September 28, 2026

Justice News

ਅਵਾਮ ਦੀ ਆਵਾਜ਼

70ਵੀਆਂ ਪੰਜਾਬ ਰਾਜ ਅੰਤਰ ਜਿਲ੍ਹਾ ਸਕੂਲ ਖੇਡਾਂ ਰਗਬੀ ਅੰਡਰ 19 ਸਾਲ ਦਾ ਸ਼ਾਨਦਾਰ ਆਗਾਜ਼-ਪੰਜਾਬ ਸਰਕਾਰ ਦੇ ਯਤਨਾਂ ਸਦਕਾ ਖੇਡ ਮੈਦਾਨਾਂ ‘ਚ ਪਰਤੀਆਂ ਰੌਣਕਾਂ : ਹਸਨਪ੍ਰੀਤ ਭਾਰਦਵਾਜ

ਬਰਨਾਲਾ,

(  ਜਸਟਿਸ ਨਿਊਜ਼   ):

ਅੱਜ ਇੱਥੇ ਬਾਬਾ ਕਾਲਾ ਮਹਿਰ ਸਟੇਡੀਅਮ ਵਿੱਚ 70ਵੀਆਂ ਪੰਜਾਬ ਰਾਜ ਅੰਤਰ ਜਿਲ੍ਹਾ ਸਕੂਲ ਖੇਡਾਂ ਤਹਿਤ ਰਗਬੀ ਅੰਡਰ 19 ਸਾਲ (ਲੜਕੇ)  ਦੇ ਮੁਕਾਬਲਿਆਂ ਦਾ ਸ਼ਾਨਦਾਰ ਆਗਾਜ਼ ਹੋ ਗਿਆ ਹੈ। ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ.) ਸੁਨੀਤਇੰਦਰ ਸਿੰਘ ਗਿੱਲ ਅਤੇ ਉੱਪ ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ.) ਡਾ. ਬਰਜਿੰਦਰਪਾਲ ਸਿੰਘ ਦੀ ਅਗਵਾਈ ਹੇਠ ਕਰਵਾਈਆਂ ਜਾ ਰਹੀਆਂ ਇਹਨਾ ਖੇਡਾਂ ਦਾ ਉਦਘਾਟਨ ਨਗਰ ਨਿਗਮ ਬਰਨਾਲਾ ਦੇ ਮੇਅਰ ਹਸਨਪ੍ਰੀਤ ਭਾਰਦਵਾਜ ਵੱਲੋਂ ਝੰਡਾ ਲਹਿਰਾ ਕੇ ਕੀਤਾ ਗਿਆ। ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ.) ਬਰਨਾਲਾ ਸੁਨੀਤਇੰਦਰ ਸਿੰਘ ਗਿੱਲ ਨੇ ਮੁੱਖ ਮਹਿਮਾਨ ਹਸਨਪ੍ਰੀਤ ਭਾਰਦਵਾਜ ਅਤੇ ਵੱਖ–ਵੱਖ ਜਿਲ੍ਹਿਆਂ ਤੋਂ ਆਏ ਖਿਡਾਰੀਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਖੇਡਾਂ ਵਿੱਚ ਭਾਗ ਲੈਣਾ ਹੀ ਬਹੁਤ ਵੱਡੀ ਗੱਲ ਹੈ ਕਿਉਂਕਿ ਹਾਰਾਂ ਤੇ ਜਿੱਤਾਂ ਖਿਡਾਰੀ ਨੂੰ ਮਾਨਸਿਕ ਤੌਰ ‘ਤੇ ਮਜ਼ਬੂਤੀ ਪ੍ਰਦਾਨ ਕਰਦੀਆਂ ਹਨ।

ਮੁੱਖ ਮਹਿਮਾਨ ਵਜੋਂ ਪਹੁੰਚੇ ਮੇਅਰ ਹਸਨਪ੍ਰੀਤ ਭਾਰਦਵਾਜ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੰਜਾਬ ਨੂੰ ਫਿਰ ਤੋਂ ਖੇਡਾਂ ਵਿੱਚ ਨੰਬਰ ਇੱਕ ਸੂਬਾ ਬਣਾਉਣ ਲਈ ਕੀਤੇ ਜਾ ਰਹੇ ਵਿਸ਼ੇਸ਼ ਯਤਨਾਂ ਸਦਕਾ ਇੱਕ ਵਾਰ ਫਿਰ ਮੁੜ ਗਰਾਂਊਂਡਾਂ ਵਿੱਚ ਰੌਣਕਾਂ ਲੱਗਣੀਆਂ ਸ਼ੁਰੂ ਹੋ ਗਈਆਂ ਹਨ। ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਅੰਤਰ ਰਾਸ਼ਟਰੀ ਪੱਧਰ ‘ਤੇ ਭਾਗ ਲੈਣ ਵਾਲੇ ਪੰਜਾਬ ਦੇ ਖਿਡਾਰੀਆਂ ਨੂੰ ਮੁਕਾਬਲੇ ਦੀ ਤਿਆਰੀ ਲਈ ਵਿਸ਼ੇਸ਼ ਆਰਥਿਕ ਮਦਦ ਦਿੱਤੀ ਜਾ ਰਹੀ ਹੈ।

ਡੀ.ਐਮ. ਸਪੋਰਟਸ ਬਰਨਾਲਾ ਸਿਮਰਦੀਪ ਸਿੰਘ ਸਿੱਧੂ ਨੇ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਸਾਰੇ ਖਿਡਾਰੀਆਂ ਨੂੰ ਖਿਡਾਰੀਪੁਣੇ ਦੀ ਭਾਵਨਾ ਨਾਲ ਖੇਡਣ ਲਈ ਪ੍ਰੇਰਿਤ ਕੀਤਾ। ਅੱਜ ਪਹਿਲੇ ਦਿਨ ਹੋਏ ਲੀਗ ਮੈਚਾਂ ਵਿੱਚ ਫਾਜ਼ਿਲਕਾ ਅਤੇ ਸਾਹਿਬਜਾਦਾ ਅਜੀਤ ਸਿੰਘ ਨਗਰ ਵਿਚਕਾਰ ਖੇਡਿਆ ਗਿਆ ਮੈਚ 0–0 ਦੀ ਬਰਾਰਬੀ ‘ਤੇ ਸਮਾਪਤ ਹੋਇਆ। ਜਦਕਿ ਸ੍ਰੀ ਅੰਮ੍ਰਿਤਸਰ ਸਾਹਿਬ ਨੇ ਸ੍ਰੀ ਮੁਕਤਸਰ ਸਾਹਿਬ ਨੂੰ 30–0, ਪਟਿਆਲਾ ਨੇ ਸ੍ਰੀ ਫਤਿਹਗੜ੍ਹ ਸਾਹਿਬ ਨੂੰ 25–0 ਅਤੇ ਬਰਨਾਲਾ ਨੇ ਲੁਧਿਆਣਾ ਨੂੰ 10–0 ਦੇ ਅੰਤਰ ਨਾਲ ਹਰਾਇਆ। ਇਸ ਮੌਕੇ ਜਿਲ੍ਹਾ ਖੇਡ ਅਫਸਰ ਬਰਨਾਲਾ ਰੁਪੇਸ਼ ਬਾਗੇਰਾ, ਹੈਂਡ ਮਾਸਟਰ ਰਾਜੇਸ਼ ਗੋਇਲ, ਮਲਕੀਤ ਸਿੰਘ, ਮੱਲ ਸਿੰਘ, ਦਿਨੇਸ਼ ਕੁਮਾਰ, ਲਿਵਲੀਨ ਸਿੰਘ, ਦਲਜੀਤ ਸਿੰਘ, ਰਾਜਿੰਦਰ ਸਿੰਘ, ਅਵਤਾਰ ਸਿੰਘ, ਬਲਕਾਰ ਸਿੰਘ, ਅਰਸ਼ਦੀਪ ਸਿੰਘ, ਪਰਮਜੀਤ ਕੌਰ, ਸੁਰਜੀਤ ਕੌਰ, ਹਰਪ੍ਰੀਤ ਸਿੰਘ, ਜਸਪਿੰਦਰ ਕੌਰ, ਸੁਖਵਿੰਦਰ ਸਿੰਘ, ਕੁਲਵਿੰਦਰ ਕੌਰ, ਪਰਮਜੀਤ ਕੌਰ, ਹਰਜਿੰਦਰ ਕੌਰ, ਜਸਪ੍ਰੀਤ ਸਿੰਘ, ਪਰਮਜੀਤ ਕੌਰ, ਸਵਰਨਜੀਤ ਕੌਰ, ਹਰਮੇਲ ਸਿੰਘ ਸੰਘੇੜਾ, ਪਰਮਜੀਤ ਕੌਰ, ਦਲਜੀਤ ਕੌਰ ਸਮੇਤ ਵੱਖ–ਵੱਖ ਜਿਲ੍ਹਿਆਂ ਤੋਂ ਆਏ ਹੋਏ ਟੀਮ ਇੰਚਾਰਜ਼, ਕੋਚ ਅਤੇ ਖਿਡਾਰੀ ਮੌਜੂਦ ਸਨ।

Leave a Reply

Your email address will not be published. Required fields are marked *

Copyright © All rights reserved. | Newsphere by AF themes.