ਪੰਜਾਬ ਦੀ ਰਾਜਨੀਤੀ ‘ਚ ਵੱਡਾ ਭੂਚਾਲ! ਮੁੱਖ ਮੰਤਰੀ ਭਗਵੰਤ ਮਾਨ ਦੇ OSD ਰਾਜਬੀਰ ਘੁੰਮਣ ਖ਼ਿਲਾਫ਼ CBI ਜਾਂਚ ਦੇ ਹੁਕਮ, ਹਾਈਕੋਰਟ ਦਾ ਵੱਡਾ ਝਟਕਾ: ਕਥਿਤ ਰਿਸ਼ਵਤਖੋਰੀ ਮਾਮਲੇ ‘ਚ ਤੁਰੰਤ FIR ਦਰਜ ਕਰਨ ਦੀਆਂ ਹਦਾਇਤਾਂ; 2 ਮਹੀਨਿਆਂ ਦੇ ਅੰਦਰ ਜਾਂਚ ਮੁਕੰਮਲ ਕਰਨ ਦਾ ਅਲਟੀਮੇਟਮ
ਚੰਡੀਗੜ੍ਹ
( ਜਸਟਿਸ ਨਿਊਜ਼ ):
ਪੰਜਾਬ ਦੀ ਸਿਆਸਤ ਵਿੱਚ ਅੱਜ ਉਸ ਵੇਲੇ ਵੱਡਾ ਧਮਾਕਾ ਹੋਇਆ, ਜਦੋਂ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਮੁੱਖ ਮੰਤਰੀ ਦਫ਼ਤਰ (CMO) ਦੇ ਬੇਹੱਦ ਰਸੂਖ਼ਦਾਰ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ OSD ਰਾਜਬੀਰ ਸਿੰਘ ਘੁੰਮਣ ਨਾਲ ਜੁੜੇ ਕਥਿਤ ਰਿਸ਼ਵਤਖੋਰੀ ਦੇ ਗੰਭੀਰ ਮਾਮਲੇ ‘ਚ ਕੇਂਦਰੀ ਜਾਂਚ ਏਜੰਸੀ (CBI) ਨੂੰ ਤੁਰੰਤ ਕਾਰਵਾਈ ਕਰਨ ਦੇ ਹੁਕਮ ਜਾਰੀ ਕਰ ਦਿੱਤੇ। ਅਦਾਲਤ ਦੇ ਇਸ ਸਖ਼ਤ ਆਰਡਰ ਤੋਂ ਬਾਅਦ ਸੂਬੇ ਦੇ ਰਾਜਨੀਤਿਕ ਅਤੇ ਪ੍ਰਸ਼ਾਸਨਿਕ ਗਲਿਆਰਿਆਂ ‘ਚ ਜ਼ਬਰਦਸਤ ਹੜਕੰਪ ਮਚ ਗਿਆ ਹੈ।
ਹਾਈਕੋਰਟ ਦੇ ਆਰਡਰ ਦੇ 3 ਮੁੱਖ ਅਤੇ ਵੱਡੇ ਨੁਕਤੇ:
-
ਤੁਰੰਤ FIR ਦਰਜ ਕਰਨ ਦੇ ਹੁਕਮ: ਅਦਾਲਤ ਨੇ ਸਪੱਸ਼ਟ ਨਿਰਦੇਸ਼ ਦਿੱਤੇ ਹਨ ਕਿ ਰਾਜਬੀਰ ਸਿੰਘ ਘੁੰਮਣ ਅਤੇ ਇਸ ਮਾਮਲੇ ਨਾਲ ਜੁੜੇ ਹੋਰ ਸਬੰਧਤ ਵਿਅਕਤੀਆਂ ਖ਼ਿਲਾਫ਼ ਬਿਨਾਂ ਕਿਸੇ ਦੇਰੀ ਦੇ ਤੁਰੰਤ ਮੁਕੱਦਮਾ (FIR) ਦਰਜ ਕੀਤਾ ਜਾਵੇ।
-
2 ਮਹੀਨਿਆਂ ਦਾ ਅਲਟੀਮੇਟਮ: ਮਾਮਲੇ ਦੀ ਸੰਵੇਦਨਸ਼ੀਲਤਾ ਨੂੰ ਦੇਖਦਿਆਂ ਹਾਈਕੋਰਟ ਨੇ CBI ਨੂੰ ਪੂਰੀ ਤਫ਼ਤੀਸ਼ 2 ਮਹੀਨਿਆਂ ਦੇ ਅੰਦਰ-ਅੰਦਰ ਮੁਕੰਮਲ ਕਰਕੇ ਰਿਪੋਰਟ ਸੌਂਪਣ ਦੀ ਹਦਾਇਤ ਦਿੱਤੀ ਹੈ।
-
ਸੋਸ਼ਲ ਮੀਡੀਆ ਸਟਾਰਾਂ ‘ਤੇ ਕਾਨੂੰਨੀ ਸ਼ਿਕੰਜਾ: ਜੋ ਅਧਿਕਾਰੀ ਅਤੇ ਆਗੂ ਸੋਸ਼ਲ ਮੀਡੀਆ ‘ਤੇ ਆਪਣੀਆਂ ਰੀਲਾਂ ਅਤੇ ਵੀਡੀਓਜ਼ ਨਾਲ ਤੂਤੀ ਬੁਲਵਾਉਂਦੇ ਸਨ, ਹੁਣ ਉਨ੍ਹਾਂ ਖ਼ਿਲਾਫ਼ ਕਾਨੂੰਨ ਦਾ ਸ਼ਿਕੰਜਾ ਪੂਰੀ ਤਰ੍ਹਾਂ ਕੱਸਦਾ ਨਜ਼ਰ ਆ ਰਿਹਾ ਹੈ।
ਕੀ ਹੈ ਪੂਰਾ ਮਾਮਲਾ?
ਮੁੱਖ ਮੰਤਰੀ ਦਫ਼ਤਰ ਦੇ ਸਭ ਤੋਂ ਭਰੋਸੇਮੰਦ ਚਿਹਰਿਆਂ ਵਿੱਚ ਸ਼ਾਮਲ OSD ਰਾਜਬੀਰ ਸਿੰਘ ਘੁੰਮਣ ਅਤੇ ਉਨ੍ਹਾਂ ਦੇ ਨਜ਼ਦੀਕੀਆਂ ‘ਤੇ ਕਰੋੜਾਂ ਰੁਪਏ ਦੀ ਕਥਿਤ ਰਿਸ਼ਵਤਖੋਰੀ ਅਤੇ ਪਦਵੀ ਦੇ ਦੁਰਉਪਯੋਗ ਦੇ ਗੰਭੀਰ ਦੋਸ਼ ਲੱਗੇ ਸਨ। ਮਾਮਲਾ ਹਾਈਕੋਰਟ ਦੇ ਦਰਵਾਜ਼ੇ ‘ਤੇ ਪਹੁੰਚਣ ਤੋਂ ਬਾਅਦ, ਅਦਾਲਤ ਨੇ ਸੂਬਾ ਪੁਲਿਸ ਜਾਂ ਸਥਾਨਕ ਏਜੰਸੀਆਂ ਦੀ ਥਾਂ ਨਿਰਪੱਖ ਅਤੇ ਪਾਰਦਰਸ਼ੀ ਜਾਂਚ ਲਈ ਇਸ ਨੂੰ ਕੇਂਦਰੀ ਜਾਂਚ ਏਜੰਸੀ (CBI) ਦੇ ਹਵਾਲੇ ਕਰਨ ਦਾ ਇਤਿਹਾਸਕ ਫੈਸਲਾ ਸੁਣਾਇਆ।
ਵਿਰੋਧੀਆਂ ਦੇ ਨਿਸ਼ਾਨੇ ‘ਤੇ ਸਰਕਾਰ: ਸਿਆਸੀ ਪਾਰਾ ਚੜ੍ਹਿਆ
ਹਾਈਕੋਰਟ ਦੇ ਇਸ ਫੈਸਲੇ ਤੋਂ ਬਾਅਦ ਵਿਰੋਧੀ ਧਿਰਾਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਘੇਰਨ ਦਾ ਬਹੁਤ ਵੱਡਾ ਮੌਕਾ ਮਿਲ ਗਿਆ ਹੈ। ਵਿਰੋਧੀ ਨੇਤਾਵਾਂ ਨੇ ਸਰਕਾਰ ਦੀ “ਜ਼ੀਰੋ ਟਾਲਰੈਂਸ” ਨੀਤੀ ‘ਤੇ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਹਨ।
ਚਰਚਾ ਦਾ ਬਾਜ਼ਾਰ ਗਰਮ:ਹੁਣ ਸਭ ਦੀਆਂ ਨਜ਼ਰਾਂ CBI ਦੀ ਅਗਲੀ ਕਾਰਵਾਈ ‘ਤੇ ਟਿਕੀਆਂ ਹੋਈਆਂ ਹਨ। ਦੇਖਣਾ ਹੋਵੇਗਾ ਕਿ CBI ਜਾਂਚ ਦੌਰਾਨ ਹੋਰ ਕਿਹੜੇ-ਕਿਹੜੇ ਵੱਡੇ ਨਾਮ ਅਤੇ ਰਾਜ਼ ਸਾਹਮਣੇ ਆਉਂਦੇ ਹਨ ਅਤੇ ਆਉਣ ਵਾਲੇ ਦਿਨਾਂ ‘ਚ ਪੰਜਾਬ ਦੀ ਰਾਜਨੀਤੀ ਵਿੱਚ ਕੀ ਨਵੇਂ ਮੋੜ ਆਉਂਦੇ ਹਨ।