‘ਤੇਰੀ ਫੀਏਟ ‘ਤੇ ਜੇਠ ਨਜ਼ਾਰੇ ਲੈਂਦਾ…’ — ED ਦੀ ਮੈਰਾਥਨ ਰੇਡ ਤੋਂ ਬਾਅਦ ਵੱਡਾ ਧਮਾਕਾ: ‘ਆਪ’ ਆਗੂ ਦੀ ਸਰਕਾਰੀ ਕੋਠੀ ‘ਚ ਸਤੇਂਦਰ ਜੈਨ ਦੇ ਠਾਠ-ਬਾਠ ਦਾ ਦਾਅਵਾ
ਅੰਮ੍ਰਿਤਸਰ,
(ਰਣਜੀਤ ਸਿੰਘ ਮਸੌਣ)
ਪੰਜਾਬ ਦੀ ਸਿਆਸਤ ਵਿੱਚ ਇੱਕ ਵਾਰ ਫਿਰ ਭੂਚਾਲ ਆ ਗਿਆ ਹੈ। ਪ੍ਰਵਰਤਨ ਨਿਰਦੇਸ਼ਾਲਾ (ED) ਵੱਲੋਂ ਮਾਰੀ ਗਈ ਮੈਰਾਥਨ ਰੇਡ ਤੋਂ ਬਾਅਦ ਇੱਕ ਅਜਿਹਾ ਦਿਲਚਸਪ ਅਤੇ ਹੈਰਾਨਕੁਨ ਦਾਅਵਾ ਸਾਹਮਣੇ ਆਇਆ ਹੈ, ਜਿਸ ਨੇ ‘ਆਮ ਆਦਮੀ ਪਾਰਟੀ’ ਦੀ ਸਰਕਾਰ ਨੂੰ ਤਿੱਖੇ ਸਵਾਲਾਂ ਦੇ ਘੇਰੇ ਵਿੱਚ ਖੜ੍ਹਾ ਕਰ ਦਿੱਤਾ ਹੈ। ਈ.ਡੀ. ਦੇ ਦਾਅਵੇ ਅਨੁਸਾਰ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ‘ਪੰਜਾਬ ਵਾਟਰ ਸਪਲਾਈ ਐਂਡ ਸੀਵਰੇਜ ਬੋਰਡ’ ਦੇ ਚੇਅਰਮੈਨ ਸੰਨੀ ਆਹਲੂਵਾਲੀਆ ਨੂੰ ਜੋ ਸਰਕਾਰੀ ਕੋਠੀ ਅਲਾਟ ਹੋਈ ਸੀ, ਉਸ ‘ਚ ਉਹ ਆਪ ਨਹੀਂ, ਸਗੋਂ ਦਿੱਲੀ ਦੇ ‘ਆਪ’ ਨੇਤਾ ਸਤੇਂਦਰ ਜੈਨ ਰਹਿ ਰਹੇ ਸਨ ਅਤੇ ਪੂਰੇ ਨਜ਼ਾਰੇ ਲੁੱਟ ਰਹੇ ਸਨ।
ਸਿਆਸੀ ਗਲਿਆਰਿਆਂ ਵਿੱਚ ਇਸ ਘਟਨਾ ਨੂੰ ਲੈ ਕੇ ਲੋਕਾਂ ਦੀ ਜ਼ੁਬਾਨ ‘ਤੇ ਉਹੀ ਪੁਰਾਣਾ ਗਾਣਾ ਚੜ੍ਹ ਗਿਆ ਹੈ— “ਤੇਰੀ ਫੀਏਟ ‘ਤੇ ਜੇਠ ਨਜ਼ਾਰੇ ਲੈਂਦਾ…” ਭਾਵ ਖ਼ਜ਼ਾਨਾ ਅਤੇ ਸਾਧਨ ਪੰਜਾਬ ਦੇ, ਪਰ ਨਜ਼ਾਰੇ ਦਿੱਲੀ ਦੇ ਨੇਤਾਵਾਂ ਦੇ!
ਪਹਿਲਾਂ ਵੀ ਲੱਗਦੇ ਰਹੇ ਨੇ ‘ਦਿੱਲੀ ਕਮਾਂਡ’ ਵੱਲੋਂ ਬਹਾਰਾਂ ਲੁੱਟਣ ਦੇ ਦੋਸ਼
ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਰਾਘਵ ਚੱਢਾ, ਆਦਿਲ ਅਹਿਮਦ ਖ਼ਾਨ, ਵੈਭਵ ਮਾਹੇਸ਼ਵਰੀ, ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਵਰਗੇ ਦਿੱਲੀ ਦੇ ਦਿੱਗਜ ‘ਆਪ’ ਨੇਤਾਵਾਂ ‘ਤੇ ਪੰਜਾਬ ਦੇ ਖ਼ਰਚੇ ‘ਤੇ ਸਰਕਾਰੀ ਕੋਠੀਆਂ, ਗੱਡੀਆਂ ਅਤੇ ਸੁਰੱਖਿਆ ਦੇ ਲੁਤਫ਼ ਉਠਾਉਣ ਦੇ ਕਥਿਤ ਚਰਚੇ ਛਾਏ ਰਹੇ ਹਨ।
ਪਰ ਇਹ ਪਹਿਲੀ ਵਾਰ ਹੋਇਆ ਹੈ ਕਿ ਕੋਈ ਅਜਿਹਾ ਗੰਭੀਰ ਮਾਮਲਾ ਸਬੂਤਾਂ ਅਤੇ ਜਾਂਚ ਏਜੰਸੀ (ED) ਦੇ ਰਿਕਾਰਡ ‘ਤੇ ਦਰਜ ਹੋਇਆ ਹੈ। ਹੁਣ ਸਵਾਲ ਇਹ ਉੱਠਦਾ ਹੈ ਕਿ:
-
ਕੀ ਪੰਜਾਬ ਸਰਕਾਰ ਈ.ਡੀ. ਦੇ ਇਸ ਦਾਅਵੇ ਨੂੰ ਪੂਰੇ ਠੋਸ ਸਬੂਤਾਂ ਨਾਲ ਰੱਦ ਕਰੇਗੀ?
-
ਜਾਂ ਫਿਰ ਸੰਨੀ ਆਹਲੂਵਾਲੀਆ ਵਿਰੁੱਧ ਸਰਕਾਰੀ ਨਿਵਾਸ ਅਣ-ਅਧਿਕਾਰਤ ਤੌਰ ‘ਤੇ ਕਿਸੇ ਹੋਰ ਨੂੰ ਦੇਣ ਦੇ ਦੋਸ਼ ਹੇਠ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ?
ਵਿਵਾਦਾਂ ਨਾਲ ਸੰਨੀ ਆਹਲੂਵਾਲੀਆ ਦਾ ਪੁਰਾਣਾ ਨਾਤਾ
ਸੰਨੀ ਆਹਲੂਵਾਲੀਆ ਇਸ ਤੋਂ ਪਹਿਲਾਂ ਵੀ ਗੰਭੀਰ ਚਰਚਾਵਾਂ ਅਤੇ ਵਿਵਾਦਾਂ ਦੇ ਘੇਰੇ ਵਿੱਚ ਰਹੇ ਹਨ। ਮਾਮਲਾ ਪੰਜਾਬ ਵਾਟਰ ਸਪਲਾਈ ਐਂਡ ਸੀਵਰੇਜ ਬੋਰਡ ਨਾਲ ਹੀ ਜੁੜਿਆ ਹੋਇਆ ਹੈ, ਜਿੱਥੇ ਤਾਇਨਾਤ ਇੱਕ ਮਹਿਲਾ ਅਫ਼ਸਰ ਦੀ ਕੌਂਸਲਰ ਦਰਾਣੀ ਨੇ ਜਦੋਂ ‘ਆਪ’ ਛੱਡ ਕੇ ਭਾਜਪਾ ਦਾ ਪੱਲਾ ਫੜਿਆ ਸੀ, ਤਾਂ ਉਸ ਤੋਂ ਤੁਰੰਤ ਬਾਅਦ ਉਕਤ ਮਹਿਲਾ ਅਫ਼ਸਰ ‘ਤੇ ਕੇਸ ਦਰਜ ਕਰਕੇ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ ਸੀ।
ਉਦੋਂ ਦੋਸ਼ ਲਾਇਆ ਗਿਆ ਸੀ ਕਿ ਮਹਿਲਾ ਅਫ਼ਸਰ ਫ਼ਰਜ਼ੀ ਹਾਜ਼ਰੀਆਂ ਲਗਾ ਕੇ ਸਰਕਾਰੀ ਤਨਖਾਹ ਲੈਂਦੀ ਰਹੀ ਹੈ। ਜਦਕਿ ਦੂਜੀ ਧਿਰ ਨੇ ਇਸ ਨੂੰ ਪੂਰੀ ਤਰ੍ਹਾਂ ਨਾਲ ‘ਸਿਆਸੀ ਬਦਲਾਖੋਰੀ’ ਅਤੇ ਧੱਕੇਸ਼ਾਹੀ ਕਰਾਰ ਦਿੱਤਾ ਸੀ। ਹਾਲਾਂਕਿ, ਉਸ ਸਮੇਂ ਵੀ ਸੰਨੀ ਆਹਲੂਵਾਲੀਆ ਨੇ ਆਪਣੇ ‘ਤੇ ਲੱਗੇ ਸਾਰੇ ਇਲਜ਼ਾਮਾਂ ਨੂੰ ਨਕਾਰ ਦਿੱਤਾ ਸੀ।
ਹੁਣ ਅੱਗੇ ਕੀ?
ਈ.ਡੀ. ਦੀ ਇਸ ਮੈਰਾਥਨ ਛਾਪੇਮਾਰੀ ਅਤੇ ਖ਼ੁਲਾਸੇ ਤੋਂ ਬਾਅਦ ਵਿਰੋਧੀ ਧਿਰਾਂ ਨੂੰ ਬੈਠੇ-ਬਿਠਾਏ ਇੱਕ ਵੱਡਾ ਸਿਆਸੀ ਹਥਿਆਰ ਮਿਲ ਗਿਆ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ‘ਆਪ’ ਹਾਈਕਮਾਂਡ ਅਤੇ ਪੰਜਾਬ ਸਰਕਾਰ ਇਸ ‘ਕੋਠੀ ਕਾਂਡ’ ‘ਤੇ ਕੀ ਸਫ਼ਾਈ ਦਿੰਦੀ ਹੈ ਜਾਂ ਈ.ਡੀ. ਇਸ ਮਾਮਲੇ ‘ਚ ਹੋਰ ਵੀ ਵੱਡੇ ਖ਼ੁਲਾਸੇ ਕਰਦੀ ਹੈ।