ਪੰਜਾਬ ਦੇ ਮਿਨਿਸਟੀਰੀਅਲ ਕਾਮੇ 27 ਅਗਸਤ ਦੇ ਪੰਜਾਬ ਮਹਾਂਬੰਦ ਦੌਰਾਨ ਸਮੂਹਿਕ ਛੁੱਟੀ ਲੈ ਕੇ ਦਫਤਰ ਬੰਦ ਕਰਨਗੇ। ਕਲਮ ਛੋੜ ਅਤੇ ਕੰਪਿਊਟਰ ਬੰਦ ਹੜਤਾਲ 26 ਅਗਸਤ ਤੱਕ ਵਧਾਈ।
( 25 ਅਗਸਤ ਨੂੰ ਜਿਲਾ ਪੱਧਰ ਤੇ ਕੇਜਰੀਵਾਲ ਭਗਵੰਤ ਮਾਨ ਅਤੇ ਸੌਰਭ ਦਾਸ ਕਾਕਰੋਚ ਪਾਰਟੀ ਦੇ ਪੁਤਲੇ ਫੂਕੇ ਜਾਣਗੇ )
ਲੁਧਿਆਣਾ
(ਜਸਟਿਸ ਨਿਊਜ਼)
ਪੰਜਾਬ ਸਟੇਟ ਮਨਿਸਟਰੀਅਲ ਸਰਵਿਸਜ਼ ਯੂਨੀਅਨ ਦੀ ਸੂਬਾ ਪੱਧਰੀ ਆਨ ਲਾਈਨ ਮੀਟਿੰਗ ਸੂਬਾ ਪ੍ਰਧਾਨ ਗੁਰਨਾਮ ਸਿੰਘ ਵਿਰਕ ਅਤੇ ਸੂਬਾ ਜਨਰਲ ਸਕੱਤਰ ਤਰਸੇਮ ਸਿੰਘ ਭੱਠਲ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਹਾਜ਼ਰ ਸੂਬਾ ਲੀਡਰਸ਼ਿਪ ਵਿਭਾਗੀ ਜਥੇਬੰਦੀਆਂ ਦੇ ਪ੍ਰਧਾਨ ਅਤੇ ਜਨਰਲ ਸਕੱਤਰ ਸਾਹਿਬਾਨ ਤੋਂ ਇਲਾਵਾ ਜਿਲਿਆਂ ਦੇ ਪ੍ਰਧਾਨ ਅਤੇ ਜਨਰਲ ਸਕੱਤਰ ਹਾਜ਼ਰ ਹੋਏ।ਇਸ ਮੀਟਿੰਗ ਵਿੱਚ ਮਿਤੀ 17 ਅਗਸਤ ਤੋਂ ਸ਼ੁਰੂ ਕੀਤੀ ਗਈ ਕਲਮ ਛੋੜ ਹੜਤਾਲ ਅਤੇ ਕੰਪਿਊਟਰ ਬੰਦ ਹੜਤਾਲ ਨੂੰ ਰਿਵਿਊ ਕੀਤਾ ਗਿਆ ਅਤੇ ਅਗਲੀ ਵਿਉਂਤਬੰਦੀ ਲਈ ਵਿਚਾਰ ਲਏ ਗਏ। ਸਮੁੱਚੀ ਲੀਡਰਸ਼ਿਪ ਨੇ ਪਿਛਲੇ ਹਫਤੇ ਤੋਂ ਲਗਾਤਾਰ ਚੱਲ ਰਹੀ ਕਲਮ ਛੋੜ ਹੜਤਾਲ ਅਤੇ ਕੰਪਿਊਟਰ ਬੰਦ ਹੜਤਾਲ ਨੂੰ ਮੁਕੰਮਲ ਕਾਮਯਾਬ ਦੱਸਿਆ ਅਤੇ ਇਹ ਵੀ ਦੱਸਿਆ ਕਿ ਮੁਲਾਜ਼ਮਾਂ ਦੇ ਵਿੱਚ ਇਸ ਸਮੇਂ ਭਗਵੰਤ ਮਾਨ ਸਰਕਾਰ ਵਿਰੁੱਧ ਬਹੁਤ ਜਿਆਦਾ ਰੋਸ ਪਾਇਆ ਜਾ ਰਿਹਾ ਹੈ। ਉਹ ਗੁੱਸੇ ਨਾਲ ਭਰੇ ਪੀਤੇ ਬੈਠੇ ਹਨ ਅਤੇ ਇਸ ਸਰਕਾਰ ਨੂੰ 2027 ਵਿੱਚ ਚਲਦਾ ਕਰ ਦੇਣ ਲਈ ਉਤਾਵਲੇ ਹਨ। ਇਸ ਲਈ ਸਮੁੱਚੀ ਲੀਡਰਸ਼ਿਪ ਵੱਲੋਂ ਇਸ ਕਲਮ ਛੋੜ ਹੜਤਾਲ ਅਤੇ ਕੰਪਿਊਟਰ ਬੰਦ ਹੜਤਾਲ ਨੂੰ 26 ਅਗਸਤ ਤੱਕ ਵਧਾਉਣ ਅਤੇ 27 ਅਗਸਤ ਨੂੰ ਸਮੂਹਿਕ ਛੁੱਟੀ ਲੈ ਕੇ ਦਫਤਰਾਂ ਨੂੰ ਕੁੰਡੇ ਲਾਉਣ ਦਾ ਸੁਝਾ ਦਿੱਤਾ।
ਇਹ ਵੀ ਕਿਹਾ ਕਿ ਹੜਤਾਲ ਦੌਰਾਨ ਮੁਲਾਜ਼ਮ ਚਾਹੁੰਦੇ ਹਨ ਕਿ ਸੀਟਾਂ ਛੱਡ ਕੇ ਮੌਜੂਦਾ ਸਰਕਾਰ ਵਿਰੁੱਧ ਸਰਕਾਰ ਦੀਆਂ ਨਕਾਮੀਆਂ ਅਤੇ ਮੁਲਾਜ਼ਮ ਵਿਰੋਧੀ ਰਵਈਏ ਦੀਆਂ ਸੱਚਾਈਆਂ ਨੂੰ ਆਮ ਜਨਤਾ ਤੱਕ ਪਹੁੰਚਾਉਣ ਲਈ ਪੈਂਫਲੈਟ ਅਤੇ ਪੋਸਟਰ ਦਫ਼ਤਰਾਂ ਤੇ ਜਨਤਕ ਥਾਵਾਂ ਤੇ ਲਾਏ ਜਾਣ ਅਤੇ ਬਾਜ਼ਾਰਾਂ ਦੇ ਵਿੱਚ ਝੰਡਾ ਮਾਰਚ ਕਰਨ ਜਾਂ ਇਹਨਾਂ ਦੇ ਪੁੱਤਲੇ ਫੂਕਣ ਅਤੇ ਘੜ੍ਹੇ ਭੰਨ ਧਰਨੇ ਪ੍ਰਦਰਸ਼ਨ ਕੀਤੇ ਜਾਣ ਦੇ ਵਿਚਾਰ ਦਿੱਤੇ। ਸੂਬਾ ਪ੍ਰਧਾਨ ਗੁਰਨਾਮ ਸਿੰਘ ਵਿਰਕ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਕਰੋਚ ਪਾਰਟੀ ਦੇ ਸੌਰਭ ਦਾਸ ਵੱਲੋਂ ਡੀ ਏ ਸਬੰਧੀ ਦਿੱਤੇ ਗਏ ਫੈਸਲੇ ਤੇ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਕਾਰਜ ਪ੍ਰਣਾਲੀ ਤੇ ਜੋ ਉਸ ਵੱਲੋਂ ਸਵਾਲ ਉਠਾਏ ਗਏ ਹਨ ਅਤੇ ਉਸ ਨੂੰ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਵੱਲੋਂ ਟੈਗ ਕੀਤਾ ਗਿਆ ਹੈ। ਅਸੀਂ ਇਸ ਦੀ ਪੁਰਜ਼ੋਰ ਸ਼ਬਦਾਂ ਨਾਲ ਨਿੰਦਾ ਕਰਦੇ ਹਾਂ। ਪੰਜਾਬੀਆਂ ਵਾਸੀਆਂ ਵੱਲੋਂ ਇਸ ਤੋਂ ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਹ ਦੋਵੇਂ ਪਾਰਟੀਆਂ ਮਾਨਯੋਗ ਉੱਚ ਅਦਾਲਤ ਦੇ ਮੁਲਾਜਮ ਹੱਕਾਂ ਸਬੰਧੀ ਕੀਤੇ ਸਹੀ ਹੁਕਮਾਂ ਨੂੰ ਬਰਦਾਸ਼ਤ ਨਹੀਂ ਕਰ ਪਾ ਰਹੀਆਂ ਹਨ। ਇਸ ਕਾਰਨ ਮਾਨਯੋਗ ਉੱਚ ਅਦਾਲਤ ਦੀ ਛਵੀ ਖਰਾਬ ਕਰਨ ਤੇ ਉੱਤਰ ਆਏ ਹਨ। ਅਸੀਂ ਮਾਨਯੋਗ ਉੱਚ ਅਦਾਲਤ ਨੂੰ ਅਪੀਲ ਕਰਦੇ ਹਾਂ ਕਿ ਉਹ ਸ਼ੋ-ਮੋਟੋ ਇਹਨਾਂ ਖਿਲਾਫ ਅਦਾਲਤ ਦੀ ਮਾਨਹਾਨੀ ਕਰਨ ਦਾ ਗੰਭੀਰ ਨੋਟਿਸ ਲਵੇ। ਇਸ ਸਬੰਧੀ ਪ੍ਰੈਸ ਨੋਟ ਰਾਹੀਂ ਗੁਰਪ੍ਰੀਤ ਸਿੰਘ ਖਟੜਾ ਸੂਬਾ ਪ੍ਰੈੱਸ ਸਕੱਤਰ ਅਤੇ ਪ੍ਰਧਾਨ ਸਿੱਖਿਆ ਵਿਭਾਗ ਨੇ ਦੱਸਿਆ ਕਿ ਮੀਟਿੰਗ ਵਿੱਚ ਸਰਬ ਸੰਮਤੀ ਨਾਲ ਫੈਸਲਾ ਲਿਆ ਗਿਆ ਕਿ 17 ਅਗਸਤ ਤੋਂ ਚੱਲ ਰਹੀ ਕਲਮ ਛੋੜ ਅਤੇ ਕੰਪਿਊਟਰ ਬੰਦ ਹੜਤਾਲ ਨੂੰ ਮੁਲਾਜਮਾਂ ਦਾ ਭਰਵਾਂ ਹੁੰਗਾਰਾ ਮਿਲਣ ਅਤੇ ਪੰਜਾਬ ਸਰਕਾਰ ਵੱਲੋਂ ਮੁਲਾਜ਼ਮ ਮੰਗਾਂ ਤੇ ਲਗਾਤਾਰ ਚੁੱਪੀ ਧਾਰੀ ਹੋਣ ਕਾਰਨ ਇਸ ਕਲਮ ਛੋੜ ਹੜਤਾਲ ਨੂੰ ਮਿਤੀ 26 ਅਗਸਤ, 2026 ਤੱਕ ਵਧਾਇਆ ਜਾਂਦਾ ਹੈ।
ਇਸ ਕਲਮ ਛੋੜ ਅਤੇ ਕੰਪਿਊਟਰ ਬੰਦ ਹੜਤਾਲ ਦੌਰਾਨ 24 ਅਗਸਤ ਨੂੰ ਜਿਲਾ ਲੀਡਰਸ਼ਿਪ ਵੱਲੋਂ ਵੱਖ ਵੱਖ ਵਿਭਾਗਾਂ ਵਿੱਚ ਜਾ ਕੇ 27 ਅਗਸਤ, 2026 ਦੇ “ਪੰਜਾਬ ਮਹਾਬੰਦ” ਦੇ ਐਕਸ਼ਨ ਨੂੰ ਕਾਮਯਾਬ ਕਰਨ ਲਈ ਸਾਥੀਆਂ ਨੂੰ ਮੋਟੀਵੇਟ ਕੀਤਾ ਜਾਵੇਗਾ। ਮਿਤੀ 25 ਅਗਸਤ ਨੂੰ ਜਿਲਾ ਹੈਡ ਕੁਆਰਟਰਾਂ ਤੇ ਮੁਲਾਜ਼ਮ ਵਿਰੋਧੀ ਚਿਹਰੇ ਆਪ ਪਾਰਟੀ ਦੇ ਕੌਮੀ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਅਤੇ ਕਾਕਰੋਚ ਪਾਰਟੀ ਦੇ ਸੌਰਵ ਦਾਸ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਿਰੁੱਧ ਰੋਸ ਰੈਲੀ ਕਰਨ ਉਪਰੰਤ ਇਹਨਾਂ ਦੇ ਪੁਤਲੇ ਲੈਕੇ ਰੋਸ ਮਾਰਚ ਕੀਤਾ ਜਾਵੇਗਾ ਅਤੇ ਪੁਤਲੇ ਫੂਕੇ ਜਾਣਗੇ। ਮਿਤੀ 26 ਅਗਸਤ ਨੂੰ ਕਲਮ ਛੋੜ ਹੜਤਾਲ ਕਰਕੇ ਦਫਤਰਾਂ ਦੇ ਕੰਮ ਦਾ ਬਾਈਕਾਟ ਕੀਤਾ ਜਾਵੇਗਾ ਅਤੇ ਆਪਣੀਆਂ ਆਪਣੀਆਂ ਸੀਟਾਂ ਛੱਡ ਕੇ ਧਰਨੇ ਪ੍ਰਦਰਸ਼ਨ ਕੀਤੇ ਜਾਣਗੇ। ਇਹ ਵੀ ਫੈਸਲਾ ਕੀਤਾ ਗਿਆ ਹੈ ਕਿ ਪਿਛਲੇ ਦਿਨੀ ਸਰਕਾਰ ਵੱਲੋਂ ਜੋ ਮੁਲਾਜ਼ਮਾਂ ਦੀਆਂ ਤਨਖਾਹਾਂ ਸਬੰਧੀ ਝੂਠਾ ਭਰਮ ਭੁਲੇਖਾ ਆਪਣੇ ਸੋਸ਼ਲ ਮੀਡੀਆ ਵਿੰਗ ਰਾਹੀਂ ਫੈਲਾਇਆ ਗਿਆ ਹੈ। ਉਸ ਦੇ ਜਵਾਬ ਵਿੱਚ ਸੱਚ ਨੂੰ ਦਰਸਾਉਂਦੇ ਅਤੇ ਇਹ ਸੰਘਰਸ਼ ਪੰਜਾਬ ਦੇ ਨੌਜਵਾਨਾਂ ਦੇ ਬੇਹਤਰ ਭਵਿੱਖ ਤੇ ਆਉਣ ਵਾਲੀਆਂ ਪੀੜੀਆਂ ਦੀਆਂ ਮੰਗਾਂ ਨਾਲ ਸਬੰਧਿਤ ਹੋਣ ਸਬੰਧੀ ਪੈਂਫਲਟ ਅਤੇ ਪੋਸਟਰ ਤਿਆਰ ਕਰਕੇ ਦਫਤਰਾਂ ਅਤੇ ਸ਼ਹਿਰਾਂ ਦੀਆਂ ਜਨਤਕ ਥਾਵਾਂ ਤੇ ਲਗਾਏ ਜਾਣਗੇ। ਇਸ ਤੋਂ ਇਲਾਵਾ ਹੋਰਡਿੰਗ ਵੀ ਲਗਾਏ ਜਾਣਗੇ। ਸੋਸ਼ਲ ਮੀਡੀਏ ਨੂੰ ਹੋਰ ਸਰਗਰਮ ਕਰਨ ਦਾ ਵੀ ਫੈਸਲਾ ਕੀਤਾ ਗਿਆ ਹੈ। ਇਹ ਐਕਸ਼ਨ ਮਿਤੀ 27 ਅਗਸਤ, 2026 ਦੇ “ਪੰਜਾਬ ਮਹਾਂਬੰਦ” ਨੂੰ ਮੁਕੰਮਲ ਕਾਮਯਾਬ ਕਰਨ ਲਈ ਹਨ। ਇਸ ਲਈ 27 ਅਗਸਤ ਨੂੰ ਸਮੁੱਚੇ ਪੰਜਾਬ ਦੇ ਸਰਕਾਰੀ/ ਅਰਧ ਸਰਕਾਰੀ ਦਫਤਰਾਂ ਵਿੱਚ ਕੰਮ ਕਰਦੇ ਦਫਤਰੀ ਕਾਮੇ ਅਤੇ ਇਹਨਾਂ ਨਾਲ ਜੁੜੇ ਭਰਾਤਰੀ ਜਥੇਬੰਦੀਆਂ ਦੇ ਕਾਮੇ ਸਮੂਹਿਕ ਛੁੱਟੀ ਲੈ ਕੇ ਦਫਤਰਾਂ ਨੂੰ ਕੁੰਡੇ ਲਾ ਕੇ ਬੰਦ ਰੱਖਣਗੇ। ਇਸ ਸਬੰਧੀ ਇਹ ਵੀ ਦੱਸਿਆ ਗਿਆ ਹੈ ਕਿ ਕਲਾਸ ਫੋਰ ਤੋਂ ਲੈ ਕੇ ਡ੍ਰਾਈਵਰਾਂ ਸਮੇਤ ਕਲਾਸ ਵਨ ਤੱਕ ਕਰਮਚਾਰੀਆਂ/ਅਧਿਕਾਰੀਆਂ ਦੀਆਂ ਜਥੇਬੰਦੀਆਂ ਨੇ ਵੀ ਪੰਜਾਬ ਮਹਾਂ ਬੰਦ ਨੂੰ ਆਪਣੀ ਸਹਿਮਤੀ ਦਿੱਤੀ ਹੈ, ਕੁਝ ਨੇ ਸ਼ਮੂਲੀਅਤ ਕਰਨ ਅਤੇ ਸਮਰਥਨ ਕਰਨ ਦਾ ਵੀ ਭਰੋਸਾ ਦਿਵਾਇਆ ਹੈ ਪ੍ਰੰਤੂ ਦਫਤਰੀ ਕਾਮਿਆਂ ਵੱਲੋਂ ਇਸ ਪੰਜਾਬ ਮਹਾਂਬੰਦ ਦੌਰਾਨ ਕਿਸੇ ਵੀ ਦਫਤਰ ਵਿੱਚ ਕਿਸੇ ਵੀ ਕਰਮਚਾਰੀ/ਅਧਿਕਾਰੀ ਜਾਂ ਆਮ ਜਨਤਾ ਨੂੰ ਪ੍ਰਵੇਸ਼ ਨਾ ਕਰਨ ਸਬੰਧੀ ਪਹਿਲਾਂ ਅਪੀਲ ਕੀਤੀ ਜਾਵੇਗੀ ਅਤੇ ਉਹਨਾਂ ਦਾ ਦਾਖਲਾ ਸਤਿਕਾਰ ਸਹਿਤ ਰੋਕਿਆ ਜਾਵੇਗਾ। ਜੇਕਰ ਫਿਰ ਵੀ ਕੋਈ ਮੁਲਾਜ਼ਮ ਵਿਰੋਧੀ ਕਰਮਚਾਰੀ ਜਾਂ ਅਧਿਕਾਰੀ ਜਬਰਦਸਤੀ ਦਾਖਲ ਹੋ ਜਾਵੇਗਾ ਤਾਂ ਉਸ ਨੂੰ ਹੋਲੀ ਵਾਲੇ ਰੰਗਦਾਰ ਗੁਲਾਲ ਲਾ ਕੇ ‘ਰੰਗਦਾਰ ਗਧੇ’ ਦਾ ਸਨਮਾਨ ਦਿੱਤਾ ਜਾਵੇਗਾ। ਅਖੀਰ ਵਿੱਚ ਜਥੇਬੰਦੀ ਨੇ ਪੁਲਿਸ ਪ੍ਰਸ਼ਾਸਨ ਦੇ ਉਹਨਾਂ ਚੁਣੀਦਾ ਅਧਿਕਾਰੀਆਂ ਤੇ ਪੁਲਿਸ ਮੁਲਾਜ਼ਮਾਂ ਨੂੰ ਅਗਾਹਾ ਕੀਤਾ ਹੈ ਕਿ ਉਹ ਸਰਕਾਰਾਂ ਪਿੱਛੇ ਲੱਗ ਕੇ ਆਪਣੇ ਮੁਲਾਜ਼ਮ ਭਰਾਵਾਂ ਤੇ ਜੁਲਮ ਢਾਹੁਣਾ ਬੰਦ ਕਰਨ। ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿਣੀਆਂ ਹਨ ਅਤੇ ਇਸ ਸਰਕਾਰ ਦਾ ਜਾਣਾ ਵੀ ਸੌ ਫੀਸਦੀ ਤਹਿ ਹੈ। ਇਸ ਲਈ ਉਹ ਆਪਣੇ ਹੱਥਾਂ ਅਤੇ ਹੱਥਾਂ ਚ ਫੜੇ ਹਥਿਆਰਾਂ ਅਤੇ ਡਾਂਗਾਂ ਤੇ ਕੰਟਰੋਲ ਕਰਨ ਨਹੀਂ ਤਾਂ ਅਗਲੇ ਐਕਸ਼ਨ ਪੁਲਿਸ ਪ੍ਰਸ਼ਾਸਨ ਵਿਰੁੱਧ ਵੀ ਕੀਤੇ ਜਾਣਗੇ ਭਾਵੇਂ ਕਿ ਮੁਲਾਜ਼ਮ ਅਤੇ ਪੈਨਸ਼ਨਰ ਸਰਕਾਰ ਦੇ ਹਰ ਜੁਲਮ ਨੂੰ ਸ਼ਾਂਤਮਈ ਰਹਿ ਕੇ ਸਹਿਣ ਕਰਨਗੇ।