ਸਾਵਧਾਨ! ਸਾਈਬਰ ਠੱਗਾਂ ਦਾ ਨਵਾਂ ਪੈਂਤੜਾ: ਇੱਕ ਫ਼ਰਜ਼ੀ ਮੈਸੇਜ ਤੇ ਖਾਤਾ ਖ਼ਾਲੀ-ਕੀ ਤੁਹਾਨੂੰ ਵੀ ਆਇਆ ਅਣਪਛਾਤਾ ਟਰਾਂਜ਼ੈਕਸ਼ਨ ਮੈਸੇਜ? ਭੁੱਲ ਕੇ ਵੀ ਨਾ ਕਰੋ ਇਹ ਕੰਮ, ਵਰਤੋ ਪੂਰੀ ਸਾਵਧਾਨੀ!
ਅੱਜ ਦੇ ਤਕਨੀਕੀ ਯੁੱਗ ਵਿੱਚ ਜਿੱਥੇ ਮੋਬਾਈਲ ਫੋਨ ਅਤੇ ਇੰਟਰਨੈੱਟ ਨੇ ਸਾਡੀ ਜ਼ਿੰਦਗੀ ਨੂੰ ਬਹੁਤ ਆਸਾਨ ਬਣਾ ਦਿੱਤਾ ਹੈ, ਉੱਥੇ ਹੀ ਸਾਈਬਰ ਠੱਗਾਂ ਨੇ ਲੋਕਾਂ ਦੀ ਮਿਹਨਤ ਦੀ ਕਮਾਈ ਲੁੱਟਣ ਦੇ ਨਵੇਂ ਨਵੇਂ ਢੰਗ ਲੱਭ ਲਏ ਹਨ। ਅੱਜ ਕੱਲ੍ਹ ਹਰ ਛੋਟੇ ਵੱਡੇ ਕੰਮ ਲਈ ਅਤੇ ਦੁਕਾਨਾਂ ਉੱਤੇ ਖਰੀਦਦਾਰੀ ਕਰਨ ਵਾਸਤੇ Google Pay, Phone Pay, Paytm ਆਦਿ ਯੂਪੀਆਈ ਐਪਸ ਰਾਹੀਂ ਪੈਸਿਆਂ ਦਾ ਲੈਣ ਦੇਣ ਬਹੁਤ ਆਮ ਹੋ ਚੁੱਕਾ ਹੈ। ਪਰ ਜਿਵੇਂ ਆਨਲਾਈਨ ਲੈਣ ਦੇਣ ਵਧ ਰਿਹਾ ਹੈ, ਉਸੇ ਤਰ੍ਹਾਂ ਠੱਗਾਂ ਦੇ ਠੱਗੀ ਦੇ ਤਰੀਕੇ ਵੀ ਬਦਲ ਰਹੇ ਹਨ। ਅਜਿਹਾ ਹੀ ਇੱਕ ਨਵਾਂ ਤਰੀਕਾ ਅੱਜ ਕੱਲ੍ਹ ਬਹੁਤ ਤੇਜ਼ੀ ਨਾਲ ਫੈਲ ਰਿਹਾ ਹੈ, ਜਿਸ ਵਿੱਚ ਠੱਗ ਲੋਕਾਂ ਦੇ ਮਨ ਵਿੱਚ ਡਰ ਪੈਦਾ ਕਰਕੇ ਉਹਨਾਂ ਦੇ ਬੈਂਕ ਖਾਤੇ ਖ਼ਾਲੀ ਕਰ ਰਹੇ ਹਨ।
ਇਸ ਠੱਗੀ ਦੀ ਸ਼ੁਰੂਆਤ ਇੱਕ ਸਾਧਾਰਨ ਮੋਬਾਈਲ ਮੈਸੇਜ ਰਾਹੀਂ ਹੁੰਦੀ ਹੈ। ਤੁਹਾਡੇ ਫੋਨ ਉੱਤੇ ਅਚਾਨਕ ਇੱਕ ਮੈਸੇਜ ਆਉਂਦਾ ਹੈ ਕਿ ਤੁਹਾਡੇ ਬੈਂਕ ਖਾਤੇ ਵਿੱਚੋਂ ਦੋ ਹਜ਼ਾਰ ਜਾਂ ਚਾਰ ਹਜ਼ਾਰ ਰੁਪਏ ਕੱਟੇ ਗਏ ਹਨ ਜਾਂ ਕਈ ਵਾਰ ਇਹ ਲਿਖਿਆ ਹੁੰਦਾ ਹੈ ਕਿ ਤੁਹਾਡੇ ਖਾਤੇ ਵਿੱਚ ਇਹ ਰਕਮ ਜਮ੍ਹਾਂ ਹੋਈ ਹੈ। ਇਹ ਮੈਸੇਜ ਬਿਲਕੁਲ ਅਸਲੀ ਬੈਂਕ ਦੇ ਮੈਸੇਜ ਵਰਗਾ ਦਿਖਾਈ ਦਿੰਦਾ ਹੈ। ਜਿਵੇਂ ਹੀ ਕੋਈ ਵਿਅਕਤੀ ਇਸ ਮੈਸੇਜ ਨੂੰ ਪੜ੍ਹਦਾ ਹੈ ਤਾਂ ਉਹ ਘਬਰਾ ਜਾਂਦਾ ਹੈ ਕਿਉਂਕਿ ਉਸਨੇ ਅਜਿਹਾ ਕੋਈ ਲੈਣ ਦੇਣ ਕੀਤਾ ਹੀ ਨਹੀਂ ਹੁੰਦਾ। ਇਸ ਘਬਰਾਹਟ ਵਿੱਚ ਉਹ ਇਹ ਦੇਖਣ ਲਈ ਕਿ ਖਾਤੇ ਵਿੱਚ ਕਿੰਨੇ ਪੈਸੇ ਬਾਕੀ ਹਨ, ਤੁਰੰਤ ਗੂਗਲ ਪੇਅ, ਫੋਨ ਪੇਅ ਜਾਂ ਪੇਟੀਐਮ ਵਰਗੀ ਯੂਪੀਆਈ ਐਪ ਖੋਲ੍ਹ ਕੇ ਲਾਗਇਨ ਕਰਦਾ ਹੈ।
ਇਹੀ ਜਲਦਬਾਜ਼ੀ ਸਾਈਬਰ ਠੱਗਾਂ ਦੇ ਜਾਲ ਵਿੱਚ ਫਸਣ ਦਾ ਕਾਰਨ ਬਣ ਜਾਂਦੀ ਹੈ। ਦਰਅਸਲ ਠੱਗਾਂ ਨੇ ਪਹਿਲਾਂ ਤੋਂ ਹੀ ਪੇਮੈਂਟ ਰਿਕਵੈਸਟ ਜਾਂ ਮਾਲਵੇਅਰ ਲਿੰਕ ਦਾ ਟਰੈਪ ਲਗਾਇਆ ਹੁੰਦਾ ਹੈ। ਕਈ ਵਾਰ ਉਹ ਮੈਸੇਜ ਵਿੱਚ ਇੱਕ ਲਿੰਕ ਵੀ ਭੇਜਦੇ ਹਨ ਕਿ ਜੇਕਰ ਇਹ ਲੈਣ ਦੇਣ ਤੁਸੀਂ ਨਹੀਂ ਕੀਤਾ ਤਾਂ ਲਿੰਕ ਉੱਤੇ ਕਲਿੱਕ ਕਰਕੇ ਸ਼ਿਕਾਇਤ ਕਰੋ। ਜਿਵੇਂ ਹੀ ਤੁਸੀਂ ਐਪ ਖੋਲ੍ਹਦੇ ਹੋ ਜਾਂ ਉਸ ਲਿੰਕ ਉੱਤੇ ਜਾਂਦੇ ਹੋ, ਸਕ੍ਰੀਨ ਉੱਤੇ ਇੱਕ ਪੌਪ ਅੱਪ ਆਉਂਦਾ ਹੈ। ਘਬਰਾਹਟ ਵਿੱਚ ਬਿਨਾਂ ਪੜ੍ਹੇ ਯੂਪੀਆਈ ਪਿੰਨ ਦਰਜ ਕਰ ਦਿੱਤਾ ਜਾਂਦਾ ਹੈ ਅਤੇ ਪਿੰਨ ਭਰਦੇ ਹੀ ਖਾਤੇ ਵਿੱਚੋਂ ਸਾਰੀ ਰਕਮ ਠੱਗਾਂ ਦੇ ਖਾਤੇ ਵਿੱਚ ਚਲੀ ਜਾਂਦੀ ਹੈ।
ਇਸ ਤਰ੍ਹਾਂ ਦੀ ਠੱਗੀ ਤੋਂ ਬਚਣ ਲਈ ਸਭ ਤੋਂ ਜ਼ਰੂਰੀ ਹੈ ਕਿ ਤੁਸੀਂ ਹਮੇਸ਼ਾ ਸੁਚੇਤ ਰਹੋ ਅਤੇ ਕਿਸੇ ਵੀ ਅਣਪਛਾਤੇ ਮੈਸੇਜ ਨੂੰ ਦੇਖ ਕੇ ਕਦੇ ਨਾ ਘਬਰਾਓ। ਜਦੋਂ ਵੀ ਅਜਿਹਾ ਮੈਸੇਜ ਆਵੇ ਤਾਂ ਸਭ ਤੋਂ ਪਹਿਲਾਂ ਮੈਸੇਜ ਭੇਜਣ ਵਾਲੇ ਨੰਬਰ ਦੀ ਜਾਂਚ ਕਰੋ। ਬੈਂਕ ਹਮੇਸ਼ਾ ਆਪਣੇ ਅਧਿਕਾਰਤ ਹੈਡਰ ਤੋਂ ਹੀ ਮੈਸੇਜ ਭੇਜਦੇ ਹਨ, ਕਿਸੇ ਨਿੱਜੀ ਮੋਬਾਈਲ ਨੰਬਰ ਤੋਂ ਨਹੀਂ। ਮੈਸੇਜ ਵਿੱਚ ਦਿੱਤੇ ਕਿਸੇ ਵੀ ਸ਼ੱਕੀ ਲਿੰਕ ਉੱਤੇ ਕਲਿੱਕ ਨਾ ਕਰੋ ਅਤੇ ਨਾ ਹੀ ਕਿਸੇ ਅਣਜਾਣ ਵਿਅਕਤੀ ਦੇ ਕਹਿਣ ਉੱਤੇ ਕੋਈ ਸਕ੍ਰੀਨ ਸ਼ੇਅਰਿੰਗ ਐਪ ਡਾਊਨਲੋਡ ਕਰੋ।
ਸਭ ਤੋਂ ਅਹਿਮ ਗੱਲ ਇਹ ਹੈ ਕਿ ਇਸ ਤਰ੍ਹਾਂ ਦਾ ਟਰਾਂਜ਼ੈਕਸ਼ਨ ਮੈਸੇਜ ਆਉਣ ਤੋਂ ਬਾਅਦ ਤੁਰੰਤ ਬੈਲੇਂਸ ਚੈੱਕ ਨਾ ਕਰੋ। ਜੇਕਰ ਕਿਸੇ ਕਾਰਨ ਤੁਹਾਨੂੰ ਸ਼ੱਕੀ ਹਾਲਾਤ ਵਿੱਚ ਐਪ ਖੋਲ੍ਹਣੀ ਵੀ ਪਵੇ ਤਾਂ ਇੱਕ ਵਾਰ ਗ਼ਲਤ ਪਿੰਨ ਭਰੋ, ਕਿਉਂਕਿ ਜੇਕਰ ਪਿੱਛੇ ਕੋਈ ਪੇਮੈਂਟ ਰਿਕਵੈਸਟ ਦਾ ਟਰੈਪ ਹੋਇਆ ਤਾਂ ਗ਼ਲਤ ਪਿੰਨ ਕਾਰਨ ਪੈਸੇ ਕੱਟਣ ਤੋਂ ਬਚ ਜਾਣਗੇ। ਯਾਦ ਰੱਖੋ ਕਿ ਯੂਪੀਆਈ ਪਿੰਨ ਸਿਰਫ਼ ਪੈਸੇ ਭੇਜਣ ਲਈ ਹੁੰਦਾ ਹੈ, ਪੈਸੇ ਲੈਣ ਲਈ ਕਦੇ ਵੀ ਪਿੰਨ ਭਰਨ ਦੀ ਲੋੜ ਨਹੀਂ ਹੁੰਦੀ। ਜੇਕਰ ਖਾਤੇ ਬਾਰੇ ਸ਼ੱਕ ਹੋਵੇ ਤਾਂ ਸਿੱਧਾ ਬੈਂਕ ਸ਼ਾਖਾ ਨਾਲ ਸੰਪਰਕ ਕਰੋ ਜਾਂ ਨੈੱਟ ਬੈਂਕਿੰਗ ਰਾਹੀਂ ਸਟੇਟਮੈਂਟ ਦੇਖੋ। ਜੇਕਰ ਤੁਹਾਡੇ ਨਾਲ ਕੋਈ ਧੋਖਾਧੜੀ ਹੋ ਜਾਵੇ ਤਾਂ ਤੁਰੰਤ ਸਾਈਬਰ ਹੈਲਪਲਾਈਨ ਨੰਬਰ 1930 ਉੱਤੇ ਕਾਲ ਕਰੋ ਜਾਂ ਸਾਈਬਰ ਕ੍ਰਾਈਮ ਦੀ ਵੈੱਬਸਾਈਟ ਉੱਤੇ ਸ਼ਿਕਾਇਤ ਦਰਜ ਕਰਵਾਓ। ਤੁਹਾਡੀ ਸਮਝਦਾਰੀ ਅਤੇ ਜਾਗਰੂਕਤਾ ਹੀ ਸਾਈਬਰ ਠੱਗਾਂ ਤੋਂ ਤੁਹਾਡੇ ਪੈਸੇ ਸੁਰੱਖਿਅਤ ਰੱਖ ਸਕਦੀ ਹੈ।
ਚਾਨਣਦੀਪ ਸਿੰਘ ਔਲਖ, ਪਿੰਡ ਗੁਰਨੇ ਖ਼ੁਰਦ (ਮਾਨਸਾ), ਸੰਪਰਕ 9876888177