ਸਮਾਜਿਕ ਏਕਤਾ, ਸਮਝਦਾਰੀ ਅਤੇ ਇਨਸਾਫ਼ ਦੀ ਜਿੱਤ
ਸ਼ਹੀਦ ਪਰਵਿੰਦਰ ਸਿੰਘ ਝੋਟਾ ਦੀ ਸ਼ਹਾਦਤ ਤੋਂ ਬਾਅਦ ਬਣੀ ਐਕਸ਼ਨ ਕਮੇਟੀ ਅਤੇ ਪਰਿਵਾਰ ਵੱਲੋਂ ਦਿਖਾਏ ਗਏ ਵੱਡੇ ਦਿਲ ਅਤੇ ਸੰਜਮ ਦੀ ਜਿੰਨੀ ਵੀ ਸ਼ਲਾਘਾ ਕੀਤੀ ਜਾਵੇ, ਘੱਟ ਹੈ। ਆਪਣੀਆਂ ਕੁਝ ਅਹਿਮ ਮੰਗਾਂ, ਖ਼ਾਸ ਕਰਕੇ ਮੁੱਖ ਮੰਤਰੀ ਦੇ ਅਸਤੀਫ਼ੇ ਅਤੇ ਡੀਜੀਪੀ ਨੂੰ ਹਟਾਉਣ ਦੀ ਮੰਗ ਤੋਂ ਪਿੱਛੇ ਹਟ ਕੇ ਸਮਾਜਿਕ ਸਾਂਝ ਨੂੰ ਬਣਾਈ ਰੱਖਣ ਦਾ ਫ਼ੈਸਲਾ ਇੱਕ ਵੱਡੀ ਕੁਰਬਾਨੀ ਅਤੇ ਸਮਝਦਾਰੀ ਦਾ ਪ੍ਰਤੀਕ ਹੈ। ਇਸ ਫ਼ੈਸਲੇ ਲਈ ਐਕਸ਼ਨ ਕਮੇਟੀ ਅਤੇ ਪਰਿਵਾਰ ਦੋਵੇਂ ਵਧਾਈ ਦੇ ਹੱਕਦਾਰ ਹਨ।
ਹੁਣ ਸਰਕਾਰ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਕੀਤੇ ਗਏ ਸਮਝੌਤੇ ਅਤੇ ਦਿੱਤੇ ਗਏ ਭਰੋਸਿਆਂ ਅਨੁਸਾਰ ਸਾਰੀਆਂ ਮੰਗਾਂ ਨੂੰ ਜਲਦੀ ਤੋਂ ਜਲਦੀ ਅਮਲੀ ਰੂਪ ਦਿੱਤਾ ਜਾਵੇ, ਤਾਂ ਜੋ ਮਾਨਸਾ ਦੇ ਲੋਕ ਆਮ ਵਾਂਗ ਆਪਣਾ ਕਾਰੋਬਾਰ ਅਤੇ ਰੋਜ਼ਮਰ੍ਹਾ ਦੀ ਜ਼ਿੰਦਗੀ ਸ਼ੁਰੂ ਕਰ ਸਕਣ।
ਮਾਨਸਾ ਦੀ ਪਛਾਣ ਅਤੇ ਸਮਾਜਿਕ ਸਾਂਝ
ਸਮਾਜ ਦੇ ਆਮ ਨਾਗਰਿਕ ਦੀ ਹਮੇਸ਼ਾ ਇਹੀ ਇੱਛਾ ਹੁੰਦੀ ਹੈ ਕਿ ਸ਼ਹਿਰ ਵਿੱਚ ਸੁੱਖ-ਸ਼ਾਂਤੀ ਹੋਵੇ, ਲੋਕ ਇੱਕ-ਦੂਜੇ ਦੇ ਦੁੱਖ-ਸੁੱਖ ਵਿੱਚ ਸ਼ਾਮਲ ਹੋਣ ਅਤੇ ਤਿਉਹਾਰਾਂ ਦੀਆਂ ਖ਼ੁਸ਼ੀਆਂ ਸਾਂਝੀਆਂ ਕਰਕੇ ਜੀਵਨ ਦਾ ਆਨੰਦ ਮਾਣਨ। ਪਿਛਲੇ ਕੁਝ ਸਮੇਂ ਤੋਂ ਮਾਨਸਾ ਦਾ ਮਾਹੌਲ ਕੁਝ ਅਜਿਹਾ ਬਣ ਗਿਆ ਸੀ, ਜਿਵੇਂ ਸ਼ਹਿਰ ਨੂੰ ਕਿਸੇ ਦੀ ਨਜ਼ਰ ਲੱਗ ਗਈ ਹੋਵੇ।ਮਾਨਸਾ ਬਾਰੇ ਮੇਰੀ ਰਾਏ ਦੂਜਿਆਂ ਨਾਲੋਂ ਵੱਖਰੀ ਹੋ ਸਕਦੀ ਹੈ, ਪਰ ਮੈਂ ਹਮੇਸ਼ਾ ਇੱਥੋਂ ਦੇ ਲੋਕਾਂ ਨੂੰ ਭਲੇਮਾਣਸ, ਸਹਿਣਸ਼ੀਲ ਅਤੇ ਸਮਝਦਾਰ ਮੰਨਿਆ ਹੈ। ਉਨ੍ਹਾਂ ਦੇ ਰਹਿਣ-ਸਹਿਣ, ਵਿਹਾਰ ਅਤੇ ਹਰ ਮਸਲੇ ਨੂੰ ਸਮਝਦਾਰੀ ਨਾਲ ਨਜਿੱਠਣ ਦੇ ਢੰਗ ਨੇ ਇਸ ਸ਼ਹਿਰ ਨੂੰ ਇੱਕ ਵੱਖਰੀ ਪਛਾਣ ਦਿੱਤੀ ਹੈ। ਇੱਥੋਂ ਦੇ ਲੋਕਾਂ ਨੂੰ ਮਾਨਸ-ਭਾਵਨਾ ਵਾਲੇ ਇਨਸਾਨ ਕਹਿਣਾ ਗ਼ਲਤ ਨਹੀਂ ਹੋਵੇਗਾ।
ਜਦੋਂ ਇਹ ਲੋਕ ਕਿਸੇ ਮਸਲੇ ਲਈ ਇਕੱਠੇ ਹੋ ਕੇ ਸੰਘਰਸ਼ ਕਰਦੇ ਹਨ ਤਾਂ ਵੱਡੀ ਲੋਕ ਲਹਿਰ ਵੀ ਪੈਦਾ ਕਰ ਸਕਦੇ ਹਨ, ਪਰ ਸ਼ਹਿਰ ਦੀ ਸ਼ਾਂਤੀ ਅਤੇ ਆਪਸੀ ਭਾਈਚਾਰੇ ਲਈ ਆਪਣੀ ਹਉਮੈ ਨੂੰ ਪਿੱਛੇ ਰੱਖਣਾ ਵੀ ਜਾਣਦੇ ਹਨ। ਇਹੀ ਲਚਕੀਲਾਪਣ ਉਨ੍ਹਾਂ ਦੀ ਅਸਲ ਭਲਮਾਣਸੀ ਹੈ।
ਪਰਵਿੰਦਰ ਸਿੰਘ ਝੋਟਾ ਦੀ ਨਸ਼ਿਆਂ ਵਿਰੁੱਧ ਲੜਦਿਆਂ ਹੋਈ ਸ਼ਹਾਦਤ ਨੇ ਇਸ ਗੱਲ ਨੂੰ ਇੱਕ ਵਾਰ ਫਿਰ ਸਾਬਤ ਕੀਤਾ ਹੈ ਕਿ ਮਾਨਸਾ ਦੇ ਲੋਕ ਆਪਣੇ ਸਮਾਜ ਅਤੇ ਆਪਣੀ ਨੌਜਵਾਨ ਪੀੜ੍ਹੀ ਦੇ ਭਵਿੱਖ ਲਈ ਕਿੰਨੇ ਸੰਵੇਦਨਸ਼ੀਲ ਹਨ। ਉਨ੍ਹਾਂ ਨੂੰ ਝੋਟਾ ਦੀ ਥਾਂ ਹੁਣ ਸ਼ੇਰ ਕਹਿਣਾ ਵਧੇਰੇ ਢੁੱਕਵਾਂ ਲੱਗਦਾ ਹੈ, ਕਿਉਂਕਿ ਉਸ ਨੇ ਆਪਣੀ ਜ਼ਿੰਦਗੀ ਵਿੱਚ ਜਿਸ ਹਿੰਮਤ ਨਾਲ ਨਸ਼ਿਆਂ ਵਿਰੁੱਧ ਆਵਾਜ਼ ਉਠਾਈ, ਉਹ ਉਸ ਦੇ ਹੌਸਲੇ ਦੀ ਗਵਾਹੀ ਹੈ।
ਸ਼ਹਾਦਤ ਤੋਂ ਬਾਅਦ ਸ਼ਹਿਰ ਵਿੱਚ ਤਣਾਅ ਦਾ ਮਾਹੌਲ ਬਣਿਆ। ਕੁਝ ਘਟਨਾਵਾਂ ਨੇ ਸਥਿਤੀ ਨੂੰ ਹੋਰ ਗੰਭੀਰ ਕੀਤਾ, ਪਰ ਇਨ੍ਹਾਂ ਨੂੰ ਛੱਡ ਕੇ ਦੇਖੀਏ ਤਾਂ ਵੱਡੇ ਪੱਧਰ ‘ਤੇ ਲੋਕਾਂ ਨੇ ਸੰਜਮ ਬਣਾਈ ਰੱਖਿਆ। ਪੰਜਾਬ ਪੁਲਿਸ ਨੂੰ ਵੀ ਪੇਸ਼ੇਵਰ ਸਿਖਲਾਈ, ਸੰਵੇਦਨਸ਼ੀਲਤਾ ਅਤੇ ਜਨਤਾ ਨਾਲ ਸੰਵਾਦ ਦੀ ਲੋੜ ਹੈ, ਤਾਂ ਜੋ ਅਜਿਹੇ ਮਾਮਲੇ ਵਿਗੜਨ ਦੀ ਬਜਾਏ ਸਮੇਂ ਸਿਰ ਸੁਲਝ ਸਕਣ।
ਵਿਸ਼ਵਾਸ ਹੀ ਹਰ ਮਸਲੇ ਦਾ ਅਸਲ ਹੱਲ ਹੈ
ਕਿਸੇ ਵੀ ਸਮੱਸਿਆ ਦਾ ਸਥਾਈ ਹੱਲ ਉਦੋਂ ਹੀ ਨਿਕਲਦਾ ਹੈ ਜਦੋਂ ਦੋਵੇਂ ਧਿਰਾਂ ਇੱਕ-ਦੂਜੇ ‘ਤੇ ਭਰੋਸਾ ਕਰਨ। ਜਦੋਂ ਕੋਈ ਘਟਨਾ ਵਾਪਰਦੀ ਹੈ ਤਾਂ ਸਮਾਜ ਦੇ ਵੱਖ-ਵੱਖ ਵਿਚਾਰਾਂ ਵਾਲੇ ਲੋਕ ਵੀ ਇਕੱਠੇ ਹੋ ਜਾਂਦੇ ਹਨ, ਪਰ ਉਨ੍ਹਾਂ ਦੇ ਵਿਚਾਰ, ਤਰਜੀਹਾਂ ਅਤੇ ਮਸਲੇ ਨੂੰ ਦੇਖਣ ਦਾ ਨਜ਼ਰੀਆ ਵੱਖਰਾ ਹੋ ਸਕਦਾ ਹੈ। ਚਲੋ, ਦੇਰ ਨਾਲ ਹੀ ਸਹੀ, ਹੁਣ ਹੱਲ ਵੱਲ ਕਦਮ ਵਧਿਆ ਹੈ। ਵਾਹਿਗੁਰੂ ਦਾ ਭਾਣਾ ਮੰਨਦਿਆਂ ਅਸੀਂ ਇਹ ਵੀ ਸਮਝਦੇ ਹਾਂ ਕਿ ਜ਼ਿੰਦਗੀ ਅਤੇ ਮੌਤ ਕੁਦਰਤ ਦੇ ਹੱਥ ਵਿੱਚ ਹਨ। ਗੁਰਬਾਣੀ ਦਾ ਫ਼ਲਸਫ਼ਾ ਵੀ ਸਾਨੂੰ ਇਹੀ ਸਿਖਾਉਂਦਾ ਹੈ ਕਿ ਜਿਸ ਪਰਮਾਤਮਾ ਨੇ ਸਾਨੂੰ ਇਸ ਦੁਨੀਆ ਵਿੱਚ ਭੇਜਿਆ ਹੈ, ਉਸ ਨੇ ਹਰ ਇਨਸਾਨ ਨੂੰ ਕੋਈ ਨਾ ਕੋਈ ਜ਼ਿੰਮੇਵਾਰੀ ਸੌਂਪੀ ਹੈ।
ਮਾਪਿਆਂ ਦੀਆਂ ਜ਼ਿੰਮੇਵਾਰੀਆਂ, ਬੱਚਿਆਂ ਦਾ ਪਾਲਣ-ਪੋਸ਼ਣ, ਪਰਿਵਾਰ ਦੀ ਦੇਖਭਾਲ ਅਤੇ ਸਮਾਜ ਪ੍ਰਤੀ ਫ਼ਰਜ਼ ਅਸੀਂ ਆਪਣੇ ਜੀਵਨ ਵਿੱਚ ਨਿਭਾਉਣੇ ਹੁੰਦੇ ਹਨ। ਪਰ ਜਿਸ ਸ਼ਕਤੀ ਨੇ ਕਿਸੇ ਇਨਸਾਨ ਨੂੰ ਇਸ ਦੁਨੀਆ ਵਿੱਚ ਭੇਜਿਆ ਹੈ, ਉਸ ਦੀਆਂ ਯੋਜਨਾਵਾਂ ਨੂੰ ਪੂਰੀ ਤਰ੍ਹਾਂ ਸਮਝਣਾ ਸਾਡੇ ਵੱਸ ਦੀ ਗੱਲ ਨਹੀਂ।
ਇਹ 23-24 ਦਿਨਾਂ ਦਾ ਸਮਾਂ ਸਿਰਫ਼ ਇੱਕ ਸੰਘਰਸ਼ ਦਾ ਸਮਾਂ ਨਹੀਂ ਸੀ, ਸਗੋਂ ਇੱਕ ਪਰਿਵਾਰ ਦੇ ਦਰਦ, ਇੱਕ ਸ਼ਹਿਰ ਦੀ ਬੇਚੈਨੀ ਅਤੇ ਸਮਾਜ ਦੀਆਂ ਉਮੀਦਾਂ ਦਾ ਸਮਾਂ ਵੀ ਸੀ। ਅਸੀਂ ਸਿਰਫ਼ ਇਹੀ ਅਰਦਾਸ ਕਰ ਸਕਦੇ ਹਾਂ ਕਿ ਪਰਮਾਤਮਾ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ।
ਸਾਡੀ ਸਭ ਤੋਂ ਵੱਡੀ ਜ਼ਿੰਮੇਵਾਰੀ ਇਹ ਹੈ ਕਿ ਪਰਵਿੰਦਰ ਸਿੰਘ ਨੂੰ ਇਨਸਾਫ਼ ਮਿਲੇ ਅਤੇ ਜਿਸ ਮਕਸਦ ਲਈ ਉਸ ਨੇ ਆਪਣੀ ਆਵਾਜ਼ ਬੁਲੰਦ ਕੀਤੀ, ਉਹ ਲਹਿਰ ਵਿਚਕਾਰੋਂ ਟੁੱਟਣ ਨਾ ਦਿੱਤੀ ਜਾਵੇ।
ਪਰਿਵਾਰ ਦੀਆਂ ਮੰਗਾਂ ਅਤੇ ਸਰਕਾਰ ਦੀ ਜ਼ਿੰਮੇਵਾਰੀ
ਪਰਵਿੰਦਰ ਦੇ ਪਿਤਾ ਦੀ ਸ਼ੁਰੂ ਤੋਂ ਹੀ ਇਹ ਇੱਛਾ ਰਹੀ ਕਿ ਜੇਕਰ ਇਸ ਮਸਲੇ ਦਾ ਹੱਲ ਕੋਈ ਕਰਵਾ ਸਕਦਾ ਹੈ ਤਾਂ ਆਮ ਆਦਮੀ ਪਾਰਟੀ ਦੇ ਆਗੂ ਕੁਲਤਾਰ ਸਿੰਘ ਸੰਧਵਾਂ, ਜੋ ਸਾਬਕਾ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਦੇ ਪਰਿਵਾਰ ਨਾਲ ਸਬੰਧ ਰੱਖਦੇ ਹਨ, ਇਸ ਵਿੱਚ ਅਹਿਮ ਭੂਮਿਕਾ ਨਿਭਾ ਸਕਦੇ ਹਨ। ਉਨ੍ਹਾਂ ਨੂੰ ਮੁੱਖ ਮੰਤਰੀ ਬਣਾਉਣ ਦੀ ਇੱਛਾ ਵੀ ਪ੍ਰਗਟਾਈ ਗਈ। ਇਹ ਪਰਿਵਾਰ ਦੀ ਆਪਣੀ ਰਾਜਨੀਤਿਕ ਸੋਚ ਅਤੇ ਉਮੀਦ ਹੈ। ਰਾਜਨੀਤੀ ਵਿੱਚ ਕੌਣ ਮੁੱਖ ਮੰਤਰੀ ਬਣਦਾ ਹੈ, ਇਹ ਪਾਰਟੀ ਅਤੇ ਲੋਕਤੰਤਰਿਕ ਪ੍ਰਕਿਰਿਆ ਦਾ ਵੱਖਰਾ ਵਿਸ਼ਾ ਹੈ।ਜਦੋਂ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੀ ਇਸ ਮਾਮਲੇ ਵਿੱਚ ਐਂਟਰੀ ਹੋਈ ਤਾਂ ਉਸੇ ਸਮੇਂ ਲੱਗਣ ਲੱਗ ਪਿਆ ਸੀ ਕਿ ਗੱਲਬਾਤ ਅੱਗੇ ਵਧ ਸਕਦੀ ਹੈ।
ਇਸ ਮੌਕੇ ਐਕਸ਼ਨ ਕਮੇਟੀ ਅਤੇ ਪਰਵਿੰਦਰ ਦੇ ਪਰਿਵਾਰ ਨੇ ਵੀ ਵੱਡਾ ਦਿਲ ਦਿਖਾਇਆ। ਆਮ ਲੋਕਾਂ, ਛੋਟੇ ਦੁਕਾਨਦਾਰਾਂ ਅਤੇ ਕਾਰੋਬਾਰੀਆਂ ਨੂੰ ਹੋ ਰਹੀ ਪ੍ਰੇਸ਼ਾਨੀ ਨੂੰ ਸਮਝਦਿਆਂ ਉਨ੍ਹਾਂ ਨੇ ਆਪਣੀਆਂ ਦੋ ਅਹਿਮ ਮੰਗਾਂ ਛੱਡ ਦਿੱਤੀਆਂ, ਜਿਸ ਨਾਲ ਗੱਲਬਾਤ ਲਈ ਰਾਹ ਖੁੱਲ੍ਹਿਆ। ਇਹ ਫ਼ੈਸਲਾ ਉਨ੍ਹਾਂ ਦੀ ਸਮਾਜ ਪ੍ਰਤੀ ਜ਼ਿੰਮੇਵਾਰੀ ਅਤੇ ਸੰਵੇਦਨਸ਼ੀਲਤਾ ਨੂੰ ਦਰਸਾਉਂਦਾ ਹੈ।
ਮੁੱਖ ਮੰਤਰੀ ਨੂੰ ਲੋਕ ਹੀ ਬਣਾਉਂਦੇ ਹਨ ਅਤੇ ਲੋਕ ਹੀ ਉਨ੍ਹਾਂ ਨੂੰ ਆਪਣਾ ਫ਼ੈਸਲਾ ਸੁਣਾਉਂਦੇ ਹਨ। ਇਸ ਲਈ ਬਾਕੀ ਸਾਰੀਆਂ ਗੱਲਾਂ ਨੂੰ ਸਮੇਂ ਅਤੇ ਲੋਕਤੰਤਰਿਕ ਪ੍ਰਕਿਰਿਆ ‘ਤੇ ਛੱਡ ਦੇਣਾ ਹੀ ਬਿਹਤਰ ਹੈ।
ਹੁਣ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਬਾਕੀ ਸਾਰੀਆਂ ਮੰਗਾਂ ਨੂੰ ਇਮਾਨਦਾਰੀ ਨਾਲ ਲਾਗੂ ਕਰੇ। ਇਨ੍ਹਾਂ ਮੰਗਾਂ ਦਾ ਲਾਭ ਸਿਰਫ਼ ਪਰਿਵਾਰ ਨੂੰ ਨਹੀਂ, ਸਗੋਂ ਆਮ ਲੋਕਾਂ ਨੂੰ ਵੀ ਮਿਲਣਾ ਚਾਹੀਦਾ ਹੈ।
ਜੇਕਰ ਚੋਣਾਂ ਤੋਂ ਪਹਿਲਾਂ ਖਿਆਲਾ ਕਲਾਂ ਟਰੌਮਾ ਸੈਂਟਰ ਸ਼ੁਰੂ ਹੋ ਜਾਂਦਾ ਹੈ ਤਾਂ ਅਸੀਂ ਕਹਿ ਸਕਾਂਗੇ ਕਿ ਇਸ ਸੰਘਰਸ਼ ਵਿੱਚੋਂ ਸਮਾਜ ਨੂੰ ਕੁਝ ਪ੍ਰਾਪਤੀ ਵੀ ਹੋਈ ਹੈ। ਇਹ ਕੇਂਦਰ ਸਿਰਫ਼ ਇੱਕ ਇਮਾਰਤ ਨਹੀਂ ਹੋਣਾ ਚਾਹੀਦਾ, ਸਗੋਂ ਲੋੜਵੰਦ ਲੋਕਾਂ ਲਈ ਇਲਾਜ ਅਤੇ ਨਵੀਂ ਜ਼ਿੰਦਗੀ ਦੀ ਉਮੀਦ ਬਣਨਾ ਚਾਹੀਦਾ ਹੈ।
ਸ਼ਹੀਦ ਦਾ ਬੁੱਤ ਅਤੇ ਯਾਦਗਾਰ
ਮੇਰਾ ਸੁਝਾਅ ਹੈ ਕਿ ਪਰਵਿੰਦਰ ਸਿੰਘ ਝੋਟਾ ਦਾ ਬੁੱਤ ਖਿਆਲਾ ਕਲਾਂ ਟਰੌਮਾ ਸੈਂਟਰ ਦੇ ਬਾਹਰ ਜਾਂ ਕਿਸੇ ਢੁੱਕਵੀਂ ਜਨਤਕ ਥਾਂ ‘ਤੇ ਸਥਾਪਿਤ ਕੀਤਾ ਜਾਵੇ। ਇਸ ਨਾਲ ਆਉਣ ਵਾਲੀਆਂ ਪੀੜ੍ਹੀਆਂ ਨੂੰ ਉਸ ਦੀ ਕੁਰਬਾਨੀ ਅਤੇ ਸੰਘਰਸ਼ ਦੀ ਯਾਦ ਰਹੇਗੀ।ਇਹ ਯਾਦਗਾਰ ਕਿਸੇ ਨਫ਼ਰਤ ਜਾਂ ਬਦਲੇ ਦੀ ਪ੍ਰਤੀਕ ਨਾ ਹੋਵੇ, ਸਗੋਂ ਨਸ਼ਾ ਮੁਕਤ ਸਮਾਜ, ਨੌਜਵਾਨਾਂ ਦੀ ਸੁਰੱਖਿਆ ਅਤੇ ਮਨੁੱਖਤਾ ਦੀ ਪ੍ਰੇਰਣਾ ਬਣੇ।
ਹੁਣ ਪੋਸਟਮਾਰਟਮ ਤੋਂ ਬਾਅਦ ਪਰਿਵਾਰ ਅਤੇ ਸ਼ਹਿਰ ਵਾਸੀਆਂ ਵੱਲੋਂ ਉਸ ਦਾ ਸਸਕਾਰ ਅਤੇ ਅੰਤਿਮ ਰਸਮਾਂ ਕੀਤੀਆਂ ਜਾਣਗੀਆਂ। ਸਰਕਾਰ ਅਤੇ ਸਮਾਜ ਦੋਵਾਂ ਨੂੰ ਇਹ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਸਾਰੇ ਪ੍ਰਬੰਧ ਜਲਦੀ ਮੁਕੰਮਲ ਹੋਣ ਅਤੇ ਮਾਨਸਾ ਦੇ ਛੋਟੇ ਵਪਾਰੀ, ਦੁਕਾਨਦਾਰ ਅਤੇ ਆਮ ਨਾਗਰਿਕ ਆਪਣੀ ਰੋਜ਼ੀ-ਰੋਟੀ ਮੁੜ ਸ਼ੁਰੂ ਕਰ ਸਕਣ।
ਸਾਰੇ ਧਰਮਾਂ ਦੀ ਸਾਂਝੀ ਅਰਦਾਸ ਹੋਵੇ
ਮੇਰੀ ਦਿਲੋਂ ਇੱਛਾ ਹੈ ਕਿ ਪਰਵਿੰਦਰ ਸਿੰਘ ਝੋਟਾ ਦਾ ਭੋਗ ਸਮਾਗਮ ਸਰਬ ਧਰਮ ਸੰਮੇਲਨ ਦੇ ਰੂਪ ਵਿੱਚ ਕਰਵਾਇਆ ਜਾਵੇ। ਸਾਰੇ ਧਰਮਾਂ ਦੇ ਆਗੂ, ਸਮਾਜਿਕ ਜਥੇਬੰਦੀਆਂ, ਨੌਜਵਾਨ ਅਤੇ ਆਮ ਨਾਗਰਿਕ ਇਕੱਠੇ ਹੋ ਕੇ ਪੰਜਾਬ ਵਿੱਚੋਂ ਨਸ਼ਿਆਂ ਦੀ ਸਮਾਪਤੀ ਲਈ ਸਾਂਝੀ ਅਰਦਾਸ ਕਰਨ।
ਇਹੀ ਸ਼ਹੀਦ ਪਰਵਿੰਦਰ ਸਿੰਘ ਝੋਟਾ ਉਰਫ਼ ਸ਼ਹੀਦ ਪਰਵਿੰਦਰ ਸਿੰਘ ਸ਼ੇਰ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।
ਇੱਕ ਪਿਤਾ ਦਾ ਹੌਸਲਾ, ਮਾਂ ਦਾ ਦਰਦ ਪਤਨੀ ਦਾ ਤਿਆਗ ਅਤੇ ਇੱਕ ਪਰਿਵਾਰ ਦੀ ਕੁਰਬਾਨੀ
ਅੰਤ ਵਿੱਚ ਮੈਂ ਪਰਵਿੰਦਰ ਦੇ ਪਿਤਾ ਸ. ਭੀਮ ਸਿੰਘ ਦੀ ਗੱਲ ਜ਼ਰੂਰ ਕਰਨੀ ਚਾਹਾਂਗਾ। ਉਨ੍ਹਾਂ ਨੇ ਦੇਸ਼ ਦੀ ਫ਼ੌਜ ਵਿੱਚ ਸੇਵਾਵਾਂ ਨਿਭਾਈਆਂ ਅਤੇ ਹੁਣ ਉਨ੍ਹਾਂ ਦੇ ਪੁੱਤਰ ਨੇ ਨਸ਼ਿਆਂ ਵਿਰੁੱਧ ਲੜਾਈ ਵਿੱਚ ਆਪਣੀ ਜਾਨ ਦੇ ਦਿੱਤੀ। ਇੱਕ ਪਿਤਾ ਲਈ ਇਸ ਤੋਂ ਵੱਡਾ ਦੁੱਖ ਹੋਰ ਕੀ ਹੋ ਸਕਦਾ ਹੈ? ਪਰ ਜਿਸ ਹੌਸਲੇ ਅਤੇ ਸਬਰ ਨਾਲ ਉਹ ਇਸ ਔਖੇ ਸਮੇਂ ਵਿੱਚ ਖੜ੍ਹੇ ਰਹੇ, ਉਹ ਸੱਚਮੁੱਚ ਸਲਾਮ ਦੇ ਹੱਕਦਾਰ ਹਨ।
ਪਰਵਿੰਦਰ ਦੀ ਧਰਮ ਪਤਨੀ ਬੀਬੀ ਮਨਪ੍ਰੀਤ ਕੌਰ ਨੇ ਵੀ ਸ਼ੇਰਨੀ ਵਾਂਗ ਹਿੰਮਤ ਦਿਖਾਈ। ਆਪਣੇ ਦੁੱਖ ਨੂੰ ਦਿਲ ਵਿੱਚ ਸਮੇਟ ਕੇ, ਬੱਚਿਆਂ ਨੂੰ ਪਿਤਾ ਦੇ ਪਿਆਰ ਦੀ ਘਾਟ ਮਹਿਸੂਸ ਨਾ ਹੋਣ ਦੇਣ ਦੀ ਕੋਸ਼ਿਸ਼ ਕਰਨਾ ਕੋਈ ਆਮ ਗੱਲ ਨਹੀਂ। ਇੱਕ ਮਾਂ ਅਤੇ ਪਤਨੀ ਵਜੋਂ ਉਸ ਨੇ ਜਿਸ ਹੌਸਲੇ ਨਾਲ ਪਰਿਵਾਰ ਨੂੰ ਸੰਭਾਲਿਆ, ਉਹ ਸ਼ਲਾਘਾਯੋਗ ਹੈ।
ਇੱਕ ਪਾਸੇ ਪਿਤਾ ਆਪਣੇ ਪੁੱਤਰ ਦੇ ਇਨਸਾਫ਼ ਲਈ ਲੜਦਾ ਰਿਹਾ ਅਤੇ ਦੂਜੇ ਪਾਸੇ ਉਸ ਦੀ ਜੀਵਨ ਸਾਥਣ ਆਪਣੇ ਬੱਚਿਆਂ ਦੇ ਭਵਿੱਖ ਲਈ ਆਪਣੇ ਦਰਦ ਨੂੰ ਲੁਕਾਉਂਦੀ ਰਹੀ। ਇਹ ਦੋਵੇਂ ਤਸਵੀਰਾਂ ਦਿਲ ਨੂੰ ਝੰਜੋੜ ਕੇ ਰੱਖ ਦਿੰਦੀਆਂ ਹਨ।
ਧੰਨ ਹੈ ਸ. ਭੀਮ ਸਿੰਘ, ਜਿਸ ਨੇ ਅਜਿਹਾ ਦਲੇਰ ਪੁੱਤਰ ਪਾਲਿਆ। ਧੰਨ ਹੈ ਉਹ ਮਾਂ, ਜਿਸ ਨੇ ਅਜਿਹੇ ਯੋਧੇ ਨੂੰ ਜਨਮ ਦਿੱਤਾ। ਅਤੇ ਧੰਨ ਹੈ ਮਨਪ੍ਰੀਤ ਕੌਰ, ਜਿਸ ਨੇ ਇਸ ਔਖੇ ਸਮੇਂ ਵਿੱਚ ਪਰਿਵਾਰ ਨੂੰ ਸੰਭਾਲਣ ਦਾ ਹੌਸਲਾ ਦਿਖਾਇਆ।
ਸੰਘਰਸ਼ ਕਰਨ ਵਾਲਿਆਂ ਨੂੰ ਵੀ ਸਲਾਮ
ਅੰਤ ਵਿੱਚ ਐਕਸ਼ਨ ਕਮੇਟੀ ਦੇ ਸਾਰੇ ਮੈਂਬਰਾਂ ਅਤੇ ਸੰਘਰਸ਼ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਭਾਨਾ ਸਿੱਧੂ, ਲੱਖਾ ਸਿਧਾਣਾ, ਮੋਹਨਜੀਤ ਸ਼ੇਰੋਂ ਅਤੇ ਐਂਟੀ ਡਰੱਗ ਫੋਰਸ ਦੇ ਨੌਜਵਾਨਾਂ ਸਮੇਤ ਉਨ੍ਹਾਂ ਸਾਰੇ ਲੋਕਾਂ ਦਾ ਧੰਨਵਾਦ ਕਰਨਾ ਬਣਦਾ ਹੈ, ਜਿਨ੍ਹਾਂ ਨੇ ਸਿੱਧੇ ਜਾਂ ਅਸਿੱਧੇ ਤੌਰ ‘ਤੇ ਇਸ ਸੰਘਰਸ਼ ਵਿੱਚ ਹਿੱਸਾ ਪਾਇਆ।
ਸੰਘਰਸ਼ ਦਾ ਮਕਸਦ ਸਮਾਜ ਨੂੰ ਜੋੜਨਾ ਹੋਣਾ ਚਾਹੀਦਾ ਹੈ, ਤੋੜਨਾ ਨਹੀਂ। ਅਸਹਿਮਤੀ ਹੋ ਸਕਦੀ ਹੈ, ਵਿਚਾਰ ਵੱਖਰੇ ਹੋ ਸਕਦੇ ਹਨ, ਪਰ ਮਨੁੱਖਤਾ ਅਤੇ ਭਾਈਚਾਰਾ ਸਭ ਤੋਂ ਉੱਪਰ ਰਹਿਣਾ ਚਾਹੀਦਾ ਹੈ।
ਆਓ, ਹੁਣ ਨਸ਼ਿਆਂ ਵਿਰੁੱਧ ਲੜਾਈ ਨੂੰ ਹਰ ਪਿੰਡ, ਹਰ ਸ਼ਹਿਰ ਅਤੇ ਹਰ ਘਰ ਤੱਕ ਲੈ ਕੇ ਜਾਈਏ। ਕਿਸੇ ਹੋਰ ਮਾਂ ਦੀ ਗੋਦ ਸੁੰਨੀ ਨਾ ਹੋਵੇ, ਕਿਸੇ ਹੋਰ ਪਿਤਾ ਨੂੰ ਆਪਣੇ ਪੁੱਤਰ ਦੀ ਲਾਸ਼ ਨਾ ਦੇਖਣੀ ਪਵੇ ਅਤੇ ਕਿਸੇ ਹੋਰ ਬੱਚੇ ਦੇ ਸਿਰ ਤੋਂ ਪਿਤਾ ਦਾ ਸਾਇਆ ਨਾ ਉੱਠੇ।
ਪਰਵਿੰਦਰ ਸਿੰਘ ਝੋਟਾ ਦੀ ਯਾਦ ਸਾਡੇ ਦਿਲਾਂ ਵਿੱਚ ਹਮੇਸ਼ਾ ਜਿਊਂਦੀ ਰਹੇਗੀ। ਉਸ ਦੇ ਸੁਪਨਿਆਂ ਨੂੰ ਪੂਰਾ ਕਰਨਾ ਹੁਣ ਸਾਡੇ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ।
” ਤੇਜ਼ ਅਤੇ ਤਾਕਤਵਰ ਹਮਲਾ ਕਰਨ ਲਈ ਦੋ ਕਦਮ ਪਿੱਛੇ ਹਟਣਾ ਪੈਂਦਾ ਹੈ।“
— ਡਾ. ਸੰਦੀਪ ਘੰਡ, ਐਡਵੋਕੇਟ,
ਲਾਈਫ ਕੋਚ ਅਤੇ ਸਮਾਜਿਕ ਚਿੰਤਕ
ਮਾਨਸਾ—9478231000