ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ 34 ਕਿੱਲੋ ਹੈਰੋਇਨ, 2 ਊਜ਼ੀ ਗਨ, 2 ਹੈਂਡ ਗ੍ਰਨੇਡ ਅਤੇ ਨਜਾਇਜ਼ ਹਥਿਆਰਾਂ ਸਮੇਤ 10 ਅਪਰਾਧੀ ਕਾਬੂ
ਅੰਮ੍ਰਿਤਸਰ
(ਰਣਜੀਤ ਸਿੰਘ ਮਸੌਣ/ ਰਾਘਵ ਅਰੋੜਾ)
ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਸਰਹੱਦ ਪਾਰੋਂ ਹੁੰਦੀ ਨਸ਼ਾ ਤਸਕਰੀ ਅਤੇ ਨਜਾਇਜ਼ ਹਥਿਆਰਾਂ ਦੇ ਨੈੱਟਵਰਕ ਵਿਰੁੱਧ ਵਿੱਢੀ ਵਿਸ਼ੇਸ਼ ਮੁਹਿੰਮ ਤਹਿਤ ਇੱਕ ਵੱਡੀ ਸਫ਼ਲਤਾ ਹਾਸਲ ਕੀਤੀ ਹੈ।
ਇਸ ਸਬੰਧੀ ਡੀ.ਆਈ.ਜੀ. ਬਾਰਡਰ ਰੇਂਜ ਅੰਮ੍ਰਿਤਸਰ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਅਤੇ ਐੱਸ.ਐੱਸ.ਪੀ. ਅੰਮ੍ਰਿਤਸਰ ਦਿਹਾਤੀ ਸ੍ਰੀ ਚਰਨਜੀਤ ਸਿੰਘ ਚਾਹਲ ਅਤੇ ਹੋਰ ਉੱਚ ਪੁਲਿਸ ਅਧਿਕਾਰੀਆਂ ਨਾਲ ਕੀਤੀ ਵਿਸ਼ੇਸ਼ ਪ੍ਰੈੱਸ ਕਾਨਫਰੰਸ ਦੌਰਾਨ ਵੱਡੇ ਖੁਲਾਸੇ ਕੀਤੇ। ਪੁਲਿਸ ਨੇ ਵੱਖ-ਵੱਖ ਮਾਮਲਿਆਂ ਵਿੱਚ ਕਾਰਵਾਈ ਕਰਦਿਆਂ ਕੁੱਲ 34 ਕਿੱਲੋਗ੍ਰਾਮ ਹੈਰੋਇਨ, 2 ਊਜ਼ੀ ਗਨ (9 ਐੱਮ.ਐੱਮ.), 2 ਹੈਂਡ ਗ੍ਰਨੇਡ, ਕਈ ਨਜਾਇਜ਼ ਪਿਸਤੌਲ ਅਤੇ ਭਾਰੀ ਮਾਤਰਾ ਵਿੱਚ ਅਸਲੇ ਸਮੇਤ 10 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਵੱਡੀ ਸਫ਼ਲਤਾ ਪ੍ਰਾਪਤ ਕੀਤੀ ਹੈ।
1. ਥਾਣਾ ਘਰਿੰਡਾ: 10 ਕਿੱਲੋ ਹੈਰੋਇਨ ਸਮੇਤ ਦੋ ਗ੍ਰਿਫ਼ਤਾਰ
ਗੁਪਤ ਸੂਚਨਾ ਦੇ ਆਧਾਰ ‘ਤੇ ਥਾਣਾ ਘਰਿੰਡਾ ਦੀ ਪੁਲਿਸ ਨੇ ਕਾਰਵਾਈ ਕਰਦਿਆਂ ਨਵਸਮਿਤ ਸਿੰਘ ਉਰਫ਼ ਮਨਪ੍ਰੀਤ ਸਿੰਘ (ਵਾਸੀ ਖਹਿਰਾ, ਥਾਣਾ ਘਰਿੰਡਾ) ਅਤੇ ਬਲਵਿੰਦਰ ਸਿੰਘ ਉਰਫ਼ ਦੌਚਟੀ (ਵਾਸੀ ਝਬਾਲ ਕਲਾਂ, ਤਰਨ ਤਾਰਨ) ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ 10 ਕਿੱਲੋ ਹੈਰੋਇਨ ਬਰਾਮਦ ਕੀਤੀ। ਇਸ ਸਬੰਧੀ ਐੱਫ਼.ਆਈ.ਆਰ. ਨੰ. 465 (ਮਿਤੀ 29.10.2026) ਐੱਨ.ਡੀ.ਪੀ.ਐੱਸ. ਐਕਟ ਤਹਿਤ ਦਰਜ ਕੀਤੀ ਗਈ ਹੈ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਪਾਕਿਸਤਾਨੀ ਤਸਕਰ ਅਹਿਮਦ ਨਾਲ ਜੁੜੇ ਹੋਏ ਸਨ ਅਤੇ ਡਰੋਨ ਰਾਹੀਂ ਸਰਹੱਦ ਪਾਰੋਂ ਨਸ਼ੇ ਮੰਗਵਾ ਕੇ ਅੱਗੇ ਸਪਲਾਈ ਕਰਦੇ ਸਨ।
2. ਥਾਣਾ ਘਰਿੰਡਾ: 1 ਕਿੱਲੋ ਹੈਰੋਇਨ ਬਰਾਮਦ
ਇੱਕ ਹੋਰ ਕਾਰਵਾਈ ਦੌਰਾਨ ਥਾਣਾ ਘਰਿੰਡਾ ਪੁਲਿਸ ਨੇ ਰਾਜ ਕੁਮਾਰ ਉਰਫ਼ ਸੰਚੂ (ਵਾਸੀ ਦੀਨਾਨਗਰ, ਹਾਲ ਆਬਾਦੀ ਮੁਹਾਵਾ) ਅਤੇ ਕਰਨਦੀਪ ਸਿੰਘ ਉਰਫ਼ ਕਰਨ (ਵਾਸੀ ਅਟਾਰੀ) ਨੂੰ ਗ੍ਰਿਫ਼ਤਾਰ ਕਰਕੇ 1 ਕਿੱਲੋ ਹੈਰੋਇਨ ਬਰਾਮਦ ਕੀਤੀ। ਮੁਲਜ਼ਮਾਂ ਵਿਰੁੱਧ ਐੱਫ਼.ਆਈ.ਆਰ. ਨੰ. 467 (ਮਿਤੀ 30.10.2026) ਦਰਜ ਕੀਤੀ ਗਈ ਹੈ। ਇਹ ਮੁਲਜ਼ਮ ਪਾਕਿਸਤਾਨੀ ਤਸਕਰ ਰਾਣਾ ਸਪੈਨ ਦੇ ਸੰਪਰਕ ਵਿੱਚ ਸਨ।
3. ਥਾਣਾ ਘਰਿੰਡਾ: 10 ਕਿੱਲੋ 18 ਗ੍ਰਾਮ ਹੈਰੋਇਨ ਬਰਾਮਦ
ਪੁਲਿਸ ਟੀਮ ਨੇ ਗੁਰਬਖ਼ਸ਼ ਸਿੰਘ ਅਤੇ ਬਿਕਰਮਜੀਤ ਸਿੰਘ (ਦੋਵੇਂ ਵਾਸੀ ਪੰਜਵੜ, ਥਾਣਾ ਝਬਾਲ, ਜ਼ਿਲ੍ਹਾ ਤਰਨ ਤਾਰਨ) ਨੂੰ ਗ੍ਰਿਫ਼ਤਾਰ ਕਰਕੇ 10 ਕਿੱਲੋ 18 ਗ੍ਰਾਮ ਹੈਰੋਇਨ ਬਰਾਮਦ ਕੀਤੀ। ਇਸ ਸਬੰਧੀ ਥਾਣਾ ਘਰਿੰਡਾ ਵਿਖੇ ਐੱਫ਼.ਆਈ.ਆਰ. ਨੰ. 478 (ਮਿਤੀ 03.11.2026) ਦਰਜ ਕੀਤੀ ਗਈ। ਇਹ ਦੋਵੇਂ ਮੁਲਜ਼ਮ ਵਿਦੇਸ਼ ਬੈਠੇ ਪਾਕਿਸਤਾਨੀ ਤਸਕਰ ਸੰਧੂ ਰਾਹੀਂ ਡਰੋਨ ਤੋਂ ਨਸ਼ੇ ਦੀ ਖੇਪ ਪ੍ਰਾਪਤ ਕਰਦੇ ਸਨ।
4. ਥਾਣਾ ਘਰਿੰਡਾ: 2 ਊਜ਼ੀ ਗਨ ਅਤੇ 2 ਹੈਂਡ ਗ੍ਰਨੇਡ ਬਰਾਮਦ
ਨਜਾਇਜ਼ ਹਥਿਆਰਾਂ ਵਿਰੁੱਧ ਵੱਡੀ ਕਾਮਯਾਬੀ ਹਾਸਲ ਕਰਦਿਆਂ ਥਾਣਾ ਘਰਿੰਡਾ ਪੁਲਿਸ ਨੇ ਤਿੰਨ ਮੁਲਜ਼ਮਾਂ—ਸੂਰਜ ਸਿੰਘ, ਰਾਜਨ ਅਤੇ ਗੁਰਭੇਜ ਸਿੰਘ ਉਰਫ਼ ਭੇਜੂ (ਤਿੰਨੇ ਵਾਸੀ ਕੋਟ ਖਾਲਸਾ, ਅੰਮ੍ਰਿਤਸਰ)—ਨੂੰ ਗ੍ਰਿਫ਼ਤਾਰ ਕੀਤਾ। ਮੁਲਜ਼ਮਾਂ ਕੋਲੋਂ 2 ਊਜ਼ੀ ਗਨ (9 ਐੱਮ.ਐੱਮ.) ਅਤੇ 2 ਹੈਂਡ ਗ੍ਰਨੇਡ ਬਰਾਮਦ ਹੋਏ। ਇਨ੍ਹਾਂ ਵਿਰੁੱਧ ਆਰਮਜ਼ ਐਕਟ ਅਤੇ ਐਕਸਪਲੋਸਿਵ ਸਬਸਟਾਂਸ ਐਕਟ ਤਹਿਤ ਐੱਫ਼.ਆਈ.ਆਰ. ਨੰ. 481 (ਮਿਤੀ 04.11.2026) ਦਰਜ ਕੀਤੀ ਗਈ ਹੈ।
5. ਥਾਣਾ ਲੋਪੋਕੇ: 13 ਕਿੱਲੋ ਹੈਰੋਇਨ, 1 ਪਿਸਤੌਲ ਅਤੇ 2 ਮੈਗਜ਼ੀਨ ਬਰਾਮਦ
ਬੀ.ਐੱਸ.ਐੱਫ਼. ਇੰਟੈਲੀਜੈਂਸ ਅਤੇ 100 ਬਟਾਲੀਅਨ ਬੀ.ਐੱਸ.ਐੱਫ਼. ਦੀ ਮੱਦਦ ਨਾਲ ਸਬ-ਇੰਸਪੈਕਟਰ ਜਸਦੀਪ ਸਿੰਘ (ਮੁੱਖ ਅਫ਼ਸਰ ਥਾਣਾ ਲੋਪੋਕੇ) ਦੀ ਅਗਵਾਈ ਹੇਠ ਪੁਲਿਸ ਟੀਮ ਨੇ ਮੋੜ ਹੇਤਮਪੁਰਾ ਵਿਖੇ ਵਿਸ਼ੇਸ਼ ਨਾਕਾਬੰਦੀ ਦੌਰਾਨ ਸੁਖਮਨਪ੍ਰੀਤ ਸਿੰਘ (ਵਾਸੀ ਲੋਧੀ ਗੁੱਜਰ) ਨੂੰ ਗ੍ਰਿਫ਼ਤਾਰ ਕੀਤਾ। ਚੈਕਿੰਗ ਦੌਰਾਨ ਮੁਲਜ਼ਮ ਕੋਲੋਂ 13 ਕਿੱਲੋ ਹੈਰੋਇਨ, 1 ਪਿਸਤੌਲ ਅਤੇ 2 ਮੈਗਜ਼ੀਨ ਬਰਾਮਦ ਹੋਏ। ਮੁਲਜ਼ਮ ਪਿਛਲੇ 1 ਸਾਲ ਤੋਂ ਪਾਕਿਸਤਾਨੀ ਤਸਕਰਾਂ ਦੇ ਸੰਪਰਕ ਵਿੱਚ ਸੀ। (ਐੱਫ਼.ਆਈ.ਆਰ. ਨੰ. 356, ਮਿਤੀ 15.10.2026)
6. ਥਾਣਾ ਚਾਟੀਵਿੰਡ: ਝੀਤਾ ਕਲਾਂ ਗੋਲੀਬਾਰੀ ਮਾਮਲੇ ‘ਚ 2 ਗ੍ਰਿਫ਼ਤਾਰ
ਪਿੰਡ ਝੀਤਾ ਕਲਾਂ ਵਿਖੇ ਮਿਤੀ 26.10.2026 ਨੂੰ ਹੋਈ ਗੋਲੀਬਾਰੀ ਦੀ ਘਟਨਾ ਵਿੱਚ ਤੀਰਥ ਸਿੰਘ ਦੀ ਮੌਤ ਹੋ ਗਈ ਸੀ ਅਤੇ ਰਣਜੀਤ ਸਿੰਘ ਉਰਫ਼ ਰਾਣਾ ਜ਼ਖ਼ਮੀ ਹੋਇਆ ਸੀ। ਥਾਣਾ ਚਾਟੀਵਿੰਡ ਪੁਲਿਸ ਨੇ ਐੱਫ਼.ਆਈ.ਆਰ. ਨੰ. 213 ਤਹਿਤ ਕਾਰਵਾਈ ਕਰਦਿਆਂ ਹਰਕੀਰਤ ਸਿੰਘ ਉਰਫ਼ ਹੌਕੀ ਅਤੇ ਗੁਰਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਤੀਜਾ ਮੁਲਜ਼ਮ ਕਾਰਜ ਸਿੰਘ ਭਗੌੜਾ ਹੈ। ਵਾਰਦਾਤ ਵਿੱਚ ਵਰਤਿਆ .30 ਬੋਰ ਪਿਸਤੌਲ ਬਰਾਮਦ ਕਰ ਲਿਆ ਗਿਆ ਹੈ।
7. ਥਾਣਾ ਬਿਆਸ: ਜ਼ਮੀਨੀ ਵਿਵਾਦ ਦੌਰਾਨ ਗੋਲੀਬਾਰੀ ਅਤੇ ਪੁਲਿਸ ਹਿਰਾਸਤ ‘ਚ ਝੜਪ
ਮਿਤੀ 31.10.2026 ਨੂੰ ਜ਼ਮੀਨੀ ਵਿਵਾਦ ਨੂੰ ਲੈ ਕੇ ਹੋਈ ਗੋਲੀਬਾਰੀ ਵਿੱਚ ਦੋ ਵਿਅਕਤੀ ਮਨਜੀਤ ਸਿੰਘ ਅਤੇ ਦਵਿੰਦਰ ਸਿੰਘ ਗੰਭੀਰ ਜ਼ਖ਼ਮੀ ਹੋ ਗਏ ਸਨ। ਥਾਣਾ ਬਿਆਸ ਪੁਲਿਸ (ਐੱਫ਼.ਆਈ.ਆਰ. ਨੰ. 338) ਨੇ ਮੁੱਖ ਅਫ਼ਸਰ ਦੀ ਅਗਵਾਈ ਹੇਠ ਤੁਰੰਤ ਕਾਰਵਾਈ ਕਰਦਿਆਂ ਜੋਧਬੀਰ ਸਿੰਘ ਉਰਫ਼ ਜੋਧਾ, ਉਸ ਦੀ ਪਤਨੀ ਜਸਕਿਰਨ ਕੌਰ ਅਤੇ ਪੁੱਤਰ ਅਭੀਨੂਰ ਸਿੰਘ (15 ਸਾਲ) ਨੂੰ ਕਾਬੂ ਕੀਤਾ। ਥਾਣੇ ਲਿਜਾਂਦੇ ਸਮੇਂ ਜੋਧਬੀਰ ਸਿੰਘ ਨੇ ਏ.ਐੱਸ.ਆਈ. ਜਤਿੰਦਰ ਸਿੰਘ ਦੀ ਸਰਵਿਸ ਪਿਸਤੌਲ ਖੋਹਣ ਦੀ ਕੋਸ਼ਿਸ਼ ਕੀਤੀ, ਜਿਸ ਦੌਰਾਨ ਧੱਕਾਮੁੱਕੀ ਵਿੱਚ ਮੁਲਜ਼ਮ ਜੋਧਬੀਰ ਇਸ ਦੀ ਲੱਤ ਵਿੱਚ ਗੋਲੀ ਲੱਗ ਗਈ। ਪੁਲਿਸ ਨੇ ਮੌਕੇ ਤੋਂ 3 ਨਜਾਇਜ਼ ਗਲੋਕ ਪਿਸਤੌਲ, 1 ਬਾਰਾਂ ਬੋਰ ਹਥਿਆਰ ਅਤੇ 10 ਜ਼ਿੰਦਾ ਕਾਰਤੂਸ ਬਰਾਮਦ ਕੀਤੇ।
8. ਥਾਣਾ ਮਹਿਤਾ: ਜਿਮ ‘ਤੇ ਫ਼ਾਇਰਿੰਗ ਕਰਨ ਦੇ ਮਾਮਲੇ ‘ਚ ਕਾਰਵਾਈ
ਮਿਤੀ 20.10.2026 ਦੀ ਰਾਤ ਨੂੰ ਅੰਮ੍ਰਿਤਸਰ ਰੋਡ ਮਹਿਤਾ ਵਿਖੇ “ਦ ਗ੍ਰੈਂਡ ਬਾਰ ਐਂਡ ਡਾਇਨ” ਜਿਮ ਦੇ ਪਿਛਲੇ ਦਰਵਾਜ਼ੇ ‘ਤੇ ਗੋਲੀਆਂ ਚਲਾਈਆਂ ਗਈਆਂ ਸਨ। ਇਹ ਫ਼ਾਇਰਿੰਗ ਵਿਦੇਸ਼ ਬੈਠੇ ਗੈਂਗਸਟਰ ਕਰਨ ਬਾਠ ਵੱਲੋਂ 1 ਕਰੋੜ ਰੁਪਏ ਦੀ ਫ਼ਿਰੌਤੀ ਮੰਗਣ ਅਤੇ ਰੈਸਟੋਰੈਂਟ ਮਾਲਕ ਜਗਦੀਪ ਸਿੰਘ ਵੱਲੋਂ ਇਨਕਾਰ ਕਰਨ ‘ਤੇ ਕੀਤੀ ਗਈ ਸੀ। ਥਾਣਾ ਮਹਿਤਾ ਪੁਲਿਸ (ਐੱਫ਼.ਆਈ.ਆਰ. ਨੰ. 184) ਨੇ ਗੈਂਗਸਟਰ ਕਰਨ ਬਾਠ, ਜਗਮੇਲ ਨੱਥੂ ਉਰਫ਼ ਡੀਲਾ ਅਤੇ ਸਾਹਿਬਪ੍ਰੀਤ ਸਿੰਘ ਉਰਫ਼ ਸਾਹਬ ਨੂੰ ਨਾਮਜ਼ਦ ਕਰਕੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਹੈ।
ਪ੍ਰੈੱਸ ਕਾਨਫਰੰਸ ਦੌਰਾਨ ਹਾਜ਼ਰ ਸੀਨੀਅਰ ਪੁਲਿਸ ਅਧਿਕਾਰੀ:
ਡੀ.ਆਈ.ਜੀ. ਗੁਰਪ੍ਰੀਤ ਸਿੰਘ ਭੁੱਲਰ ਵੱਲੋਂ ਕੀਤੀ ਗਈ ਇਸ ਪ੍ਰੈੱਸ ਕਾਨਫਰੰਸ ਦੌਰਾਨ ਹੇਠ ਲਿਖੇ ਅਧਿਕਾਰੀ ਮੌਜੂਦ ਸਨ:
- ਸ੍ਰੀ ਚਰਨਜੀਤ ਸਿੰਘ ਚਾਹਲ, ਐੱਸ.ਐੱਸ.ਪੀ., ਅੰਮ੍ਰਿਤਸਰ ਦਿਹਾਤੀ
- ਸ੍ਰੀ ਰਮਨਦੀਪ ਸਿੰਘ, ਐੱਸ.ਪੀ.-ਡੀ., ਅੰਮ੍ਰਿਤਸਰ ਦਿਹਾਤੀ
- ਸ੍ਰੀ ਗੁਰਿੰਦਰਪਾਲ ਸਿੰਘ ਨਾਗਰਾ, ਡੀ.ਐੱਸ.ਪੀ.-ਡੀ., ਅੰਮ੍ਰਿਤਸਰ ਦਿਹਾਤੀ
- ਸ੍ਰੀ ਯਾਦਵਿੰਦਰ ਸਿੰਘ, ਡੀ.ਐੱਸ.ਪੀ. ਅਟਾਰੀ, ਅੰਮ੍ਰਿਤਸਰ ਦਿਹਾਤੀ
- ਸ੍ਰੀ ਜਗਬੀਰ ਸਿੰਘ, ਡੀ.ਐੱਸ.ਪੀ. ਰਾਜਾਸਾਂਸੀ, ਅੰਮ੍ਰਿਤਸਰ ਦਿਹਾਤੀ
- ਇੰਸਪੈਕਟਰ ਅਮਨਦੀਪ ਸਿੰਘ, ਮੁੱਖ ਅਫ਼ਸਰ ਥਾਣਾ ਘਰਿੰਡਾ
- ਇੰਸਪੈਕਟਰ ਮੁਖ਼ਤਿਆਰ ਸਿੰਘ, ਮੁੱਖ ਅਫ਼ਸਰ ਥਾਣਾ ਬਿਆਸ
- ਸਬ-ਇੰਸਪੈਕਟਰ ਜਸਦੀਪ ਸਿੰਘ, ਮੁੱਖ ਅਫ਼ਸਰ ਥਾਣਾ ਲੋਪੋਕੇ
ਡੀ.ਆਈ.ਜੀ. ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਨੇ ਸਪੱਸ਼ਟ ਕੀਤਾ ਕਿ ਜ਼ਿਲ੍ਹੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨੂੰ ਭੰਗ ਕਰਨ ਵਾਲੇ ਅਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਇਹ ਜ਼ੀਰੋ ਟੋਲਰੈਂਸ ਨੀਤੀ ਅੱਗੇ ਵੀ ਜਾਰੀ ਰਹੇਗੀ।