November 5, 2026

Justice News

ਅਵਾਮ ਦੀ ਆਵਾਜ਼

ਨਾਰੀ ਨਿਕੇਤਨ ਅੰਮ੍ਰਿਤਸਰ ਵਿਖੇ ਦੀਵਾਲੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ-ਜ਼ਿਲ੍ਹਾ ਅਤੇ ਸੈਸ਼ਨ ਜੱਜ ਨੇ ਨਿਵਾਸੀਆਂ ਨੂੰ ਵੰਡੀਆਂ ਲੋੜੀਂਦੀਆਂ ਵਸਤਾਂ; ‘ਲਾਵਾ’ ਐੱਨ.ਜੀ.ਓ. ਨੇ ਵੀ ਪਾਇਆ ਯੋਗਦਾਨ

 

ਅੰਮ੍ਰਿਤਸਰ, 

(ਰਣਜੀਤ ਸਿੰਘ ਮਸੌਣ/ਮੰਗਲ ਸਿੰਘ)-

ਨਾਰੀ ਨਿਕੇਤਨ ਅੰਮ੍ਰਿਤਸਰ ਵਿਖੇ ਰੌਸ਼ਨੀਆਂ ਦਾ ਤਿਉਹਾਰ ਦੀਵਾਲੀ ਬੜੇ ਉਤਸ਼ਾਹ, ਖੁਸ਼ੀ ਅਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸਮਾਜ ਵਿੱਚ ਪਿਆਰ, ਹਮਦਰਦੀ ਅਤੇ ਆਪਸੀ ਸਾਂਝ ਦਾ ਸੰਦੇਸ਼ ਦਿੰਦਿਆਂ ਸੰਸਥਾ ਦੇ ਨਿਵਾਸੀਆਂ ਨਾਲ ਤਿਉਹਾਰ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ ਗਈਆਂ।         ਇਸ ਸ਼ੁਭ ਅਵਸਰ ’ਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ (ਅੰਮ੍ਰਿਤਸਰ) ਦੀ ਚੇਅਰਪਰਸਨ-ਕਮ-ਜ਼ਿਲ੍ਹਾ ਅਤੇ ਸੈਸ਼ਨ ਜੱਜ ਸ੍ਰੀਮਤੀ ਜਤਿੰਦਰ ਕੌਰ ਨੇ ਨਾਰੀ ਨਿਕੇਤਨ ਦਾ ਦੌਰਾ ਕੀਤਾ ਅਤੇ ਉੱਥੇ ਰਹਿ ਰਹੇ ਨਿਵਾਸੀਆਂ ਨਾਲ ਦੀਵਾਲੀ ਮਨਾਈ।      ਇਸ ਮੌਕੇ ਉਨ੍ਹਾਂ ਦੇ ਨਾਲ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਸ੍ਰੀ ਸੰਜੀਵ ਕੁੰਡੀ, ਏ.ਸੀ.ਜੇ.ਐੱਮ. ਸ੍ਰੀਮਤੀ ਪਰਮਿੰਦਰ ਕੌਰ ਬੈਂਸ, ਸੀ.ਜੇ.ਐੱਮ. ਸ੍ਰੀਮਤੀ ਸੁਪ੍ਰੀਤ ਕੌਰ ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਕੱਤਰ ਸ੍ਰੀ ਅਮਰਦੀਪ ਸਿੰਘ ਬੈਂਸ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। ਇਸ ਤੋਂ ਇਲਾਵਾ ਨਾਰੀ ਨਿਕੇਤਨ ਕੰਪਲੈਕਸ ਦੇ ਸੁਪਰਡੈਂਟ ਸ੍ਰੀਮਤੀ ਸਵਿਤਾ ਰਾਣੀ (ਕਮਿਊਨਿਟੀ ਹੋਮ ਫਾਰ ਮੈਂਟਲੀ ਰਿਟਾਰਡਿਡ) ਅਤੇ ਸ੍ਰੀਮਤੀ ਸੰਦੀਪ ਕੌਰ (ਸਟੇਟ ਆਫਟਰ ਕੇਅਰ ਹੋਮ) ਵੀ ਸਮਾਗਮ ‘ਚ ਸ਼ਾਮਲ ਹੋਏ।

ਸਮਾਜ ਸੇਵਾ ਪ੍ਰਤੀ ਆਪਣੀ ਵਚਨਬੱਧਤਾ ਦਰਸਾਉਂਦਿਆਂ ਮਾਣਯੋਗ ਜੱਜ ਸਾਹਿਬਾਨ ਵੱਲੋਂ ਨਿਵਾਸੀਆਂ ਦੀ ਰੋਜ਼ਾਨਾ ਵਰਤੋਂ ਅਤੇ ਸਰਦੀਆਂ ਦੇ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਜ਼ਰੂਰੀ ਵਸਤਾਂ ਭੇਟ ਕੀਤੀਆਂ ਗਈਆਂ। ਇਨ੍ਹਾਂ ਵਿੱਚ ਫਲੀਸ ਕੰਬਲ, ਸ਼ਾਲਾਂ, ਸੂਟ, ਗੀਜ਼ਰ, ਜੁਰਾਬਾਂ, ਪ੍ਰੈੱਸ ਅਤੇ ਹੌਟ ਕੇਸ ਸ਼ਾਮਲ ਸਨ।

ਸਮਾਗਮ ਵਿੱਚ ‘ਲਾਵਾ’ (LAWA) ਐੱਨ.ਜੀ.ਓ. ਦੇ ਪ੍ਰਧਾਨ ਸ੍ਰੀ ਸ਼ਰਤ ਵਸ਼ਿਸ਼ਟ ਦੀ ਅਗਵਾਈ ਹੇਠ ਸੰਸਥਾ ਦੀ ਟੀਮ ਨੇ ਵੀ ਸ਼ਿਰਕਤ ਕੀਤੀ ਅਤੇ ਨਿਵਾਸੀਆਂ ਨਾਲ ਖੁਸ਼ੀਆਂ ਵੰਡੀਆਂ।

ਮਾਣਯੋਗ ਜੱਜ ਸਾਹਿਬਾਨ ਨੇ ਨਾਰੀ ਨਿਕੇਤਨ ਵਿਖੇ ਨਿਵਾਸੀਆਂ ਦੀ ਦੇਖਭਾਲ, ਸੁਰੱਖਿਆ ਅਤੇ ਭਲਾਈ ਲਈ ਕੀਤੇ ਜਾ ਰਹੇ ਪ੍ਰਬੰਧਾਂ ਦੀ ਸ਼ਲਾਘਾ ਕੀਤੀ। ਦੂਜੇ ਪਾਸੇ, ਨਾਰੀ ਨਿਕੇਤਨ ਦੇ ਪ੍ਰਬੰਧਕਾਂ ਅਤੇ ਸਟਾਫ਼ ਨੇ ਸਮੂਹ ਜੱਜ ਸਾਹਿਬਾਨ ਅਤੇ ‘ਲਾਵਾ’ ਐੱਨ.ਜੀ.ਓ. ਦੇ ਮੈਂਬਰਾਂ ਦਾ ਇਸ ਨੇਕ ਉਪਰਾਲੇ ਅਤੇ ਵਡਮੁੱਲੇ ਸਹਿਯੋਗ ਲਈ ਦਿਲੋਂ ਧੰਨਵਾਦ ਕੀਤਾ। ਸਮਾਗਮ ਦੀ ਸਮਾਪਤੀ ਸਾਰਿਆਂ ਦੀ ਖੁਸ਼ਹਾਲੀ ਅਤੇ ਸੁੱਖ-ਸ਼ਾਂਤੀ ਦੀ ਅਰਦਾਸ ਨਾਲ ਹੋਈ।

Leave a Reply

Your email address will not be published. Required fields are marked *

Copyright © All rights reserved. | Newsphere by AF themes.