September 28, 2026

Justice News

ਅਵਾਮ ਦੀ ਆਵਾਜ਼

ਦੀਵਾਨ ਦੀ ਅਗਵਾਈ ਹੇਠ ਕਾਂਗਰਸ ਦਾ ਪ੍ਰਦਰਸ਼ਨ; ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਤੇ ਪੰਜਾਬ ਵਿੱਚ ਐੱਸਆਈਆਰ ਰੱਦ ਕਰਨ ਦੀ ਮੰਗ-ਵੋਟ ਚੋਰ, ਗੱਦੀ ਛੋੜ’: ਲੁਧਿਆਣਾ ਵਿੱਚ ਕਾਂਗਰਸੀ ਵਰਕਰਾਂ ਨੇ ਮੁੱਖ ਚੋਣ ਕਮਿਸ਼ਨਰ ਦਾ ਪੁਤਲਾ ਫੂਕਿਆ

ਲੁਧਿਆਣਾ,
( ਜਸਟਿਸ ਨਿਊਜ਼  )
ਜ਼ਿਲ੍ਹਾ ਕਾਂਗਰਸ ਕਮੇਟੀ, ਲੁਧਿਆਣਾ (ਸ਼ਹਿਰੀ) ਦੇ ਸਾਬਕਾ ਪ੍ਰਧਾਨ ਅਤੇ ਪੰਜਾਬ ਲਾਰਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦੇ ਸਾਬਕਾ ਚੇਅਰਮੈਨ ਪਵਨ ਦੀਵਾਨ ਦੀ ਅਗਵਾਈ ਹੇਠ ਅੱਜ ਲੁਧਿਆਣਾ ਦੇ ਸਰਾਭਾ ਨਗਰ ਵਿਖੇ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰਾਂ ਨੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਅਤੇ ਉਨ੍ਹਾਂ ਦਾ ਪੁਤਲਾ ਫੂਕਿਆ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ‘ਚੋਣ ਕਮਿਸ਼ਨ ਵੋਟ ਚੋਰ, ਵੋਟ ਚੋਰ ਗੱਦੀ ਛੱਡ, ਗਿਆਨੇਸ਼ ਕੁਮਾਰ ਦੇਸ਼ ਧ੍ਰੋਹੀ, ਅਸਤੀਫ਼ਾ ਦਿਓ’ ਅਤੇ ‘ਵੋਟ ਚੋਰੀ ਬੰਦ ਕਰੋ’ ਦੇ ਨਾਅਰੇ ਵੀ ਲਗਾਏ।  ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦਿਆਂ, ਪਵਨ ਦੀਵਾਨ ਨੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ’ਤੇ ਦੇਸ਼ ਦੀ ਲੋਕਤੰਤਰੀ ਪ੍ਰਕਿਰਿਆ ਨੂੰ ਕਮਜ਼ੋਰ ਕਰਨ ਅਤੇ ਇਸਨੂੰ ਪਟੜੀ ਤੋਂ ਉਤਾਰਨ ਦੇ ਦੋਸ਼ ਲਗਾਏ।

ਇਸ ਮੌਕੇ ਦੀਵਾਨ ਨੇ ਮੰਗ ਕੀਤੀ ਕਿ ਦੇਸ਼ ਦੀ ਕਮਜ਼ੋਰ ਹੋ ਚੁੱਕੀ ਅਤੇ ਕਥਿਤ ਤੌਰ ’ਤੇ ਭ੍ਰਿਸ਼ਟ ਚੋਣ ਪ੍ਰਣਾਲੀ ਨੂੰ ਮੁੜ ਬਹਾਲ ਕਰਨ ਵੱਲ ਪਹਿਲਾ ਕਦਮ ਮੌਜੂਦਾ ਮੁੱਖ ਚੋਣ ਕਮਿਸ਼ਨਰ ਨੂੰ ਹਟਾਉਣਾ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਹਰ ਲੰਘਦੇ ਦਿਨ ਨਾਲ ਅਜਿਹੇ ਨਵੇਂ ਸਬੂਤ ਸਾਹਮਣੇ ਆ ਰਹੇ ਹਨ, ਜੋ ਇਹ ਦਰਸਾਉਂਦੇ ਹਨ ਕਿ ਮੁੱਖ ਚੋਣ ਕਮਿਸ਼ਨਰ ’ਤੇ ਕਿਵੇਂ ਸਵਾਲ ਉੱਠ ਰਹੇ ਹਨ ਅਤੇ ਚੋਣ ਪ੍ਰਕਿਰਿਆ ਵਿੱਚ ਹੇਰਾਫੇਰੀ ਲਈ ਭਾਜਪਾ ਨਾਲ ਮਿਲੀਭੁਗਤ ਦੇ ਦੋਸ਼ ਲਗਾਏ ਜਾ ਰਹੇ ਹਨ। ਉਨ੍ਹਾਂ ਨੇ ਜ਼ੋਰ ਦਿੰਦਿਆਂ, ਕਿਹਾ ਕਿ ਦੇਸ਼ ਦੇ ਇਤਿਹਾਸ ਵਿੱਚ ਅਜਿਹੀ ਸਥਿਤੀ ਪਹਿਲਾਂ ਕਦੇ ਨਹੀਂ ਬਣੀ ਸੀ।

ਦੀਵਾਨ ਨੇ ਮਹਾਰਾਸ਼ਟਰ ਅਤੇ ਪੱਛਮੀ ਬੰਗਾਲ ਵਿੱਚ ਭਾਜਪਾ ਦੀ ਜਿੱਤ ਦਾ ਹਵਾਲਾ ਦਿੰਦਿਆਂ, ਕਿਹਾ ਕਿ ਜਿਸਨੂੰ ਚੋਣਾਂ ਦੀ ਜਿੱਤ ਵਜੋਂ ਪੇਸ਼ ਕੀਤਾ ਜਾ ਰਿਹਾ ਹੈ, ਉਹ ਅਸਲ ਵਿੱਚ ‘ਵੋਟ ਚੋਰੀ’ ਦੀ ਕਾਰਵਾਈ ਹੈ। ਉਨ੍ਹਾਂ ਨੇ ਮੰਗ ਕੀਤੀ ਕਿ ਪੰਜਾਬ ਦੀਆਂ ਵੋਟਰ ਸੂਚੀਆਂ ਦੀ ਸਪੈਸ਼ਲ ਇੰਟੈਂਸਿਵ ਰਿਵਿਜ਼ਨ (ਐੱਸਆਈਆਰ) ਨੂੰ ਰੱਦ ਕੀਤਾ ਜਾਵੇ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਇਸ ਨਾਲ ਅਸਲ ਵੋਟਰਾਂ ਨੂੰ ਵੋਟ ਦੇ ਅਧਿਕਾਰ ਤੋਂ ਵਾਂਝਾ ਕੀਤੇ ਜਾਣ ਦਾ ਖ਼ਤਰਾ ਹੈ, ਜਿਨ੍ਹਾਂ ਬਾਰੇ ਭਾਜਪਾ ਨੂੰ ਡਰ ਹੈ ਕਿ ਉਹ ਉਸ ਦੇ ਹੱਕ ਵਿੱਚ ਵੋਟ ਨਹੀਂ ਪਾਉਣਗੇ। ਉਨ੍ਹਾਂ ਨੇ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਹਾਲ ਹੀ ਵਿੱਚ ਹੋਈਆਂ ਲੋਕ ਸਭਾ ਚੋਣਾਂ ਦੌਰਾਨ ਵਰਤੀਆਂ ਗਈਆਂ ਵੋਟਰ ਸੂਚੀਆਂ ਦੇ ਆਧਾਰ ’ਤੇ ਹੀ ਕਰਵਾਈਆਂ ਜਾਣੀਆਂ ਚਾਹੀਦੀਆਂ ਹਨ।

ਦੀਵਾਨ ਨੇ ਕਿਹਾ ਕਿ ਭਾਜਪਾ ਅਤੇ ਭਾਰਤ ਦੇ ਚੋਣ ਕਮਿਸ਼ਨ ਦੋਵੇਂ ਹੁਣ ਦੇਸ਼ ਦੀ ਜਨਤਾ ਦੇ ਸਾਹਮਣੇ ਬੇਨਕਾਬ ਹੋ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਪਿਛਲੇ ਤਿੰਨ ਸਾਲਾਂ ਤੋਂ ਕਾਂਗਰਸ ਲਗਾਤਾਰ ਇਹ ਦੋਸ਼ ਲਗਾਉਂਦੀ ਆ ਰਹੀ ਹੈ ਕਿ ਚੋਣ ਕਮਿਸ਼ਨ ਭਾਜਪਾ ਨਾਲ ਮਿਲ ਕੇ ਚੋਣ ਪ੍ਰਕਿਰਿਆ ਵਿੱਚ ਹੇਰਾਫੇਰੀ ਕਰ ਰਿਹਾ ਹੈ। ਦੀਵਾਨ ਨੇ ਆਪਣੀ ਮੰਗ ਨੂੰ ਦੁਹਰਾਉਂਦਿਆਂ, ਕਿਹਾ ਕਿ ਜਿਨ੍ਹਾਂ ਅਸਲ ਵੋਟਾਂ ਨੂੰ ਵੋਟਰ ਸੂਚੀਆਂ ਵਿੱਚੋਂ ਹਟਾਇਆ ਗਿਆ ਹੈ, ਉਨ੍ਹਾਂ ਨੂੰ ਮੁੜ ਬਹਾਲ ਕੀਤਾ ਜਾਵੇ।

ਦੀਵਾਨ ਨੇ ਕਿਹਾ ਕਿ ਇੱਕ ਭਰੋਸੇਯੋਗ ਚੋਣ ਪ੍ਰਣਾਲੀ ਲਈ ਇਹ ਜ਼ਰੂਰੀ ਹੈ ਕਿ ਹਰ ਯੋਗ ਨਾਗਰਿਕ ਬਿਨਾਂ ਕਿਸੇ ਡਰ, ਮਨਮਾਨੀ ਢੰਗ ਨਾਲ ਨਾਮ ਕੱਟੇ ਜਾਣ ਜਾਂ ਪ੍ਰਸ਼ਾਸਨਿਕ ਰੁਕਾਵਟਾਂ ਦੇ ਆਪਣਾ ਨਾਮ ਦਰਜ ਕਰਵਾ ਸਕੇ ਅਤੇ ਆਪਣੀ ਵੋਟ ਪਾ ਸਕੇ। ਉਨ੍ਹਾਂ ਨੇ ਕਿਹਾ ਕਿ ਚੋਣ ਕਮਿਸ਼ਨ ਦੀ ਜ਼ਿੰਮੇਵਾਰੀ ਸੀ ਕਿ ਵੋਟਰ ਸੂਚੀਆਂ ਵਿੱਚ ਹੋਏ ਬਦਲਾਅ ਬਾਰੇ ਹਲਕਾ-ਵਾਰ ਸਪੱਸ਼ਟ ਜਾਣਕਾਰੀ ਜਾਰੀ ਕੀਤੀ ਜਾਂਦੀ ਹੈ, ਪ੍ਰਭਾਵਿਤ ਵੋਟਰਾਂ ਨੂੰ ਸਮੇਂ ਸਿਰ ਸੂਚਿਤ ਕੀਤਾ ਜਾਂਦਾ ਅਤੇ ਇਤਰਾਜ਼ ਤੇ ਅਪੀਲ ਲਈ ਆਸਾਨ ਪ੍ਰਕਿਰਿਆ ਯਕੀਨੀ ਬਣਾਈ ਜਾਂਦੀ, ਪਰ ਇਥੇ ਅਜਿਹਾ ਨਹੀਂ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ ਇਹ ਦਿਖਾਈ ਦੇਣਾ ਚਾਹੀਦਾ ਹੈ ਕਿ ਹਰ ਫੈਸਲਾ ਪਾਰਦਰਸ਼ੀ, ਨਿਰਪੱਖ ਅਤੇ ਜਾਂਚ-ਪੜਤਾਲ ਲਈ ਖੁੱਲ੍ਹਾ ਹੈ।

ਦੀਵਾਨ ਨੇ ਕਾਂਗਰਸੀ ਵਰਕਰਾਂ ਅਤੇ ਨਾਗਰਿਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਵੋਟਰਾਂ ਦੇ ਅਧਿਕਾਰਾਂ ਦੀ ਰੱਖਿਆ ਲਈ ਸੁਰੱਖਿਆ ਉਪਾਵਾਂ ਦੀ ਮੰਗ ਕਰਨ। ਉਨ੍ਹਾਂ ਨੇ ਕਿਹਾ ਕਿ ਅਗਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੀਆਂ ਵੋਟਰ ਸੂਚੀਆਂ ਦੀ ਰਿਵਿਜ਼ਨ ਸਬੰਧੀ ਉੱਠ ਰਹੀਆਂ ਚਿੰਤਾਵਾਂ ਦਾ ਚੋਣ ਕਮਿਸ਼ਨ ਵੱਲੋਂ ਨਿਪਟਾਰਾ ਕੀਤਾ ਜਾਣਾ ਚਾਹੀਦਾ ਹੈ ਅਤੇ ਵੋਟਰਾਂ ਨੂੰ ਭਰੋਸਾ ਦਿਵਾਇਆ ਜਾਣਾ ਚਾਹੀਦਾ ਹੈ ਕਿ ਹਰ ਪਾਰਟੀ ਅਤੇ ਹਰ ਵਿਧਾਨ ਸਭਾ ਹਲਕੇ ਲਈ ਇੱਕੋ ਜਿਹੇ ਮਾਪਦੰਡ ਲਾਗੂ ਹੋਣਗੇ। ਉਨ੍ਹਾਂ ਕਿਹਾ ਕਿ ਜਨਤਾ ਦਾ ਭਰੋਸਾ ਮੁੜ ਕਾਇਮ ਕਰਨ ਲਈ ਚੋਣ ਕਮਿਸ਼ਨ ਨੂੰ ਸੁਤੰਤਰ ਤੌਰ ’ਤੇ ਕੰਮ ਕਰਨਾ ਹੋਵੇਗਾ ਅਤੇ ਆਪਣੇ ਫੈਸਲਿਆਂ ਰਾਹੀਂ ਇਹ ਸਾਬਤ ਕਰਨਾ ਹੋਵੇਗਾ ਕਿ ਹਰ ਵੋਟ ਦੀ ਰੱਖਿਆ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਇਸ ਪੜਾਅ ’ਤੇ ਹੁਣ ਚੋਣ ਕਮਿਸ਼ਨ ਦੀ ਭਰੋਸੇਯੋਗਤਾ ਬਹਾਲ ਕਰਨ ਦਾ ਇੱਕੋ-ਇੱਕ ਤਰੀਕਾ ਗਿਆਨੇਸ਼ ਕੁਮਾਰ ਦਾ ਅਸਤੀਫ਼ਾ ਅਤੇ ਪੰਜਾਬ ਵਿੱਚ ਐੱਸਆਈਆਈ ਨੂੰ ਰੱਦ ਕਰਨਾ ਹੈ।

ਇਸ ਮੌਕੇ ਪ੍ਰਦਰਸ਼ਨ ਵਿੱਚ ਸ਼ਾਮਲ ਪ੍ਰਮੁੱਖ ਆਗੂਆਂ ਵਿੱਚ ਸੁਸ਼ੀਲ ਮਲਹੋਤਰਾ, ਨਿੱਕੀ ਰਿਆਤ, ਜਸਵਿੰਦਰ ਓਸਾਹਨ, ਕੁਲਬੀਰ ਨੀਟਾ, ਰੋਹਿਤ ਪਾਹਵਾ, ਦੀਪਕ ਹੰਸ, ਬ੍ਰਿਜ ਮੋਹਨ ਕਾਲੀਆ, ਬਲਜੀਤ ਆਹੂਜਾ, ਅਵਤਾਰ ਸਿੰਘ, ਮੋਹਿਤ ਚੁੱਘ , ਹਰਭਗਤ ਗਰੇਵਾਲ, ਵਵੇਸ਼ ਵਾਸਨ, ਗੁਰਨਾਮ ਸਿੰਘ ਕਲੇਰ, ਰਜਿੰਦਰ ਸਿੰਘ, ਡਾ. ਜੋਧਾ ਰਾਮ ਜਖਮੀ, ਵਰੁਣ ਸ਼ਰਮਾ, ਸਤੀਸ਼ ਗਰਗ, ਲਕਸ਼ਵਿਆਰ ਜਿੰਦਲ,  ਲਲਿਤ ਕੁਮਾਰ, ਜਗਮੋਹਨ ਸਿੰਘ ਨਿੱਕੂ, ਬ੍ਰਿਜ ਕਿਸ਼ੋਰ, ਹਾਰਸ਼ਿਤ ਕਪੂਰ, ਦੀਪਕ ਵਰਮਾ, ਪੰਮੀ ਕੌਸ਼ਲ, ਰਜਨੀਸ਼ ਸਿੰਗਲਾ ਵੀ ਸ਼ਾਮਲ ਰਹੇ।

Leave a Reply

Your email address will not be published. Required fields are marked *

Copyright © All rights reserved. | Newsphere by AF themes.