August 23, 2026

Justice News

ਅਵਾਮ ਦੀ ਆਵਾਜ਼

ਮੁੱਖ ਮੰਤਰੀ ਦੀ ਪਤਨੀ ‘ਤੇ ਲੱਗੇ 5 ਕਰੋੜ ਦੇ ਰਿਸ਼ਵਤ ਦੇ ਦੋਸ਼ਾਂ ਦੀ ਹੋਵੇ ਨਿਰਪੱਖ ਜਾਂਚ- ਭਾਈ ਵਿਰਸਾ ਸਿੰਘ ਖ਼ਾਲਸਾ

 

ਅੰਮ੍ਰਿਤਸਰ, 
(ਰਣਜੀਤ ਸਿੰਘ ਮਸੌਣ)
– ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਧਰਮ ਪਤਨੀ ‘ਤੇ ਲੱਗੇ 5 ਕਰੋੜ ਰੁਪਏ ਦੇ ਰਿਸ਼ਵਤ ਦੇ ਦੋਸ਼ਾਂ ਨੇ ਸੂਬੇ ਦੇ ਸਿਆਸੀ ਪਾਰੇ ਨੂੰ ਗਰਮਾ ਦਿੱਤਾ ਹੈ।   ਇਸ ਮਾਮਲੇ ਸਬੰਧੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖ਼ਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖ਼ਾਲਸਾ ਨੇ ਇੱਕ ਲਿਖਤੀ ਪ੍ਰੈੱਸ ਬਿਆਨ ਜਾਰੀ ਕਰਦਿਆਂ ਮੰਗ ਕੀਤੀ ਹੈ ਕਿ ਇਨ੍ਹਾਂ ਦੋਸ਼ਾਂ ਦੀ ਨਿਰਪੱਖ ਅਤੇ ਡੂੰਘਾਈ ਨਾਲ ਜਾਂਚ ਕੀਤੀ ਜਾਵੇ।
ਮਾਮਲੇ ਦਾ ਪਿਛੋਕੜ
ਰਿਟਾਇਰਡ ਜਸਟਿਸ ਰਣਜੀਤ ਸਿੰਘ ਵੱਲੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਦਾਇਰ ਅਪੀਲ ਦੇ ਹਵਾਲੇ ਨਾਲ ਦੋਸ਼ ਲਾਇਆ ਗਿਆ ਹੈ ਕਿ ਬਲਾਤਕਾਰ ਦੇ ਇੱਕ ਕੇਸ ਨੂੰ ਰਫ਼ਾ-ਦਫ਼ਾ ਕਰਨ ਬਦਲੇ ਅੰਮ੍ਰਿਤਸਰ ਦੇ ਇੱਕ ਪ੍ਰਭਾਵਸ਼ਾਲੀ ਵਿਅਕਤੀ ਤੋਂ 5 ਕਰੋੜ ਰੁਪਏ ਦੀ ਰਿਸ਼ਵਤ ਮੰਗੀ ਗਈ ਸੀ। ਇਸ ਦੌਰਾਨ ਭਾਰਤੀ ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਵੀ ਇਸ ਮਾਮਲੇ ਦਾ ਨੋਟਿਸ ਲਿਆ ਗਿਆ ਹੈ। ਦੂਜੇ ਪਾਸੇ, ਮੁੱਖ ਮੰਤਰੀ ਦੀ ਪਤਨੀ ਨੇ ਇਨ੍ਹਾਂ ਦੋਸ਼ਾਂ ਨੂੰ ਸਖ਼ਤੀ ਨਾਲ ਨਕਾਰਦਿਆਂ ਰਿਟਾਇਰਡ ਜਸਟਿਸ ਰਣਜੀਤ ਸਿੰਘ ਨੂੰ 24 ਘੰਟਿਆਂ ਅੰਦਰ ਮੁਆਫ਼ੀ ਮੰਗਣ ਲਈ ਲੀਗਲ ਨੋਟਿਸ ਭੇਜਿਆ ਹੈ ਅਤੇ ਮੁਆਫ਼ੀ ਨਾ ਮੰਗਣ ਦੀ ਸੂਰਤ ਵਿੱਚ ਮਾਣਹਾਨੀ ਕੇਸ ਦਾ ਸਾਹਮਣਾ ਕਰਨ ਦੀ ਚੇਤਾਵਨੀ ਦਿੱਤੀ ਹੈ।
ਸਬੂਤ ਪੇਸ਼ ਕੀਤੇ ਜਾਣ ਜਾਂ ਮੰਗੀ ਜਾਵੇ ਮੁਆਫ਼ੀ
ਭਾਈ ਵਿਰਸਾ ਸਿੰਘ ਖ਼ਾਲਸਾ ਨੇ ਕਿਹਾ ਕਿ ਮੁੱਖ ਮੰਤਰੀ ਦੀ ਧਰਮ ਪਤਨੀ ‘ਤੇ ਰਿਸ਼ਵਤਖੋਰੀ ਵਰਗੇ ਗੰਭੀਰ ਦੋਸ਼ ਲੱਗਣਾ ਬਹੁਤ ਚਿੰਤਾਜਨਕ ਅਤੇ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਇਹ ਕਿਸੇ ਨੂੰ ਸਿਆਸੀ ਤੌਰ ‘ਤੇ ਬਦਨਾਮ ਕਰਨ ਦੀ ਸਾਜ਼ਿਸ਼ ਵੀ ਹੋ ਸਕਦੀ ਹੈ, ਪਰ ਜਨਤਾ ਦੇ ਸ਼ੰਕੇ ਦੂਰ ਕਰਨ ਲਈ ਸੱਚਾਈ ਸਾਹਮਣੇ ਆਉਣੀ ਬਹੁਤ ਜ਼ਰੂਰੀ ਹੈ। ਉਨ੍ਹਾਂ ਰਿਟਾਇਰਡ ਜਸਟਿਸ ਰਣਜੀਤ ਸਿੰਘ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਦੇ ਦੋਸ਼ਾਂ ਵਿੱਚ ਸੱਚਾਈ ਹੈ, ਤਾਂ ਉਹ ਠੋਸ ਸਬੂਤ ਜਨਤਾ/ਸੰਗਤ ਦੀ ਕਚਹਿਰੀ ਵਿੱਚ ਪੇਸ਼ ਕਰਨ। ਜੇਕਰ ਸਬੂਤ ਨਹੀਂ ਹਨ, ਤਾਂ ਉਹ ਲੋਕਾਂ ਤੋਂ ਮੁਆਫ਼ੀ ਮੰਗ ਕੇ ਸਪੱਸ਼ਟ ਕਰਨ ਕਿ ਇਹ ਮਹਿਜ਼ ਇੱਕ ਸਿਆਸੀ ਸਾਜ਼ਿਸ਼ ਸੀ।
ਇਸ ਮੌਕੇ ਭਾਈ ਵਿਰਸਾ ਸਿੰਘ ਖ਼ਾਲਸਾ ਦੇ ਨਾਲ ਉਨ੍ਹਾਂ ਦੇ ਪੀ.ਏ. ਸੁਖਦੇਵ ਸਿੰਘ ਜਗਰਾਓਂ, ਭਾਈ ਜੋਗਿੰਦਰ ਸਿੰਘ, ਗਿਆਨੀ ਜਗਤਾਰ ਸਿੰਘ, ਭਾਈ ਦਿਲਬਾਗ ਸਿੰਘ ਬਾਗੀ ਸਮੇਤ ਕਈ ਹੋਰ ਜਥੇਬੰਦਕ ਕਾਰਕੁਨ ਵੀ ਮੌਜੂਦ ਸਨ।

Leave a Reply

Your email address will not be published. Required fields are marked *

Copyright © All rights reserved. | Newsphere by AF themes.