ਸ੍ਰੀ ਗੋਇੰਦਵਾਲ ਸਾਹਿਬ ਜੋੜ ਮੇਲੇ ਦੇ ਅੰਤਿਮ ਦਿਨ 26 ਸਤੰਬਰ ਨੂੰ ਬਾਬਾ ਮੇਜਰ ਸਿੰਘ ਸੋਢੀ ਦੀ ਅਗਵਾਈ ਹੇਠ ਸਜਾਇਆ ਜਾਵੇਗਾ ਸ਼ਾਨਦਾਰ ਮਹੱਲਾ: ਭਾਈ ਵਿਰਸਾ ਸਿੰਘ ਖ਼ਾਲਸਾ
ਅੰਮ੍ਰਿਤਸਰ
(ਰਣਜੀਤ ਸਿੰਘ ਮਸੌਣ/ ਮੰਗਲ ਸਿੰਘ) –
ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੀ ਪਾਵਨ ਚਰਨ-ਛੋਹ ਪ੍ਰਾਪਤ ਧਰਤੀ ਸ੍ਰੀ ਗੋਇੰਦਵਾਲ ਸਾਹਿਬ ਵਿਖੇ 22 ਸਤੰਬਰ ਤੋਂ ਚੱਲ ਰਹੇ ਸਲਾਨਾ ਇਤਿਹਾਸਕ ਜੋੜ ਮੇਲੇ ਦੇ ਅੰਤਿਮ ਦਿਨ 26 ਸਤੰਬਰ ਨੂੰ ਰੰਗਰੇਟਾ ਜਥੇਬੰਦੀਆਂ ਅਤੇ ਦਸ਼ਮੇਸ਼ ਤਰਨਾ ਦਲ ਵੱਲੋਂ ਸਿੰਘ ਸਾਹਿਬ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਦੀ ਅਗਵਾਈ ਹੇਠ ਪੁਰਾਤਨ ਮਰਯਾਦਾ ਅਨੁਸਾਰ ਸ਼ਾਨਦਾਰ ‘ਮਹੱਲਾ’ ਖੇਡਿਆ ਜਾਵੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖ਼ਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖ਼ਾਲਸਾ ਨੇ ਦਸ਼ਮੇਸ਼ ਤਰਨਾ ਦਲ ਦੇ ਲੰਗਰ ਇੰਚਾਰਜ ਜਥੇਦਾਰ ਬਾਬਾ ਰਣਜੀਤ ਸਿੰਘ ਨਾਲ ਮੁਲਾਕਾਤ ਤੋਂ ਬਾਅਦ ਜਾਰੀ ਇੱਕ ਪ੍ਰੈੱਸ ਬਿਆਨ ਵਿੱਚ ਦੱਸਿਆ ਕਿ ਜੋੜ ਮੇਲੇ ਦੌਰਾਨ ਜਿੱਥੇ ਧਾਰਮਿਕ ਦੀਵਾਨ ਸਜਾਏ ਜਾਂਦੇ ਹਨ ਅਤੇ ਸਿਆਸੀ ਮੰਚ ਲੱਗਦੇ ਹਨ, ਉੱਥੇ ਹੀ ਨਿਹੰਗ ਸਿੰਘ ਫ਼ੌਜਾਂ ਵੱਲੋਂ ਖਾਲਸਾਈ ਖੇਡਾਂ ਰਾਹੀਂ ਨੌਜਵਾਨ ਪੀੜ੍ਹੀ ਨੂੰ ਆਪਣੇ ਪੁਰਾਤਨ ਵਿਰਸੇ ਨਾਲ ਜੋੜਨ ਦੀ ਪਰੰਪਰਾ ਨਿਭਾਈ ਜਾਂਦੀ ਹੈ।
ਖਾਲਸਾਈ ਜੌਹਰ ਅਤੇ ਖੇਡਾਂ ਬਣਨਗੀਆਂ ਖਿੱਚ ਦਾ ਕੇਂਦਰ
ਭਾਈ ਖ਼ਾਲਸਾ ਨੇ ਦੱਸਿਆ ਕਿ 26 ਸਤੰਬਰ ਨੂੰ ਦਸ਼ਮੇਸ਼ ਤਰਨਾ ਦਲ ਵੱਲੋਂ ਕੱਢੇ ਜਾਣ ਵਾਲੇ ਇਸ ਮਹੱਲੇ ਦੌਰਾਨ ਨਿਹੰਗ ਸਿੰਘਾਂ ਵੱਲੋਂ ਘੋੜ-ਸਵਾਰੀ, ਨੇਜ਼ੇਬਾਜ਼ੀ, ਪੈਂਤੜੇਬਾਜ਼ੀ, ਨੰਗੀਆਂ ਤਲਵਾਰਾਂ ਨਾਲ ਗਤਕੇ ਦੇ ਜੌਹਰ ਅਤੇ ਇੱਕ ਤੋਂ ਵੱਧ ਘੋੜਿਆਂ ‘ਤੇ ਸਵਾਰ ਹੋ ਕੇ ਦੌੜਾਂ ਲਗਾਉਣ ਵਰਗੇ ਹੈਰਾਨਕੁਨ ਖਾਲਸਾਈ ਖੇਡਾਂ ਦੇ ਪ੍ਰਦਰਸ਼ਨ ਕੀਤੇ ਜਾਣਗੇ।
ਸ਼੍ਰੋਮਣੀ ਕਮੇਟੀ 25 ਸਤੰਬਰ ਅਤੇ ਨਿਹੰਗ ਸਿੰਘ ਫ਼ੌਜਾਂ 26 ਸਤੰਬਰ ਨੂੰ ਪਾਉਣਗੀਆਂ ਭੋਗ
ਉਨ੍ਹਾਂ ਸਪੱਸ਼ਟ ਕੀਤਾ ਕਿ ਭਾਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਵੱਲੋਂ ਜੋੜ ਮੇਲੇ ਦੇ ਸਬੰਧ ਵਿੱਚ 25 ਸਤੰਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾ ਰਹੇ ਹਨ, ਪਰ ਅਕਾਲ ਪੁਰਖ ਦੀਆਂ ਲਾਡਲੀਆਂ ਨਿਹੰਗ ਸਿੰਘ ਫ਼ੌਜਾਂ ਵੱਲੋਂ 26 ਸਤੰਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ। ਇਸ ਉਪਰੰਤ ਧਾਰਮਿਕ ਦੀਵਾਨ ਸਜਾਏ ਜਾਣਗੇ ਅਤੇ ਮਹੱਲਾ ਖੇਡਿਆ ਜਾਵੇਗਾ।
ਇਸ ਮੌਕੇ ਸਿੰਘ ਸਾਹਿਬ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਜੀ ਵੱਲੋਂ ਪ੍ਰਮੁੱਖ ਜਥੇਦਾਰ ਸਾਹਿਬਾਨਾਂ ਅਤੇ ਨਿਹੰਗ ਸਿੰਘਾਂ ਨੂੰ ਸਨਮਾਨਿਤ/ਇਨਾਮ ਵੰਡੇ ਜਾਣਗੇ। ਸੰਗਤਾਂ ਲਈ ਦੇਗਾਂ, ਸਰਦਾਈਆਂ ਅਤੇ ਤਰ੍ਹਾਂ-ਤਰ੍ਹਾਂ ਦੇ ਪਦਾਰਥਾਂ ਦੇ ਲੰਗਰ ਅਤੁੱਟ ਵਰਤਾਏ ਜਾਣਗੇ।
ਦਸ਼ਮੇਸ਼ ਤਰਨਾ ਦਲ ਦੇ ਮੁਖੀ ਬਾਬਾ ਮੇਜਰ ਸਿੰਘ ਸੋਢੀ ਅਤੇ ਭਾਈ ਵਿਰਸਾ ਸਿੰਘ ਖ਼ਾਲਸਾ ਨੇ ਸਮੂਹ ਮਾਈ-ਭਾਈ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਉਹ ਪਰਿਵਾਰਾਂ ਸਮੇਤ ਇਸ ਮਹੱਲੇ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਚਰਨਾਂ ਦੀਆਂ ਖ਼ੁਸ਼ੀਆਂ ਪ੍ਰਾਪਤ ਕਰਨ।