September 13, 2026

Justice News

ਅਵਾਮ ਦੀ ਆਵਾਜ਼

ਲੁਧਿਆਣਾ ਵਿੱਚ ਗੋਲੀਬਾਰੀ ਦੀ ਵੱਡੀ ਸਾਜ਼ਿਸ਼ ਨਾਕਾਮ; ਜਵਾਬੀ ਕਾਰਵਾਈ ‘ਚ ਡੋਨੀ ਬੱਲ ਗਿਰੋਹ ਦੇ ਦੋ ਹਥਿਆਰਬੰਦ ਹਮਲਾਵਰ ਢੇਰ, ਸੀਪੀ ਲੁਧਿਆਣਾ ਸਵਪਨ ਸ਼ਰਮਾ

ਚੰਡੀਗੜ੍ਹ/ਲੁਧਿਆਣਾ
🙁 ਜਸਟਿਸ ਨਿਊਜ਼)
ਮੁੱਖ ਮੰਤਰੀ ਭਗਵੰਤ ਮਾਨ ਦੀ ਸੋਚ ਅਨੁਸਾਰ ਸੂਬੇ ਵਿੱਚੋਂ ਗੈਂਗਸਟਰ ਕਲਚਰ ਦੇ ਖ਼ਾਤਮੇ ਲਈ ਵਿੱਢੀ ਮੁਹਿੰਮ ਤਹਿਤ ਅਪਰਾਧਿਕ ਨੈੱਟਵਰਕਾਂ ਵਿਰੁੱਧ ਵੱਡੀ ਸਫ਼ਲਤਾ ਹਾਸਲ ਕਰਦਿਆਂ ਐਂਟੀ-ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਪੰਜਾਬ ਅਤੇ ਲੁਧਿਆਣਾ ਕਮਿਸ਼ਨਰੇਟ ਪੁਲਿਸ ਦੀ ਸਾਂਝੀ ਟੀਮ ਨੇ ਅੱਜ ਇੱਥੇ ਆਤਮ ਪਾਰਕ ਅੰਡਰ ਬ੍ਰਿਜ ਨੇੜੇ ਹੋਏ ਮੁਕਾਬਲੇ ਦੌਰਾਨ ਡੋਨੀ ਬੱਲ ਗੈਂਗ ਦੇ ਦੋ ਹਥਿਆਰਬੰਦ ਕਾਰਕੁਨਾਂ ਨੂੰ ਢੇਰ ਕਰਕੇ ਗੋਲੀਬਾਰੀ ਦੀ ਵੱਡੀ ਸਾਜਿਸ਼ ਨੂੰ ਨਾਕਾਮ ਕਰ ਦਿੱਤਾ ਹੈ।
ਪੁਲਿਸ ਕਮਿਸ਼ਨਰ (ਸੀਪੀ) ਲੁਧਿਆਣਾ ਸਵਪਨ ਸ਼ਰਮਾ ਨੇ ਦੱਸਿਆ ਕਿ ਮਾਰੇ ਗਏ ਹਮਲਾਵਰਾਂ ਦੀ ਪਛਾਣ ਕਰਨਜੋਤ ਸਿੰਘ ਉਰਫ਼ ਨੋਨਾ ਅਤੇ ਸੰਦੀਪ ਸਿੰਘ ਵਜੋਂ ਹੋਈ ਹੈ, ਜੋ ਦੋਵੇਂ ਸੁਲਤਾਨਵਿੰਡ ਰੋਡ, ਅੰਮ੍ਰਿਤਸਰ ਦੇ ਵਸਨੀਕ ਸਨ। ਪੁਲਿਸ ਟੀਮਾਂ ਨੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਤਿੰਨ ਆਧੁਨਿਕ ਆਟੋਮੈਟਿਕ ਪਿਸਤੌਲ ਅਤੇ ਤਕਰੀਬਨ 50 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ।
ਆਪਰੇਸ਼ਨ ਦੇ ਵੇਰਵੇ ਸਾਂਝੇ ਕਰਦਿਆਂ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਇੱਕ ਇਸ ਸਾਜਿਸ਼ ਸਬੰਧੀ ਮਿਲੀ ਪੁਖ਼ਤਾ ਜਾਣਕਾਰੀ ਦੇ ਆਧਾਰ ‘ਤੇ ਪੁਲਿਸ ਟੀਮਾਂ ਨੇ ਆਤਮ ਪਾਰਕ ਨੇੜੇ ਅੰਡਰ ਬ੍ਰਿਜ ‘ਤੇ ਵਿਸ਼ੇਸ਼ ਨਾਕਾਬੰਦੀ ਕੀਤੀ ਅਤੇ ਬਿਨਾਂ ਨੰਬਰ ਪਲੇਟ ਵਾਲੇ ਕਾਲੇ ਰੰਗ ਦੇ ਹੀਰੋ ਸਪਲੈਂਡਰ ਮੋਟਰਸਾਈਕਲ ‘ਤੇ ਆ ਰਹੇ ਦੋ ਸ਼ੱਕੀ ਵਿਅਕਤੀਆਂ ਨੂੰ ਰੁਕਣ ਲਈ ਕਿਹਾ। ਉਨ੍ਹਾਂ ਦੱਸਿਆ ਕਿ ਰੁਕਣ ਦਾ ਇਸ਼ਾਰਾ ਕਰਨ ‘ਤੇ ਹਥਿਆਰਬੰਦ ਹਮਲਾਵਰਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਪੁਲਿਸ ਮੁਲਾਜ਼ਮਾਂ ‘ਤੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।
ਪੁਲਿਸ ਕਮਿਸ਼ਨਰ ਨੇ ਦੱਸਿਆ, “ਹਮਲਾਵਰਾਂ ਨੇ ਪਿੱਛਾ ਕਰ ਰਹੀ ਪੁਲਿਸ ਪਾਰਟੀ ‘ਤੇ ਲਗਾਤਾਰ ਕਈ ਫਾਇਰ ਕੀਤੇ ਅਤੇ ਦੋ ਗੋਲੀਆਂ ਸਰਕਾਰੀ ਪੁਲਿਸ ਵਾਹਨ ‘ਤੇ ਵੀ ਲੱਗੀਆਂ, ਜਿਸ ‘ਤੇ ਆਤਮ-ਰੱਖਿਆ ਲਈ ਜਵਾਬੀ ਕਾਰਵਾਈ ਕਰਦਿਆਂ ਪੁਲਿਸ ਟੀਮ ਨੇ ਦੋਵਾਂ ਹਥਿਆਰਬੰਦ ਹਮਲਾਵਰਾਂ ਨੂੰ ਮੌਕੇ ‘ਤੇ ਹੀ ਢੇਰ ਕਰ ਦਿੱਤਾ।”
ਸੀਪੀ ਸਵਪਨ ਸ਼ਰਮਾ ਨੇ ਖੁਲਾਸਾ ਕੀਤਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਮਾਰੇ ਗਏ ਹਮਲਾਵਰ ਗੈਂਗਸਟਰ ਡੋਨੀ ਬੱਲ ਅਤੇ ਸ਼ਗਨਪ੍ਰੀਤ ਦੇ ਸਿੱਧੇ ਸੰਪਰਕ ਵਿੱਚ ਸਨ ਅਤੇ ਉਨ੍ਹਾਂ ਨੂੰ ਐਤਵਾਰ ਨੂੰ ਲੁਧਿਆਣਾ ਦੇ ਦੁੱਗਰੀ ਰੋਡ ਸਥਿਤ ਮੈਰੀਲੈਂਡ ਪੈਲੇਸ ਵਿਖੇ ਲਗਾਏ ਗਏ ਖੂਨਦਾਨ ਕੈਂਪ ਵਿੱਚ ਗੋਲੀਬਾਰੀ (ਮਾਸ ਸ਼ੂਟਿੰਗ) ਦਾ ਕੰਮ ਸੌਂਪਿਆ ਗਿਆ ਸੀ।
ਮ੍ਰਿਤਕਾਂ ਦੇ ਅਪਰਾਧਿਕ ਪਿਛੋਕੜ ਬਾਰੇ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਕਰਨਜੋਤ ਸਿੰਘ ਉਰਫ਼ ਨੋਨਾ ਦਾ ਪੁਰਾਣਾ ਅਪਰਾਧਕ ਰਿਕਾਰਡ ਸੀ, ਜਿਸ ਖ਼ਿਲਾਫ਼ ਅਸਲਾ ਐਕਟ, ਡਕੈਤੀ ਅਤੇ ਐਨਡੀਪੀਐਸ ਐਕਟ ਤਹਿਤ ਦੋ ਪੁਰਾਣੇ ਅਪਰਾਧਿਕ ਮਾਮਲੇ ਵੀ ਦਰਜ ਸਨ। ਇਸ ਦੇ ਨਾਲ ਹੀ ਦੂਜੇ ਮ੍ਰਿਤਕ ਸੰਦੀਪ ਸਿੰਘ ਖ਼ਿਲਾਫ਼ ਵੀ ਇੱਕ ਅਪਰਾਧਿਕ ਮਾਮਲਾ ਦਰਜ ਸੀ।
ਉਨ੍ਹਾਂ ਦੱਸਿਆ ਕਿ ਮਾਰੇ ਗਏ ਹਮਲਾਵਰਾਂ ਦੇ ਹੋਰ ਸਾਥੀਆਂ ਦੀ ਪਛਾਣ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ, ਜਿਨ੍ਹਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਇਸ ਗਿਰੋਹ ਦੇ ਅਗਲੇ-ਪਿਛਲੇ ਸਬੰਧਾਂ ਦਾ ਪਤਾ ਲਗਾਉਣ ਲਈ ਹੋਰ ਜਾਂਚ ਜਾਰੀ ਹੈ।
ਇਸ ਸਬੰਧੀ ਥਾਣਾ ਮਾਡਲ ਟਾਊਨ, ਲੁਧਿਆਣਾ ਵਿਖੇ ਭਾਰਤੀ ਨਿਆਂ ਸੰਹਿਤਾ (ਬੀਐਨਐਸ) ਦੀਆਂ ਧਾਰਾਵਾਂ 109, 221, 132, 62 ਅਤੇ 111 ਅਤੇ ਅਸਲਾ ਐਕਟ ਦੀ ਧਾਰਾ 25 ਤਹਿਤ ਕੇਸ ਦਰਜ ਕੀਤਾ ਗਿਆ ਹੈ।

Leave a Reply

Your email address will not be published. Required fields are marked *

Copyright © All rights reserved. | Newsphere by AF themes.