October 6, 2026

Justice News

ਅਵਾਮ ਦੀ ਆਵਾਜ਼

ਡੇਹਲੋਂ ਵਿਖੇ ਫੂਡ ਸੇਫਟੀ ਟੀਮ ਦਾ ਵੱਡਾ ਐਕਸ਼ਨ: ਵਿਸ਼ੇਸ਼ ਨਾਕੇ ਦੌਰਾਨ 3 ਸ਼ੱਕੀ ਵਾਹਨ ਰੋਕੇ, 175 ਕਿਲੋ ਪਨੀਰ ਮੌਕੇ ’ਤੇ ਨਸ਼ਟ ਪਨੀਰ, ਦੇਸੀ ਘਿਓ ਅਤੇ ਵ੍ਹਾਈਟ ਬਟਰ ਦੇ ਸੈਂਪਲ ਜਾਂਚ ਲਈ ਲੈਬਾਰਟਰੀ ਭੇਜੇ—ਮਿਲਾਵਟਖੋਰੀ ਅਤੇ ਅਸੁਰੱਖਿਅਤ ਖੁਰਾਕ ਖ਼ਿਲਾਫ਼ ਕਾਰਵਾਈ ਜਾਰੀ

ਲੁਧਿਆਣਾ,
( ਵਿਜੇ ਭਾਂਬਰੀ  )–
ਲੋਕਾਂ ਨੂੰ ਸੁਰੱਖਿਅਤ, ਸਾਫ਼-ਸੁਥਰੀ ਅਤੇ ਮਿਆਰੀ ਖੁਰਾਕੀ ਵਸਤਾਂ ਮੁਹੱਈਆ ਕਰਵਾਉਣ ਲਈ ਸਿਹਤ ਵਿਭਾਗ ਵੱਲੋਂ ਫੂਡ ਸੇਫਟੀ ਮਾਪਦੰਡਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਅੱਜ ਫੂਡ ਸੇਫਟੀ ਟੀਮ ਵੱਲੋਂ ਡੇਹਲੋਂ ਵਿਖੇ ਵਿਸ਼ੇਸ਼ ਨਾਕਾ ਲਗਾ ਕੇ ਖੁਰਾਕੀ ਵਸਤਾਂ ਦੀ ਆਵਾਜਾਈ ਦੀ ਸਖ਼ਤੀ ਨਾਲ ਜਾਂਚ ਕੀਤੀ ਗਈ। ਇਸ ਦੌਰਾਨ ਟੀਮ ਨੇ ਸ਼ੱਕ ਦੇ ਆਧਾਰ ’ਤੇ 3 ਵਾਹਨਾਂ ਨੂੰ ਰੋਕ ਕੇ ਉਨ੍ਹਾਂ ਵਿੱਚ ਲਿਜਾਈਆਂ ਜਾ ਰਹੀਆਂ ਖੁਰਾਕੀ ਵਸਤਾਂ ਦੀ ਜਾਂਚ ਕੀਤੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿਹਤ ਅਫ਼ਸਰ ਡਾ. ਆਸ਼ੀਸ਼ ਚਾਵਲਾ ਨੇ ਦੱਸਿਆ ਕਿ ਵਿਸ਼ੇਸ਼ ਨਾਕੇ ਦੌਰਾਨ ਫੂਡ ਸੇਫਟੀ ਟੀਮ ਵੱਲੋਂ ਪਨੀਰ, ਦੇਸੀ ਘਿਓ ਅਤੇ ਵ੍ਹਾਈਟ ਬਟਰ ਦੀ ਜਾਂਚ ਕੀਤੀ ਗਈ। ਜਾਂਚ ਦੌਰਾਨ ਸ਼ੱਕੀ ਪਾਏ ਗਏ ਖੁਰਾਕੀ ਪਦਾਰਥਾਂ ਦੇ ਸੈਂਪਲ ਨਿਰਧਾਰਤ ਪ੍ਰਕਿਰਿਆ ਅਨੁਸਾਰ ਲਏ ਗਏ ਅਤੇ ਵਿਸ਼ਲੇਸ਼ਣ ਲਈ ਫੂਡ ਲੈਬਾਰਟਰੀ ਭੇਜੇ ਗਏ ਹਨ। ਇਨ੍ਹਾਂ ਸੈਂਪਲਾ ਦੀ ਰਿਪੋਰਟ ਪ੍ਰਾਪਤ ਹੋਣ ਤੋਂ ਬਾਅਦ, ਜੇਕਰ ਕਿਸੇ ਸੈਂਪਲ ਵਿੱਚ ਫੂਡ ਸੇਫਟੀ ਮਾਪਦੰਡਾਂ ਦੀ ਉਲੰਘਣਾ ਪਾਈ ਜਾਂਦੀ ਹੈ ਤਾਂ ਸਬੰਧਤ ਵਿਅਕਤੀਆਂ ਖ਼ਿਲਾਫ਼ ਕਾਨੂੰਨ ਅਨੁਸਾਰ ਅਗਲੀ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਇਸ ਕਾਰਵਾਈ ਦੌਰਾਨ 175 ਕਿਲੋ ਪਨੀਰ ਮੌਕੇ ’ਤੇ ਹੀ ਨਸ਼ਟ ਕਰਵਾਇਆ ਗਿਆ। ਫੂਡ ਸੇਫਟੀ ਟੀਮ ਵੱਲੋਂ ਇਹ ਕਦਮ ਇਸ ਲਈ ਚੁੱਕਿਆ ਗਿਆ ਤਾਂ ਜੋ ਸ਼ੱਕੀ ਜਾਂ ਮਨੁੱਖੀ ਸਿਹਤ ਲਈ ਅਸੁਰੱਖਿਅਤ ਖੁਰਾਕੀ ਪਦਾਰਥ ਬਾਜ਼ਾਰ ਜਾਂ ਆਮ ਲੋਕਾਂ ਤੱਕ ਨਾ ਪਹੁੰਚ ਸਕਣ। ਨਸ਼ਟ ਕੀਤੇ ਗਏ ਪਨੀਰ ਨੂੰ ਨਿਰਧਾਰਤ ਤਰੀਕੇ ਨਾਲ ਡਿਸਪੋਜ਼ ਕੀਤਾ ਗਿਆ।
ਡਾ. ਆਸ਼ੀਸ਼ ਚਾਵਲਾ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਲੋਕਾਂ ਦੀ ਸਿਹਤ ਨਾਲ ਜੁੜੇ ਮਾਮਲਿਆਂ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਜਾ ਰਹੀ ਹੈ ਅਤੇ ਮਿਲਾਵਟੀ, ਘਟੀਆ ਜਾਂ ਅਸੁਰੱਖਿਅਤ ਖੁਰਾਕੀ ਵਸਤਾਂ ਦੀ ਵਿਕਰੀ ਅਤੇ ਸਪਲਾਈ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਖਾਸ ਕਰਕੇ ਦੁੱਧ ਅਤੇ ਦੁੱਧ ਤੋਂ ਬਣੇ ਉਤਪਾਦਾਂ ਦੀ ਗੁਣਵੱਤਾ ਯਕੀਨੀ ਬਣਾਉਣ ਲਈ ਚੈਕਿੰਗ, ਸੈਂਪਲਿੰਗ ਅਤੇ ਨਿਗਰਾਨੀ ਦੀ ਪ੍ਰਕਿਰਿਆ ਨੂੰ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ।
ਜ਼ਿਲ੍ਹਾ ਸਿਹਤ ਅਫ਼ਸਰ ਨੇ ਦੱਸਿਆ ਕਿ ਫੂਡ ਸੇਫਟੀ ਟੀਮਾਂ ਵੱਲੋਂ ਜ਼ਿਲ੍ਹੇ ਵਿੱਚ ਵੱਖ-ਵੱਖ ਥਾਵਾਂ ’ਤੇ ਅਚਨਚੇਤ ਚੈਕਿੰਗ ਅਤੇ ਵਿਸ਼ੇਸ਼ ਨਾਕੇ ਲਗਾ ਕੇ ਖੁਰਾਕੀ ਵਸਤਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਦਾ ਮੁੱਖ ਉਦੇਸ਼ ਖੁਰਾਕੀ ਵਸਤਾਂ ਦੀ ਸਪਲਾਈ ਚੇਨ ਵਿੱਚ ਹੀ ਸ਼ੱਕੀ ਅਤੇ ਅਸੁਰੱਖਿਅਤ ਸਮੱਗਰੀ ਦੀ ਪਛਾਣ ਕਰਕੇ ਉਸ ਨੂੰ ਲੋਕਾਂ ਤੱਕ ਪਹੁੰਚਣ ਤੋਂ ਰੋਕਣਾ ਹੈ।
ਉਨ੍ਹਾਂ ਖਪਤਕਾਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਖੁਰਾਕੀ ਵਸਤਾਂ ਖਰੀਦਣ ਸਮੇਂ ਉਨ੍ਹਾਂ ਦੀ ਗੁਣਵੱਤਾ, ਪੈਕਿੰਗ, ਲੇਬਲ ਅਤੇ ਮਿਆਦ ਦੀ ਜਾਂਚ ਜ਼ਰੂਰ ਕਰਨ ਅਤੇ ਕਿਸੇ ਵੀ ਤਰ੍ਹਾਂ ਦੀ ਮਿਲਾਵਟ ਜਾਂ ਸ਼ੱਕੀ ਖੁਰਾਕੀ ਵਸਤੂ ਸਬੰਧੀ ਜਾਣਕਾਰੀ ਸਿਹਤ ਵਿਭਾਗ ਜਾਂ ਸਬੰਧਤ ਫੂਡ ਸੇਫਟੀ ਅਧਿਕਾਰੀਆਂ ਨੂੰ ਦੇਣ।
ਸਿਹਤ ਵਿਭਾਗ ਵੱਲੋਂ ਸਪੱਸ਼ਟ ਕੀਤਾ ਗਿਆ ਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਜਾਰੀ ਰਹੇਗੀ ਅਤੇ ਫੂਡ ਸੇਫਟੀ ਐਕਟ ਅਧੀਨ ਨਿਰਧਾਰਤ ਮਾਪਦੰਡਾਂ ਦੀ ਪਾਲਣਾ ਨੂੰ ਹਰ ਹਾਲਤ ਵਿੱਚ ਯਕੀਨੀ ਬਣਾਇਆ ਜਾਵੇਗਾ।

Leave a Reply

Your email address will not be published. Required fields are marked *

You may have missed

Copyright © All rights reserved. | Newsphere by AF themes.