September 23, 2026

Justice News

ਅਵਾਮ ਦੀ ਆਵਾਜ਼

ਮੁੱਖ ਮੰਤਰੀ ਨੂੰ ਖੁਸ਼ ਕਰਨ ਲਈ ਹਰੇ-ਭਰੇ ਬੂਟੇ ਪੁੱਟ ਕੇ ਨਵੇਂ ਮੁਰਝਾਏ ਬੂਟੇ ਲਗਾਉਣਾ ਸਰਕਾਰੀ ਪੈਸੇ ਦੀ ਬਰਬਾਦੀ: ਪਰਵੀਨ ਬਾਂਸਲ

ਲੁਧਿਆਣਾ
(  ਜਸਟਿਸ ਨਿਊਜ਼  )
ਭਾਜਪਾ ਨੇਤਾ ਪਰਵੀਨ ਬਾਂਸਲ ਨੇ ਫਿਰੋਜ਼ਪੁਰ ਰੋਡ ਸਥਿਤ ਸ੍ਰੀ ਦੁਰਗਾ ਮੰਦਰ ਤੋਂ ਜਗਰਾਓਂ ਪੁਲ ਵੱਲ ਜਾਂਦੇ ਰਸਤੇ ’ਤੇ ਫੁੱਟਪਾਥ ਅਤੇ ਹਰਿਆਲੀ ਦੀ ਬਦਹਾਲ ਹੋਈ ਸਥਿਤੀ ’ਤੇ ਸਵਾਲ ਖੜ੍ਹੇ ਕਰਦਿਆਂ ਪੰਜਾਬ ਸਰਕਾਰ ਨੂੰ ਘੇਰਿਆ ਹੈ।
ਪਰਵੀਨ ਬਾਂਸਲ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਤੱਕ ਇਸ ਸੜਕ ਦੇ ਫੁੱਟਪਾਥ ’ਤੇ ਹਰੇ-ਭਰੇ ਬੂਟੇ ਅਤੇ ਫੁੱਲਾਂ ਨਾਲ ਸਜੀ ਹ:ਰਿਆਲੀ ਲੋਕਾਂ ਲਈ ਖਿੱਚ ਦਾ ਕੇਂਦਰ ਬਣੀ ਹੋਈ ਸੀ। ਪਰ ਹੁਣ ਇੱਥੇ ਮੁਰਝਾਏ ਹੋਏ ਬੂਟੇ, ਉੱਜੜਿਆ ਬਾਗ਼ ਅਤੇ ਬੇਹਾਲ ਫੁੱਟਪਾਥ ਨਜ਼ਰ ਆ ਰਹੇ ਹਨ।
ਉਨ੍ਹਾਂ ਦੋਸ਼ ਲਗਾਇਆ ਕਿ ਇੱਕ ਸਮਾਗਮ ਦੌਰਾਨ ਮੁੱਖ ਮੰਤਰੀ ਨੂੰ ਖੁਸ਼ ਕਰਨ ਲਈ ਪਹਿਲਾਂ ਤੋਂ ਲੱਗੇ ਹਰੇ-ਭਰੇ ਅਤੇ ਵਧੀਆ ਹਾਲਤ ਵਾਲੇ ਬੂਟਿਆਂ ਨੂੰ ਪੁੱਟ ਕੇ ਉਨ੍ਹਾਂ ਦੀ ਥਾਂ ਨਵੇਂ ਬੂਟੇ ਲਗਾ ਦਿੱਤੇ ਗਏ, ਜੋ ਹੁਣ ਮੁਰਝਾਏ ਹੋਏ ਦਿਖਾਈ ਦੇ ਰਹੇ ਹਨ।
ਭਾਜਪਾ ਨੇਤਾ ਨੇ ਕਿਹਾ ਕਿ ਜੇਕਰ ਮੁੱਖ ਮੰਤਰੀ ਨੂੰ ਹਰਿਆਲੀ ਅਤੇ ਬੂਟਿਆਂ ਨਾਲ ਖੁਸ਼ ਕਰਨਾ ਹੀ ਮਕਸਦ ਸੀ ਤਾਂ ਜਿੱਥੇ ਪਹਿਲਾਂ ਬੂਟੇ ਨਹੀਂ ਸਨ, ਉੱਥੇ ਨਵੇਂ ਬੂਟੇ ਲਗਾ ਕੇ ਵੀ ਇਹ ਕੰਮ ਕੀਤਾ ਜਾ ਸਕਦਾ ਸੀ। ਹਰੇ-ਭਰੇ ਬੂਟਿਆਂ ਨੂੰ ਪੁੱਟ ਕੇ ਉਨ੍ਹਾਂ ਦੀ ਥਾਂ ਨਵੇਂ ਬੂਟੇ ਲਗਾਉਣ ਦਾ ਇਹ ਤਰੀਕਾ ਨਾ ਤਾਂ ਵਾਤਾਵਰਨ ਪੱਖੋਂ ਸਹੀ ਹੈ ਅਤੇ ਨਾ ਹੀ ਆਮ ਲੋਕਾਂ ਨੂੰ ਪਸੰਦ ਆਉਣ ਵਾਲਾ।
ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਪਹਿਲਾਂ ਹੀ ਵਾਤਾਵਰਨ ਅਤੇ ਹਰਿਆਲੀ ਨੂੰ ਲੈ ਕੇ ਚਿੰਤਾ ਦੀ ਸਥਿਤੀ ਹੈ। ਅਜਿਹੇ ਵਿੱਚ ਲੱਗੇ ਹੋਏ ਪੌਦਿਆਂ ਦੀ ਸੰਭਾਲ ਕਰਨ ਦੀ ਬਜਾਏ ਉਨ੍ਹਾਂ ਨੂੰ ਪੁੱਟ ਦੇਣਾ ਅਤੇ ਸਰਕਾਰੀ ਪੈਸੇ ਨਾਲ ਮੁੜ ਨਵੇਂ ਪੌਦੇ ਲਗਾਉਣਾ ਸਮਝ ਤੋਂ ਪਰੇ ਹੈ।
ਪਰਵੀਨ ਬਾਂਸਲ ਨੇ ਕਿਹਾ ਕਿ “ਨਵੀਆਂ ਕਲਮਾਂ ਲਾਓ ਮਾਲੀਆ, ਨਵੀਆਂ ਕਲਮਾਂ ਲਾਓ”, ਪਰ ਇਸ ਦਾ ਮਤਲਬ ਇਹ ਨਹੀਂ ਕਿ ਪਹਿਲਾਂ ਤੋਂ ਹਰੇ-ਭਰੇ ਅਤੇ ਤੰਦਰੁਸਤ ਬੂਟਿਆਂ ਨੂੰ ਹੀ ਪੁੱਟ ਦਿੱਤਾ ਜਾਵੇ। ਉਨ੍ਹਾਂ ਸਰਕਾਰ ਤੋਂ ਸਵਾਲ ਕੀਤਾ ਕਿ ਇਸ ਪੂਰੀ ਕਾਰਵਾਈ ’ਤੇ ਕਿੰਨਾ ਸਰਕਾਰੀ ਖਰਚਾ ਹੋਇਆ ਅਤੇ ਪਹਿਲਾਂ ਤੋਂ ਲੱਗੇ ਬੂਟਿਆਂ ਨੂੰ ਪੁੱਟਣ ਦੀ ਲੋੜ ਕਿਉਂ ਪਈ?
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੂੰ ਖੁਸ਼ ਕਰਨ ਦੇ ਹੋਰ ਵੀ ਬਹੁਤ ਸਾਰੇ ਰਸਤੇ ਹੋ ਸਕਦੇ ਹਨ, ਪਰ ਵਾਤਾਵਰਨ ਅਤੇ ਜਨਤਾ ਦੇ ਪੈਸੇ ਦੀ ਕੀਮਤ ’ਤੇ ਕਿਸੇ ਨੂੰ ਖੁਸ਼ ਕਰਨਾ ਪੰਜਾਬ ਦੇ ਲੋਕਾਂ ਨਾਲ ਇਨਸਾਫ਼ ਨਹੀਂ ਹੈ।
ਪਰਵੀਨ ਬਾਂਸਲ ਨੇ ਕਿਹਾ ਕਿ ਪੰਜਾਬ ਦੀ ਜਨਤਾ ਹੁਣ ਹਰ ਸਰਕਾਰੀ ਕੰਮ ਦਾ ਹਿਸਾਬ ਮੰਗ ਰਹੀ ਹੈ ਅਤੇ ਲੋਕਾਂ ਨੂੰ ਦਿਖਾਵੇ ਦੀ ਰਾਜਨੀਤੀ ਨਹੀਂ, ਸਗੋਂ ਧਰਤੀ ’ਤੇ ਨਜ਼ਰ ਆਉਣ ਵਾਲਾ ਵਿਕਾਸ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਕੀਤੇ ਜਾ ਰਹੇ ਅਜਿਹੇ ਕੰਮਾਂ ਦਾ ਸਮਾਂ ਹੁਣ ਜ਼ਿਆਦਾ ਨਹੀਂ ਰਹਿ ਗਿਆ ਅਤੇ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੀ ਜਨਤਾ ਇਸ ਦਾ ਜਵਾਬ ਦੇਵੇਗੀ।

Leave a Reply

Your email address will not be published. Required fields are marked *

You may have missed

Copyright © All rights reserved. | Newsphere by AF themes.