ਫੂਡ ਸੇਫਟੀ ਟੀਮ ਦੀ ਸਖ਼ਤ ਕਾਰਵਾਈ: ਦੋ ਫੂਡ ਯੂਨਿਟਾਂ ਦੀ ਚੈਕਿੰਗ, 80 ਕਿਲੋ ਫ੍ਰੋਜ਼ਨ ਆਈਟਮ ਨਸ਼ਟ
ਚਿੱਲੀ ਪੋਟੈਟੋ ਪੈਟੀ, ਮਸਾਲਾ ਚਾਂਪ, ਸਿਗਾਰ ਰੋਲ, ਪੀਜ਼ਾ ਟੌਪਿੰਗ, ਵੈਜ ਕਟਲੈਟ ਅਤੇ ਪਨੀਰ ਮੋਮੋਜ਼ ਦੇ ਸੈਂਪਲ ਜਾਂਚ ਲਈ ਭੇਜੇ—ਇੱਕ ਯੂਨਿਟ ਨੂੰ ਅਨਹਾਈਜੈਨਿਕ ਚਲਾਨ ਅਤੇ ਦੂਜੇ ਨੂੰ ਇੰਪਰੂਵਮੈਂਟ ਨੋਟਿਸ ਜਾਰੀ
ਲੁਧਿਆਣਾ
(ਜਸਟਿਸ ਨਿਊਜ਼
ਲੋਕਾਂ ਨੂੰ ਸੁਰੱਖਿਅਤ, ਸਾਫ਼-ਸੁਥਰੇ ਅਤੇ ਮਿਆਰੀ ਖੁਰਾਕੀ ਪਦਾਰਥ ਮੁਹੱਈਆ ਕਰਵਾਉਣ ਲਈ ਸਿਹਤ ਵਿਭਾਗ ਵੱਲੋਂ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਫੂਡ ਸੇਫਟੀ ਟੀਮ ਵੱਲੋਂ ਅੱਜ ਦੋ ਫੂਡ ਯੂਨਿਟਾਂ ਦੀ ਚੈਕਿੰਗ ਅਤੇ ਵਿਸ਼ੇਸ਼ ਜਾਂਚ ਕੀਤੀ ਗਈ। ਇਸ ਦੌਰਾਨ ਵੱਖ-ਵੱਖ ਖੁਰਾਕੀ ਪਦਾਰਥਾਂ ਦੇ ਸੈਂਪਲ ਲੈਣ ਦੇ ਨਾਲ-ਨਾਲ ਸਫ਼ਾਈ ਅਤੇ ਹਾਈਜੀਨ ਸਬੰਧੀ ਕਮੀਆਂ ਖ਼ਿਲਾਫ਼ ਵੀ ਕਾਰਵਾਈ ਕੀਤੀ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿਹਤ ਅਫ਼ਸਰ ਡਾ. ਆਸ਼ੀਸ਼ ਚਾਵਲਾ ਨੇ ਦੱਸਿਆ ਕਿ ਫੂਡ ਸੇਫਟੀ ਟੀਮ ਵੱਲੋਂ ਅਨਮੋਲ ਫ੍ਰੋਜ਼ਨਜ਼ ਵਿਖੇ ਵਿਸਥਾਰਪੂਰਵਕ ਜਾਂਚ ਕੀਤੀ ਗਈ। ਇਸ ਦੌਰਾਨ ਵੱਖ-ਵੱਖ ਫ੍ਰੋਜ਼ਨ ਖੁਰਾਕੀ ਪਦਾਰਥਾਂ ਦੀ ਜਾਂਚ ਕਰਦਿਆਂ ਚਿੱਲੀ ਪੋਟੈਟੋ ਪੈਟੀ, ਮਸਾਲਾ ਚਾਂਪ, ਸਿਗਾਰ ਰੋਲ ਅਤੇ ਪੀਜ਼ਾ ਟੌਪਿੰਗ ਦੇ ਸੈਂਪਲ ਨਿਰਧਾਰਤ ਪ੍ਰਕਿਰਿਆ ਅਨੁਸਾਰ ਲਏ ਗਏ ਅਤੇ ਜਾਂਚ ਲਈ ਫੂਡ ਲੈਬਾਰਟਰੀ ਭੇਜੇ ਗਏ। ਉਨ੍ਹਾਂ ਕਿਹਾ ਕਿ ਲੈਬਾਰਟਰੀ ਰਿਪੋਰਟ ਵਿੱਚ ਕਿਸੇ ਵੀ ਤਰ੍ਹਾਂ ਦੀ ਉਲੰਘਣਾ ਸਾਹਮਣੇ ਆਉਣ ’ਤੇ ਨਿਯਮਾਂ ਅਨੁਸਾਰ ਅਗਲੀ ਕਾਰਵਾਈ ਕੀਤੀ ਜਾਵੇਗੀ।
ਡਾ. ਚਾਵਲਾ ਨੇ ਦੱਸਿਆ ਕਿ ਜਾਂਚ ਦੌਰਾਨ ਯੂਨਿਟ ਵਿੱਚ ਸਫ਼ਾਈ ਅਤੇ ਹਾਈਜੀਨ ਸਬੰਧੀ ਕਮੀਆਂ ਵੀ ਪਾਈਆਂ ਗਈਆਂ। ਇਨ੍ਹਾਂ ਕਮੀਆਂ ਦੇ ਮੱਦੇਨਜ਼ਰ ਸਬੰਧਤ ਫੂਡ ਬਿਜ਼ਨਸ ਆਪਰੇਟਰ ਨੂੰ ਅਨਹਾਈਜੈਨਿਕ ਚਲਾਨ ਜਾਰੀ ਕੀਤਾ ਗਿਆ। ਇਸ ਤੋਂ ਇਲਾਵਾ ਲੋਕਾਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ 80 ਕਿਲੋ ਫ੍ਰੋਜ਼ਨ ਖੁਰਾਕੀ ਪਦਾਰਥ ਮੌਕੇ ’ਤੇ ਹੀ ਨਸ਼ਟ ਕਰਵਾਏ ਗਏ ਅਤੇ ਇਨ੍ਹਾਂ ਦਾ ਨਿਰਧਾਰਤ ਪ੍ਰਕਿਰਿਆ ਅਨੁਸਾਰ ਨਿਪਟਾਰਾ ਕੀਤਾ ਗਿਆ।
ਇੱਕ ਹੋਰ ਕਾਰਵਾਈ ਦੌਰਾਨ ਫੂਡ ਸੇਫਟੀ ਟੀਮ ਵੱਲੋਂ ਬਾਲਾਜੀ ਫੂਡ ਪ੍ਰੋਡਕਟਸ ਵਿਖੇ ਵੀ ਵਿਸਥਾਰਪੂਰਵਕ ਜਾਂਚ ਕੀਤੀ ਗਈ। ਇਸ ਦੌਰਾਨ ਵੈਜ ਕਟਲੈਟ ਅਤੇ ਪਨੀਰ ਮੋਮੋਜ਼ ਦੇ ਸੈਂਪਲ ਲਏ ਗਏ ਅਤੇ ਵਿਸ਼ਲੇਸ਼ਣ ਲਈ ਫੂਡ ਲੈਬਾਰਟਰੀ ਭੇਜੇ ਗਏ। ਜਾਂਚ ਦੌਰਾਨ ਪਾਈਆਂ ਗਈਆਂ ਕਮੀਆਂ ਨੂੰ ਦੂਰ ਕਰਨ ਅਤੇ ਨਿਰਧਾਰਤ ਫੂਡ ਸੇਫਟੀ ਅਤੇ ਸਫ਼ਾਈ ਮਾਪਦੰਡਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਸਬੰਧਤ ਫੂਡ ਬਿਜ਼ਨਸ ਆਪਰੇਟਰ ਨੂੰ ਇੰਪਰੂਵਮੈਂਟ ਨੋਟਿਸ ਵੀ ਜਾਰੀ ਕੀਤਾ ਗਿਆ।
ਡਾ. ਆਸ਼ੀਸ਼ ਚਾਵਲਾ ਨੇ ਦੱਸਿਆ ਕਿ ਸਾਰੇ ਫੂਡ ਬਿਜ਼ਨਸ ਆਪਰੇਟਰਾਂ ਨੂੰ ਖੁਰਾਕੀ ਪਦਾਰਥ ਤਿਆਰ ਕਰਨ, ਸਟੋਰ ਕਰਨ ਅਤੇ ਸੰਭਾਲਣ ਸਮੇਂ ਸਫ਼ਾਈ, ਨਿੱਜੀ ਹਾਈਜੀਨ, ਸੁਰੱਖਿਅਤ ਸਟੋਰੇਜ, ਉਚਿਤ ਤਾਪਮਾਨ ਨਿਯੰਤਰਣ ਅਤੇ ਸਾਫ਼-ਸੁਥਰੇ ਫੂਡ ਹੈਂਡਲਿੰਗ ਅਭਿਆਸਾਂ ਨੂੰ ਹਰ ਹਾਲਤ ਵਿੱਚ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।
ਜ਼ਿਲ੍ਹਾ ਸਿਹਤ ਅਫ਼ਸਰ ਨੇ ਸਪੱਸ਼ਟ ਕੀਤਾ ਕਿ ਲੋਕਾਂ ਦੀ ਸਿਹਤ ਅਤੇ ਖੁਰਾਕੀ ਸੁਰੱਖਿਆ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਫੂਡ ਸੇਫਟੀ ਮਾਪਦੰਡਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਛਾਪੇਮਾਰੀ, ਅਚਨਚੇਤ ਚੈਕਿੰਗ ਅਤੇ ਸੈਂਪਲਿੰਗ ਦੀ ਕਾਰਵਾਈ ਲਗਾਤਾਰ ਜਾਰੀ ਰਹੇਗੀ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਖਪਤਕਾਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਖੁਰਾਕੀ ਪਦਾਰਥ ਖਰੀਦਣ ਸਮੇਂ ਸਫ਼ਾਈ ਅਤੇ ਗੁਣਵੱਤਾ ਦਾ ਵਿਸ਼ੇਸ਼ ਧਿਆਨ ਰੱਖਣ ਅਤੇ ਕਿਸੇ ਵੀ ਸ਼ੱਕੀ ਜਾਂ ਅਸੁਰੱਖਿਅਤ ਖੁਰਾਕੀ ਪਦਾਰਥ ਸਬੰਧੀ ਜਾਣਕਾਰੀ ਸਬੰਧਤ ਫੂਡ ਸੇਫਟੀ ਅਧਿਕਾਰੀਆਂ ਨੂੰ ਦੇਣ।