September 27, 2026

Justice News

ਅਵਾਮ ਦੀ ਆਵਾਜ਼

ਚਿਤਕਾਰਾ ਯੂਨੀਵਰਸਿਟੀ ਮਾਮਲੇ ’ਤੇ ਪਟਿਆਲਾ ਪੁਲਿਸ ਸਖ਼ਤ!ਅਫਵਾਹਾਂ ਫੈਲਾਉਣ ਵਾਲਿਆਂ ’ਤੇ ਪੁਲਿਸ ਦੀ ਨਜ਼ਰ, ਵਿਦਿਆਰਥੀਆਂ ਨੂੰ ਸੋਸ਼ਲ ਮੀਡੀਆ ’ਤੇ ਸਾਵਧਾਨ ਰਹਿਣ ਦੀ ਅਪੀਲ

 

(ਸ਼ਹਿਬਾਜ ਚੌਧਰੀ)
ਚਿਤਕਾਰਾ ਯੂਨੀਵਰਸਿਟੀ ਵਿੱਚ ਹਾਲ ਹੀ ਦੇ ਘਟਨਾਕ੍ਰਮ ਤੋਂ ਬਾਅਦ ਅਮਨ-ਕਾਨੂੰਨ ਦੀ ਸਥਿਤੀ ਨੂੰ ਕਾਇਮ ਰੱਖਣ ਲਈ ਪਟਿਆਲਾ ਪੁਲਿਸ ਵੱਲੋਂ ਤੁਰੰਤ ਕਦਮ ਚੁੱਕੇ ਗਏ ਹਨ। ਡੀ.ਜੀ.ਪੀ. ਪੰਜਾਬ ਦੀ ਰਹਿਨੁਮਾਈ ਹੇਠ ਡੀ.ਆਈ.ਜੀ. ਪਟਿਆਲਾ ਰੇਂਜ ਸ. ਕੁਲਦੀਪ ਸਿੰਘ ਚਾਹਲ, ਆਈ.ਪੀ.ਐਸ. ਅਤੇ ਐਸ.ਐਸ.ਪੀ. ਪਟਿਆਲਾ ਸ. ਹਰਮਨਦੀਪ ਸਿੰਘ ਹੰਸ, ਆਈ.ਪੀ.ਐਸ. ਵੱਲੋਂ ਸਥਿਤੀ ’ਤੇ ਨਜ਼ਰ ਰੱਖੀ ਜਾ ਰਹੀ ਹੈ।
ਐਸ.ਪੀ. ਰਾਜਪੁਰਾ, ਡੀ.ਐਸ.ਪੀ. ਬਨੂੜ ਅਤੇ ਐਸ.ਐਚ.ਓ. ਬਨੂੜ ਸਮੇਤ ਸੀਨੀਅਰ ਪੁਲਿਸ ਅਧਿਕਾਰੀ ਯੂਨੀਵਰਸਿਟੀ ਪ੍ਰਬੰਧਨ ਨਾਲ ਲਗਾਤਾਰ ਸੰਪਰਕ ਵਿੱਚ ਹਨ। ਅਧਿਕਾਰੀਆਂ ਵੱਲੋਂ ਮੌਕੇ ਦੀ ਸਥਿਤੀ ਦਾ ਜਾਇਜ਼ਾ ਲੈ ਕੇ ਕਿਸੇ ਵੀ ਤਰ੍ਹਾਂ ਦੇ ਹੋਰ ਤਣਾਅ ਜਾਂ ਘਟਨਾ ਨੂੰ ਰੋਕਣ ਲਈ ਲੋੜੀਂਦੇ ਕਦਮ ਚੁੱਕੇ ਜਾ ਰਹੇ ਹਨ।
ਪੁਲਿਸ ਅਨੁਸਾਰ ਸੋਸ਼ਲ ਮੀਡੀਆ ਗਰੁੱਪਾਂ ਵਿੱਚ ਫੈਲ ਰਹੀਆਂ ਕੁਝ ਅਣ-ਪ੍ਰਮਾਣਿਤ ਸੂਚਨਾਵਾਂ ਅਤੇ ਅਫਵਾਹਾਂ ਕਾਰਨ ਸਥਿਤੀ ਨੂੰ ਲੈ ਕੇ ਚਿੰਤਾ ਪੈਦਾ ਹੋਈ। ਪੁਲਿਸ ਵੱਲੋਂ ਇਨ੍ਹਾਂ ਸੂਚਨਾਵਾਂ ਦੀ ਤੱਥਾਂ ਦੇ ਆਧਾਰ ’ਤੇ ਜਾਂਚ ਕੀਤੀ ਜਾ ਰਹੀ ਹੈ ਅਤੇ ਜੇਕਰ ਕੋਈ ਵਿਅਕਤੀ ਗਲਤ ਜਾਂ ਭੜਕਾਊ ਜਾਣਕਾਰੀ ਫੈਲਾਉਂਦਾ ਪਾਇਆ ਜਾਂਦਾ ਹੈ ਤਾਂ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ।
ਪਟਿਆਲਾ ਪੁਲਿਸ ਨੇ ਵਿਦਿਆਰਥੀਆਂ ਅਤੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸੋਸ਼ਲ ਮੀਡੀਆ ’ਤੇ ਆ ਰਹੇ ਕਿਸੇ ਵੀ ਅਣ-ਪ੍ਰਮਾਣਿਤ ਮੈਸੇਜ, ਵੀਡੀਓ ਜਾਂ ਪੋਸਟ ਨੂੰ ਨਾ ਤਾਂ ਸੱਚ ਮੰਨਣ ਅਤੇ ਨਾ ਹੀ ਅੱਗੇ ਫੈਲਾਉਣ। ਲੋਕ ਸਿਰਫ਼ ਪੁਲਿਸ ਜਾਂ ਹੋਰ ਅਧਿਕਾਰਤ ਸਰੋਤਾਂ ਤੋਂ ਮਿਲੀ ਪ੍ਰਮਾਣਿਤ ਜਾਣਕਾਰੀ ’ਤੇ ਹੀ ਭਰੋਸਾ ਕਰਨ।
ਪੁਲਿਸ ਵੱਲੋਂ ਸਥਿਤੀ ’ਤੇ ਲਗਾਤਾਰ ਨਿਗਰਾਨੀ ਰੱਖੀ ਜਾ ਰਹੀ ਹੈ ਅਤੇ ਅਮਨ-ਕਾਨੂੰਨ ਬਣਾਈ ਰੱਖਣ ਲਈ ਹਰ ਲੋੜੀਂਦਾ ਕਦਮ ਚੁੱਕਣ ਦੀ ਗੱਲ ਕਹੀ ਗਈ ਹੈ।

Leave a Reply

Your email address will not be published. Required fields are marked *

Copyright © All rights reserved. | Newsphere by AF themes.