ਅੰਮ੍ਰਿਤਸਰ-ਕਟੜਾ ਵੰਦੇ ਭਾਰਤ ਐਕਸਪ੍ਰੈਸ ‘ਚ ਭ੍ਰਿਸ਼ਟਾਚਾਰ: ਬਿਨਾਂ ਟਿਕਟ ਯਾਤਰੀਆਂ ਤੋਂ ਪੈਸੇ ਵਸੂਲਣ ਦਾ ਮਾਮਲਾ ਆਇਆ ਸਾਹਮਣੇ-400 ਰੁਪਏ ‘ਚ ਵੇਚੀ ਜਾ ਰਹੀ ਸੀ ਬਿਨਾਂ ਟਿਕਟ ਸੀਟ; ਅਟੈਂਡੈਂਟ ਬੋਲਿਆ- “10% ਮੇਰਾ, 90% TTE ਦਾ!”
ਅੰਮ੍ਰਿਤਸਰ,
(ਰਣਜੀਤ ਸਿੰਘ ਮਸੌਣ/ ਜੋਗਾ ਸਿੰਘ ਰਾਜਪੂਤ)
ਕੇਂਦਰੀ ਰੇਲ ਮੰਤਰਾਲੇ ਦੀ ਸਭ ਤੋਂ ਹਾਈ-ਟੈਕ ਤੇ ਵੀ.ਆਈ.ਪੀ. ਮੰਨੀ ਜਾਣ ਵਾਲੀ ‘ਵੰਦੇ ਭਾਰਤ ਐਕਸਪ੍ਰੈਸ’ (ਟਰੇਨ ਨੰਬਰ 26405) ਹੁਣ ਭ੍ਰਿਸ਼ਟਾਚਾਰ ਦੇ ਅੱਡੇ ਵਜੋਂ ਚਰਚਾ ਵਿੱਚ ਆ ਗਈ ਹੈ। ਅੰਮ੍ਰਿਤਸਰ ਤੋਂ ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਜਾਣ ਵਾਲੀ ਇਸ ਸੁਪਰਫਾਸਟ ਟਰੇਨ ਵਿੱਚ ਰੇਲਵੇ ਨੂੰ ਲੱਖਾਂ ਦਾ ਚੂਨਾ ਲਗਾ ਕੇ ਅੰਦਰੂਨੀ ਅਮਲੇ ਦੀ ਮਿਲੀਭੁਗਤ ਨਾਲ ਬਿਨਾਂ ਟਿਕਟ ਯਾਤਰੀਆਂ ਤੋਂ ਮੋਟੀ ਵਸੂਲੀ ਕਰਨ ਦਾ ਸਨਸਨੀਖੇਜ਼ ਕਾਰਨਾਮਾ ਸਾਹਮਣੇ ਆਇਆ ਹੈ।
400 ਰੁਪਏ ‘ਚ ਤੈਅ ਹੋਇਆ ‘ਬਿਨਾਂ ਟਿਕਟ’ ਸਫ਼ਰ ਦਾ ਸੌਦਾ
ਪੀੜਤ ਯਾਤਰੀ ਨੇ ਪੋਲ ਖੋਲ੍ਹਦਿਆਂ ਦੱਸਿਆ ਕਿ 20 ਅਗਸਤ ਨੂੰ ਜਦੋਂ ਉਸ ਨੇ ਅੰਮ੍ਰਿਤਸਰ ਤੋਂ ਪਠਾਨਕੋਟ ਲਈ ਸਫ਼ਰ ਕੀਤਾ, ਤਾਂ ਕੋਚ C-7 ਵਿੱਚ ਤੈਨਾਤ ਅਟੈਂਡੈਂਟ ਨੇ ਉਸ ਤੋਂ ਸਿੱਧਾ 500 ਰੁਪਏ ਦੀ ਮੰਗ ਕੀਤੀ। ਸੌਦੇਬਾਜ਼ੀ ਤੋਂ ਬਾਅਦ ਇਹ ਮਾਮਲਾ 400 ਰੁਪਏ ਵਿੱਚ ਪੱਕਾ ਹੋ ਗਿਆ। ਸਭ ਤੋਂ ਹੈਰਾਨੀਜਨਕ ਗੱਲ ਇਹ ਰਹੀ ਕਿ ਪੂਰੇ ਰਸਤੇ ਟਿਕਟ ਚੈਕਰ (TTE) ਨੇ ਯਾਤਰੀ ਦੀ ਟਿਕਟ ਚੈੱਕ ਕਰਨ ਦੀ ਜ਼ਹਿਮਤ ਤੱਕ ਨਹੀਂ ਚੁੱਕੀ, ਜਿਸ ਨਾਲ ਇਸ ਕਾਲੇ ਖੇਡ ਦੀ ਪੁਸ਼ਟੀ ਹੁੰਦੀ ਹੈ।
ਕਮਿਸ਼ਨ ਦਾ ਸੱਚ: “10% ਅਟੈਂਡੈਂਟ ਦਾ, 90% TTE ਦਾ!”
ਜਦੋਂ ਇਸ ਸਬੰਧੀ ਟਰੇਨ ਦੇ ਟਿਕਟ ਚੈਕਰ ਨਰਿੰਦਰ ਮੀਨਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਆਪਣੇ ਉੱਤੇ ਲੱਗੇ ਦੋਸ਼ਾਂ ਤੋਂ ਸਾਫ਼ ਪੱਲਾ ਝਾੜਦਿਆਂ ਕਿਹਾ ਕਿ ਉਨ੍ਹਾਂ ਕੋਈ ਪੈਸਾ ਨਹੀਂ ਲਿਆ। ਪਰ ਅਟੈਂਡੈਂਟ ਦੇ ਬਿਆਨ ਨੇ ਸਾਰੇ ਰੇਲਵੇ ਮਹਿਕਮੇ ਵਿੱਚ ਭੂਚਾਲ ਲਿਆ ਦਿੱਤਾ ਹੈ! ਅਟੈਂਡੈਂਟ ਦਾ ਦਾਅਵਾ ਹੈ ਕਿ ਵਸੂਲੇ ਗਏ 400 ਰੁਪਏ ਵਿੱਚੋਂ 10 ਪ੍ਰਤੀਸ਼ਤ ਹਿੱਸਾ ਉਸ ਦਾ ਹੁੰਦਾ ਹੈ, ਜਦਕਿ ਬਾਕੀ 90 ਪ੍ਰਤੀਸ਼ਤ ਮੋਟੀ ਰਕਮ ਸਿੱਧੀ ਟਿਕਟ ਚੈਕਰ ਦੀ ਜੇਬ ਵਿੱਚ ਜਾਂਦੀ ਹੈ। ਦੂਜੇ ਪਾਸੇ ਟੀ.ਟੀ.ਈ. ਨੇ ਬਚਾਅ ‘ਚ ਕਿਹਾ ਕਿ ਅਟੈਂਡੈਂਟ ਨੇ ਆਪਣੇ ਆਪ ਨੂੰ IRCTC ਦਾ ਕਰਮਚਾਰੀ ਦੱਸਿਆ ਸੀ।
ਸੀ.ਸੀ.ਟੀ.ਵੀ. ਖੋਲ੍ਹੇਗਾ ਹੋਰ ਰਾਜ਼
ਜ਼ਿਕਰਯੋਗ ਹੈ ਕਿ ਇਸ ਹਾਈ-ਪ੍ਰੋਫ਼ਾਈਲ ਟਰੇਨ ਨੂੰ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਵੱਡੇ ਦਾਅਵਿਆਂ ਨਾਲ ਅੰਮ੍ਰਿਤਸਰ ਤੋਂ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਸੀ। ਨਿਯਮਾਂ ਮੁਤਾਬਕ ਵੰਦੇ ਭਾਰਤ ਵਰਗੀ ਟਰੇਨ ਵਿੱਚ ਬਿਨਾਂ ਟਿਕਟ ਕੋਈ ਦਾਖਲ ਨਹੀਂ ਹੋ ਸਕਦਾ, ਪਰ ਇੱਥੇ ਸ਼ਰੇਆਮ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ।
ਮਾਮਲਾ ਹੁਣ ਉੱਤਰੀ ਰੇਲਵੇ ਦੇ ਜੰਮੂ ਡਿਵੀਜ਼ਨ ਦੇ ਡੀ.ਆਰ.ਐੱਮ. (DRM) ਅਤੇ ਸੀਨੀਅਰ ਡੀ.ਸੀ.ਐੱਮ. (Senior DCM) ਦੇ ਦਰਬਾਰ ਤੱਕ ਪਹੁੰਚ ਗਿਆ ਹੈ। ਜੇਕਰ ਕੋਚ ਦੇ CCTV ਕੈਮਰਿਆਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾਵੇ, ਤਾਂ ਭ੍ਰਿਸ਼ਟਾਚਾਰ ਦਾ ਇਹ ਨੈੱਟਵਰਕ ਹੋਰ ਵੀ ਕਈ ਨਾਂ ਨੰਗੇ ਕਰ ਸਕਦਾ ਹੈ। ਹੁਣ ਦੇਖਣਾ ਹੋਵੇਗਾ ਕਿ ਉੱਚ ਅਧਿਕਾਰੀ ਟਰੇਨ ਕੈਪਟਨ ਤੇ ਦੋਸ਼ੀ ਅਮਲੇ ‘ਤੇ ਕੀ ਗਾਜ਼ ਗੇਰਦੇ ਹਨ।