ਸ਼ਹੀਦ ਕਿਸੇ ਵੀ ਕੌਮ ਦਾ ਅਨਮੋਲ ਸਰਮਾਇਆ ਹੁੰਦੇ ਹਨ। ਉਹ ਕਦੇ ਮਰਦੇ ਨਹੀਂ, ਸਗੋਂ ਆਪਣੇ ਮਹਾਨ ਕਾਰਜਾਂ, ਉੱਚੇ ਆਦਰਸ਼ਾਂ ਅਤੇ ਬਲੀਦਾਨਾਂ ਸਦਕਾ ਲੋਕਾਂ ਦੇ ਦਿਲਾਂ ਵਿੱਚ ਸਦਾ ਲਈ ਜੀਉਂਦੇ ਰਹਿੰਦੇ ਹਨ। ਉਨ੍ਹਾਂ ਦੀ ਸ਼ਹਾਦਤ ਆਉਣ ਵਾਲੀਆਂ ਪੀੜ੍ਹੀਆਂ ਲਈ ਚਾਨਣ-ਮੁਨਾਰਾ ਬਣਦੀ ਹੈ ਅਤੇ ਕੌਮਾਂ ਨੂੰ ਆਜ਼ਾਦੀ, ਸਵਾਭਿਮਾਨ, ਧਾਰਮਿਕ ਆਜ਼ਾਦੀ ਅਤੇ ਇਨਸਾਫ਼ ਦੇ ਰਾਹ ‘ਤੇ ਚੱਲਣ ਦੀ ਪ੍ਰੇਰਣਾ ਦਿੰਦੀ ਹੈ।
ਸ਼ਹੀਦਾਂ ਦਾ ਇਤਿਹਾਸ ਕਿਸੇ ਵੀ ਕੌਮ ਦੀ ਅਮੁੱਲ ਵਿਰਾਸਤ ਹੁੰਦਾ ਹੈ। ਆਪਣੇ ਸ਼ਹੀਦਾਂ ਦੇ ਜੀਵਨ ਅਤੇ ਬਲੀਦਾਨਾਂ ਤੋਂ ਜਾਣੂ ਲੋਕਾਂ ਦੇ ਦਿਲਾਂ ਵਿੱਚ ਉਨ੍ਹਾਂ ਪ੍ਰਤੀ ਸਤਿਕਾਰ, ਸ਼ਰਧਾ ਅਤੇ ਸ਼ੁਕਰਾਨੇ ਦੀ ਭਾਵਨਾ ਸਦਾ ਕਾਇਮ ਰਹਿੰਦੀ ਹੈ। ਇਸੇ ਕਰਕੇ ਵੱਖ-ਵੱਖ ਥਾਵਾਂ ‘ਤੇ ਉਨ੍ਹਾਂ ਦੀ ਯਾਦ ਵਿੱਚ ਸਲਾਨਾ ਸਮਾਗਮ, ਗੁਰਮਤਿ ਸਮਾਗਮ ਅਤੇ ਸ਼ਰਧਾਂਜਲੀ ਸਮਾਰੋਹ ਆਯੋਜਿਤ ਕੀਤੇ ਜਾਂਦੇ ਹਨ।
ਪਰ ਸਮੇਂ ਦੀ ਧੂੜ, ਪਰਿਵਾਰਾਂ ਦੀ ਅਣਦੇਖੀ ਅਤੇ ਇਤਿਹਾਸ ਨੂੰ ਸੰਭਾਲਣ ਪ੍ਰਤੀ ਉਦਾਸੀਨਤਾ ਕਾਰਨ ਅਨੇਕਾਂ ਸ਼ਹੀਦ ਅੱਜ ਵੀ ਗੁੰਮਨਾਮੀ ਦੇ ਹਨੇਰਿਆਂ ਵਿੱਚ ਗੁਆਚੇ ਹੋਏ ਹਨ। ਅਜਿਹੇ ਗੁੰਮਨਾਮ ਸ਼ਹੀਦਾਂ ਨੂੰ ਯਾਦ ਕਰਨਾ ਅਤੇ ਉਨ੍ਹਾਂ ਦੀ ਜੀਵਨ-ਗਾਥਾ ਨੂੰ ਲੋਕਾਂ ਸਾਹਮਣੇ ਲਿਆਉਣਾ ਸਾਡਾ ਨੈਤਿਕ ਫਰਜ਼ ਬਣਦਾ ਹੈ।
ਇਸੇ ਪ੍ਰੇਰਣਾ ਅਧੀਨ ਮੈਂ ਆਪਣੇ ਪਿੰਡ ਸਮੀਰੋਵਾਲ ਦੇ ਗੁੰਮਨਾਮ ਸ਼ਹੀਦ ਗਿਆਨੀ ਬੰਤਾ ਸਿੰਘ ਜੀ ਰਾਮਗੜ੍ਹੀਆ, ਜੋ ਕਿ ਸਾਡੇ ਇਲਾਕੇ ਦੇ ਧਰਮ ਯੁੱਧ ਮੋਰਚੇ ਦੇ ਚੌਤੀ ਸਿੰਘਾਂ ਸ਼ਹੀਦਾਂ ਵਿਚੋਂ ਇੱਕ ਸਨ,ਦੇ ਜੀਵਨ ਤੇ ਸ਼ਹਾਦਤ ਦਾ ਸੰਖੇਪ ਜ਼ਿਕਰ ਕਰਨ ਦਾ ਨਿਮਾਣਾ ਜਿਹਾ ਯਤਨ ਕਰ ਰਿਹਾ ਹਾਂ, ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਆਪਣੇ ਇਸ ਮਹਾਨ ਸਪੂਤ ਨੂੰ ਜਾਣ ਸਕਣ ਅਤੇ ਉਨ੍ਹਾਂ ਦੀ ਯਾਦ ਨੂੰ ਸਤਿਕਾਰ ਦੇ ਸਕਣ।
ਗਿਆਨੀ ਬੰਤਾ ਸਿੰਘ ਰਾਮਗੜ੍ਹੀਆ ਦਾ ਜਨਮ 1920 ਈ. ਦੇ ਲੱਗਭੱਗ ਨੂਰਪੁਰ ਬੇਦੀ ਦੇ ਨੇੜੇ ਘੁੱਗ ਵਸਦੇ ਪਿੰਡ ਸਮੀਰੋਵਾਲ ਵਿਖੇ ਬਾਬਾ ਚੰਦੂ ਰਾਮ ਸੈਂਭੀ ਦੇ ਘਰ ਹੋਇਆ।
ਆਪ ਜੀ ਦੇ ਤਿੰਨ ਭਰਾ ਤੇ ਇੱਕ ਭੈਣ ਸੀ।
ਆਪ ਬਚਪਨ ਤੋਂ ਹੀ ਧਾਰਮਿਕ ਬਿਰਤੀ ਦੇ ਮਾਲਕ ਸਨ, ਦਸਵੀਂ ਕਰਨ ਉਪਰੰਤ ਘਰਦਿਆਂ ਨੂੰ ਬਗੈਰ ਦੱਸੇ ਤਰਨਤਾਰਨ ਸਾਹਿਬ ਦੇ ਕਾਰ ਸੇਵਾ ਵਾਲੇ ਸੰਤਾਂ ਕੋਲ਼ ਚਲੇ ਗਏ ਤੇ ਉਨ੍ਹਾਂ ਤੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਤੇ ਗੁਰਬਾਣੀ ਦੀ ਸੰਥਿਆ ਦੇ ਨਾਲ ਇਤਿਹਾਸਕ ਗ੍ਰੰਥਾਂ ਦਾ ਅਧਿਐਨ ਵੀ ਕੀਤਾ, ਤੀਖਣ ਬੁੱਧੀ ਕਰਕੇ ਬਹੁਤ ਸਾਰੀ ਗੁਰਬਾਣੀ ਕੰਠ ਹੋ ਗਈ ਤੇ ਉਹ ਪੂਰੀ ਤਰ੍ਹਾਂ ਸਿੱਖੀ ਨੂੰ ਸਮਰਪਿਤ ਹੋ ਗਏ। ਤਰਨਤਾਰਨ ਰਹਿਣ ਵਾਰੇ ਪਰਿਵਾਰ ਨੂੰ ਪਤਾ ਲੱਗ ਗਿਆ ਤੇ ਪਰਿਵਾਰ ਉਨ੍ਹਾਂ ਨੂੰ ਵਾਪਸ ਪਿੰਡ ਲੈ ਆਇਆ।ਇਸੇ ਸਮੇਂ ਦੌਰਾਨ ਉਨ੍ਹਾਂ ਦਾ ਵਿਆਹ ਹੋ ਗਿਆ ਤੇ ਧਰਮ ਪਤਨੀ, ਇੱਕ ਧੀ ਬੀਬੀ ਸ਼ੀਤਲ ਕੌਰ ਨੂੰ ਜਨਮ ਦੇ ਕੇ ਰੱਬ ਨੂੰ ਪਿਆਰੀ ਹੋ ਗਈ। ਦੂਸਰਾ ਵਿਆਹ ਬੇਬੇ ਪ੍ਰੀਤਮ ਕੌਰ ਨਾਲ਼ ਹੋਇਆ ਤੇ ਆਪ ਜੀ ਦੇ ਘਰ
ਬੀਬੀ ਅਰਜਨ ਕੌਰ, ਬੀਬੀ ਸਤਨਾਮ ਕੌਰ,ਬੀਬੀ ਅਜੀਤ ਕੌਰ ਤੇ ਪੁੱਤਰ ਸ੍ਰ ਬਿਕਰਮ ਸਿੰਘ ਦਾ ਜਨਮ ਹੋਇਆ। ਬੇਬੇ ਪ੍ਰੀਤਮ ਕੌਰ ਨੇ ਬਾਪੂ ਜੀ ਨਾਲ਼ ‘ਇਕ ਜੋਤਿ ਦੁਇ ਮੂਰਤੀ ‘ ਵਾਲ਼ਾ ਰਿਸ਼ਤਾ ਨਿਭਾਇਆ।
ਆਪਣਾ ਖਾਨਦਾਨੀ ਕਿੱਤਾ ਕਰਨ ਦੀ ਥਾਂ ਕੁਝ ਸਮਾਂ ਗ੍ਰੰਥੀ ਸਿੰਘ ਵਜੋਂ ਸੇਵਾ ਨਿਭਾਈ, ਉਸ ਸਮੇਂ ਗ੍ਰੰਥੀ ਸਿੰਘ ਬਹੁਤ ਵਿਰਲੇ ਤੇ ਦੁਰਲੱਭ ਹੁੰਦੇ ਸਨ। ਸਬਰ ਤੇ ਸ਼ੁਕਰਾਨੇ ਵਾਲੀ ਭਾਵਨਾ ਨਾਲ ਕਈ ਵਾਰੀ ਗਰੀਬ ਘਰਾਂ ਵਿੱਚ ਵੀ ਪਾਠ ਦੀ ਸੇਵਾ ਨਿਸ਼ਕਾਮ ਨਿਭਾਅ ਦਿੰਦੇ ਸਨ।
ਭਾਰਤ-ਪਾਕ ਵੰਡ ਤੋਂ ਬਾਅਦ ਆਪ ਭਾਰਤੀ ਫੌਜ ਵਿੱਚ ਭਰਤੀ ਹੋ ਗਏ, ਕੱਦ ਮਧਰਾ ਹੋਣ ਦੇ ਬਾਵਜੂਦ ਆਪਣੀ ਤੀਖਣ ਬੁੱਧੀ ਨਾਲ਼ ਬਤੌਰ ਫੌਜੀ ਲੋਹਾ ਮਨਵਾਇਆ, ਪਰ ਫੌਜ ਤੋਂ ਜਲਦੀ ਹੀ ਉਪਰਾਮਤਾ ਹੋਣ ਕਰਕੇ ਕਰੀਬਨ 1960 ਵਿੱਚ ਰਿਟਾਇਰ ਮੈਂਟ ਲੈ ਲਈ ਤੇ ਮੁੜ ਤਰਨ ਤਾਰਨ ਸੰਤਾਂ ਕੋਲ਼ ਰਹਿਣ ਲੱਗ ਪਏ।
ਇਸ ਸਮੇਂ ਦੌਰਾਨ ਆਪ ਜੀ ਨੇ “ਗਿਆਨੀ” ਦਾ ਅਹਿਮ ਇਮਤਿਹਾਨ ਪਾਸ ਕਰ ਲਿਆ ਤੇ ਸੰਨ 1964 ਦੇ ਕਰੀਬ ਅਣਵੰਡੇ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੀ ਤਹਿਸੀਲ ਊਨਾ ਵਿਖੇ ਬਤੌਰ ‘ਪੰਜਾਬੀ ਅਧਿਆਪਕ’ਸੇਵਾ ਅਰੰਭ ਕਰ ਦਿੱਤੀ, 1966 ਦੀ ਪੰਜਾਬ ਦੀ ਵੰਡ ਵੇਲੇ ਊਨਾ ਹਿਮਾਚਲ ਪ੍ਰਦੇਸ਼ ਦਾ ਹਿੱਸਾ ਬਣ ਗਿਆ ਤੇ ਉਨ੍ਹਾਂ ਦੀ ਬਦਲੀ ਨੂਰਪੁਰ ਬੇਦੀ ਦੇ ਸਰਕਾਰੀ ਹਾਈ ਸਕੂਲ ਵਿਖੇ ਹੋ ਗਈ। ਇਥੇ ਕਰੀਬਨ ਉਨਾਂ ਨੇ 1978 ਤੱਕ ਡਿਊਟੀ ਕੀਤੀ ਤੇ ਪਿੰਡ ਸਮੀਰੋਵਾਲ ਵਿਖੇ ਕਰਿਆਨੇ ਦੀ ਦੁਕਾਨ ਪਾ ਲਈ। ਧਾਰਮਿਕ ਬਿਰਤੀ ਦੇ ਨਾਲ਼ ਪੰਜਾਬੀ ਅਧਿਆਪਕ ਹੋਣ ਕਰਕੇ ਉਹ “ਪੰਜਾਬ, ਪੰਜਾਬੀ ਤੇ ਪੰਜਾਬੀਅਤ” ਦੇ ਰੰਗ ਵਿੱਚ ਰੰਗੇ ਹੋਏ ਸਨ।
ਇਸ ਸਮੇਂ ਅਕਾਲੀ ਦਲ ਤੇ ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਂਵਾਲਿਆਂ ਵਲੋਂ ਅਗਸਤ 1982 ਨੂੰ ਸਿੱਖਾਂ ਦੀਆਂ ਧਾਰਮਿਕ, ਰਾਜਨੀਤਿਕ ਅਤੇ ਸੰਵਿਧਾਨਕ ਮੰਗਾਂ ਨੂੰ ਲੈ ਕੇ ‘ਧਰਮ ਯੁੱਧ ਮੋਰਚਾ ‘ਸ਼ੁਰੂ ਕੀਤਾ ਗਿਆ ਸੀ।
ਇਸ ਦਾ ਮੁੱਖ ਮਕਸਦ ਪੰਜਾਬ ਨਾਲ ਸਬੰਧਿਤ ਮੰਗਾਂ, ਖਾਸ ਕਰਕੇ ‘ਅਨੰਦਪੁਰ ਸਾਹਿਬ ਮਤੇ’ ਦੀਆਂ ਮੰਗਾਂ ਨੂੰ ਮਨਵਾਉਣਾ ਸੀ।
ਪੰਜਾਬ ਨੂੰ ਵੱਧ ਖੁਦਮੁਖਤਿਆਰੀ, ਚੰਡੀਗੜ੍ਹ ਤੇ ਪੰਜਾਬ ਦਾ ਹੱਕ ਤੇ ਪੰਜਾਬੀ ਬੋਲਦੇ ਇਲਾਕਿਆਂ ਨੂੰ ਪੰਜਾਬ ਵਿੱਚ ਸ਼ਾਮਲ ਕਰਨਾ,
ਦਰਿਆਈ ਪਾਣੀਆਂ ਦੀ ਵੰਡ ਵਿੱਚ ਪੰਜਾਬ ਨੂੰ ਇਨਸਾਫ਼ ਦੇਣਾ,ਸਿੱਖ ਧਾਰਮਿਕ ਅਤੇ ਸੱਭਿਆਚਾਰਕ ਹੱਕਾਂ ਦੀ ਰੱਖਿਆ ਕਰਨਾ ਇਸ ਮੋਰਚੇ ਦੀਆਂ ਮੁੱਖ ਮੰਗਾਂ ਵਿੱਚ ਸ਼ਾਮਲ ਸੀ।
ਇਸ ਮੋਰਚੇ ਵਿਚ ਮੰਗਾਂ ਮਨਵਾਉਣ ਲਈ ਸਾਰੇ ਪੰਜਾਬ ਨੇ ਜਥਿਆਂ ਦੇ ਰੂਪ ਵਿੱਚ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਵਿਖੇ ਜਾਣਾ ਆਰੰਭ ਕਰ ਦਿੱਤਾ, ਮੁੱਖ ਮੰਤਰੀ ਦਰਬਾਰਾ ਸਿੰਘ ਦੀ ਸਰਕਾਰ ਨੇ ਦਮਨਕਾਰੀ ਨੀਤੀ ਅਪਣਾਉਂਦੇ ਹੋਏ ਜਥਿਆਂ ਦੀ ਗ੍ਰਿਫਤਾਰੀ ਸ਼ੁਰੂ ਕਰ ਦਿੱਤੀ , ਸਾਰੇ ਪੰਜਾਬ ਵਿੱਚੋਂ ਤੀਹ ਹਜ਼ਾਰ ਦੇ ਕਰੀਬ ਗ੍ਰਿਫਤਾਰੀਆਂ ਹੋਈਆਂ।
ਚੜ੍ਹਦੇ ਸਤੰਬਰ 1982 ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਅਕਾਲੀ ਦਲ ਵਲੋਂ ਇਸ ਮੋਰਚੇ ਵਿੱਚ ਸ਼ਾਮਲ ਹੋਣ ਲਈ ਹਰੇਕ ਪਿੰਡ ਵਿੱਚੋਂ ਪੰਜ ਸਿੰਘਾਂ ਦੀ ਸੇਵਾ ਲਾਈ ਗਈ ,ਜਿਸ ਵਿੱਚ
ਸਮੀਰੋਵਾਲ ਦੇ ਵਿੱਚੋਂ ਪੰਜ ਸਿੰਘਾਂ ਦੇ ਵਿੱਚ ਗਿਆਨੀ ਬੰਤਾ ਸਿੰਘ ਜੀ ਰਾਮਗੜ੍ਹੀਆ ਨੇ ਆਪਣਾ ਨਾਮ ਲਿਖਾ ਦਿਤਾ, ਸਰਕਾਰ ਦੀ ਦਮਨਕਾਰੀ ਨੀਤੀ ਕਾਰਨ ਪਰਿਵਾਰ ਨੇ ਮੋਰਚੇ ਵਿਚ ਸ਼ਾਮਿਲ ਹੋਣ ਦਾ ਵਿਰੋਧ ਕੀਤਾ, ਧਰਮ ਪਤਨੀ ਬੀਬੀ ਪ੍ਰੀਤਮ ਕੌਰ ਨੇ ਪ੍ਰੇਮ ਵੱਸ ਕਪੜੇ ਲੁਕੋ ਦਿਤੇ ਲੇਕਿਨ ਗਿਆਨੀ ਬੰਤਾ ਸਿੰਘ ਜੀ ਰਾਮਗੜ੍ਹੀਆ ਨੇ ਰਾਤੋ ਰਾਤ ਕਛਿਹਰੇ ਤਿਆਰ ਕਰਵਾ ਲਏ ਤੇ ਤੇੜ ਪਹਿਨੇ ਹੋਏ ਕੱਪੜਿਆਂ ਨਾਲ਼ ਹੀ ਜਾਣ ਦੀ ਤਿਆਰੀ ਕਰ ਲਈ। ਪਿੰਡ ਸਮੀਰੋਵਾਲ ਵਿਚੋਂ ਤਿਆਰ ਪੰਜ ਸਿੰਘਾਂ ਵਿਚੋਂ ਚਾਰ ਸਿੰਘ ਜਾਣ ਤੋਂ ਟਾਲ਼ਾ ਕਰ ਗਏ, ਇਕੱਲੇ ਗਿਆਨੀ ਬੰਤਾ ਸਿੰਘ ਜੀ ਰਾਮਗੜ੍ਹੀਆ ਹੀ ਮੈਦਾਨ ਵਿੱਚ ਨਿੱਤਰੇ ਤੇ ਸਿੰਘਾਂ ਸਮੇਤ 11 ਸਤੰਬਰ ਨੂੰ ਦਰਬਾਰ ਸਾਹਿਬ,ਅੰਮ੍ਰਿਤਸਰ ਵਿਖੇ ਪੁੱਜੇ , ਸਮਾਗਮ ਵਿੱਚ ਹਾਜ਼ਰ ਹੋਣ ਸਾਰ ਇਨ੍ਹਾਂ ਸਾਰੇ ਸਿੰਘਾਂ ਨੂੰ ਪੁਲਿਸ ਪ੍ਰਸ਼ਾਸਨ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ, ਗ੍ਰਿਫਤਾਰ ਜਥੇ ਨੂੰ ਫਿਰੋਜ਼ਪੁਰ ਜੇਲ਼ ਵਿਚ ਭੇਜਣ ਲਈ ਬੱਸ ਵਿਚ ਬਿਠਾਇਆ ਗਿਆ, ਰਾਤ ਕਰੀਬਨ 11.30 ਵਜੇ ਤਰਨਤਾਰਨ ਸਾਹਿਬ ਵਿਖੇ ਰੇਲਵੇ ਕਰਾਸਿੰਗ ਤੇ ਕੁਤਾਹੀ ਕਾਰਨ ਫਾਟਕ ਖੁਲ੍ਹੇ ਰਹਿ ਗਏ, ਇਥੋਂ ਲੰਘਦੇ ਹੋਏ ਬੱਸ ਰੇਲ ਨਾਲ਼ ਟਕਰਾਅ ਗਈ,ਜਿਸ ਦੇ ਸਿੱਟੇ ਵਜੋਂ ਬੱਸ ਵਿੱਚ ਸਵਾਰ ਮਾਸਟਰ ਬੰਤਾ ਸਿੰਘ ਜੀ ਰਾਮਗੜ੍ਹੀਆ ਸਮੇਤ 34 ਸਿੰਘ ਸ਼ਹੀਦ ਹੋ ਗਏ ਤੇ 16 ਸਿੰਘ ਜ਼ਖ਼ਮੀ ਹੋ ਗਏ, (ਇਸ ਸਥਾਨ ਤੇ ਅੱਜਕਲ੍ਹ ਗੁਰਦੁਆਰਾ ਟੱਕਰ ਸਾਹਿਬ ਬਣਿਆ ਹੋਇਆ ਹੈ) ਸੰਗਤ ਤੇ ਪ੍ਰਸ਼ਾਸਨ ਦੇ ਸਹਿਯੋਗ ਨਾਲ ਮ੍ਰਿਤਕ ਦੇਹਾਂ ਨੂੰ ਟਰੱਕ ਵਿਚ ਲੱਦ ਕੇ ਆਪੋ ਆਪਣੇ ਪਿੰਡਾਂ ਵਿੱਚ ਪਹੁੰਚਾਇਆ ਗਿਆ। ਗਿਆਨੀ ਬੰਤਾ ਸਿੰਘ ਜੀ ਰਾਮਗੜ੍ਹੀਆ ਦਾ ਮ੍ਰਿਤਕ ਸਰੀਰ ਵੀ ਸਮੀਰੋਵਾਲ ਬੱਸ ਅੱਡੇ ਤੇ ਟਰੱਕ ਵਿੱਚੋਂ ਲਾਹਿਆ ਗਿਆ ਤੇ ਸਤਿਕਾਰ ਸਹਿਤ ਮੰਜੇ ਤੇ ਲਿਟਾ ਕੇ ਘਰ ਲਿਜਾਂਦਾ ਗਿਆ। ਪ੍ਰਤੱਖ ਦੇਖਣ ਵਾਲਿਆਂ ਅਨੁਸਾਰ ਉਨ੍ਹਾਂ ਦੇ ਪੈਰ ਦੀ ਹੱਡੀ ਟੁੱਟੀ ਹੋਈ ਸੀ ਤੇ ਸਾਰੇ ਸ਼ਰੀਰ ਵਿੱਚੋਂ ਖੂਨ ਨਿਰੰਤਰ ਸਿੰਮ ਰਿਹਾ ਸੀ। ਸਾਰੇ ਪਿੰਡ ਨੇ ਜੈਕਾਰਿਆਂ ਦੀ ਗੂੰਜ ਵਿੱਚ ਉਨ੍ਹਾਂ ਦਾ ਸੰਸਕਾਰ ਕੀਤਾ
ਇਸ ਹਾਦਸੇ ਨੇ ਸਾਰੇ ਪੰਜਾਬ ਨੂੰ ਹਿਲਾ ਦਿੱਤਾ ਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਤੇ ਸੰਤ ਹਰਚੰਦ ਸਿੰਘ ਲੌਂਗੋਵਾਲ ਨੇ ਇਸ ਹਾਦਸੇ ਦਾ ਦੁੱਖ ਮਨਾਇਆ ਤੇ ਇਨ੍ਹਾਂ ਸਿੰਘਾਂ ਦੀ ਸ਼ਹਾਦਤ ਲਈ ਪੰਜਾਬ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ। ਇਸ ਘਟਨਾ ਤੋਂ ਬਾਅਦ ਪੰਜਾਬ ਵਿੱਚੋਂ ਹੋਰ ਜ਼ਿਆਦਾ ਗ੍ਰਿਫਤਾਰੀਆਂ ਹੋਣ ਲੱਗੀਆ।ਇਨ੍ਹਾਂ ਚੌਤੀ ਸਿੰਘਾਂ ਸ਼ਹੀਦ ਦੀ ਯਾਦ ਸਾਂਝੇ ਤੌਰ ਤੇ ਹਰ ਸਾਲ ਸਤੰਬਰ ਮਹੀਨੇ ਗੁਰਦੁਆਰਾ ਚੌਤੀ ਸਿੰਘ ਸ਼ਹੀਦ, ਸ਼ਾਹ ਪੁਰ ਬੇਲਾ ,ਸਤਲੁਜ ਪੱਤਣ (ਨੇੜੇ ਬੂੰਗਾ ਸਾਹਿਬ)ਵਿਖੇ ਮਨਾਈ ਜਾਂਦੀ ਹੈ, ਇਨ੍ਹਾਂ ਸਾਰੇ ਸ਼ਹੀਦ ਸਿੰਘਾਂ ਦੀਆਂ ਫੋਟੋਆਂ ਦਰਬਾਰ ਸਾਹਿਬ, ਅੰਮ੍ਰਿਤਸਰ ਦੇ ਅਜਾਇਬ ਘਰ ਵਿੱਚ ਲੱਗੀਆਂ ਹੋਈਆਂ ਹਨ,ਲੇਕਿਨ ਪਿੰਡ ਪੱਧਰ ਤੇ ਇਸ ਮਹਾਨ ਸ਼ਹੀਦ ਦੀ ਕੋਈ ਵੀ ਯਾਦਗਾਰ ਨਹੀਂ ਹੈ । ਲੋੜ ਹੈ, ਉਸ ਸ਼ਹੀਦ ਦੀ ਸ਼ਹਾਦਤ ਦਾ ਸਤਿਕਾਰ ਕਰਦਿਆਂ ਉਨ੍ਹਾਂ ਦੇ ਨਾਮ ਤੇ ਕੋਈ ਯਾਦਗਾਰ ਬਣਾਈ ਜਾਵੇ ਤੇ ਪਿੰਡ ਦੇ ਸਕੂਲ ਦਾ ਨਾਮ ਉਨ੍ਹਾਂ ਦੇ ਨਾਮ ਤੇ ਰੱਖਿਆ ਜਾਵੇ।
ਕਲਮ:-ਦਲਵਿੰਦਰ ਸਿੰਘ ਸਮੀਰੋਵਾਲ 9463515090
Leave a Reply