲੇ ਦੀ ਅਗਲੇਰੀ ਜਾਂਚ ਤੇਜ਼ੀ ਨਾਲ ਕੀਤੀ ਜਾ ਰਹੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਵੱਡੇ ਖੁਲਾਸੇ ਅਤੇ ਗ੍ਰਿਫ਼ਤਾਰੀਆਂ ਹੋਣ ਦੀ ਸੰਭਾਵਨਾ ਹੈ।