ਜ਼ਿਲ੍ਹਾ ਅਤੇ ਸੈਸ਼ਨ ਜੱਜ ਦੀ ਅਗਵਾਈ ਹੇਠ ‘ਬੋਰਡ ਆਫ਼ ਵਿਜ਼ਿਟਰਜ਼’ ਵੱਲੋਂ ਕੇਂਦਰੀ ਜੇਲ੍ਹ, ਅੰਮ੍ਰਿਤਸਰ ਦਾ ਨਿਰੀਖਣ-ਨਿਰੀਖਣ ਦੌਰਾਨ ਜਾਤ-ਅਧਾਰਿਤ ਵਿਤਕਰਾ ਜਾਂ ਕੋਈ ਅਨਿਯਮਤਤਾ ਨਹੀਂ ਪਾਈ ਗਈ
ਅੰਮ੍ਰਿਤਸਰ,
(ਰਣਜੀਤ ਸਿੰਘ ਮਸੌਣ/ ਜੋਗਾ ਸਿੰਘ ਰਾਜਪੂਤ)
ਸ਼੍ਰੀਮਤੀ ਜਤਿੰਦਰ ਕੌਰ, ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਪਰਸਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਅੰਮ੍ਰਿਤਸਰ ਦੀ ਅਗਵਾਈ ਹੇਠ ਸ਼੍ਰੀ ਅਮਰਦੀਪ ਸਿੰਘ ਬੈਂਸ, ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਅੰਮ੍ਰਿਤਸਰ ਸਮੇਤ ‘ਬੋਰਡ ਆਫ਼ ਵਿਜ਼ਿਟਰਜ਼’ ਵੱਲੋਂ ਕੇਂਦਰੀ ਜੇਲ੍ਹ, ਅੰਮ੍ਰਿਤਸਰ ਦਾ ਨਿਰੀਖਣ ਕੀਤਾ ਗਿਆ। ਇਹ ਨਿਰੀਖਣ ਮਾਨਯੋਗ ਸੁਪਰੀਮ ਕੋਰਟ ਵੱਲੋਂ ਸੁਕੰਨਿਆ ਸ਼ਾਂਤਾ ਬਨਾਮ ਯੂਨੀਅਨ ਆਫ਼ ਇੰਡੀਆ ਮਾਮਲੇ ਵਿੱਚ 3 ਅਕਤੂਬਰ 2024 ਨੂੰ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਵਿੱਚ ਕੀਤਾ ਗਿਆ। ਸੁਪਰੀਮ ਕੋਰਟ ਨੇ ਜੇਲ੍ਹਾਂ ਵਿੱਚ ਜਾਤ-ਅਧਾਰਿਤ ਵਿਤਕਰੇ ਅਤੇ ਹੋਰ ਪੱਖਪਾਤੀ ਪ੍ਰਥਾਵਾਂ ਦੀ ਜਾਂਚ ਲਈ ਨਿਯਮਤ ਨਿਰੀਖਣ ਕਰਨ ਦੇ ਨਿਰਦੇਸ਼ ਦਿੱਤੇ ਹਨ।ਨਿਰੀਖਣ ਦੌਰਾਨ ਬੋਰਡ ਵੱਲੋਂ ਵੱਖ-ਵੱਖ ਬੈਰਕਾਂ, ਲੰਗਰ/ਰਸੋਈ, OOATS, ਇੰਟਰਨੀ ਕੈਂਪ, ਲੇਡੀਜ਼ ਵਾਰਡ, ਹਾਈ ਸਕਿਓਰਿਟੀ ਸੈੱਲ ਅਤੇ ਜੇਲ੍ਹ ਹਸਪਤਾਲ ਦਾ ਗੰਭੀਰਤਾ ਨਾਲ ਨਿਰੀਖਣ ਕੀਤਾ ਗਿਆ। ਇਸ ਦੌਰਾਨ ਜੇਲ੍ਹ ਵਿੱਚ ਸਫ਼ਾਈ, ਬੰਦੀਆਂ ਦੇ ਰਹਿਣ-ਸਹਿਣ, ਭੋਜਨ, ਸੁਰੱਖਿਆ, ਅਨੁਸ਼ਾਸਨ, ਡਾਕਟਰੀ ਸੁਵਿਧਾਵਾਂ, ਬੁਨਿਆਦੀ ਢਾਂਚੇ ਅਤੇ ਬੰਦੀਆਂ ਦੀ ਭਲਾਈ ਨਾਲ ਸਬੰਧਤ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ।
ਬੋਰਡ ਦੇ ਮੈਂਬਰਾਂ ਨੇ ਬੰਦੀਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੀ ਆਮ ਸਥਿਤੀ, ਮੁਸ਼ਕਲਾਂ ਅਤੇ ਸ਼ਿਕਾਇਤਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਨਿਰੀਖਣ ਦੌਰਾਨ ਜਾਤ-ਅਧਾਰਿਤ ਵਿਤਕਰੇ ਜਾਂ ਕਿਸੇ ਹੋਰ ਪੱਖਪਾਤੀ ਪ੍ਰਥਾ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ। ਨਿਰੀਖਣ ਕੀਤੇ ਗਏ ਖੇਤਰਾਂ ਵਿੱਚ ਕੋਈ ਵੱਡੀ ਅਨਿਯਮਤਤਾ ਜਾਂ ਅਜਿਹੀ ਕਮੀ ਨਹੀਂ ਪਾਈ ਗਈ, ਜਿਸ ਲਈ ਤੁਰੰਤ ਦਖ਼ਲ ਦੀ ਲੋੜ ਹੋਵੇ। ਜੇਲ੍ਹ ਦੇ ਸਮੁੱਚੇ ਪ੍ਰਬੰਧ ਸੰਤੋਸ਼ਜਨਕ ਪਾਏ ਗਏ।
ਬੋਰਡ ਵੱਲੋਂ ਜੇਲ੍ਹ ਪ੍ਰਸ਼ਾਸਨ ਨੂੰ ਹਦਾਇਤਾਂ ਦਿੱਤੀਆਂ ਗਈਆਂ ਕਿ ਜੇਲ੍ਹ ਪਰਿਸਰ ਵਿੱਚ ਜਾਤ, ਲਿੰਗ, ਅਪਾਹਜਤਾ ਜਾਂ ਕਿਸੇ ਵੀ ਹੋਰ ਅਣਉਚਿਤ ਅਧਾਰ ‘ਤੇ ਕੋਈ ਵਿਤਕਰਾ ਨਾ ਹੋਣ ਦਿੱਤਾ ਜਾਵੇ। ਇਸ ਤੋਂ ਇਲਾਵਾ ਸਫ਼ਾਈ, ਸੁਰੱਖਿਆ, ਅਨੁਸ਼ਾਸਨ, ਡਾਕਟਰੀ ਦੇਖਭਾਲ, ਭੋਜਨ ਦੀ ਗੁਣਵੱਤਾ ਅਤੇ ਬੰਦੀਆਂ ਦੀ ਭਲਾਈ ਦੇ ਉੱਚ ਮਿਆਰਾਂ ਨੂੰ ਲਗਾਤਾਰ ਬਰਕਰਾਰ ਰੱਖਿਆ ਜਾਵੇ ਅਤੇ ਬੰਦੀਆਂ ਦੀਆਂ ਜਾਇਜ਼ ਸ਼ਿਕਾਇਤਾਂ ਤੇ ਲੋੜਾਂ ਦਾ ਸਮੇਂ ਸਿਰ ਹੱਲ ਯਕੀਨੀ ਬਣਾਇਆ ਜਾਵੇ।
ਇਸ ਮੌਕੇ ਸ਼੍ਰੀਮਤੀ ਪੱਲਵੀ ਮਿਸ਼ਰਾ, ਵਧੀਕ ਡਿਪਟੀ ਕਮਿਸ਼ਨਰ, ਅੰਮ੍ਰਿਤਸਰ; ਡਾ. ਰਾਜਿੰਦਰਪਾਲ ਕੌਰ, ਵਧੀਕ ਮੁੱਖ ਸਕੱਤਰ, ਸਿਹਤ ਵਿਭਾਗ; ਸ਼੍ਰੀ ਸੁਰਿੰਦਰ ਸਿੰਘ, ਬਿਜ਼ਨਸ ਪ੍ਰੋਸੈਸ ਮੈਨੇਜਰ, ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ; ਸ਼੍ਰੀ ਤੀਰਥਪਾਲ ਸਿੰਘ, ਡਿਪਟੀ ਚੀਫ਼ ਐਗਜ਼ੀਕਿਊਟਿਵ ਅਫ਼ਸਰ, ਜ਼ਿਲ੍ਹਾ ਬਿਊਰੋ ਆਫ਼ ਅੰਪਲਾਇਮੈਂਟ ਐਂਡ ਐਂਟਰਪ੍ਰਾਈਜ਼ਿਜ਼; ਸ਼੍ਰੀ ਰਮਨ ਕੁਮਾਰ, ਖੇਤੀਬਾੜੀ ਅਫ਼ਸਰ; ਸ਼੍ਰੀ ਹਰਪ੍ਰੀਤ ਸਿੰਘ, ਜ਼ਿਲ੍ਹਾ ਕੋਆਰਡੀਨੇਟਰ, ਜ਼ਿਲ੍ਹਾ ਸਿੱਖਿਆ ਦਫ਼ਤਰ (ਪ੍ਰਾਇਮਰੀ ਸਿੱਖਿਆ); ਸ਼੍ਰੀ ਬਲਰਾਜ ਸਿੰਘ, ਸੀਨੀਅਰ ਸਹਾਇਕ, ਜ਼ਿਲ੍ਹਾ ਸਮਾਜਿਕ ਸੁਰੱਖਿਆ ਦਫ਼ਤਰ; ਸ਼੍ਰੀ ਲਖਬੀਰ ਸਿੰਘ, ਸਬ-ਡਿਵੀਜ਼ਨਲ ਅਫ਼ਸਰ, ਲੋਕ ਨਿਰਮਾਣ ਵਿਭਾਗ ਅਤੇ ਸ਼੍ਰੀ ਗੁਰਇਕਬਾਲ ਸਿੰਘ, ਫੰਕਸ਼ਨਲ ਮੈਨੇਜਰ, ਉਦਯੋਗ ਅਤੇ ਵਣਜ ਵਿਭਾਗ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।
ਨਿਰੀਖਣ ਸੰਤੋਸ਼ਜਨਕ ਢੰਗ ਨਾਲ ਨੇਪਰੇ ਚੜ੍ਹਿਆ। ਬੋਰਡ ਵੱਲੋਂ ਜੇਲ੍ਹ ਪ੍ਰਸ਼ਾਸਨ ਨੂੰ ਜੇਲ੍ਹ ਵਿੱਚ ਸਫ਼ਾਈ, ਸੁਰੱਖਿਅਤ, ਸਿਹਤਮੰਦ ਅਤੇ ਵਿਤਕਰਾਰਹਿਤ ਮਾਹੌਲ ਬਣਾਏ ਰੱਖਣ ਅਤੇ ਬੰਦੀਆਂ ਨੂੰ ਯੋਗ ਸੁਵਿਧਾਵਾਂ ਉਪਲਬਧ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ।