October 25, 2026

Justice News

ਅਵਾਮ ਦੀ ਆਵਾਜ਼

ਸਾਹਿਰ ਲੁਧਿਆਣਵੀ ਦੀ ਬਰਸੀ ਮੌਕੇ ਜੱਦੀ ਸ਼ਹਿਰ ਲੁਧਿਆਣਾ ਵੱਲੋਂ ਆਪਣੇ ਮਹਾਨ ਸਾਹਿਤਕ ਸਪੂਤ ਨੂੰ ਬਣਦਾ ਸਨਮਾਨ ਦੇਣ ਦੀ ਮੰਗ

ਲੁਧਿਆਣਾ
( ਵਿਜੇ ਭਾਂਬਰੀ )–
ਆਪਣੀ ਪ੍ਰਗਤੀਸ਼ੀਲ ਸ਼ਾਇਰੀ ਅਤੇ ਸਦਾ ਬਹਾਰ ਫ਼ਿਲਮੀ ਗੀਤਾਂ ਰਾਹੀਂ ਪੀੜ੍ਹੀ ਦਰ ਪੀੜ੍ਹੀ ਲੋਕਾਂ ਦੇ ਦਿਲਾਂ ਵਿੱਚ ਵੱਸਣ ਵਾਲੇ ਮਹਾਨ ਸ਼ਾਇਰ ਸਾਹਿਰ ਲੁਧਿਆਣਵੀ ਦੀ 46ਵੀਂ ਬਰਸੀ ਮੌਕੇ ਐਤਵਾਰ ਨੂੰ ਐਸ.ਸੀ.ਡੀ. ਸਰਕਾਰੀ ਕਾਲਜ, ਲੁਧਿਆਣਾ ਦੇ ਸਾਬਕਾ ਵਿਦਿਆਰਥੀਆਂ ਨੇ ਆਪਣੇ ਅਦਾਰੇ ਵਿੱਚ ਉਨ੍ਹਾਂ ਨੂੰ ਭਾਵਭਿੰਨੀ ਸ਼ਰਧਾਂਜਲੀ ਭੇਟ ਕੀਤੀ। ਮੋਮਬੱਤੀਆਂ ਦੀ ਸ਼ਾਂਤ ਰੌਸ਼ਨੀ ਵਿੱਚ ਕਾਲਜ ਵਿਖੇ ਸਥਾਪਤ ਯਾਦਗਾਰੀ ਫਲਕ ਅੱਗੇ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਹਾਜ਼ਰ ਸਖ਼ਸ਼ੀਅਤਾਂ ਨੇ ਉਸ ਮਹਾਨ ਸ਼ਾਇਰ ਨੂੰ ਯਾਦ ਕੀਤਾ, ਜਿਸ ਦੀਆਂ ਰਚਨਾਵਾਂ ਵਿੱਚ ਪਿਆਰ, ਮਨੁੱਖੀ ਪੀੜਾ, ਸਮਾਜਿਕ ਨਾ-ਬਰਾਬਰੀ ਅਤੇ ਸ਼ਾਂਤੀ ਦੀ ਤਾਂਘ ਇੱਕੋ ਸਮੇਂ ਪ੍ਰਗਟ ਹੁੰਦੀ ਹੈ।
8 ਮਾਰਚ 1921 ਨੂੰ ਲੁਧਿਆਣਾ ਵਿੱਚ ਜਨਮੇ ਸਾਹਿਰ ਨੇ ਸਥਾਨਕ ਮਾਲਵਾ ਸਕੂਲ ਤੋਂ ਮੈਟ੍ਰਿਕ ਦੀ ਪ੍ਰੀਖਿਆ ਪਾਸ ਕਰਨ ਉਪਰੰਤ 1940ਵਿਆਂ ਦੇ ਸ਼ੁਰੂ ਵਿੱਚ ਗੌਰਮਿੰਟ ਕਾਲਜ ਵਿੱਚ ਪੜ੍ਹਾਈ ਕੀਤੀ। ਬਾਅਦ ਵਿੱਚ ਉਹ ਆਧੁਨਿਕ ਉਰਦੂ ਸ਼ਾਇਰੀ ਅਤੇ ਹਿੰਦੀ ਸਿਨੇਮਾ ਦੀਆਂ ਸਭ ਤੋਂ ਪ੍ਰਭਾਵਸ਼ਾਲੀ ਸਾਹਿਤਕ ਆਵਾਜ਼ਾਂ ਵਿੱਚ ਸ਼ੁਮਾਰ ਹੋਏ। ਉਨ੍ਹਾਂ ਦੀਆਂ ਰਚਨਾਵਾਂ ਨੇ ਸ਼ਾਇਰੀ ਨੂੰ ਕੇਵਲ ਜਜ਼ਬਾਤਾਂ ਦੇ ਪ੍ਰਗਟਾਵੇ ਤੱਕ ਸੀਮਤ ਨਹੀਂ ਰਹਿਣ ਦਿੱਤਾ, ਸਗੋਂ ਇਸ ਨੂੰ ਸਮਾਜਿਕ ਚੇਤਨਾ ਅਤੇ ਮਨੁੱਖੀ ਸਰੋਕਾਰਾਂ ਦਾ ਸ਼ਕਤੀਸ਼ਾਲੀ ਮਾਧਿਅਮ ਬਣਾਇਆ।
ਇਸ ਮੌਕੇ ਸਾਬਕਾ ਵਿਦਿਆਰਥੀਆਂ ਰਵਿੰਦਰ ਵਤਸਿਆਨ, ਪੀ. ਡੀ. ਗੁਪਤਾ, ਬ੍ਰਿਜ ਭੂਸ਼ਣ ਗੋਇਲ ਅਤੇ ਬਲਦੇਵ ਬਾਗੀ ਨੇ ਨਵੰਬਰ 1970 ਵਿੱਚ ਕਾਲਜ ਦੇ ਗੋਲਡਨ ਜੁਬਲੀ ਸਮਾਗਮ ਦੌਰਾਨ ਸਾਹਿਰ ਦੀ ਫੇਰੀ ਨਾਲ ਜੁੜੀਆਂ ਯਾਦਾਂ ਸਾਂਝੀਆਂ ਕੀਤੀਆਂ। ਕਰਨਲ ਜਸਵਿੰਦਰ ਗਰਚਾ, ਕੇ. ਬੀ. ਸਿੰਘ ਅਤੇ ਹੋਰ ਕਈ ਸਾਬਕਾ ਵਿਦਿਆਰਥੀ ਵੀ ਹਾਜ਼ਰ ਸਨ। ਕਾਲਜ ਦੇ ਪ੍ਰਿੰਸੀਪਲ ਅਤੇ ਖ਼ੁਦ ਸਾਬਕਾ ਵਿਦਿਆਰਥੀ ਗੁਰਸ਼ਰਨਜੀਤ ਸਿੰਘ ਸੰਧੂ ਨੇ ਮਹਾਨ ਸ਼ਾਇਰ ਨੂੰ ਯਾਦ ਕਰਨ ਲਈ ਸਾਬਕਾ ਵਿਦਿਆਰਥੀਆਂ ਦਾ ਧੰਨਵਾਦ ਕੀਤਾ। ਡਾ. ਵਾਤਸਿਆਨ, ਪ੍ਰੋ. ਪੀ. ਡੀ. ਗੁਪਤਾ ਅਤੇ ਬ੍ਰਿਜ ਭੂਸ਼ਣ ਗੋਇਲ ਨੇ ਸਾਹਿਰ ਲੁਧਿਆਣਵੀ ਦੀ ਸ਼ਾਇਰੀ ਦਾ ਪਾਠ ਕੀਤਾ।
ਕਾਲਜ ਵੱਲੋਂ ਆਪਣੇ ਮਾਣਮੱਤੇ ਸਾਬਕਾ ਵਿਦਿਆਰਥੀ ਦੇ ਸਨਮਾਨ ਵਿੱਚ ਮੁੱਖ ਆਡੀਟੋਰੀਅਮ ਦਾ ਨਾਮ ਸਾਹਿਰ ਆਡੀਟੋਰੀਅਮ ਅਤੇ ਬੋਟੈਨੀਕਲ ਪਾਰਕ ਦਾ ਨਾਮ ਗੁਲਿਸਤਾਨ-ਏ-ਸਾਹਿਰ ਰੱਖੇ ਜਾਣ ਦੀ ਸ਼ਲਾਘਾ ਕਰਦਿਆਂ ਸਾਬਕਾ ਵਿਦਿਆਰਥੀਆਂ ਨੇ ਅਫ਼ਸੋਸ ਪ੍ਰਗਟਾਇਆ ਕਿ ਲੁਧਿਆਣਾ ਸ਼ਹਿਰ ਹਾਲੇ ਤੱਕ ਆਪਣੇ ਇਸ ਮਹਾਨ ਸਾਹਿਤਕ ਸਪੂਤ ਦੀ ਯਾਦ ਵਿੱਚ ਉਨ੍ਹਾਂ ਦੇ ਕੱਦ ਅਤੇ ਕਿਰਤ ਦੇ ਅਨੁਕੂਲ ਕੋਈ ਸਥਾਈ ਸੱਭਿਆਚਾਰਕ ਸੰਸਥਾ ਸਥਾਪਤ ਨਹੀਂ ਕਰ ਸਕਿਆ।
ਸਾਰੇ ਸਾਬਕਾ ਵਿਦਿਆਰਥੀਆਂ ਨੇ ਇੱਕਸੁਰ ਹੁੰਦਿਆਂ ਕਿਹਾ ਕਿ ਸਾਹਿਰ ਨੇ ਆਪਣੇ ਨਾਮ ਨਾਲ ਲੁਧਿਆਣਵੀ ਜੋੜ ਕੇ ਆਪਣੇ ਜਨਮ ਸ਼ਹਿਰ ਨੂੰ ਦੇਸ਼ ਦੀ ਸਾਹਿਤਕ ਚੇਤਨਾ ਵਿੱਚ ਵਿਸ਼ੇਸ਼ ਪਛਾਣ ਦਿਵਾਈ। ਉਨ੍ਹਾਂ ਦੀ ਵਿਰਾਸਤ ਸਾਨੂੰ ਯਾਦ ਦਿਵਾਉਂਦੀ ਹੈ ਕਿ ਲੁਧਿਆਣੇ ਦੀ ਪਛਾਣ ਕੇਵਲ ਵਪਾਰ ਅਤੇ ਸਨਅਤ ਤੱਕ ਸੀਮਤ ਨਹੀਂ, ਸਗੋਂ ਸਾਹਿਤ, ਵਿਚਾਰ ਅਤੇ ਕਲਾਤਮਕ ਉੱਤਮਤਾ ਵੀ ਇਸ ਸ਼ਹਿਰ ਦੀ ਸੱਭਿਆਚਾਰਕ ਪਛਾਣ ਦੇ ਅਹਿਮ ਅੰਗ ਹਨ।
ਕਾਲਜ ਦੀ ਸਾਬਕਾ ਵਿਦਿਆਰਥੀ ਸੰਸਥਾ ਦੇ ਜਥੇਬੰਦਕ ਸਕੱਤਰ ਬ੍ਰਿਜ ਭੂਸ਼ਣ ਗੋਇਲ ਨੇ ਕਿਹਾ ਕਿ ਸਾਹਿਰ ਦੀ ਮਨੁੱਖਵਾਦੀ ਸੋਚ ਅਤੇ ਪ੍ਰਗਤੀਸ਼ੀਲ ਵਿਚਾਰਾਂ ਦਾ ਅਧਿਐਨ, ਖੋਜ ਅਤੇ ਵਿਆਪਕ ਪ੍ਰਚਾਰ ਕਰਨਾ ਜ਼ਰੂਰੀ ਹੈ, ਤਾਂ ਜੋ ਨਵੀਂ ਪੀੜ੍ਹੀ ਉਨ੍ਹਾਂ ਦੇ ਸਾਹਿਤ ਤੋਂ ਪ੍ਰੇਰਨਾ ਲੈ ਸਕੇ। ਉਨ੍ਹਾਂ ਦੀ ਸ਼ਾਇਰੀ ਅਤੇ ਗੀਤਾਂ ਨੇ ਜੰਗ, ਵੇਸਵਾਗਮਨੀ, ਸਿਆਸੀ ਭ੍ਰਿਸ਼ਟਾਚਾਰ ਅਤੇ ਸਮਾਜਿਕ ਬੇਇਨਸਾਫ਼ੀ ਵਿਰੁੱਧ ਸਵਾਲ ਉਠਾਏ ਅਤੇ ਸ਼ਾਂਤੀ, ਕੌਮੀ ਏਕਤਾ, ਮਨੁੱਖੀ ਮਾਣ-ਮਰਿਆਦਾ ਅਤੇ ਨੌਜਵਾਨਾਂ ਦੀਆਂ ਆਸਾਂ ਨੂੰ ਆਵਾਜ਼ ਦਿੱਤੀ। ਗੋਇਲ ਨੇ ਕਿਹਾ, “ਲੁਧਿਆਣਾ ਸਾਹਿਰ ਉੱਤੇ ਮਾਣ ਕਰਦਾ ਹੈ, ਪਰ ਕੇਵਲ ਯਾਦ ਕਰਨਾ ਅਤੇ ਸ਼ਰਧਾਂਜਲੀ ਭੇਟ ਕਰਨਾ ਕਾਫ਼ੀ ਨਹੀਂ। ਇਸ ਮਾਣ ਨੂੰ ਸਾਰਥਕ ਸੱਭਿਆਚਾਰਕ ਪਹਿਲਕਦਮੀ ਵਿੱਚ ਬਦਲਣਾ ਪਵੇਗਾ। ਸ਼ਹਿਰ ਵਿੱਚ ਸਾਹਿਰ ਦੇ ਨਾਮ ਉੱਤੇ ਇੱਕ ਸਾਂਝਾ ਸੱਭਿਆਚਾਰਕ ਕੇਂਦਰ ਸਥਾਪਤ ਹੋਣਾ ਚਾਹੀਦਾ ਹੈ, ਜਿੱਥੇ ਲੇਖਕ, ਵਿਦਵਾਨ, ਵਿਦਿਆਰਥੀ ਅਤੇ ਸ਼ਹਿਰੀ ਇਕੱਠੇ ਹੋ ਕੇ ਉਨ੍ਹਾਂ ਦੀਆਂ ਰਚਨਾਵਾਂ ਬਾਰੇ ਵਿਚਾਰ-ਵਟਾਂਦਰਾ ਕਰ ਸਕਣ, ਉਨ੍ਹਾਂ ਦੀ ਸੋਚ ਨੂੰ ਸਮਝ ਸਕਣ ਅਤੇ ਉਨ੍ਹਾਂ ਦੀ ਪ੍ਰਗਤੀਸ਼ੀਲ ਚੇਤਨਾ ਨੂੰ ਅਗਲੀਆਂ ਪੀੜ੍ਹੀਆਂ ਤੱਕ ਪਹੁੰਚਾ ਸਕਣ।”
ਆਪਣੇ ਸੰਦੇਸ਼ ਵਿੱਚ ਪ੍ਰਸਿੱਧ ਪੰਜਾਬੀ ਕਵੀ ਗੁਰਭਜਨ ਗਿੱਲ ਨੇ ਹਿੰਦੀ ਫ਼ਿਲਮੀ ਸੰਗੀਤ ਵਿੱਚ ਸਾਹਿਰ ਦੇ ਬੇਮਿਸਾਲ ਯੋਗਦਾਨ ਨੂੰ ਉਭਾਰਿਆ। ਉਨ੍ਹਾਂ ਕਿਹਾ ਕਿ ਸਾਹਿਰ ਨੇ ਫ਼ਿਲਮੀ ਗੀਤ ਲਿਖਣ ਦੀ ਪਰੰਪਰਾ ਨੂੰ ਨਵੀਂ ਦਿਸ਼ਾ ਦਿੱਤੀ। ਉਨ੍ਹਾਂ ਸਾਬਤ ਕੀਤਾ ਕਿ ਗੀਤ ਕੇਵਲ ਧੁਨ ਨਾਲ ਮੇਲ ਖਾਂਦੀਆਂ ਤੁਕਬੰਦੀਆਂ ਨਹੀਂ ਹੁੰਦੇ, ਸਗੋਂ ਉਨ੍ਹਾਂ ਵਿੱਚ ਸਾਹਿਤਕ ਡੂੰਘਾਈ, ਕਾਵਿਕ ਸੁਹਜ ਅਤੇ ਵਿਚਾਰਾਂ ਦੀ ਗੰਭੀਰਤਾ ਵੀ ਹੋ ਸਕਦੀ ਹੈ। ਇਸ ਤਰ੍ਹਾਂ ਸਾਹਿਰ ਨੇ ਲੋਕਪ੍ਰਿਯ ਸਿਨੇਮਾ ਦੇ ਗੀਤਾਂ ਨੂੰ ਸਾਹਿਤਕ ਮਾਣ-ਮਰਿਆਦਾ ਬਖ਼ਸ਼ੀ ਅਤੇ ਭਾਰਤੀ ਸੱਭਿਆਚਾਰਕ ਵਿਰਾਸਤ ਵਿੱਚ ਉਨ੍ਹਾਂ ਨੂੰ ਸਥਾਈ ਥਾਂ ਦਿਵਾਈ। ਪ੍ਰੋ. ਪੀ. ਕੇ. ਸ਼ਰਮਾ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਸਾਹਿਰ ਨੇ ਔਖੇ ਹਾਲਾਤਾਂ ਅੱਗੇ ਕਦੇ ਹਾਰ ਨਹੀਂ ਮੰਨੀ ਅਤੇ ਮੁਸ਼ਕਲਾਂ ਨਾਲ ਜੂਝਣ ਦਾ ਇਹ ਜਜ਼ਬਾ ਉਨ੍ਹਾਂ ਦੀ ਸ਼ਾਇਰੀ ਵਿੱਚ ਵੀ ਝਲਕਦਾ ਹੈ।
ਕਾਲਜ ਰੋਡ ਦਾ ਨਾਮ ਸਾਹਿਰ ਮਾਰਗ ਰੱਖਣ ਦੀ ਮੰਗ
ਇਸ ਮੌਕੇ ਸਾਬਕਾ ਵਿਦਿਆਰਥੀਆਂ ਅਤੇ ਸ਼ਹਿਰ ਵਾਸੀਆਂ ਨੇ ਨਗਰ ਨਿਗਮ ਵੱਲੋਂ ਸਾਹਿਰ ਦੀ ਮੌਤ ਤੋਂ ਬਾਅਦ ਕਾਲਜ ਰੋਡ ਦਾ ਨਾਮ ਸਾਹਿਰ ਮਾਰਗ ਰੱਖਣ ਦੇ ਪਹਿਲਾਂ ਕੀਤੇ ਫ਼ੈਸਲੇ ਨੂੰ ਮੁੜ ਲਾਗੂ ਕਰਨ ਦੀ ਮੰਗ ਕੀਤੀ। ਉਨ੍ਹਾਂ ਨੇ ਰੋਜ਼ ਗਾਰਡਨ ਵਿੱਚ ਸ਼ਾਇਰ ਦਾ ਢੁੱਕਵਾਂ ਬੁੱਤ ਸਥਾਪਤ ਕਰਨ, ਉੱਥੇ ਸਥਿਤ ਲਾਇਬ੍ਰੇਰੀ ਦਾ ਨਾਮ ਸਾਹਿਰ ਲਾਇਬ੍ਰੇਰੀ ਰੱਖਣ ਅਤੇ 1990ਵਿਆਂ ਵਿੱਚ ਤਤਕਾਲੀ ਸੂਬਾ ਸਰਕਾਰ ਵੱਲੋਂ ਐਲਾਨੇ ਗਏ ਸੱਭਿਆਚਾਰਕ ਕੇਂਦਰ ਦੇ ਪ੍ਰਾਜੈਕਟ ਨੂੰ ਮੁੜ ਸੁਰਜੀਤ ਕਰਨ ਦੀ ਮੰਗ ਵੀ ਉਠਾਈ।
ਸਮਾਗਮ ਦੌਰਾਨ ਇਹ ਭਾਵਨਾ ਸਪਸ਼ਟ ਰੂਪ ਵਿੱਚ ਉੱਭਰ ਕੇ ਸਾਹਮਣੇ ਆਈ ਕਿ ਸਾਹਿਰ ਦੀ ਵਿਰਾਸਤ ਨੂੰ ਸਾਲ ਵਿੱਚ ਇੱਕ ਦਿਨ ਸ਼ਰਧਾਂਜਲੀ ਦੇਣ ਤੱਕ ਸੀਮਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਦੇ ਸ਼ਬਦ ਅੱਜ ਵੀ ਬੇਇਨਸਾਫ਼ੀ ਨੂੰ ਵੰਗਾਰਦੇ ਹਨ, ਪਾਖੰਡ ਉੱਤੇ ਸਵਾਲ ਉਠਾਉਂਦੇ ਹਨ ਅਤੇ ਮਨੁੱਖਤਾ ਦੀ ਸਾਂਝੀ ਸੰਵੇਦਨਾ ਨੂੰ ਮਜ਼ਬੂਤ ਕਰਦੇ ਹਨ। ਜਿਸ ਸ਼ਹਿਰ ਨੂੰ ਉਨ੍ਹਾਂ ਨੇ ਆਪਣੇ ਨਾਮ ਰਾਹੀਂ ਸਾਹਿਤਕ ਪਛਾਣ ਦਿਵਾਈ, ਉਸ ਲੁਧਿਆਣੇ ਦਾ ਫ਼ਰਜ਼ ਬਣਦਾ ਹੈ ਕਿ ਉਹ ਸਾਹਿਰ ਦੀ ਵਿਰਾਸਤ ਨੂੰ ਆਪਣੇ ਜਨਤਕ ਅਤੇ ਸੱਭਿਆਚਾਰਕ ਜੀਵਨ ਦਾ ਸਥਾਈ ਅੰਗ ਬਣਾਏ।

Leave a Reply

Your email address will not be published. Required fields are marked *

Copyright © All rights reserved. | Newsphere by AF themes.