ਸਵੱਛਤਾ ਹੀ ਸੇਵਾ’ ਮੁਹਿੰਮ ਤਹਿਤ ਪੌਦੇ ਲਗਾਉਣ ਦੀ ਮੁਹਿੰਮ ਆਯੋਜਿਤ; ਸਫਾਈ ਬਣਾਈ ਰੱਖਣ ਲਈ ਅਧਿਕਾਰੀਆਂ ਦਾ ਸਾਥ ਦੇਣ ਦੀ ਵਸਨੀਕਾਂ ਨੂੰ ਅਪੀਲ
ਲੁਧਿਆਣਾ,
(ਵਿਜੇ ਭਾਂਬਰੀ)–
ਗਾਂਧੀ ਜਯੰਤੀ ਅਤੇ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਦੇ ਜਨਮ ਦਿਵਸ ਮੌਕੇ ਨਗਰ ਨਿਗਮ ਵੱਲੋਂ ‘ਸਵੱਛਤਾ ਹੀ ਸੇਵਾ’ ਮੁਹਿੰਮ ਤਹਿਤ ਪੌਦੇ ਲਗਾਉਣ ਦੀ ਇੱਕ ਵਿਸ਼ੇਸ਼ ਮੁਹਿੰਮ ਚਲਾਈ ਗਈ।
ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਅਤੇ ਨਗਰ ਨਿਗਮ ਕਮਿਸ਼ਨਰ ਓਜਸਵੀ ਅਲੰਕਾਰ ਦੀ ਅਗਵਾਈ ਹੇਠ ਇਹ ਮੁਹਿੰਮ ਕੋਚਰ ਮਾਰਕੀਟ ਇਲਾਕੇ ਵਿੱਚ ਆਯੋਜਿਤ ਕੀਤੀ ਗਈ।
ਇਸ ਮੌਕੇ ਸਿਹਤ ਅਧਿਕਾਰੀ ਡਾ. ਵਿਪਲ ਮਲਹੋਤਰਾ, ਕੌਂਸਲਰ ਕਪਿਲ ਕੁਮਾਰ ਸੋਨੂੰ, ਸੀ.ਐਫ. ਚੰਦਰਜਯੋਤੀ ਅਤੇ ਐਸ.ਬੀ.ਐਮ. ਸ਼ਾਖਾ ਦੇ ਅਧਿਕਾਰੀ ਆਦਿ ਹਾਜ਼ਰ ਸਨ।
ਮਾਡਲ ਗ੍ਰਾਮ ਸਥਿਤ ਮਾਲਵਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ਲਗਭਗ 35 ਐਨ.ਸੀ.ਸੀ. ਕੈਡਿਟਾਂ ਨੇ ਆਪਣੇ ਅਧਿਆਪਕਾਂ ਅਤੇ ਸਥਾਨਕ ਵਸਨੀਕਾਂ ਨਾਲ ਮਿਲ ਕੇ ਇਸ ਮੁਹਿੰਮ ਵਿੱਚ ਹਿੱਸਾ ਲਿਆ।
ਮੁਹਿੰਮ ਦੌਰਾਨ ਨੀਮ, ਜਾਮੁਨ ਅਤੇ ਅਮਲਤਾਸ ਸਮੇਤ ਲਗਭਗ 45 ਪੌਦੇ ਲਗਾਏ ਗਏ। ਵਿਦਿਆਰਥੀਆਂ ਨੂੰ ‘ਸਵੱਛਤਾ’ ਸਬੰਧੀ ਸਹੁੰ ਵੀ ਚੁਕਾਈ ਗਈ।
ਵਸਨੀਕਾਂ ਅਤੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਗਈ ਕਿ ਉਹ ਸੜਕਾਂ ਦੇ ਕਿਨਾਰੇ ਕੂੜਾ ਨਾ ਸੁੱਟਣ ਅਤੇ ਨਾ ਹੀ ਕੂੜਾ ਸਾੜਨ।
ਭਾਗ ਲੈਣ ਵਾਲਿਆਂ ਨੂੰ ਕੂੜਾ ਪ੍ਰਬੰਧਨ, ਸਿੰਗਲ-ਯੂਜ਼ ਪਲਾਸਟਿਕ ਦੀ ਵਰਤੋਂ ਤੋਂ ਬਚਣ, ਕੂੜੇ ਨੂੰ ਚਾਰ ਹਿੱਸਿਆਂ ਵਿੱਚ ਵੱਖ-ਵੱਖ ਕਰਨ, ਘਰ ਵਿੱਚ ਖਾਦ ਬਣਾਉਣ ਅਤੇ ਰਿਡਿਊਸ, ਰੀਯੂਜ਼ ਅਤੇ ਰੀਸਾਈਕਲ” ਦੇ ਸਿਧਾਂਤਾਂ ਬਾਰੇ ਜਾਣਕਾਰੀ ਦਿੱਤੀ ਗਈ।
‘ਸਵੱਛਤਾ ਹੀ ਸੇਵਾ’ ਮੁਹਿੰਮ ਤਹਿਤ ਨਗਰ ਨਿਗਮ ਵੱਲੋਂ ਸ਼ਹਿਰ ਭਰ ਵਿੱਚ ਵੱਡੇ ਪੱਧਰ ‘ਤੇ ਸਫਾਈ ਮੁਹਿੰਮਾਂ ਵੀ ਚਲਾਈਆਂ ਜਾ ਰਹੀਆਂ ਹਨ ਅਤੇ ਕੂੜਾ ਪ੍ਰਬੰਧਨ ਨੂੰ ਬਿਹਤਰ ਬਣਾਉਣ ਲਈ ਜਾਗਰੂਕਤਾ ਫੈਲਾਈ ਜਾ ਰਹੀ ਹੈ।